ਤੁਹਾਡਾ ਕਲੇਮ ‘ਕੈਸ਼ਲੈੱਸ’ ਹੋ ਸਕਦਾ ਹੈ, ਪਰ ਸਸਤਾ ਨਹੀਂ

Friday, Oct 23, 2026 - 04:44 PM (IST)

ਤੁਹਾਡਾ ਕਲੇਮ ‘ਕੈਸ਼ਲੈੱਸ’ ਹੋ ਸਕਦਾ ਹੈ, ਪਰ ਸਸਤਾ ਨਹੀਂ

ਕੈਸ਼ਲੈੱਸ। ਇਹ ਸ਼ਬਦ ਸੁਣਦਿਆਂ ਹੀ ਹਸਪਤਾਲ ਤੋਂ ਨਿਸ਼ਚਿੰਤ ਹੋ ਕੇ ਅਤੇ ਹਲਕੇ ਮਨ ਨਾਲ ਬਾਹਰ ਨਿਕਲਣ ਦਾ ਦ੍ਰਿਸ਼ ਮਨ ’ਚ ਆਉਂਦਾ ਹੈ। ਨਾ ਕੋਈ ਭਾਰੀ-ਭਰਕਮ ਫਾਈਲਾਂ, ਨਾ ਕੋਈ ਦਾਅਵਾ ਪੇਸ਼ ਕਰਨਾ, ਨਾ ਹੀ ਰਿਫੰਡ ਲਈ ਭੱਜ-ਦੌੜ। ਅਤੇ ਨਿਸ਼ਚਿਤ ਰੂਪ ’ਚ, ਨਾ ਹੀ ਕਿਸੇ ਚਿੰਤਾ ’ਚ ਇੰਤਜ਼ਾਰ ਕਰਨਾ। ਹੈ ਨਾ! ਹਾਂ ਅਤੇ ਨਾ। ਬੀਮਾ ਖੇਤਰ ’ਚ ਕੈਸ਼ਲੈੱਸ ਉਨ੍ਹਾਂ ਸ਼ਬਦਾਂ ’ਚੋਂ ਇਕ ਹੈ ਜਿਨ੍ਹਾਂ ਦਾ ਅਰਥ ਉਨ੍ਹਾਂ ਦੇ ਮੂਲ ਅਰਥ ਨਾਲੋਂ ਕਿਤੇ ਵੱਧ ਹੋ ਗਿਆ ਹੈ। ਬਹੁਤ ਵੱਧ।

2000 ਦੇ ਦਹਾਕੇ ਦੀ ਸ਼ੁਰੂਆਤ ’ਚ ਸ਼ੁਰੂ ਕੀਤੀ ਗਈ ਇਸ ਕੈਸ਼ਲੈੱਸ ਸਹੂਲਤ ਨੇ ਹਸਪਤਾਲ ’ਚ ਭਰਤੀ ਹੋਣ ਦੇ ਦਾਅਵਿਆਂ ਨੂੰ ਸਰਲ ਅਤੇ ਤੇਜ਼ ਬਣਾਉਣ ਲਈ ਵਧਦੀ ਤਕਨਾਲੋਜੀ ਦੀ ਵਰਤੋਂ ਕੀਤੀ। ਦਸਤਾਵੇਜ਼ ਇਲੈਕਟ੍ਰੌਨਿਕ ਰੂਪ ’ਚ ਭੇਜੇ ਜਾ ਸਕਦੇ ਸਨ ਅਤੇ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਸੀ ਕਿ ਬੀਮਾਕਾਰ ਬੀਮਾਯੁਕਤ ਵਿਅਕਤੀ ਤੋਂ ਪਹਿਲਾਂ ਭੁਗਤਾਨ ਕਰਵਾਉਣ ਅਤੇ ਬਾਅਦ ’ਚ ਰਿਫੰਡ ਮੰਗਣ ਦੀ ਬਜਾਏ ਸਿੱਧਾ ਹਸਪਤਾਲ ਨਾਲ ਸਵੀਕਾਰਯੋਗ ਦਾਅਵੇ ਦਾ ਨਿਪਟਾਰਾ ਕਰ ਸਕਦਾ ਸੀ।

ਇਸ ਦੇ ਨਾਲ ਹੀ ਇਕ ਸੰਪੂਰਨ ਸਹਾਇਕ ਉਦਯੋਗ ਦਾ ਵਿਕਾਸ ਹੋਇਆ-ਥਰਡ ਪਾਰਟੀ ਐਡਮਨਿਸਟ੍ਰੇਟਰ (ਸਿਹਤ ਸੇਵਾਵਾਂ), ਜਾਂ ਟੀ. ਪੀ. ਏ.। ਬੀਮਾ ਕੰਪਨੀਆਂ ਟੀ. ਪੀ. ਏ. ਨਾਲ ਸਮਝੌਤਾ ਕਰ ਸਕਦੀਆਂ ਸਨ ਅਤੇ ਸ਼ੁਰੂਆਤੀ ਸਾਲਾਂ ’ਚ ਅਜਿਹਾ ਕਰਨਾ ਉਨ੍ਹਾਂ ਲਈ ਲਾਜ਼ਮੀ ਸੀ ਅਤੇ ਦਾਅਵਿਆਂ ਦੀ ਪ੍ਰੋਸੈਸਿੰਗ ਦਾ ਕੰਮ ਉਨ੍ਹਾਂ ਨੂੰ ਸੌਂਪ ਦਿੱਤਾ ਜਾਂਦਾ ਸੀ। ਇਸ ’ਚ ਦਾਅਵਿਆਂ ਦੀ ਜਾਣਕਾਰੀ ਪ੍ਰਾਪਤ ਕਰਨਾ, ਦਸਤਾਵੇਜ਼ਾਂ ਦੀ ਜਾਇਜ਼ਤਾ ਪਰਖਣਾ ਅਤੇ ਹਸਪਤਾਲਾਂ, ਬੀਮਾਯੁਕਤ ਵਿਅਕਤੀ ਅਤੇ ਬੀਮਾ ਕੰਪਨੀ ਨਾਲ ਤਾਲਮੇਲ ਕਰਨਾ ਸ਼ਾਮਲ ਸੀ।

ਦਾਅਵਾ ਸਵੀਕਾਰਯੋਗ ਹੈ ਜਾਂ ਨਹੀਂ ਅਤੇ ਕਿੰਨਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ, ਇਸ ਦਾ ਫ਼ੈਸਲਾ ਬੀਮਾਕਾਰ ਦੇ ਹੱਥ ’ਚ ਸੀ, ਜੋ ਸਮਝੌਤੇ ਅਤੇ ਬੀਮਾਕਾਰ ਦੀ ਦਾਅਵਾ ਪ੍ਰਕਿਰਿਆ ਦੁਆਰਾ ਕੰਟਰੋਲ ਹੁੰਦਾ ਸੀ। ਫ਼ੈਸਲਾ ਹੋ ਜਾਣ ਤੋਂ ਬਾਅਦ, ਬੀਮਾਕਾਰ ਟੀ. ਪੀ. ਏ. ਦੇ ਮਾਧਿਅਮ ਨਾਲ ਹਸਪਤਾਲ ਨੂੰ ਭੁਗਤਾਨ ਕਰਦਾ ਸੀ। ਦੂਜੇ ਸ਼ਬਦਾਂ ’ਚ, ਬੀਮਾਯੁਕਤ ਵਿਅਕਤੀ ਨੂੰ ਨਕਦ ਭੁਗਤਾਨ ਨਹੀਂ ਕੀਤਾ ਜਾਂਦਾ ਸੀ

ਪਰ ਇਹ ਪਾਲਿਸੀ ਦੇ ਤਹਿਤ ਦੇਣਯੋਗ ਹਿੱਸਾ ਮਾਤਰ ਹੈ ਅਤੇ ਇਹ ਉਹ ਹਿੱਸਾ ਹੈ ਜੋ ਬੀਮਾਧਾਰਕਾਂ ਨੂੰ ਪੂਰੀ ਤਰ੍ਹਾਂ ਨਹੀਂ ਮਿਲਦਾ, ਸ਼ਾਇਦ ਅੰਸ਼ਿਕ ਰੂਪ ’ਚ ‘ਕੈਸ਼ਲੈੱਸ’ ਸ਼ਬਦ ਦੇ ਮਾਰਕੀਟਿੰਗ ਪ੍ਰਭਾਵ ਕਾਰਨ। ਇਸ ’ਚ ਬੀਮਾਧਾਰਕ ਦੀ ਇਹ ਧਾਰਨਾ ਵੀ ਜੋੜ ਦਿਓ ਕਿ ਹਰ ਚੀਜ਼ ਕਵਰ ਹੈ, ਤਾਂ ਇਹ ਆਸਾਨੀ ਨਾਲ ਇਸ ਧਾਰਨਾ ’ਚ ਬਦਲ ਜਾਂਦਾ ਹੈ ਕਿ ਹਰ ਚੀਜ਼ ਕੈਸ਼ਲੈੱਸ ਤਰੀਕੇ ਨਾਲ ਕਵਰ ਹੈ। ਹਰ ਸ਼ਬਦ ਮਾਅਨੇ ਰੱਖਦਾ ਹੈ ਬੀਮਾ ਪਾਲਿਸੀ ’ਚ ਹਰ ਸ਼ਬਦ ਦਾ ਇਕ ਖ਼ਾਸ ਅਰਥ ਹੁੰਦਾ ਹੈ। ਇੱਥੇ, ਕੈਸ਼ਲੈੱਸ ਸ਼ਬਦ ਕੇਵਲ ਸਵੀਕਾਰਯੋਗ ਦਾਅਵਿਆਂ ਦੇ ਨਿਪਟਾਰੇ ਦੀ ਪ੍ਰਕਿਰਿਆ ਨੂੰ ਦਰਸਾਉਂਦਾ ਹੈ। ਹਸਪਤਾਲ ਦੇ ਬਿੱਲ ’ਚ ਅਸਵੀਕਾਰਯੋਗ ਦਾਅਵੇ ਜਾਂ ਖ਼ਰਚੇ ਦੀਆਂ ਮੱਦਾਂ, ਸਵੀਕਾਰਯੋਗ ਨਹੀਂ ਰਹਿੰਦੀਆਂ।

ਪਾਲਿਸੀ ’ਚ ਕਈ ਪੰਨਿਆਂ ਦੀ ਇਕ ਸੂਚੀ ਹੁੰਦੀ ਹੈ ਜਿਸ ’ਚ ਉਨ੍ਹਾਂ ਖ਼ਰਚਿਆਂ ਦਾ ਵੇਰਵਾ ਹੁੰਦਾ ਹੈ ਜੋ ਪਾਲਿਸੀ ’ਚ ਕਵਰ ਨਹੀਂ ਹੁੰਦੇ। ਇਨ੍ਹਾਂ ’ਚ ਦਸਤਾਨਿਆਂ ਤੋਂ ਲੈ ਕੇ ਮੈਡੀਕਲ ਰਿਕਾਰਡ ਦੇ ਚਾਰਜਾਂ ਤੱਕ ਕੁਝ ਵੀ ਸ਼ਾਮਲ ਹੋ ਸਕਦਾ ਹੈ। ਜੇਕਰ ਹਸਪਤਾਲ ਇਨ੍ਹਾਂ ਖ਼ਰਚਿਆਂ ਦਾ ਬਿੱਲ ਭੇਜਦਾ ਹੈ ਅਤੇ ਤੁਹਾਡੀ ਪਾਲਿਸੀ ਇਨ੍ਹਾਂ ਨੂੰ ਕਵਰ ਨਹੀਂ ਕਰਦੀ, ਤਾਂ ਤੁਹਾਨੂੰ ਇਨ੍ਹਾਂ ਦਾ ਭੁਗਤਾਨ ਕਰਨਾ ਪਵੇਗਾ।

ਫਿਰ ਕੁਝ ਛੋਟਾਂ (ਅਪਵਾਦ) ਵੀ ਹਨ। ਕੁਝ ਖ਼ਰਚੇ ਜਾਂ ਇਲਾਜ ਪਾਲਿਸੀ ਅੰਦਰ ਸ਼ਾਮਲ ਨਹੀਂ ਹੁੰਦੇ। ਇਸ ਤੋਂ ਇਲਾਵਾ, ਦਾਅਵੇ ਦੇ ਉਹ ਹਿੱਸੇ ਵੀ ਦੇਣਯੋਗ ਨਹੀਂ ਹਨ ਜਿਨ੍ਹਾਂ ਨੂੰ ਤੁਸੀਂ ਖ਼ੁਦ ਚੁੱਕਣ ’ਤੇ ਸਹਿਮਤੀ ਪ੍ਰਗਟਾਈ ਹੈ, ਜਿਵੇਂ ਕਿ ਕੋ-ਪੇਮੈਂਟ ਅਤੇ ਕਟੌਤੀਯੋਗ ਰਕਮ।

ਜੇਕਰ ਤੁਹਾਡੀ ਪਾਲਿਸੀ ’ਚ ਕਮਰੇ ਦੇ ਕਿਰਾਏ ਦੀ ਸੀਮਾ ਹੈ, ਤਾਂ ਕੇਵਲ ਯੋਗ ਕਮਰੇ ਦਾ ਕਿਰਾਇਆ ਹੀ ਸਵੀਕਾਰਯੋਗ ਹੋਵੇਗਾ। ਜੇਕਰ ਹਸਪਤਾਲ ਕਮਰੇ ਦੀ ਸ਼੍ਰੇਣੀ ਦੇ ਆਧਾਰ ’ਤੇ ਅਲੱਗ-ਅਲੱਗ ਮੁੱਲ ਨਿਰਧਾਰਤ ਕਰਦਾ ਹੈ, ਤਾਂ ਉੱਚ ਸ਼੍ਰੇਣੀ ਦਾ ਕਮਰਾ ਚੁਣਨ ’ਤੇ ਸਬੰਧਤ ਖ਼ਰਚਿਆਂ ’ਚ ਅਨੁਪਾਤਕ ਕਟੌਤੀ ਹੋ ਸਕਦੀ ਹੈ। ਅਤੇ, ਉਪਲਬਧ ਬੀਮਾ ਰਕਮ ਤੋਂ ਵੱਧ ਦੀ ਕੋਈ ਵੀ ਦਾਅਵਾ ਰਕਮ ਦੇਣਯੋਗ ਨਹੀਂ ਹੋਵੇਗੀ।

ਅਗਾਊਂ-ਮਨਜ਼ੂਰੀ ਜਦੋਂ ਤੁਹਾਨੂੰ ਹਸਪਤਾਲ ’ਚ ਭਰਤੀ ਕੀਤਾ ਜਾਂਦਾ ਹੈ, ਤਾਂ ਹਸਪਤਾਲ ਦਾ ਬੀਮਾ ਜਾਂ ਕੈਸ਼ਲੈੱਸ ਡੈਸਕ ਬੀਮਾਕਾਰ ਜਾਂ ਟੀ. ਪੀ. ਏ. ਤੋਂ ਅਗਾਊਂ-ਮਨਜ਼ੂਰੀ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ। ਸੰਕਟਕਾਲੀਨ ਸਥਿਤੀ ਜਾਂ ਹਾਦਸੇ ’ਚ, ਸਮਾਂ-ਸੀਮਾ ਅਤੇ ਪ੍ਰਕਿਰਿਆ ਥੋੜ੍ਹੀ ਵੱਖਰੀ ਹੋ ਸਕਦੀ ਹੈ।

ਮੰਨ ਲਓ ਕਿ ਹਸਪਤਾਲ ਨੇ ਸ਼ੁਰੂ ’ਚ ਅਨੁਮਾਨਿਤ ਲਾਗਤ 2 ਲੱਖ ਰੁਪਏ ਦੱਸੀ ਅਤੇ ਉਸ ਰਕਮ ਲਈ ਮਨਜ਼ੂਰੀ ਮੰਗੀ। ਬੀਮਾ ਕੰਪਨੀ 1.5 ਲੱਖ ਰੁਪਏ ਦੀ ਅਗਾਊਂ-ਮਨਜ਼ੂਰੀ ਦੇ ਸਕਦੀ ਹੈ। ਇਲਾਜ ਵਧਣ ਦੇ ਨਾਲ, ਹਸਪਤਾਲ ਦਾ ਬਿੱਲ 2 ਲੱਖ ਰੁਪਏ ਤੋਂ ਵੱਧ ਹੋ ਸਕਦਾ ਹੈ ਅਤੇ ਵਾਧੂ ਮਨਜ਼ੂਰੀ ਮੰਗੀ ਜਾ ਸਕਦੀ ਹੈ। ਪਰ ਮਹੱਤਵਪੂਰਨ ਗੱਲ ਇਹ ਹੈ ਕਿ ਪਾਲਿਸੀ ਦੇ ਤਹਿਤ ਸਵੀਕਾਰਯੋਗ ਰਕਮ ਕਿੰਨੀ ਹੈ, ਭਾਵ ਉਹ ਰਕਮ ਜੋ ਸਿੱਧੀ ਹਸਪਤਾਲ ਨੂੰ ਦਿੱਤੀ ਜਾਵੇਗੀ। ਬਾਕੀ ਰਕਮ ਦਾ ਬਿੱਲ ਤੁਹਾਨੂੰ ਭੇਜਿਆ ਜਾਵੇਗਾ। ਇਸ ਗੱਲ ਨੂੰ ਨਾ ਸਮਝਣ ਦੀ ਵਜ੍ਹਾ ਕਰਕੇ ਹੀ ਹਸਪਤਾਲ ਤੋਂ ਛੁੱਟੀ ਦੇ ਸਮੇਂ ਲੋਕਾਂ ਦਾ ਗੁੱਸਾ ਭੜਕ ਉੱਠਦਾ ਹੈ। ਤੁਸੀਂ ਸੋਚਿਆ ਸੀ ਕਿ ਤੁਸੀਂ ਬਿਨਾਂ ਪੈਸੇ ਦਿੱਤੇ ਘਰ ਪਰਤੋਗੇ, ਪਰ ਹਸਪਤਾਲ ਤੁਹਾਡੇ ਤੋਂ 45,000 ਰੁਪਏ ਵਸੂਲਣਾ ਚਾਹੁੰਦਾ ਹੈ।

ਕੁਝ ਹਸਪਤਾਲ ਕੈਸ਼ਲੈੱਸ ਸੈਟਲਮੈਂਟ ਨੂੰ ਲੈ ਕੇ ਅਨਿਸ਼ਚਿਤਤਾ ਤੋਂ ਖ਼ੁਦ ਨੂੰ ਬਚਾਉਣ ਲਈ ਮਰੀਜ਼ਾਂ ਤੋਂ ਭਰਤੀ ਦੇ ਸਮੇਂ ਇਕ ਵੱਡੀ ਰਕਮ ਜਮ੍ਹਾ ਕਰਵਾਉਣ ਦੀ ਮੰਗ ਕਰਦੇ ਹਨ, ਕਦੇ-ਕਦੇ ਇਹ ਉਸ ਰਕਮ ਨੂੰ ਕਵਰ ਕਰਨ ਲਈ ਹੁੰਦੀ ਹੈ ਜੋ ਪਾਲਿਸੀ ਭੁਗਤਾਨ ਨਹੀਂ ਕਰੇਗੀ, ਪਰ ਕਦੇ-ਕਦੇ ਇਹ ਅਨੁਮਾਨਿਤ ਇਲਾਜ ਲਾਗਤ ਵੀ ਹੁੰਦੀ ਹੈ, ਇਸ ਵਾਅਦੇ ਨਾਲ ਕਿ ਬੀਮਾਕਾਰ ਦੁਆਰਾ ਅੰਤ ’ਚ ਜੋ ਵੀ ਰਕਮ ਤੈਅ ਕੀਤੀ ਜਾਵੇਗੀ, ਉਹ ਉਨ੍ਹਾਂ ਨੂੰ ਵਾਪਸ ਕਰ ਦਿੱਤੀ ਜਾਵੇਗੀ। ਦੋਸਤੋ, ਇਹ ਕੈਸ਼ਲੈੱਸ ਨਹੀਂ ਹੈ। ਅਸਲ ’ਚ, ਇਹ ਇਸ ਦੇ ਬਿਲਕੁਲ ਉਲਟ ਹੈ।

ਇਸ ਲਈ, ਯਾਦ ਰੱਖੋ-ਨਕਦ ਭੁਗਤਾਨ ਤੋਂ ਕੇਵਲ ਬੀਮਾ ਕੰਪਨੀ ਦੇ ਬਿੱਲ ਦੇ ਹਿੱਸੇ ਦਾ ਭੁਗਤਾਨ ਕਰਨ ਦੀ ਤੁਹਾਡੀ ਲੋੜ ਖ਼ਤਮ ਹੋ ਜਾਂਦੀ ਹੈ। ਬਿੱਲ ਦਾ ਤੁਹਾਡਾ ਹਿੱਸਾ ਅਜੇ ਵੀ ਪੂਰੀ ਤਰ੍ਹਾਂ ਤੁਹਾਡਾ ਹੀ ਰਹੇਗਾ।
—ਕੇ. ਨਿਤਿਆ ਕਲਿਆਣੀ
(‘ਦਿ ਹਿੰਦੂ’ ਤੋਂ ਧੰਨਵਾਦ ਸਹਿਤ)


author

Shubam Kumar

Content Editor

Related News