ਸੈਕਸ ਹਤਾਸ਼ਾ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਲੋਕ
Sunday, Oct 11, 2026 - 04:08 PM (IST)
ਹੁਣੇ ਅਜਿਹੇ ਮਰਦਾਂ ਅਤੇ ਔਰਤਾਂ ਦੀ ਸੈਕਸ ਸਿਹਤ ਬਾਰੇ ਇਕ ਰਿਪੋਰਟ ’ਚ ਸਾਹਮਣੇ ਆਇਆ ਹੈ ਕਿ ਦੇਸ਼ ਦੇ ਅਨੇਕਾਂ ਮਰਦਾਂ ਅਤੇ ਔਰਤਾਂ ’ਚ ਸੈਕਸ ਹਤਾਸ਼ਾ ਗ੍ਰਸਤ ਹੋਣ ਦੇ ਕੇਸਾਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਹ ਇਕ ਟੈਬੂ (ਖੁੱਲ੍ਹ ਕੇ ਗੱਲ ਨਾ ਕੀਤਾ ਜਾਣ ਵਾਲਾ) ਵਿਸ਼ਾ ਹੈ। ਅਜਿਹੇ ਵਿਸ਼ੇ ’ਤੇ ਗੱਲ ਕਰਨ ਲਈ ਥੋੜ੍ਹੀ ਬੇਬਾਕੀ ਦੀ ਲੋੜ ਹੁੰਦੀ ਹੈ ਕਿਉਂਕਿ ਇਸ ਨਾਲ ਸੰਬੰਧਤ ਮਰਦ ਅਤੇ ਔਰਤਾਂ ਦੀ ਸਮਾਜਿਕ ਅਤੇ ਪਰਿਵਾਰਕ ਜ਼ਿੰਦਗੀ ਵੀ ਪ੍ਰਭਾਵਿਤ ਹੁੰਦੀ ਹੈ। ਇਸ ਕਾਰਨ ਵੀ ਆਧੁਨਿਕ ਸਮਾਜ ਦੀਆਂ ਬੇਧਿਆਨੀਆਂ ਨੂੰ ਧਿਆਨ ’ਚ ਰੱਖਦੇ ਹੋਏ ਅਜਿਹੇ ਮੁੱਦਿਆਂ ’ਤੇ ਖੁੱਲ ਕੇ ਗੱਲ ਹੋਣੀ ਚਾਹੀਦੀ ਹੈ।
ਔਰਤ ਹੋਵੇ ਜਾਂ ਮਰਦ, ਸੈਕਸ ਹਤਾਸ਼ਾ ਗ੍ਰਸਤ ਹੋਣਾ ਇਕ ਅਜਿਹੀ ਮਾਨਸਿਕ ਸਥਿਤੀ ਹੈ ਜਦੋਂ ਵਿਅਕਤੀ ਦੀਆਂ ਸੈਕਸ ਇੱਛਾਵਾਂ ਅਤੇ ਹਕੀਕਤ ਦੇ ਵਿਚਾਲੇ ਅਸੰਤੁਲਨ ਹੁੰਦਾ ਹੈ—ਭਾਵ ਉਸ ਦੀਆਂ ਸੈਕਸ ਲੋੜਾਂ ਜਾਂ ਉਮੀਦਾਂ ਪੂਰੀਆਂ ਨਹੀਂ ਹੋ ਪਾਉਂਦੀਆਂ। ਸੈਕਸ ਹਤਾਸ਼ਾ ਉਹ ਤਜਰਬਾ ਹੈ ਜਦੋਂ ਤੁਹਾਨੂੰ ਉਹ ਸੈਕਸ ਸੰਤੁਸ਼ਟੀ ਨਹੀਂ ਮਿਲਦੀ ਜਿਸ ਦੀ ਤੁਹਾਨੂੰ ਲੋੜ ਜਾਂ ਇੱਛਾ ਹੁੰਦੀ ਹੈ। ਭਾਵੇਂ ਕੋਈ ਕੁਆਰਾ ਹੋਵੇ, ਕਿਸੇ ਰਿਸ਼ਤੇ ’ਚ ਹੋਵੇ, ਵਿਆਹੁਤਾ ਹੋਵੇ, ਸੈਕਸ ਸੰਬੰਧ ਕਈ ਲੋਕਾਂ ਦੇ ਜੀਵਨ ਦਾ ਇਕ ਮਹੱਤਵਪੂਰਨ ਹਿੱਸਾ ਹਨ। ਜਦੋਂ ਸੈਕਸ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਤਾਂ ਇਸ ਤੋਂ ਪੈਦਾ ਹੋਈ ਨਿਰਾਸ਼ਾ ਤੁਹਾਡੇ ਮੂਡ, ਤੁਹਾਡੇ ਰਿਸ਼ਤਿਆਂ ਅਤੇ ਤੁਹਾਡੀ ਸਮੁੱਚੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇੱਥੋਂ ਤੱਕ ਕਿ ਸੈਕਸ ਸੰਬੰਧਾਂ ਦੀ ਘਾਟ ਅਸਲ ’ਚ ਡਿਪ੍ਰੈਸ਼ਨ ਦਾ ਕਾਰਨ ਬਣ ਸਕਦੀ ਹੈ।
ਸੈਕਸ ਹਤਾਸ਼ਾ ਦੀ ਸ਼ੁਰੂਆਤ ਅੰਤਰੰਗ ਜੀਵਨ ’ਚ ਅਸੰਤੋਖ ਤੋਂ ਹੋ ਸਕਦੀ ਹੈ। ਮੰਨਿਆ ਜਾਂਦਾ ਹੈ ਕਿ ਸੈਕਸ ਸਰਗਰਮੀ ਤਣਾਅ ਹਾਰਮੋਨ ਨੂੰ ਘਟਾਉਂਦੀ ਹੈ। ਸੈਕਸ ਨਿਰਾਸ਼ਾ ਕਾਰਨ ਕੁਝ ਲੋਕਾਂ ’ਚ ਇਕਰਾਰ, ਨਿਰਾਸ਼ਾ ਅਤੇ ਭਾਵਨਾਤਮਕ ਅਲਗਾਅ ਦੀ ਭਾਵਨਾ ਵਧ ਜਾਂਦੀ ਹੈ। ਸੈਕਸ ਹਤਾਸ਼ਾ ਬਾਰੇ ਸਭ ਤੋਂ ਆਮ ਗਲਤ ਧਾਰਨਾਵਾਂ ’ਚੋਂ ਇਕ ਇਹ ਹੈ ਕਿ ਇਹ ਮੁੱਖ ਤੌਰ ’ਤੇ ਕੁਆਰੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਅਸਲ ’ਚ ਵਚਨਬੱਧ ਰਿਸ਼ਤਿਆਂ ’ਚ ਰਹਿਣ ਵਾਲੇ ਲੋਕ ਵੀ ਇਸ ਨਾਲ ਓਨੇ ਹੀ ਜੂਝ ਸਕਦੇ ਹਨ।
ਰਿਸ਼ਤਿਆਂ ’ਚ ਸੈਕਸ ਹਤਾਸ਼ਾ ਭਾਵਨਾਤਮਕ ਜੁੜਾਵ ਅਤੇ ਆਤਮ-ਸਨਮਾਨ ਨੂੰ ਵੀ ਕਮਜ਼ੋਰ ਕਰ ਸਕਦੀ ਹੈ। ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਜੋੜਿਆਂ ਲਈ ਅਸਰਦਾਰ ਸੰਚਾਰ ਸਭ ਤੋਂ ਮਹੱਤਵਪੂਰਨ ਸਾਧਨਾਂ ’ਚੋਂ ਇਕ ਹੈ। ਕਦੇ-ਕਦੇ ਸੈਕਸ ਹਤਾਸ਼ਾ ਦਾ ਕਾਰਨ ਰਿਸ਼ਤਿਆਂ ਦੀ ਸਰਗਰਮੀ ਵੀ ਹੁੰਦੀ ਹੈ। ਇਕ ਅਜਿਹਾ ਸਾਥੀ ਜੋ ਸੈਕਸ ਪ੍ਰਦਰਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਆਲੋਚਨਾਤਮਕ ਹੋਵੇ ਜਾਂ ਜੋ ਸਖ਼ਤ ਅਤੇ ਗੈਰ ਸੱਚਾਈ ਵਾਲੀਆਂ ਉਮੀਦਾਂ ਰੱਖਦਾ ਹੋਵੇ, ਅਜਿਹਾ ਮਾਹੌਲ ਬਣਾ ਸਕਦਾ ਹੈ ਜਿੱਥੇ ਸੈਕਸ ਸੰਬੰਧ ਜੁੜਨ ਦਾ ਸੋਮਾ ਹੋਣ ਦੀ ਬਜਾਏ ਇਕ ਇਮਤਿਹਾਨ ਵਰਗਾ ਲੱਗਣ ਲੱਗੇ। ਮਨੋਵਿਗਿਆਨੀ ਕਹਿੰਦੇ ਹਨ ਕਿ ਇਸ ਖੇਤਰ ’ਚ ਲਗਾਤਾਰ ਆਲੋਚਨਾ ਮਿਲਣ ਨਾਲ ਆਤਮ-ਸ਼ੱਕ, ਲਾਚਾਰੀ ਅਤੇ ਭਾਵਨਾਤਮਕ ਵੱਖਵਾਦ ਵਰਗੀਆਂ ਭਾਵਨਾਵਾਂ ਪੈਦਾ ਹੋ ਸਕਦੀਆਂ ਹਨ, ਜੋ ਡਿਪ੍ਰੈਸ਼ਨ ਦਾ ਕਾਰਨ ਬਣ ਸਕਦੀਆਂ ਹਨ।
ਸੈਕਸ ਹਤਾਸ਼ਾ ਉਦੋਂ ਵੀ ਪੈਦਾ ਹੋ ਸਕਦੀ ਹੈ ਜਦੋਂ ਭਾਈਵਾਲਾਂ ਦੀਆਂ ਲੋੜਾਂ, ਪਸੰਦ ਜਾਂ ਇੱਛਾ ਦਾ ਪੱਧਰ ਵੱਖਰਾ-ਵੱਖਰਾ ਹੋਵੇ। ਜਦੋਂ ਇਨ੍ਹਾਂ ਅੰਤਰਾਂ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਜਾਂ ਉਨ੍ਹਾਂ ’ਤੇ ਚਰਚਾ ਨਹੀਂ ਕੀਤੀ ਜਾਂਦੀ, ਤਾਂ ਸ਼ਰਮ ਅਤੇ ਅਪਰਾਧ-ਬੋਧ ਵਿਕਸਿਤ ਹੋ ਸਕਦਾ ਹੈ ਅਤੇ ਸਮੇਂ ਦੇ ਨਾਲ, ਇਹ ਰਿਸ਼ਤੇ ਅਤੇ ਵਿਅਕਤੀ ਦੀ ਮਾਨਸਿਕ ਸਿਹਤ ਦੋਵਾਂ ਨੂੰ ਨਾਂਹ-ਪੱਖੀ ਪ੍ਰਭਾਵਿਤ ਕਰ ਸਕਦੇ ਹਨ। ਇਸ ਨੂੰ ਸਹੀ ਦਲੀਲਾਂ ਨਾਲ ਹੈਂਡਲ ਕਰਨ ਦੀ ਲੋੜ ਹੈ। ਗੌਰਤਲਬ ਹੈ ਕਿ ਸੈਕਸ ਹਤਾਸ਼ਾ ਇਕ ਬਹੁਤ ਹੀ ਸੰਵੇਦਨਸ਼ੀਲ, ਬਹੁਤ ਹੀ ਭਾਵਨਾਤਮਕ ਅਤੇ ਇਕ ਨਾ ਕਹੇ ਜਾ ਸਕਣ ਵਾਲਾ ਸਰੀਰਕ ਅਤੇ ਮਾਨਸਿਕ ਵਿਕਾਰ ਹੈ। ਜੇਕਰ ਤੁਸੀਂ ਕਿਸੇ ਰਿਸ਼ਤੇ ’ਚ ਹੋ, ਤਾਂ ਆਪਣੀਆਂ ਲੋੜਾਂ ਬਾਰੇ ਖੁੱਲ੍ਲ ਕੇ ਗੱਲ ਕਰਨਾ ਬਹੁਤ ਜ਼ਰੂਰੀ ਹੈ।
ਸੈਕਸ ਹਤਾਸ਼ਾ ਤੋਂ ਗ੍ਰਸਤ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ, ਭਾਵੇਂ ਔਰਤ ਹੋਵੇ ਜਾਂ ਮਰਦ, ਦੋਵਾਂ ਨੂੰ ਇਹ ਸਮਝਣ ਦਾ ਹੱਕ ਹੈ ਕਿ ਕੀ ਠੀਕ ਨਹੀਂ ਚੱਲ ਰਿਹਾ ਹੈ ਅਤੇ ਇਸ ਪ੍ਰਕਿਰਿਆ ਵਿਚ ਉਨ੍ਹਾਂ ਨੂੰ ਸੁਣਿਆ ਜਾਣਾ ਚਾਹੀਦਾ ਹੈ। ਮਨੋਵਿਗਿਆਨਕ ਦ੍ਰਿਸ਼ਟੀਕੋਣ ਇਹ ਹੈ ਕਿ ਜਿਹੜੇ ਮਰਦ ਅਤੇ ਔਰਤਾਂ ਸੈਕਸ ਹਤਾਸ਼ਾ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ, ਉਨ੍ਹਾਂ ’ਚ ਰਿਸ਼ਤੇ ਦੀ ਸੰਤੁਸ਼ਟੀ ਦਾ ਪੱਧਰ ਜ਼ਿਆਦਾ ਹੁੰਦਾ ਹੈ।
–ਡਾ. ਵਰਿੰਦਰ ਭਾਟੀਆ
