‘ਰੀਲ ਬਣਾਉਣ ਦੇ ਚੱਕਰ ਵਿਚ’ ਜ਼ਿੰਦਗੀਆਂ ਗੁਆ ਰਹੇ ਨੌਜਵਾਨ!
Tuesday, Feb 03, 2026 - 06:00 AM (IST)
ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਵੱਡੀ ਗਿਣਤੀ ’ਚ ਨੌਜਵਾਨ ਮੁੰਡੇ-ਕੁੜੀਆਂ ’ਤੇ ਚਰਚਾ ’ਚ ਆਉਣ ਦਾ ਜਨੂੰਨ ਸਵਾਰ ਹੈ। ਰੀਲ ਬਣਾਉਣ ਵਾਲੇ ਨੌਜਵਾਨ ਪੁੱਠੀਆਂ-ਸਿੱਧੀਆਂ ਹਰਕਤਾਂ ਨਾਲ ਕਦੇ ਤਾਂ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣਦੇ ਹਨ ਅਤੇ ਕਦੇ ਰੀਲ ਬਣਾਉਣ ਦੇ ਚੱਕਰ ’ਚ ਜ਼ਖ਼ਮੀ ਹੋ ਜਾਂਦੇ ਹਨ ਜਾਂ ਆਪਣੀ ਜਾਨ ਤੱਕ ਗੁਆ ਬੈਠਦੇ ਹਨ, ਜਿਨ੍ਹਾਂ ਦੀਆਂ ਪਿਛਲੇ 7 ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 26 ਜੂਨ, 2025 ਨੂੰ ‘ਬੈਂਗਲੁਰੂ’ (ਕਰਨਾਟਕ) ਦੇ ‘ਪ੍ਰਾਪੰਨਾ ਅਗਰਹਾਰਾ’ ’ਚ ਆਪਣੇ ਦੋਸਤਾਂ ਨਾਲ ਇਕ ਨਿਰਮਾਣ ਅਧੀਨ 13 ਮੰਜ਼ਿਲ ਉੱਚੀ ਇਮਾਰਤ ਦੀ ਛੱਤ ’ਤੇ ‘ਲੇਟ ਨਾਈਟ ਪਾਰਟੀ’ ਕਰਨ ਦੌਰਾਨ ਰੀਲ ਬਣਾ ਰਹੀ ਇਕ ਮੁਟਿਆਰ ਸੰਤੁਲਨ ਵਿਗੜ ਜਾਣ ਦੇ ਨਤੀਜੇ ਵਜੋਂ ਹੇਠਾਂ ਡਿੱਗ ਜਾਣ ਕਾਰਨ ਮਾਰੀ ਗਈ।
*19 ਅਗਸਤ, 2025 ਨੂੰ ‘ਚੇਨਈ’ (ਤਾਮਿਲਨਾਡੂ) ਦੇ ‘ਪੱਲਾਵਰਮ’ ’ਚ ਰੀਲ ਬਣਾਉਣ ਲਈ ਮੋਟਰਸਾਈਕਲ ਦੀ ਪਿਛਲੀ ਸੀਟ ’ਤੇ ਬੈਠ ਕੇ ਸਟੰਟ ਕਰ ਰਹੇ ‘ਸੁਹੈਲ ਰਸ਼ੀਦ’ ਨਾਂ ਦੇ ਨੌਜਵਾਨ ਦਾ ਮੋਟਰਸਾਈਕਲ ਅਸੰਤੁਲਿਤ ਹੋ ਕੇ ਇਕ ਹੋਰ ਮੋਟਰਸਾਈਕਲ ਨਾਲ ਟਕਰਾ ਜਾਣ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ, ਜਦੋਂ ਕਿ ਦੋਵਾਂ ਮੋਟਰਸਾਈਕਲਾਂ ’ਤੇ ਸਵਾਰ 4 ਹੋਰ ਨੌਜਵਾਨ ਜ਼ਖ਼ਮੀ ਹੋ ਗਏ।
* 21 ਅਕਤੂਬਰ, 2025 ਨੂੰ ‘ਪੁਰੀ’ (ਓਡਿਸ਼ਾ) ਦੇ ‘ਜਨਕਦੇਵਪੁਰ’ ਰੇਲਵੇ ਸਟੇਸ਼ਨ ’ਤੇ ਰੇਲ ਪਟਰੀ ਦੇ ਵਿਚਕਾਰ ਖੜ੍ਹੇ ਹੋ ਕੇ ਰੀਲ ਬਣਾ ਰਹੇ ‘ਵਿਸ਼ਵਜੀਤ ਸਾਹੂ’ ਨਾਂ ਦੇ ਇਕ 15 ਸਾਲਾ ਲੜਕੇ ਦੀ ਟਰੇਨ ਨਾਲ ਟਕਰਾ ਕੇ ਮੌਤ ਹੋ ਗਈ।
* 26 ਅਕਤੂਬਰ, 2025 ਨੂੰ ‘ਮੰਡੀ’ (ਹਿਮਾਚਲ ਪ੍ਰਦੇਸ਼) ’ਚ ‘ਕੀਰਤਪੁਰ-ਮਨਾਲੀ ਫੋਰਲੇਨ’ ਦੀ ‘ਮਲੋਰੀ ਟਨਲ’ ਦੇ ਕੋਲ ਰੀਲ ਬਣਾਉਣ ਲਈ ਬਾਈਕ ’ਤੇ ਸਟੰਟ ਕਰਨ ਦੌਰਾਨ ਇਕ ਨੌਜਵਾਨ ਸੰਤੁਲਨ ਵਿਗੜ ਜਾਣ ਨਾਲ ਜ਼ਮੀਨ ’ਤੇ ਡਿੱਗ ਗਿਆ ਅਤੇ ਧੌਣ ਟੁੱਟ ਜਾਣ ਦੇ ਨਤੀਜੇ ਵਜੋਂ ਉਸ ਦੀ ਦਰਦਨਾਕ ਮੌਤ ਹੋ ਗਈ।
* 31 ਅਕਤੂਬਰ, 2025 ਨੂੰ ‘ਬੁਲਢਾਣਾ’ (ਮਹਾਰਾਸ਼ਟਰ) ਦੇ ‘ਆਲਸਨਾ’ ਪਿੰਡ ਦੇ ਨੇੜੇ ਚਲਦੀ ਰੇਲਗੱਡੀ ਦੇ ਸਾਹਮਣੇ ਰੀਲ ਬਣਾਉਣ ਦੌਰਾਨ 2 ਨੌਜਵਾਨਾਂ ਦੇ ਉਸ ਦੀ ਲਪੇਟ ’ਚ ਆ ਜਾਣ ਨਾਲ ‘ਮੁਹੰਮਦ ਨਦੀਮ’ ਨਾਂ ਦੇ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੂਜਾ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ।
* 3 ਦਸੰਬਰ, 2025 ਨੂੰ ‘ਰਾਏਸੇਨ’ (ਮੱਧ ਪ੍ਰਦੇਸ਼) ’ਚ ਰੀਲ ਬਣਾਉਣ ਲਈ 50 ਫੁੱਟ ਉੱਚੇ ਪੁਲ ’ਤੇ ਚੜ੍ਹਿਆ ਨੌਜਵਾਨ ਸੰਤੁਲਨ ਵਿਗੜ ਜਾਣ ਕਾਰਨ ਹੇਠਾਂ ਡਿੱਗ ਗਿਆ, ਜਿਸ ਨਾਲ ਉਸ ਦੀ ਰੀੜ੍ਹ ਦੀ ਹੱਡੀ ਟੁੱਟ ਜਾਣ ਅਤੇ ਸਿਰ ’ਚ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ। ਕੁਝ ਹੀ ਦਿਨਾਂ ਦੇ ਅੰਦਰ ਰਾਏਸੇਨ ਜ਼ਿਲੇ ’ਚ ਰੀਲ ਬਣਾਉਣ ਦੇ ਚੱਕਰ ’ਚ ਹੋਣ ਵਾਲੀ ਇਹ ਤੀਜੀ ਮੌਤ ਹੈ। ਇਸ ਤੋਂ ਪਹਿਲਾਂ ਜ਼ਿਲੇ ਦੇ ‘ਹਲਾਲੀ ਡੈਮ’ ’ਚ ਰੀਲ ਬਣਾਉਂਦੇ ਸਮੇਂ ਡੁੱਬ ਜਾਣ ਨਾਲ ਭੋਪਾਲ ਦੇ 2 ਨੌਜਵਾਨਾਂ ਅਤੇ ਇਕ ਹੋਰ ਹਾਦਸੇ ’ਚ ‘ਸਿਹਤਗੰਜ’ ਦੇ ਨੇੜੇ ਰੀਲ ਬਣਾਉਂਦੇ ਸਮੇਂ ਇਕ ਮੁਟਿਆਰ ਦੀ ਚੱਟਾਨਾਂ ਤੋਂ ਫਿਸਲ ਕੇ ‘ਮਹਾਦੇਵ ਝਰਨੇ’ ’ਚ ਡਿੱਗ ਕੇ ਮੌਤ ਹੋ ਗਈ ਸੀ।
* 25 ਜਨਵਰੀ, 2026 ਨੂੰ ‘ਸੰਤ ਕਬੀਰ ਨਗਰ’ (ਉੱਤਰ ਪ੍ਰਦੇਸ਼) ਦੇ ‘ਸੇਮਰੀਆਵਾਂ’ ਪਿੰਡ ’ਚ ਰੀਲ ਬਣਾਉਣ ਦੌਰਾਨ 2 ਨੌਜਵਾਨਾਂ ਦੀ ਬੇਕਾਬੂ ਹੋਈ ਕਾਰ ਨਹਿਰ ’ਚ ਜਾ ਡਿੱਗੀ, ਜਿਸ ਨਾਲ ਦੋਵੇਂ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।
* 31 ਜਨਵਰੀ, 2026 ਨੂੰ ‘ਬਰੇਲੀ’ (ਉੱਤਰ ਪ੍ਰਦੇਸ਼) ਦੇ ‘ਨਵਾਬਗੰਜ’ ’ਚ ‘ਫੈਜ਼ਾਨ’ ਨਾਂ ਦੇ 22 ਸਾਲਾ ਨੌਜਵਾਨ ਦੀ ਨਿਰਮਾਣ ਅਧੀਨ ਫਲਾਈਓਵਰ ’ਤੇ ਖੜ੍ਹੇ ਹੋ ਕੇ ਰੀਲ ਬਣਾਉਂਦੇ ਸਮੇਂ ਤਿਲਕ ਕੇ ਡਿੱਗ ਜਾਣ ਤੋਂ ਬਾਅਦ ਉਸ ਦੇ ਸਿਰ ’ਤੇ ਭਾਰੀ ਸਲੈਬ ਡਿੱਗਣ ਨਾਲ ਉਸ ਦਾ ਸਿਰ ਕੁਚਲਿਆ ਗਿਆ ਅਤੇ ਘਟਨਾ ਵਾਲੀ ਥਾਂ ’ਤੇ ਹੀ ਉਸ ਦੀ ਮੌਤ ਹੋ ਗਈ।
* ਅਤੇ ਹੁਣ 1 ਫਰਵਰੀ, 2026 ਨੂੰ ‘ਦੁਰਗ’ (ਛੱਤੀਸਗੜ੍ਹ) ਦੇ ਛਾਉਣੀ ਥਾਣਾ ਖੇਤਰ ’ਚ ਸੋਸ਼ਲ ਮੀਡੀਆ ’ਤੇ ਰੀਲ ਬਣਾਉਣ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਹੋਏ ਵਿਵਾਦ ਤੋਂ ਬਾਅਦ ‘ਅੰਜਲੀ ਸਾਵ’ ਨਾਂ ਦੀ ਮਹਿਲਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਉਪਰੋਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਰੀਲ ਬਣਾਉਣ ਦੇ ਰੁਝਾਨ ਅਤੇ ਇਸ ਨਾਲ ਹੋਣ ਵਾਲੇ ਹਾਦਸਿਆਂ ’ਚ ਭਾਰੀ ਵਾਧਾ ਹੋਇਆ ਹੈ, ਜਿਸ ਨਾਲ ਇਸ ਮਾਮਲੇ ’ਚ ਸਾਵਧਾਨੀ ਵਰਤਣ ਬਾਰੇ ਸੋਚਣ ਦੀ ਲੋੜ ਪਹਿਲਾਂ ਨਾਲੋਂ ਵੀ ਵਧ ਗਈ ਹੈ।
ਇਸ ਸਬੰਧ ’ਚ ਅਸੀਂ ਨੌਜਵਾਨਾਂ ਨੂੰ ਇਹੀ ਸਲਾਹ ਦੇਵਾਂਗੇ ਕਿ ਉਹ ਆਪਣੀ ਜਾਨ ਜੋਖ਼ਮ ’ਚ ਪਾ ਕੇ ਇਸ ਤਰ੍ਹਾਂ ਦੇ ਸਟੰਟ ਨਾ ਕਰਨ ਕਿਉਂਕਿ ਉਨ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਭੁੱਲਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਜ਼ਿੰਦਗੀ ਭਰ ਦਾ ਦਰਦ ਦੇ ਸਕਦੀਆਂ ਹਨ।
—ਵਿਜੇ ਕੁਮਾਰ
