ਚੰਗੇ ਡਰਾਈਵਰ ਤੁਹਾਡਾ ਧਨ ਬਚਾਉਂਦੇ ਹਨ...!

Wednesday, Oct 14, 2026 - 02:47 PM (IST)

ਚੰਗੇ ਡਰਾਈਵਰ ਤੁਹਾਡਾ ਧਨ ਬਚਾਉਂਦੇ ਹਨ...!

ਮੇਰੇ ਗੁਆਂਢੀ ਨੇ ਪੁੱਛਿਆ, ‘‘ਤੁਸੀਂ ਆਪਣੇ ਡਰਾਈਵਰ ਨੂੰ ਕਿੰਨੇ ਪੈਸੇ ਦਿੰਦੇ ਹੋ?’’ ਉਨ੍ਹਾਂ ਨੇ ਇਸ ਤਰ੍ਹਾਂ ਦੇਖਿਆ ਜਿਵੇਂ ਮੈਂ ਹੁਣੇ-ਹੁਣੇ ਉਨ੍ਹਾਂ ਦੀ ਧੀ ਦੇ ਵਿਆਹ ਦਾ ਖਰਚਾ ਚੁੱਕਣ ਦਾ ਐਲਾਨ ਕੀਤਾ ਹੋਵੇ।

‘‘ਆਮ ਤੌਰ ’ਤੇ ਜਿੰਨਾ ਦਿੱਤਾ ਜਾਂਦਾ ਹੈ, ਉਸ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ।’’

‘‘ਕਿਉਂ?’’

‘‘ਕਿਉਂਕਿ ਮੈਨੂੰ ਆਪਣਾ ਗਿਅਰਬਾਕਸ ਬਹੁਤ ਪਸੰਦ ਹੈ!’’

ਕੁਝ ਦਿਨ ਪਹਿਲਾਂ, ਇਕ ਦੋਸਤ ਦੇ ਘਰ ’ਤੇ, ਮੈਂ ਇਕ ਆਵਾਜ਼ ਸੁਣੀ, ਜਿਵੇਂ ਕੋਈ ਸਟੀਲ ਦੀਆਂ ਅਲਮਾਰੀਆਂ ਨੂੰ ਮਿਕਸਰ ’ਚ ਪਾ ਰਿਹਾ ਹੋਵੇ।

‘‘ਉਹ ਕੀ ਸੀ?’’ ਮੈਂ ਪੁੱਛਿਆ।

ਮੇਰੇ ਦੋਸਤ ਨੇ ਮੂੰਹ ਬਣਾਉਂਦਿਆਂ ਕਿਹਾ, ‘‘ਮੇਰਾ ਡਰਾਈਵਰ ਗਿਅਰ ਬਦਲ ਰਿਹਾ ਹੈ।’’

ਉਸ ਦੀ ਮਹਿੰਗੀ ਕਾਰ ਬਾਹਰ ਖੜ੍ਹੀ ਸੀ, ਸ਼ਾਇਦ ਸੋਚ ਰਹੀ ਸੀ ਕਿ ਕੀ ਉਹ ਕਿਤੇ ਹੋਰ ਟਰਾਂਸਫਰ ਲਈ ਅਪਲਾਈ ਕਰ ਸਕਦੀ ਹੈ।

‘‘ਨਵੀਂ ਕਾਰ ਹੈ?’’ ਮੈਂ ਪੁੱਛਿਆ।

‘‘ਹਾਂ!’’

‘‘ਪੁਰਾਣਾ ਡਰਾਈਵਰ ਹੈ?’’

‘‘ਬਹੁਤ ਕਿਫ਼ਾਇਤੀ ਆਦਮੀ ਹੈ!’’

ਮੈਨੂੰ ਸ਼ੱਕ ਸੀ ਕਿ ਉਸ ਆਦਮੀ ਦੀ ਇਸ ਕਿਫ਼ਾਇਤ ਦਾ ਫ਼ਾਇਦਾ ਜਲਦੀ ਹੀ ਮਕੈਨਿਕ ਨੂੰ ਮਿਲੇਗਾ।

ਉਂਝ, ਮੇਰੀਆਂ ਕਾਰਾਂ ਬਹੁਤ ਨਵੀਆਂ ਨਹੀਂ ਹਨ। ਕੋਈ ਮੈਨੂੰ ਆਉਂਦੇ ਦੇਖ ਕੇ ਇਹ ਨਹੀਂ ਕਹਿੰਦਾ, ‘‘ਦੇਖੋ, ਉਹ ਆਦਮੀ ਜਾ ਰਿਹਾ ਹੈ ਜਿਸ ਨੇ ਜ਼ਿੰਦਗੀ ’ਚ ਬਹੁਤ ਕੁਝ ਹਾਸਲ ਕੀਤਾ ਹੈ!’’ ਕਈ ਵਾਰ, ਉਹ ਫੁਸਫੁਸਾਉਂਦੇ ਹਨ, ‘‘ਦੇਖੋ, ਉਹ ਕਾਰ ਜਾ ਰਹੀ ਹੈ ਜਿਸ ਨੇ ਬਹੁਤ ਕੁਝ ਝੱਲਿਆ ਹੈ!’’

ਪਰ ਉਹ ਲੰਬੇ ਸਮੇਂ ਤੱਕ ਚੱਲਦੀਆਂ ਹਨ।

ਮੈਨੂੰ ਲੱਗਦਾ ਹੈ ਕਿ ਇਸ ਦਾ ਇਕ ਕਾਰਨ ਇਹ ਹੈ ਕਿ ਜੋ ਆਦਮੀ ਉਨ੍ਹਾਂ ਨੂੰ ਚਲਾਉਂਦਾ ਹੈ, ਉਹ ਉਨ੍ਹਾਂ ਦਾ ਚੰਗੀ ਤਰ੍ਹਾਂ ਧਿਆਨ ਰੱਖਦਾ ਹੈ। ਉਹ ਸਮਝਦਾ ਹੈ ਕਿ ਕਲੱਚ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ, ਬ੍ਰੇਕ ਕੋਈ ਮਿਊਜ਼ੀਕਲ ਇੰਸਟਰੂਮੈਂਟ ਨਹੀਂ ਹੈ ਅਤੇ ਟੋਏ ਤੋਂ ਬਚਣਾ ਚਾਹੀਦਾ ਹੈ, ਨਾ ਕਿ ਉਸ ’ਚ ਗੱਡੀ ਵਾੜ ਕੇ ਦੇਖਣਾ ਚਾਹੀਦਾ ਹੈ ਕਿ ਕੀ ਹੈ।

ਇਕ ਚੰਗਾ ਡਰਾਈਵਰ ਅਜਿਹੇ ਤਰੀਕਿਆਂ ਨਾਲ ਪੈਸੇ ਬਚਾਉਂਦਾ ਹੈ, ਜੋ ਕਦੇ ਉਸ ਦੀ ਸੈਲਰੀ ਸਲਿੱਪ ’ਤੇ ਨਹੀਂ ਦਿਸਦੇ।

ਦਿੱਕਤ ਇਹ ਹੈ ਕਿ ਅਸੀਂ ਸੈਲਰੀ ਨੂੰ ਤਾਂ ਮੈਗਨੀਫਾਈਂਗ ਗਲਾਸ ਨਾਲ ਦੇਖਦੇ ਹਾਂ, ਪਰ ਰਿਪੇਅਰ ਦੇ ਬਿੱਲ ਨੂੰ ਰੋਂਦੇ ਹੋਏ ਦੇਖਦੇ ਹਾਂ।

ਅਸੀਂ ਮਾਣ ਨਾਲ ਕਹਿੰਦੇ ਹਾਂ, ‘‘ਡਰਾਈਵਰ ’ਤੇ ਦੋ ਹਜ਼ਾਰ ਬਚਾ ਲਏ!’’

ਅਸੀਂ ਹੌਲੀ ਜਿਹੇ ਕਹਿੰਦੇ ਹਾਂ, ‘‘ਰਿਪੇਅਰ ’ਤੇ ਵੀਹ ਹਜ਼ਾਰ ਖਰਚ ਹੋ ਗਏ!’’

ਫਿਰ ਅਸੀਂ ਕਾਰ ਨੂੰ ਦੋਸ਼ ਦਿੰਦੇ ਹਾਂ।

ਇਹ ਅਜੀਬ ਹਿਸਾਬ-ਕਿਤਾਬ ਸਾਡੇ ਘਰਾਂ ਅਤੇ ਬਿਜ਼ਨੈੱਸ ’ਚ ਵੀ ਚੱਲਦਾ ਹੈ।

ਅਸੀਂ ਚਾਹੁੰਦੇ ਹਾਂ ਕਿ ਕੋਈ ਸਾਡੀ ਰਸੋਈ ਨੂੰ ਚੰਗੀ ਤਰ੍ਹਾਂ ਚਲਾਏ, ਸਾਡੇ ਘਰ ਦੀ ਜ਼ਿੰਮੇਵਾਰੀ ਨਾਲ ਦੇਖਭਾਲ ਕਰੇ ਜਾਂ ਗਾਹਕਾਂ ਨੂੰ ਸਬਰ ਨਾਲ ਸੰਭਾਲੇ ਪਰ ਜਦੋਂ ਸੈਲਰੀ ਦੀ ਗੱਲ ਆਉਂਦੀ ਹੈ, ਤਾਂ ਅਸੀਂ ਅਚਾਨਕ ਅਜਿਹੇ ਦਾਰਸ਼ਨਿਕ ਬਣ ਜਾਂਦੇ ਹਾਂ, ਜਿਵੇਂ ਬਹੁਤ ਗ਼ਰੀਬ ਹੋਈਏ।

ਅਸੀਂ ਕਰਮਚਾਰੀ ਨੂੰ ਕਹਿੰਦੇ ਹਾਂ, ‘‘ਪੈਸਾ ਹੀ ਸਭ ਕੁਝ ਨਹੀਂ ਹੁੰਦਾ।’’

ਜ਼ਾਹਿਰ ਹੈ, ਜਦੋਂ ਸਾਡੀ ਆਪਣੀ ਪੇਮੈਂਟ ’ਚ ਦੇਰੀ ਹੁੰਦੀ ਹੈ, ਤਾਂ ਪੈਸਾ ਹੀ ਸਭ ਕੁਝ ਬਣ ਜਾਂਦਾ ਹੈ।

ਸਹੀ ਸੈਲਰੀ ਦੇਣ ਨਾਲ ਆਪਣੇ-ਆਪ ਕਾਬਲੀਅਤ ਨਹੀਂ ਆ ਜਾਂਦੀ। ਸੋਚ-ਸਮਝ ਕੇ ਚੁਣੋ ਪਰ ਜਦੋਂ ਤੁਹਾਨੂੰ ਕੋਈ ਭਰੋਸੇਮੰਦ ਆਦਮੀ ਮਿਲ ਜਾਵੇ, ਤਾਂ ਉਸ ਨੂੰ ਬਣਾਈ ਰੱਖਣ ਦੀ ਅਹਿਮੀਅਤ ਨੂੰ ਸਮਝੋ।

ਪੁਰਾਣੀ ਕਹਾਵਤ ਹੈ, ‘‘ਮੂੰਗਫਲੀ ਦੇ ਭਾਅ ਦਿਓਗੇ ਤਾਂ ਬਾਂਦਰ ਹੀ ਮਿਲਣਗੇ।’’ ਹਾਲਾਂਕਿ, ਮੈਨੂੰ ਲੱਗਦਾ ਹੈ ਕਿ ਹੁਣ ਤਾਂ ਬਾਂਦਰ ਵੀ ਤਿਉਹਾਰ ਦਾ ਬੋਨਸ ਅਤੇ ਐਤਵਾਰ ਦੀ ਛੁੱਟੀ ਦੀ ਮੰਗ ਕਰਨਗੇ।

ਅਤੇ ਤਿਉਹਾਰਾਂ ਦੀ ਇਸ ਸ਼ਾਪਿੰਗ ਦੇ ਮੌਸਮ ’ਚ, ਇਹੀ ਸੋਚ ਉਤਪਾਦਾਂ ’ਤੇ ਵੀ ਲਾਗੂ ਕਰਨ।

ਸਸਤੀ ਸ਼ਰਟ ਉਦੋਂ ਘੱਟ ਚੰਗੀ ਲੱਗਦੀ ਹੈ, ਜਦੋਂ ਪਹਿਲੀ ਵਾਰ ਧੋਣ ਤੋਂ ਬਾਅਦ ਉਹ ਤੁਹਾਡੇ ਪੋਤੇ ਨੂੰ ਫਿੱਟ ਆਉਣ ਲੱਗੇ।

ਕੋਈ ਸਸਤਾ ਅਪਲਾਇੰਸ ਜਿਸ ਨੂੰ ਵਾਰ-ਵਾਰ ਠੀਕ ਕਰਵਾਉਣਾ ਪਵੇ, ਅਸਲ ’ਚ ਇਕ ਮਹਿੰਗਾ ਅਪਲਾਇੰਸ ਹੀ ਹੁੰਦਾ ਹੈ ਜਿਸ ਦੀ ਕੀਮਤ ਤੁਸੀਂ ਕਿਸ਼ਤਾਂ ’ਚ ਚੁਕਾ ਰਹੇ ਹੁੰਦੇ ਹੋ।

ਇਹ ਨਾ ਮੰਨ ਲਓ ਕਿ ਸਭ ਤੋਂ ਮਹਿੰਗੀ ਚੀਜ਼ ਹੀ ਸਭ ਤੋਂ ਚੰਗੀ ਹੁੰਦੀ ਹੈ ਪਰ ਡਿਸਕਾਊਂਟ ਦੇ ਚੱਕਰ ’ਚ ਪੈਣ ਤੋਂ ਪਹਿਲਾਂ ਉਸ ਦੀ ਕੁਆਲਿਟੀ, ਟਿਕਾਊਪਣ ਅਤੇ ਸਰਵਿਸ ਜ਼ਰੂਰ ਦੇਖ ਲਓ।

ਇਹ ਸੋਚੋ ਕਿ ਕੋਈ ਚੀਜ਼ ਆਉਣ ਵਾਲੇ ਸਾਲਾਂ ’ਚ ਕਿੰਨਾ ਖਰਚ ਕਰਵਾਏਗੀ, ਨਾ ਕਿ ਸਿਰਫ਼ ਇਹ ਕਿ ਅੱਜ ਉਸ ਦੀ ਕੀਮਤ ਕੀ ਹੈ।

ਮੇਰੇ ਗੁਆਂਢੀ ਨੂੰ ਹੁਣ ਵੀ ਲੱਗਦਾ ਹੈ ਕਿ ਮੈਂ ਆਪਣੇ ਡਰਾਈਵਰ ਨੂੰ ਬਹੁਤ ਜ਼ਿਆਦਾ ਪੈਸੇ ਦਿੰਦਾ ਹਾਂ।

ਉੱਥੇ ਹੀ ਦੂਜੇ ਪਾਸੇ, ਉਨ੍ਹਾਂ ਦਾ ਮਕੈਨਿਕ ਆਪਣੇ ਕੰਮ ਤੋਂ ਬਹੁਤ ਖੁਸ਼ ਦਿਸਦਾ ਹੈ।

ਕੱਲ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੀ ਕਾਰ ’ਚ ਫਿਰ ਤੋਂ ਕੋਈ ਵੱਡੀ ਖਰਾਬੀ ਆ ਗਈ ਹੈ।

ਉਨ੍ਹਾਂ ਨੇ ਪੁੱਛਿਆ, ‘‘ਮੈਨੂੰ ਕੀ ਕਰਨਾ ਚਾਹੀਦਾ ਹੈ?’’

‘‘ਗੱਡੀ ਚਲਾਉਣ ਵਾਲੇ ਵਿਅਕਤੀ ’ਤੇ ਥੋੜ੍ਹਾ ਜ਼ਿਆਦਾ ਧਿਆਨ ਦਿਓ!’’

ਕਿਉਂਕਿ ਸਭ ਤੋਂ ਘੱਟ ਸੈਲਰੀ ਨਾਲ ਵੀ ਸਭ ਤੋਂ ਭਾਰੀ ਬਿੱਲ ਬਣ ਸਕਦਾ ਹੈ ਅਤੇ ਕਈ ਵਾਰ ਸਮਝਦਾਰੀ ਭਰੀ ਬੱਚਤ ਦੀ ਸ਼ੁਰੂਆਤ ਕਿਸੇ ਨੂੰ ਉਸ ਦੀ ਸਹੀ ਕੀਮਤ ਚੁਕਾਉਣ ਨਾਲ ਹੀ ਹੁੰਦੀ ਹੈ...!

—ਰਾਬਰਟ ਕਲੀਮੈਂਟਸ


author

Anmol Tagra

Content Editor

Related News