ਆਪਣੇ ਹੀ ਘਰਾਂ ਵਿਚ ਲੜਕੀਆਂ ਅਤੇ ਔਰਤਾਂ ਸੁਰੱਖਿਅਤ ਨਹੀਂ

Friday, Nov 29, 2024 - 03:40 AM (IST)

ਆਪਣੇ ਹੀ ਘਰਾਂ ਵਿਚ ਲੜਕੀਆਂ ਅਤੇ ਔਰਤਾਂ ਸੁਰੱਖਿਅਤ ਨਹੀਂ

ਕਦੀ ਆਪਣੇ ਉੱਚ ਆਦਰਸ਼ਾਂ ਲਈ ਪ੍ਰਸਿੱਧ ਭਾਰਤ ਵਿਚ ਕੁਝ ਲੋਕ ਆਪਣੀਆਂ ਸ਼ਰਮਨਾਕ ਕਰਤੂਤਾਂ ਨਾਲ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੇ ਹਨ। ਹਾਲਤ ਇਹ ਹੋ ਗਈ ਹੈ ਕਿ ਹੁਣ ਤਾਂ ਘਰਾਂ ਵਿਚ ਵੀ ਲੜਕੀਆਂ ਅਤੇ ਔਰਤਾਂ ਸੁਰੱਖਿਅਤ ਨਹੀਂ ਰਹੀਆਂ, ਜਿਸ ਦੀਆਂ ਚੰਦ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :

* 4 ਅਕਤੂਬਰ ਨੂੰ ਸੂਰਤ ਵਿਚ ਇਕ 16 ਸਾਲਾ ਅੱਲ੍ਹੜ ਵੱਲੋਂ ਟੀ. ਵੀ. ਸੀਰੀਅਲਾਂ ਵਿਚ ਅਸ਼ਲੀਲ ਸੀਨ ਦੇਖਣ ਪਿੱਛੋਂ ਆਪਣੀ 13 ਸਾਲਾ ਭੈਣ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰਨ ਦਾ ਮਾਮਲਾ ਸਾਹਮਣੇ ਆਇਆ।

* 13 ਨਵੰਬਰ ਨੂੰ ਸਹਾਰਨਪੁਰ ਵਿਚ ਇਕ ਔਰਤ ਨੇ ਆਪਣੇ ਪਿਤਾ ’ਤੇ ਆਪਣੀ ਭੈਣ ਅਤੇ ਬੇਟੀਆਂ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਔਰਤ ਅਨੁਸਾਰ ਉਸਦੇ ਪਿਤਾ ਦੀ ਇਸ ਕਰਤੂਤ ਕਾਰਨ ਜਦੋਂ ਉਸ ਦੀ ਭੈਣ ਅਤੇ ਇਕ ਬੇਟੀ ਗਰਭਵਤੀ ਹੋ ਗਈਆਂ ਤਾਂ ਉਸ ਨੇ ਦੋਵਾਂ ਦਾ ਗਰਭਪਾਤ ਕਰਵਾ ਦਿੱਤਾ। ਇਸ ਕਾਰਨ ਉਸ ਦੀ ਭੈਣ ਦੀ ਮੌਤ ਹੋ ਗਈ ਅਤੇ ਬੇਟੀ ਨੇ ਆਤਮਹੱਤਿਆ ਕਰ ਲਈ। ਦੋਸ਼ੀ ਆਪਣੀ ਭੈਣ ਦੇ ਵਿਆਹ ਪਿੱਛੋਂ ਵੀ ਉਸ ਨਾਲ ਜਬਰ-ਜ਼ਨਾਹ ਕਰਦਾ ਰਿਹਾ।

* 22 ਨਵੰਬਰ ਨੂੰ ਪੂਰਬੀ ਦਿੱਲੀ ਦੇ ਕਲਿਆਣਪੁਰੀ ਇਲਾਕੇ ਵਿਚ ਸੰਜੇ ਨਾਂ ਦੇ ਇਕ ਵਿਅਕਤੀ ਨੇ ਸ਼ਰਾਬ ਲਈ ਪੈਸੇ ਨਾ ਦੇਣ ’ਤੇ ਚਾਕੂ ਨਾਲ ਵਾਰ ਕਰ ਕੇ ਆਪਣੀ ਪਤਨੀ ‘ਗੀਤਾ’ ਦੀ ਹੱਤਿਆ ਕਰ ਦਿੱਤੀ।

*23 ਨਵੰਬਰ ਨੂੰ ਉੱਤਰ-ਪੱਛਮੀ ਦਿੱਲੀ ਵਿਚ ਇਕ ਵਿਆਹੁਤਾ ਔਰਤ ਨੇ ਆਪਣੇ ਪ੍ਰੇਮੀ ਨਾਲ ਵਿਆਹ ਕਰਨ ਲਈ ਆਪਣੀ 5 ਸਾਲਾ ਬੇਟੀ ਦਾ ਗਲ਼ ਘੁੱਟ ਦਿੱਤਾ।

* 23 ਨਵੰਬਰ ਨੂੰ ਹੀ ਬਲੀਆ (ਉੱਤਰ ਪ੍ਰਦੇਸ਼) ਦੇ ‘ਬਿਸ਼ਨਪੁਰਾ’ ਪਿੰਡ ਵਿਚ ਇਕ ਵਿਅਕਤੀ ਨੇ ਫਹੁੜੇ ਨਾਲ ਵਾਰ ਕਰ ਕੇ ਆਪਣੀ ਮਾਂ ਅਤੇ ਦਾਦੀ ਨੂੰ ਮਾਰ ਦਿੱਤਾ।

* 25 ਨਵੰਬਰ ਨੂੰ ‘ਭਦੋਹੀ’ (ਉੱਤਰ ਪ੍ਰਦੇਸ਼) ਦੇ ‘ਉਗਾਪੁਰ’ ਪਿੰਡ ’ਚ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਘਰ ਛੱਡ ਕੇ ਚਲੀ ਜਾਣ ਤੋਂ ਦੁਖੀ ਹੋ ਕੇ ਆਪਣੀਆਂ 2 ਜੌੜੀਆਂ ਬੇਟੀਆਂ ਨੂੰ ਦੁੱਧ ਵਿਚ ਜ਼ਹਿਰ ਮਿਲਾ ਕੇ ਪਿਲਾ ਦਿੱਤਾ, ਜਿਸ ਨਾਲ ਦੋਵਾਂ ਦੀ ਮੌਤ ਹੋ ਗਈ।

* 26 ਨਵੰਬਰ ਨੂੰ ਬਰੇਲੀ (ਉੱਤਰ ਪ੍ਰਦੇਸ਼) ਦੇ ‘ਪਾਰਸ ਖੇਡ਼ਾ’ ਵਿਚ ਇਕ ਔਰਤ ਨੇ ਸ਼ਰਾਰਤ ਕਰ ਰਹੀ ਆਪਣੀ ਢਾਈ ਸਾਲਾ ਬੇਟੀ ਨੂੰ ਛੱਤ ਤੋਂ ਹੇਠਾਂ ਧੱਕਾ ਦੇ ਕੇ ਮਾਰ ਦਿੱਤਾ।

* 26 ਨਵੰਬਰ ਨੂੰ ਹੀ ਸੂਰਤ (ਗੁਜਰਾਤ) ਦੇ ‘ਖਟੋਦਰਾ’ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਿਚ ਇਕ ਕਲਯੁੱਗੀ ਬੇਟੇ ਨੇ ਆਪਣੀ 85 ਸਾਲਾ ਬਜ਼ੁਰਗ ਮਾਂ ਦਾ ਬਣਾਇਆ ਹੋਇਆ ਖਾਣਾ ਪਸੰਦ ਨਾ ਆਉਣ ’ਤੇ ਵੇਲਣੇ ਨਾਲ ਵਾਰ ਕਰ ਕੇ ਉਸ ਨੂੰ ਮਾਰ ਦਿੱਤਾ।

* 27 ਨਵੰਬਰ ਨੂੰ ਬੇਗੂਸਰਾਏ (ਬਿਹਾਰ) ਦੇ ‘ਭਵਾ ਨੰਦ ਪੁਰ’ ਪਿੰਡ ਵਿਚ ‘ਚਮਚਮ ਕੁਮਾਰੀ’ ਨਾਂ ਦੀ ਲੜਕੀ ਨੇ ਜਦੋਂ ਆਪਣੇ ਪਤੀ ਰਮੇਸ਼ ਕੋਲੋਂ ਆਪਣੀ ਸੋਨੇ ਦੀ ਚੇਨ ਮੰਗੀ ਤਾਂ ਗੁੱਸੇ ਿਵਚ ਆ ਕੇ ਰਮੇਸ਼ ਨੇ ਧਾਰਦਾਰ ਚਾਕੂ ਨਾਲ ਉਸ ਦਾ ਗਲ਼ ਵੱਢ ਸੁੱਟਿਆ।

* 27 ਨਵੰਬਰ ਨੂੰ ਹੀ ਖੂੰਟੀ (ਝਾਰਖੰਡ) ਵਿਚ ‘ਨਰੇਸ਼ ਬੇਂਗਰਾ’ ਨਾਂ ਦੇ 25 ਸਾਲਾ ਨੌਜਵਾਨ ਵੱਲੋਂ ਆਪਣੀ ਲਿਵ ਇਨ ਪਾਰਟਨਰ ਦੀ ਗਲ਼ ਘੁੱਟ ਕੇ ਹੱਤਿਆ ਕਰਨ ਪਿੱਛੋਂ ਉਸ ਦੀ ਲਾਸ਼ ਨੂੰ 40 ਟੁਕੜਿਆਂ ਵਿਚ ਕੱਟਣ ਦਾ ਮਾਮਲਾ ਸਾਹਮਣੇ ਆਇਆ।

* 27 ਨਵੰਬਰ ਨੂੰ ਹੀ ਨੂਹ (ਹਰਿਆਣਾ) ਵਿਚ ਇਕ ਵਿਅਕਤੀ ’ਤੇ ਆਪਣੀ 6 ਸਾਲਾ ਬੇਟੀ ਨਾਲ ਕਈ ਵਾਰ ਜਬਰ-ਜ਼ਨਾਹ ਕਰਨ ਦਾ ਮਾਮਲਾ ਦਰਜ ਕੀਤਾ ਗਿਆ। ਦੋਸ਼ੀ ਦੀ ਪਤਨੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਇਕ ਰਾਤ ਉਸ ਨੇ ਇਕ ਕਮਰੇ ਵਿਚੋਂ ਆਪਣੀ ਬੇਟੀ ਦੇ ਰੋਣ ਦੀ ਆਵਾਜ਼ ਸੁਣੀ ਅਤੇ ਜਦੋਂ ਉਹ ਕਮਰੇ ਵਿਚ ਦਾਖਲ ਹੋਈ ਤਾਂ ਉਸਨੇ ਆਪਣੇ ਪਤੀ ਨੂੰ ਬੇਟੀ ਨਾਲ ਇਤਰਾਜ਼ਯੋਗ ਹਾਲਤ ਵਿਚ ਦੇਖਿਆ।

* 28 ਨਵੰਬਰ ਨੂੰ ਸੂਰਜਪੁਰ (ਛੱਤੀਸਗੜ੍ਹ) ਦੇ ‘ਜਗਨਨਾਥਪੁਰ’ ਪਿੰਡ ਵਿਚ ਇਕ ਔਰਤ ਵੱਲੋਂ ਕੁੱਕੜ ਬਣਾਉਣ ਤੋਂ ਨਾਂਹ ਕਰਨ ’ਤੇ ਉਸ ਦੇ ਪਤੀ ਨੇ ਗੁੱਸੇ ਵਿਚ ਆ ਕੇ ਚੁੱਲ੍ਹੇ ਵਿਚੋਂ ਸੜਦੀ ਹੋਈ ਲੱਕੜ ਕੱਢ ਕੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਦੋਂ ਤਕ ਕੁੱਟਦਾ ਰਿਹਾ ਜਦੋਂ ਤਕ ਕਿ ਉਹ ਮਰ ਨਾ ਗਈ।

* 28 ਨਵੰਬਰ ਨੂੰ ਹੀ ਪੂਰਨੀਆ (ਬਿਹਾਰ) ਵਿਚ ਸ਼ਰਾਬ ਦੇ ਨਸ਼ੇ ਵਿਚ ਧੁੱਤ ‘ਅਮਜਦ ਅੰਸਾਰੀ’ ਨਾਂ ਦੇ ਵਿਅਕਤੀ ਨੇ ਆਪਣੀ ਸੌਂ ਰਹੀ ਪਤਨੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।

ਸੰਯੁਕਤ ਰਾਸ਼ਟਰ (ਯੂ. ਐੱਨ.) ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿਸ਼ਵ ਵਿਚ ਹਰ ਥਾਂ ਔਰਤਾਂ ਅਤੇ ਲੜਕੀਆਂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ ਅਤੇ ਘਰ ਹੀ ਔਰਤਾਂ ਅਤੇ ਲੜਕੀਆਂ ਲਈ ਸਭ ਤੋਂ ਖਤਰਨਾਕ ਸਥਾਨ ਬਣ ਗਿਆ ਹੈ। ਉਕਤ ਘਟਨਾਵਾਂ ਇਸ ਰਿਪੋਰਟ ਦੀ ਪੁਸ਼ਟੀ ਕਰਦੀਆਂ ਹਨ।

ਆਪਣੀ ਉੱਚ ਪ੍ਰਾਚੀਨ ਵਿਰਾਸਤ ਅਤੇ ਆਦਰਸ਼ਾਂ ਲਈ ਪ੍ਰਸਿੱਧ ਭਾਰਤ ਵਰਸ਼ ਵਿਚ ਚੰਦ ਲੋਕਾਂ ਦੇ ਅਜਿਹੇ ਕਾਰੇ ਇਸ ਤੱਥ ਦੇ ਸਬੂਤ ਹਨ ਕਿ ਸਾਡੀ ਪ੍ਰਾਚੀਨ ਵਿਰਾਸਤ ਦੇ ਵਾਰਿਸ ਅੱਜ ਕਿਸ ਤਰ੍ਹਾਂ ਪਤਨ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਅਜਿਹੇ ਲੋਕਾਂ ਨੂੰ ਸਖ਼ਤ ਅਤੇ ਛੇਤੀ ਤੋਂ ਛੇਤੀ ਦੰਡ ਦੇਣਾ ਚਾਹੀਦਾ ਹੈ ਤਾਂ ਕਿ ਦੂਜਿਆਂ ਨੂੰ ਨਸੀਹਤ ਮਿਲੇ।

-ਵਿਜੇ ਕੁਮਾਰ


author

Harpreet SIngh

Content Editor

Related News