ਭਾਰਤ ਦਾ ਇਲੈਕਟ੍ਰਿਕ ਵਾਹਨ ਬਾਜ਼ਾਰ 2030 ਤੱਕ 20 ਲੱਖ ਕਰੋੜ ਰੁਪਏ ਦਾ ਹੋਵੇਗਾ : ਗਡਕਰੀ
Friday, Dec 20, 2024 - 12:45 AM (IST)
ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਭਾਰਤੀ ਇਲੈਕਟ੍ਰਿਕ ਵਾਹਨ (ਈ. ਵੀ.) ਮਾਰਕੀਟ ਦਾ ਆਕਾਰ 2030 ਤੱਕ 20 ਲੱਖ ਕਰੋੜ ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਹੈ ਤੇ ਇਸ ਨਾਲ ਪੂਰੇ ਈ. ਵੀ. ਬਾਜ਼ਾਰ ’ਚ ਲਗਭਗ 5 ਕਰੋੜ ਨੌਕਰੀਆਂ ਪੈਦਾ ਹੋਣਗੀਆਂ।
ਗਡਕਰੀ ਨੇ ਈ-ਵਾਹਨ ਉਦਯੋਗ ਦੀ ਸਥਿਰਤਾ ’ਤੇ 8ਵੀਂ ‘ਕੈਟਾਲਿਸਟ ਕਾਨਫਰੰਸ-ਈ. ਵੀ.’ ਨੂੰ ਸੰਬੋਧਨ ਕੀਤਾ। ‘ਐਕਸਪੋ-2024’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੰਦਾਜ਼ਾ ਹੈ ਕਿ 2030 ਤੱਕ ਇਲੈਕਟ੍ਰਿਕ ਵਾਹਨ ਫਾਈਨਾਂਸਿੰਗ ਬਾਜ਼ਾਰ ਦਾ ਆਕਾਰ ਲਗਭਗ 4 ਲੱਖ ਕਰੋੜ ਰੁਪਏ ਹੋਵੇਗਾ।
ਉਨ੍ਹਾਂ ਕਿਹਾ ਕਿ ਭਾਰਤ ’ਚ 40 ਫੀਸਦੀ ਹਵਾ ਪ੍ਰਦੂਸ਼ਣ ਲਈ ਟਰਾਂਸਪੋਰਟ ਸੈਕਟਰ ਜ਼ਿੰਮੇਵਾਰ ਹੈ। ਅਸੀਂ 22 ਲੱਖ ਕਰੋੜ ਰੁਪਏ ਦੇ ਜੈਵਿਕ ਈਂਧਨ ਦਰਾਮਦ ਕਰਦੇ ਹਾਂ, ਜੋ ਕਿ ਇਕ ਵੱਡੀ ਆਰਥਿਕ ਚੁਣੌਤੀ ਹੈ। ਜੈਵਿਕ ਈਂਧਨ ਦਾ ਇਹ ਦਰਾਮਦ ਸਾਡੇ ਦੇਸ਼ ’ਚ ਕਈ ਸਮੱਸਿਆਵਾਂ ਪੈਦਾ ਕਰ ਰਿਹਾ ਹੈ।
ਮੰਤਰੀ ਨੇ ਕਿਹਾ ਕਿ ਸਰਕਾਰ ਹਰੀ ਊਰਜਾ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਕਿਉਂਕਿ ਭਾਰਤ ਦੀ 44 ਫੀਸਦੀ ਬਿਜਲੀ ਦੀ ਖਪਤ ਸੂਰਜੀ ਊਰਜਾ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਅਸੀਂ ਪਾਣੀ, ਬਿਜਲੀ, ਇਸ ਤੋਂ ਬਾਅਦ ਸੂਰਜੀ ਊਰਜਾ, ਹਰੀ ਊਰਜਾ, ਖਾਸ ਕਰਕੇ ‘ਬਾਇਓਮਾਸ’ ਦੇ ਵਿਕਾਸ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੇ ਹਾਂ। ਹੁਣ ਸੂਰਜੀ ਊਰਜਾ ਸਾਡੇ ਸਾਰਿਆਂ ਲਈ ਮਹੱਤਵਪੂਰਨ ਸਰੋਤਾਂ ’ਚੋਂ ਇਕ ਹੈ। ਗਡਕਰੀ ਨੇ ਦੇਸ਼ ’ਚ ਇਲੈਕਟ੍ਰਿਕ ਬੱਸਾਂ ਦੀ ਸਮੱਸਿਆ ਨੂੰ ਵੀ ਉਜਾਗਰ ਕੀਤਾ।