ਕੇਂਦਰੀ ਟੈਕਸਾਂ ’ਚ 48555 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਖੁਲਾਸਾ

Tuesday, Jan 08, 2019 - 11:14 PM (IST)

ਨਵੀਂ ਦਿੱਲੀ— ਇਸ ਵਿੱਤ ਸਾਲ ਦੇ ਪਹਿਲੇ 9 ਮਹੀਨਿਆਂ ਵਿਚ ਕੇਂਦਰ ਸਰਕਾਰ ਨੇ 48555 ਕਰੋੜ ਰੁਪਏ ਦੀ ਟੈਕਸ ਚੋਰੀ ਦੇ ਮਾਮਲੇ ਫੜੇ ਹਨ। ਹਾਲਾਂਕਿ ਇਹ ਮਾਮਲੇ ਪਿਛਲੇ 2 ਵਿੱਤੀ ਸਾਲਾਂ ਨਾਲ ਜੁੜੇ ਹੋਏ ਹਨ ਪਰ ਇਨ੍ਹਾਂ ਦਾ ਖੁਲਾਸਾ ਇਸ ਵਿੱਤੀ ਸਾਲ ਵਿਚ ਹੋਇਆ ਹੈ। ਇਸ ਦੌਰਾਨ ਸੈਂਟਰਲ ਐਕਸਾਈਜ਼ ਅਤੇ ਸਰਵਿਸ ਟੈਕਸ ਤੋਂ ਇਲਾਵਾ ਜੀ. ਐੱਸ. ਟੀ. ਦੇ 8917 ਮਾਮਲੇ ਸਾਹਮਣੇ ਆਏ ਹਨ। ਵਿੱਤ ਰਾਜਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਨੇ ਰਾਜ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਇਹ ਜਾਣਕਾਰੀ ਦਿੱਤੀ। ਜੀ. ਐੱਸ. ਟੀ. ਨਾਲ ਜੁੜੇ 3626 ਕੇਸਾਂ ਦੇ ਮਾਮਲੇ ਵਿਚ ਇਸ ਸਾਲ ਦਸੰਬਰ ਤੱਕ ਜਾਂਚ ਸ਼ੁਰੂ ਹੋ ਚੁੱਕੀ ਹੈ ਅਤੇ ਜਾਂਚ ਦੌਰਾਨ ਕੀਤੀ ਗਈ ਛਾਪੇਮਾਰੀ ’ਚ 15278 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਤਾ ਲੱਗਾ ਹੈ। ਸਰਕਾਰੀ ਏਜੰਸੀਆਂ ਨੇ ਇਨ੍ਹਾਂ ਵਿਚੋਂ 9959.29 ਕਰੋੜ ਰੁਪਏ ਦੀ ਰਿਕਵਰੀ ਵੀ ਕਰ ਲਈ ਹੈ। ਵਿੱਤੀ ਸਾਲ 2017-18 ਵਿਚ ਸੈਂਟਰਲ ਐਕਸਾਈਜ਼ ਸਰਵਿਸ ਟੈਕਸ ਅਤੇ ਜੀ. ਐੱਸ. ਟੀ. ਨਾਲ ਜੁੜੇ 6815 ਕੇਸਾਂ ਵਿਚ 32204.49 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਖੁਲਾਸਾ ਹੋਇਆ ਹੈ। ਜਦੋਂ ਕਿ ਵਿੱਤੀ ਸਾਲ 2016-17 ਵਿਚ 10212 ਮਾਮਲਿਆਂ ਵਿਚ 23618.52 ਕਰੋੜ ਦੀ ਟੈਕਸ ਚੋਰੀ ਹੋਈ ਹੈ। ਵਿੱਤੀ ਸਾਲ 2016-17 ਵਿਚ 6107.88 ਕਰੋੜ ਅਤੇ 2017-18 ਵਿਚ 4579.94 ਕਰੋੜ ਰੁਪਏ ਦੀ ਰਿਕਵਰੀ ਹੋਈ ਹੈ। ਇਨ੍ਹਾਂ 2 ਸਾਲਾਂ ਵਿਚ ਰਿਕਵਰ ਕੀਤੀ ਗਈ ਕੁਲ ਰਕਮ 13907.83 ਕਰੋੜ ਰੁਪਏ ਬਣਦੀ ਹੈ।


Related News