ਇਸ ਮਹਿਲਾ ਦਿਵਸ ’ਤੇ ਰਾਸ਼ਟਰੀ ਸ਼ੁਕਰਗੁਜ਼ਾਰੀ ਫੰਡ ਦਾ ਪ੍ਰਸਤਾਵ
Wednesday, Mar 05, 2025 - 02:18 PM (IST)

‘‘ਮੈਂ? ਮੈਂ ਤਾਂ ਕੁਝ ਨਹੀਂ ਕਰਦੀ। ਘਰ ਰਹਿੰਦੀ ਹਾਂ। ਹਾਊਸ ਵਾਈਫ ਹਾਂ।’’ ਮੈਨੂੰ ਅਕਸਰ ਇਸ ਜਵਾਬ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਕੋਈ ਜੋੜਾ ਕਿਤੇ ਮਿਲਦਾ ਹੈ ਤਾਂ ਆਦਮੀ ਅਕਸਰ ਅੱਗੇ ਆ ਕੇ ਆਪਣੀ ਜਾਣ-ਪਛਾਣ ਕਰਾਉਂਦਾ ਹੈ। ਉਸ ਦੀ ਪਤਨੀ ਪਿੱਛੇ ਖੜ੍ਹੀ ਰਹਿੰਦੀ ਹੈ। ਉਹ ਚੁੱਪਚਾਪ ਨਮਸਤੇ ਕਰਦੀ ਹੈ। ਜਿਵੇਂ ਮੈਂ ਆਦਮੀ ਨੂੰ ਪੁੱਛਦਾ ਹਾਂ, ਉਂਝ ਹੀ ਔਰਤ ਨੂੰ ਵੀ ਪੁੱਛਦਾ ਹਾਂ, ‘‘ਅਤੇ ਤੁਸੀਂ ਕੀ ਕਰਦੇ ਹੋ?’’ ਇਰਾਦਾ ਉਨ੍ਹਾਂ ਦੀ ਮੌਜੂਦਗੀ ਨੂੰ ਦਰਸਾਉਣਾ ਅਤੇ ਉਨ੍ਹਾਂ ਨੂੰ ਗੱਲਬਾਤ ਵਿਚ ਸ਼ਾਮਲ ਕਰਨਾ ਹੁੰਦਾ ਹੈ, ਨਾ ਕਿ ਉਨ੍ਹਾਂ ਦੀ ਆਮਦਨ ਦੇ ਸਰੋਤ ਬਾਰੇ ਪੁੱਛਣਾ ਪਰ ਜੇ ਉਹ ਔਰਤ ਘਰੇਲੂ ਔਰਤ ਹੈ ਤਾਂ ਉਹ ਅਕਸਰ ਝਿਜਕ ਜਾਂਦੀ ਹੈ, ਖਾਸ ਕਰਕੇ ਜੇ ਉਹ ਇਕ ਪੜ੍ਹੀ-ਲਿਖੀ ਆਧੁਨਿਕ ਔਰਤ ਹੋਵੇ। ਉਹ ਝਿਜਕ ਨਾਲ ਕਹਿੰਦੀ ਹੈ ਕਿ ਉਹ ‘ਕੁਝ ਨਹੀਂ’ ਕਰਦੀ।
ਇਹ ਜਵਾਬ ਮੈਨੂੰ ਪ੍ਰੇਸ਼ਾਨ ਕਰਦਾ ਹੈ। ਮੈਂ ਕਹਿੰਦਾ ਹਾਂ ਕਿ ਘਰ ’ਚ ਕੰਮ ਕਰਨਾ ‘ਕੁਝ ਨਹੀਂ’ ਦੀ ਸ਼੍ਰੇਣੀ ਵਿਚ ਨਹੀਂ ਆਉਂਦਾ। ਮੈਂ ਆਪਣੀ ਮਿਸਾਲ ਦੇਵਾਂਗਾ। ਮੈਨੂੰ ਇਕ ਵਾਰ ਤਿੰਨ ਹਫ਼ਤਿਆਂ ਲਈ ਇਕੱਲੇ ਦੋਵਾਂ ਛੋਟੇ ਬੱਚਿਆਂ ਨੂੰ ਸੰਭਾਲਣਾ ਪਿਆ ਸੀ। ਵਿਦੇਸ਼ ਵਿਚ ਸੀ, ਇਸ ਲਈ ਕਿਸੇ ਵੀ ਤਰ੍ਹਾਂ ਦੀ ਪਰਿਵਾਰਕ ਮਦਦ ਨਹੀਂ ਸੀ। ਉੱਥੇ ਮਜ਼ਦੂਰੀ ਇੰਨੀ ਜ਼ਿਆਦਾ ਹੈ ਕਿ ਬਹੁਤ ਘੱਟ ਲੋਕਾਂ ’ਚ ਪੈਸੇ ਦੇ ਕੇ ਘਰ ਦੇ ਕੰਮ ਕਰਵਾਉਣ ਦੀ ਹੈਸੀਅਤ ਹੁੰਦੀ ਹੈ। ਇਸ ਲਈ ਬੱਚਿਆਂ ਨੂੰ ਤਿਆਰ ਕਰਨ ਅਤੇ ਉਨ੍ਹਾਂ ਨੂੰ ਸਕੂਲ ਛੱਡਣ ਤੋਂ ਲੈ ਕੇ ਭਾਂਡੇ ਧੋਣ ਅਤੇ ਝਾੜੂ-ਪੋਚਾ ਕਰਨ ਤੱਕ, ਸਭ ਕੁਝ ਖੁਦ ਕਰਨਾ ਪੈਂਦਾ ਸੀ। ਤਿੰਨ ਹਫ਼ਤੇ ‘ਕੁਝ ਨਹੀਂ’ ਕਰ ਕੇ ਮੇਰਾ ਲੱਕ ਟੁੱਟ ਗਿਆ ਸੀ। ਇਸ ਲਈ ਜਦੋਂ ਕੋਈ ਕਹਿੰਦਾ ਹੈ ‘ਕੁਝ ਨਹੀਂ’ ਤਾਂ ਮੈਨੂੰ ਧਿਆਨ ਆਉਂਦਾ ਹੈ ਕਿ ਇਹ ਕਿੰਨੀ ਮਿਹਨਤ ਦਾ ਕੰਮ ਹੈ। ਇਹ ਕਿੱਸਾ ਸੁਣ ਕੇ ਔਰਤ ਦੇ ਚਿਹਰੇ ’ਤੇ ਮੁਸਕਰਾਹਟ ਆ ਜਾਂਦੀ ਹੈ ਪਰ ਤੁਸੀਂ ਸਿਰਫ਼ ਇਕ ਕਹਾਣੀ ਨਾਲ ਆਪਣੇ ਦਿਲ ਅਤੇ ਦਿਮਾਗ ’ਤੇ ਪਈ ਲਕੀਰ ਨਹੀਂ ਮਿਟਾ ਸਕਦੇ। ਸਮਾਜ ਨੂੰ ਕਿਵੇਂ ਸਮਝਾਇਆ ਜਾਵੇ ਕਿ ਇਕ ਔਰਤ ਕਿੰਨਾ ਕੰਮ ਕਰਦੀ ਹੈ।
ਭਾਵੇਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੋਣੀ ਚਾਹੀਦੀ, ਪਰ ਹਾਲ ਹੀ ਦੇ ਇਕ ਅਧਿਕਾਰਤ ਨਤੀਜੇ ਨੇ ਮੇਰੀ ਇਸ ਧਾਰਨਾ ਦੀ ਪੁਸ਼ਟੀ ਕੀਤੀ ਹੈ ਕਿ ਦਰਅਸਲ ਇਕ ਔਸਤ ਔਰਤ, ਇਕ ਔਸਤ ਮਰਦ ਨਾਲੋਂ ਵੱਧ ਕੰਮ ਕਰਦੀ ਹੈ। ਇਹ ਕੋਈ ਛੋਟਾ ਜਿਹਾ ਅਧਿਐਨ ਜਾਂ ਕੋਈ ਸ਼ੌਕੀਆ ਅੰਕੜਾ ਨਹੀਂ ਹੈ। ਭਾਰਤ ਸਰਕਾਰ ਨੇ ਪਿਛਲੇ ਪੰਜ ਸਾਲਾਂ ਤੋਂ ਅਧਿਕਾਰਤ ਤੌਰ ’ਤੇ ਆਲ ਇੰਡੀਆ ਪੱਧਰ ’ਤੇ ‘ਟਾਈਮ ਯੂਜ਼ ਸਰਵੇ’ ਕਰਵਾਉਣਾ ਸ਼ੁਰੂ ਕੀਤਾ ਹੈ। ਇਸ ਸਰਵੇਖਣ ਵਿਚ, ਜੋ ਕਿ ਰਾਸ਼ਟਰੀ ਨਮੂਨਾ ਸਰਵੇਖਣ ਵਲੋਂ ਪੰਜ ਸਾਲਾਂ ਦੇ ਅੰਤਰਾਲ ਤੋਂ ਬਾਅਦ ਕੀਤਾ ਜਾਂਦਾ ਹੈ, ਦੇਸ਼ ਦੇ ਲਗਭਗ 1.5 ਲੱਖ ਪਰਿਵਾਰਾਂ ਦੇ 6 ਸਾਲ ਤੋਂ ਵੱਧ ਉਮਰ ਦੇ ਸਾਰੇ ਮੈਂਬਰਾਂ ਦਾ ਸਰਵੇਖਣ ਕੀਤਾ ਜਾਂਦਾ ਹੈ। ਇਸ ਸਰਵੇਖਣ ਵਿਚ ਉਨ੍ਹਾਂ ਦੇ ਘਰਾਂ ’ਚ ਜਾ ਕੇ ਉਨ੍ਹਾਂ ਕੋਲੋਂ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਨੇ ਕੱਲ੍ਹ ਸਵੇਰੇ 4 ਵਜੇ ਤੋਂ ਅੱਜ ਸਵੇਰੇ 4 ਵਜੇ ਤੱਕ ਕੀ ਕੀਤਾ। ਹਰ ਅੱਧੇ ਘੰਟੇ ਜਾਂ ਘੱਟ ਸਮੇਂ ਬਾਅਦ, ਕੀਤੇ ਗਏ ਹਰ ਕੰਮ ਦੇ ਵੇਰਵੇ ਇਸ ਦੀ ਰਿਪੋਰਟ ਵਿਚ ਦਰਜ ਕਰ ਕੇ ਉਸ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਇਸ ਦੀ ਪਹਿਲੀ ਰਿਪੋਰਟ ਸਾਲ 2019 ਵਿਚ ਆਈ ਸੀ। ਦੂਜੀ ਰਿਪੋਰਟ ਹਾਲ ਹੀ ਵਿਚ ਕੇਂਦਰ ਸਰਕਾਰ ਵਲੋਂ ਜਨਤਕ ਕੀਤੀ ਗਈ ਹੈ।
ਸਾਲ 2024 ਦੇ ਅੰਕੜਿਆਂ ’ਤੇ ਆਧਾਰਿਤ ਇਹ ਤਾਜ਼ਾ ਰਿਪੋਰਟ ਦਰਸਾਉਂਦੀ ਹੈ ਕਿ ਸਾਡੇ ਦੇਸ਼ ਵਿਚ ਇਕ ਔਸਤ ਔਰਤ ਇਕ ਔਸਤ ਮਰਦ ਨਾਲੋਂ ਹਰ ਰੋਜ਼ ਇਕ ਘੰਟਾ ਵੱਧ ਕੰਮ ਕਰਦੀ ਹੈ। ਜੇਕਰ ਅਸੀਂ ਸਹੀ ਅੰਕੜਿਆਂ ’ਤੇ ਨਜ਼ਰ ਮਾਰੀਏ, ਤਾਂ ਹਰ ਆਦਮੀ ਪ੍ਰਤੀ ਦਿਨ 307 ਮਿੰਟ (ਭਾਵ 5 ਘੰਟੇ ਅਤੇ 7 ਮਿੰਟ) ਕੰਮ ਕਰਦਾ ਹੈ ਜਦੋਂ ਕਿ ਇਕ ਔਸਤ ਔਰਤ ਪ੍ਰਤੀ ਦਿਨ 367 ਮਿੰਟ (ਭਾਵ 6 ਘੰਟੇ ਅਤੇ 7 ਮਿੰਟ) ਕੰਮ ਕਰਦੀ ਹੈ। ਫ਼ਰਕ ਇਹ ਹੈ ਕਿ ਮਰਦ ਨੂੰ ਜ਼ਿਆਦਾਤਰ ਕੰਮ ਲਈ ਤਨਖਾਹ ਮਿਲਦੀ ਹੈ, ਪਰ ਔਰਤ ਨੂੰ ਜ਼ਿਆਦਾਤਰ ਕੰਮ ਲਈ ਤਨਖਾਹ ਨਹੀਂ ਮਿਲਦੀ। ਇਕ ਔਸਤ ਆਦਮੀ ਦੇ 307 ਮਿੰਟਾਂ ਦੇ ਕੰਮ ਵਿਚੋਂ, 251 ਮਿੰਟ ਪੈਸਾ ਕਮਾਉਣ ਵਾਲੇ ਹੁੰਦੇ ਹਨ, ਜਿਸ ਨਾਲ ਉਸ ਦੇ ਕੰਮ ਵਿਚ ਸਿਰਫ਼ 56 ਮਿੰਟ ਅਜਿਹੇ ਹੁੰਦੇ ਹਨ ਜਿਨ੍ਹਾਂ ਤੋਂ ਉਸ ਨੂੰ ਕਮਾਈ ਨਹੀਂ ਹੁੰਦੀ ਪਰ ਔਰਤ ਦੀ ਸਥਿਤੀ ਬਿਲਕੁਲ ਉਲਟ ਹੈ। ਉਸ ਦੇ 367 ਮਿੰਟਾਂ ਦੇ ਕੰਮ ਵਿਚੋਂ, ਸਿਰਫ਼ 62 ਮਿੰਟਾਂ ਦਾ ਕੰਮ ਆਮਦਨ ਪੈਦਾ ਕਰਦਾ ਹੈ ਅਤੇ ਬਾਕੀ 305 ਮਿੰਟ ਦਾ ਕੰਮ ‘ਕੁਝ ਨਹੀਂ’ ਦੀ ਸ਼੍ਰੇਣੀ ਵਿਚ ਰਹਿ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਇਹ ਕਹਿਣਾ ਸਹੀ ਨਹੀਂ ਹੈ ਕਿ ਮਰਦ ਬਾਹਰ ਦਾ ਕੰਮ ਕਰਦਾ ਹੈ ਅਤੇ ਔਰਤ ਘਰੇਲੂ ਕੰਮ ਕਰਦੀ ਹੈ। ਜੇਕਰ ਅਸੀਂ ਅੰਦਰਲੇ ਅਤੇ ਬਾਹਰਲੇ ਦੋਵਾਂ ਕੰਮਾਂ ਨੂੰ ਇਕੱਠਾ ਕਰੀਏ, ਤਾਂ ਇਕ ਔਰਤ ਦਾ ਕੰਮ ਭਾਰੀ ਹੋ ਜਾਂਦਾ ਹੈ।
2024 ਦਾ ਸਾਰਾ ਡਾਟਾ ਅਜੇ ਨਹੀਂ ਆਇਆ ਹੈ, ਪਰ 2019 ਦੇ ਡਾਟਾ ਨੂੰ ਦੇਖ ਕੇ ਅਸੀਂ ਕੁਝ ਡੂੰਘਾਈ ਵਿਚ ਜਾ ਸਕਦੇ ਹਾਂ। ਇਹ ‘ਕੁਝ ਨਹੀਂ’ ਵਾਲਾ ਕੰਮ ਮੁੱਖ ਤੌਰ ’ਤੇ ਦੋ ਸ਼੍ਰੇਣੀਆਂ ਵਿਚ ਆਉਂਦਾ ਹੈ-ਇਕ ਘਰ ਚਲਾਉਣ ਦਾ ਕੰਮ ਜਿਵੇਂ ਕਿ ਖਾਣਾ ਪਕਾਉਣਾ, ਸਫਾਈ ਕਰਨਾ, ਕੱਪੜੇ ਧੋਣਾ, ਪਾਣੀ ਭਰਨਾ ਆਦਿ ਅਤੇ ਦੂਜਾ ਬੱਚਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਦਾ ਕੰਮ। ਇਨ੍ਹਾਂ ਦੋਵਾਂ ਤਰ੍ਹਾਂ ਦੇ ਕੰਮਾਂ ਵਿਚ ਔਰਤਾਂ ’ਤੇ ਬੋਝ ਹਰ ਵਰਗ ਦੇ ਪਰਿਵਾਰਾਂ ਵਿਚ ਦੇਖਿਆ ਜਾ ਸਕਦਾ ਹੈ। ਇਹ ਇਕ ਆਮ ਗਲਤ ਧਾਰਨਾ ਹੈ ਕਿ ਜੇਕਰ ਕੋਈ ਔਰਤ ਕਮਾਉਣਾ ਸ਼ੁਰੂ ਕਰ ਦਿੰਦੀ ਹੈ, ਤਾਂ ਇਹ ਬੋਝ ਘੱਟ ਜਾਂਦਾ ਹੈ।
ਇਹ ਰਿਪੋਰਟ ਸਾਨੂੰ ਦੱਸਦੀ ਹੈ ਕਿ ਅਸਲੀਅਤ ਵਿਚ ਇਕ ‘ਕੰਮਕਾਜੀ’ ਔਰਤ, ਭਾਵ ਪੈਸਾ ਕਮਾਉਣ ਵਾਲੀ ਔਰਤ, ਦੋਵਾਂ ਪਾਸਿਆਂ ਤੋਂ ਪਿਸਦੀ ਹੈ। ਇਕ ਪੇਂਡੂ ਪਰਿਵਾਰ ਵਿਚ, ਕਮਾਉਣ ਲਈ ਕੰਮ ਕਰਨ ਤੋਂ ਬਾਅਦ ਵੀ, ਇਕ ਔਰਤ ਇਨ੍ਹਾਂ ਦੋ ਘਰੇਲੂ ਕੰਮਾਂ ਵਿਚ ਔਸਤਨ 348 ਮਿੰਟ ਬਿਤਾਉਂਦੀ ਹੈ, ਜਦੋਂ ਕਿ ਇਕ ਸ਼ਹਿਰੀ ਪਰਿਵਾਰ ਵਿਚ ਔਰਤ 316 ਮਿੰਟ ਭਾਵੇਂ ਕੋਈ ਆਦਮੀ ਬੇਰੁਜ਼ਗਾਰ ਹੋਵੇ, ਉਹ ਘਰੇਲੂ ਕੰਮ ਵਿਚ ਹੱਥ ਨਹੀਂ ਵਟਾਉਂਦਾ। ਪਿਛਲੀ ਰਿਪੋਰਟ ਇਸ ਮਿੱਥ ਦਾ ਵੀ ਖੰਡਨ ਕਰਦੀ ਹੈ ਕਿ ਔਰਤਾਂ ਸ਼ਿੰਗਾਰ ਕਰਨ ’ਤੇ ਜ਼ਿਆਦਾ ਸਮਾਂ ਬਿਤਾਉਂਦੀਆਂ ਹਨ। ਔਸਤਨ ਇਕ ਦਿਨ, ਮਰਦ ਨਹਾਉਣ ਅਤੇ ਤਿਆਰ ਹੋਣ ਵਿਚ 74 ਮਿੰਟ ਬਿਤਾਉਂਦੇ ਹਨ ਅਤੇ ਔਰਤਾਂ ਇਸ ਤੋਂ ਘੱਟ 68 ਮਿੰਟ ਬਿਤਾਉਂਦੀਆਂ ਹਨ। ਖਾਣ-ਪੀਣ ਵਿਚ ਵੀ, ਮਰਦ ਔਰਤਾਂ ਤੋਂ ਦਸ ਮਿੰਟ ਵੱਧ ਫਾਲਤੂ ਲਾਉਂਦੇ ਹਨ। ਇਕ ਘਰੇਲੂ ਔਰਤ ਨੂੰ ਸੁਸਤਾਉਣ, ਆਰਾਮ ਕਰਨ, ਗੱਲਬਾਤ ਕਰਨ ਅਤੇ ਮਨੋਰੰਜਨ ਲਈ ਦਿਨ ਵਿਚ 113 ਮਿੰਟ ਮਿਲਦੇ ਹਨ, ਜਦੋਂ ਕਿ ਇਕ ਆਦਮੀ ਨੂੰ 127 ਮਿੰਟ।
ਹੁਣ ਸਵਾਲ ਇਹ ਉੱਠਦਾ ਹੈ ਕਿ ਕੌਣ ਫੈਸਲਾ ਕਰਦਾ ਹੈ ਕਿ ਕਿਸ ਕੰਮ ਲਈ ਪੈਸੇ ਦਿੱਤੇ ਜਾਣੇ ਚਾਹੀਦੇ ਹਨ ਅਤੇ ਕਿਸ ਲਈ ਨਹੀਂ? ਸਪੱਸ਼ਟ ਹੈ ਕਿ ਇਹ ਕੰਮ ਦੀ ਮਹੱਤਤਾ ਦੇ ਆਧਾਰ ’ਤੇ ਤੈਅ ਨਹੀਂ ਹੁੰਦਾ। ਦੁਨੀਆ ਅਜੇ ਵੀ ਦਫ਼ਤਰ ਅਤੇ ਫੈਕਟਰੀ ਦੇ ਕੰਮ ਤੋਂ ਬਿਨਾਂ ਚੱਲ ਸਕਦੀ ਹੈ, ਪਰ ਰਸੋਈ ਅਤੇ ਬੱਚਿਆਂ ਦੀ ਦੇਖਭਾਲ ਤੋਂ ਬਿਨਾਂ ਨਹੀਂ। ਮਰਦ ਪ੍ਰਧਾਨ ਸਮਾਜ ਨੇ ਇਹ ਵਿਵਸਥਾ ਆਪਣੇ ਫਾਇਦੇ ਲਈ ਬਣਾਈ ਹੈ। ਤਾਂ ਕੀ ਇਸ ਬੇਇਨਸਾਫ਼ੀ ਨੂੰ ਠੀਕ ਕਰਨ ਲਈ ਕੋਈ ਪ੍ਰਣਾਲੀ ਨਹੀਂ ਹੋਣੀ ਚਾਹੀਦੀ? ਪਿਛਲੇ ਕੁਝ ਸਾਲਾਂ ਵਿਚ, ਕਈ ਰਾਜਾਂ ਵਿਚ ਔਰਤਾਂ ਨੂੰ ਨਿਯਮਿਤ ਤੌਰ ’ਤੇ ਕੁਝ ਪੈਸੇ ਦੇਣ ਦਾ ਰੁਝਾਨ ਉਭਰਿਆ ਹੈ। ਵੱਖ-ਵੱਖ ਨਾਵਾਂ ਹੇਠ ਚੱਲ ਰਹੀਆਂ ਇਨ੍ਹਾਂ ਸਕੀਮਾਂ ਨੂੰ ਪੈਸੇ ਵੰਡਣ ਦੇ ਇਕ ਖ਼ਤਰਨਾਕ ਰੁਝਾਨ ਵਜੋਂ ਦੇਖਿਆ ਅਤੇ ਦਿਖਾਇਆ ਗਿਆ ਹੈ ਪਰ ਜੇਕਰ ਇਹ ਦੇਸ਼ ਮਰਦਾਂ ਨਾਲੋਂ ਔਰਤਾਂ ਦੀ ਮਿਹਨਤ ’ਤੇ ਵੱਧ ਚੱਲ ਰਿਹਾ ਹੈ, ਤਾਂ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਵਿਚ ਯੋਗਦਾਨ ਲਈ ਕੁਝ ਦੇਣ ਵਿਚ ਕੀ ਗਲਤ ਹੈ? ਚੋਣਾਂ ਤੋਂ ਪਹਿਲਾਂ ਰਿਸ਼ਵਤ ਜਾਂ ਭੀਖ ਵਜੋਂ ਦੇਣ ਦੀ ਬਜਾਏ, ਔਰਤਾਂ ਲਈ ‘ਗ੍ਰੈਟੀਚਿਊਡ ਫੰਡ’ (ਸ਼ੁਕਰਾਨਾ ਫੰਡ) ਵਰਗੀ ਦੇਸ਼ਵਿਆਪੀ ਯੋਜਨਾ ਕਿਉਂ ਨਹੀਂ ਬਣਾਈ ਜਾਂਦੀ? 8 ਮਾਰਚ ਨੂੰ ਇਸ ਮਹਿਲਾ ਦਿਵਸ ’ਤੇ ਦੇਸ਼ ਵਿਚ ਚਰਚਾ ਕਿਉਂ ਨਹੀਂ ਹੁੰਦੀ?
ਯੋਗੇਂਦਰ ਯਾਦਵ