ਮਹਿਲਾ ਸਸ਼ਕਤੀਕਰਨ ਦਾ ਸ਼੍ਰੀਗਣੇਸ਼ ਤਾਂ ਕਸ਼ਮੀਰ ਤੋਂ ਹੋਇਆ

12/11/2019 1:41:58 AM

ਮਾਸਟਰ ਮੋਹਨ ਲਾਲ, ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ

ਜਦੋਂ 5 ਅਗਸਤ ਨੂੰ ਜੰਮੂ-ਕਸ਼ਮੀਰ ਦੇ ਆਰਟੀਕਲ-370 ਅਤੇ 35ਏ ਹਟੇ ਤਾਂ ਕਸ਼ਮੀਰ ਨੂੰ ਜਾਣਨ ’ਚ ਮੇਰੀ ਰੁਚੀ ਵਧੀ। ਇਸ ਲਈ ਮੈਂ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਜਗਮੋਹਨ ਵਲੋਂ ਲਿਖੀ ਗਈ ਕਿਤਾਬ ‘ਮਾਈ ਫਰੋਜ਼ਨ ਟਰਬੂਲੈਂਸ ਇਨ ਕਸ਼ਮੀਰ’, ਐੱਮ. ਜੇ. ਅਕਬਰ ਵਲੋਂ ਲਿਖੀ ‘ਕਸ਼ਮੀਰ ਬਿਹਾਈਂਡ ਦਿ ਵੇਲ’, ‘ਰਿਟਾ. ਮੇਜਰ ਸੁਲੱਖਣ ਮੋਹਨ ਦੀ ਕਿਤਾਬ ‘ਕਸ਼ਮੀਰ, ਇਜ਼ ਦੇਅਰ ਏ ਸਾਲਿਊਸ਼ਨ?’’ ਜਾਂ ਦਇਆ ਸਾਗਰ ਵਲੋਂ ਰਚੀ ਗਈ ‘ਜੰਮੂ-ਕਸ਼ਮੀਰ-ਏ ਵਿਕਟਮ’ ਦੇ ਸਫਿਆਂ ਨੂੰ ਪਲਟਣਾ ਸ਼ੁਰੂ ਕੀਤਾ, ਤਾਂ ਲੱਗਾ ਜੇਕਰ 12ਵੀਂ ਸਦੀ ਵਿਚ ਸੰਸਕ੍ਰਿਤ ਦੇ ਮਹਾਕਵੀ ਕਲਹਣ ਨੇ ਆਪਣੇ ਮਹਾਕਾਵਿ ‘ਰਾਜ ਤਰੰਗਿਣੀ’ ਦੀ ਰਚਨਾ ਕੀਤੀ ਹੁੰਦੀ ਤਾਂ ਸਾਨੂੰ ਕਸ਼ਮੀਰ ਵਾਦੀ ਬਾਰੇ ਯਕੀਨਨ ਕੁਝ ਵੀ ਨਾ ਪਤਾ ਹੁੰਦਾ। ਕਲਹਣ ਦੀ ‘ਰਾਜ ਤਰੰਗਿਣੀ’ ਕਸ਼ਮੀਰ ਦਾ ਕਾਵਿਆਤਮਕ ਇਤਿਹਾਸ ਹੀ ਤਾਂ ਹੈ। ਇਨ੍ਹਾਂ ਦੀ ਹੀ ਜਾਣਕਾਰੀ ਨਾਲ ਮੈਨੂੰ ਪਤਾ ਲੱਗਾ ਕਿ ਮਹਿਲਾ ਸਸ਼ਕਤੀਕਰਨ ਤਾਂ ਕਸ਼ਮੀਰ ਵਾਦੀ ਤੋਂ ਸ਼ੁਰੂ ਹੋਇਆ। ਕਸ਼ਮੀਰ ਦੇ ਮਹਾਨ ਸਮਰਾਟ ਲਲਿਤਾਦਿੱਤਿਆ ਅਤੇ ਆਵੰਤੀਵਰਮਨ ਮਜ਼ਬੂਤ ਔਰਤਾਂ ਦੀ ਦੇਣ ਹਨ। ਇਨ੍ਹਾਂ ਦੋ ਮਹਾਨ ਰਾਜਿਆਂ ਨੇ ਕਸ਼ਮੀਰ ਨੂੰ ਜਿੱਥੇ ਅਜੇਤੂ ਰਾਜ ਬਣਾਇਆ, ਉਥੇ ਹੀ ਇਨ੍ਹਾਂ ਦੋਹਾਂ ਰਾਜਿਆਂ ਨੇ ਕਸ਼ਮੀਰ ਨੂੰ ਕਲਾ, ਸਾਹਿਤ, ਭਵਨ ਨਿਰਮਾਣ ਅਤੇ ਪਰਮ ਸ਼ਾਨੋ-ਸ਼ੌਕਤ ਤਕ ਪਹੁੰਚਾਇਆ। ਅੱਜ ਰਾਜਿਆਂ ਦਾ ਵਰਣਨ ਮੈਂ ਨਹੀਂ ਕਰਾਂਗਾ, ਸਗੋਂ ਉਨ੍ਹਾਂ ਕੁਝ ਇਕ ਔਰਤਾਂ ਦੀ ਸੰਖੇਪ ਜਾਣ-ਪਛਾਣ ਆਪਣੇ ਪਾਠਾਂ ਨਾਲ ਕਰਾਵਾਂਗਾ, ਜਿਨ੍ਹਾਂ ਨੇ ਵੱਡੇ-ਵੱਡੇ ਰਾਜਿਆਂ ਤੋਂ ਵੀ ਬਾਜ਼ੀ ਮਾਰ ਲਈ ਸੀ।

ਪਾਠਕ ਭਰਾਵੋ, ਮਗਧ ਸਮਰਾਟ ਜਰਾਸੰਧ ਦਾ ਨਾਂ ਤਾਂ ਤੁਸੀਂ ਜਾਣਦੇ ਹੋਵੋਗੇ, ਉਹੀ ਜਰਾਸੰਧ, ਜੋ ਦ੍ਰੋਪਦੀ ’ਤੇ ਬੁਰੀ ਨਜ਼ਰ ਰੱਖਦਾ ਸੀ ਅਤੇ ਜਿਸ ਦੀ ਹੱਤਿਆ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕੀਤੀ ਸੀ। ਉਸ ਦਾ ਸਪੁੱਤਰ ਦਾਮੋਦਰ ਆਪਣੇ ਪਿਤਾ ਦਾ ਬਦਲਾ ਲੈਣ ਭਗਵਾਨ ਕ੍ਰਿਸ਼ਨ ਨਾਲ ਜਾ ਭਿੜਿਆ ਸੀ। ਉਸ ਦੀ ਹੱਤਿਆ ਵੀ ਭਗਵਾਨ ਕ੍ਰਿਸ਼ਨ ਨੇ ਕੀਤੀ ਅਤੇ ਦਾਮੋਦਰ ਦੀ ਮੌਤ ਤੋਂ ਬਾਅਦ ਉਸ ਦੀ ਵਿਧਵਾ ਜਸੂਮਤੀ ਨੂੰ ਕਸ਼ਮੀਰ ਦਾ ਰਾਜ ਸੌਂਪਿਆ ਸੀ। ਉਦੋਂ ਗੋਨੰਦ ਦੂਸਰਾ ਜਸੂਮਤੀ ਦੇ ਗਰਭ ’ਚ ਸੀ। ਇਥੋਂ ਹੀ ਗੋਨੰਦ ਵੰਸ਼ ਕਸ਼ਮੀਰ ਵੈਲੀ ’ਤੇ ਸੈਂਕੜੇ ਸਾਲ ਰਾਜ ਕਰਦਾ ਰਿਹਾ। 9ਵੀਂ ਸਦੀ ਵਿਚ ਇਕ ਹੋਰ ਮਜ਼ਬੂਤ ਔਰਤ ‘ਜੈਦੇਵੀ’ ਨੇ ਕਸ਼ਮੀਰ ਵਿਚ ‘ਉਪਤਾਲਾ’ ਵੰਸ਼ ਦੀ ਨੀਂਹ ਰੱਖੀ। ਇਸੇ ਉਪਤਾਲਾ ਵੰਸ਼ ਦੇ ਪ੍ਰਤਾਪੀ ਰਾਜਾ ਆਵੰਤੀਵਰਮਨ ਹੋਏ। ਜੈਦੇਵੀ ਇਕ ਗਰੀਬ ਪਰਿਵਾਰ ਵਿਚ ਪੈਦਾ ਹੋਈ। ਉਹ ਜਵਾਨੀ ਵਿਚ ਹੀ ਵਿਧਵਾ ਹੋ ਗਈ। ਉਸ ਦੇ ਰੂਪ ਤੇ ਜਵਾਨੀ ਉੱਤੇ ਰਾਜਾ ਜੈਪਿਦਾ ਫਿਦਾ ਹੋਏ ਸਨ ਪਰ ਜੈਪਿਦਾ ਛੇਤੀ ਹੀ ਸਵਰਗ ਸਿਧਾਰ ਗਏ। ਉਨ੍ਹਾਂ ਦਾ ਬੇਟਾ ਲਲਿਤਪਿਦਾ ਗੱਦੀ ’ਤੇ ਬੈਠਿਆ ਅਤੇ ਜੈਦੇਵੀ ਕਸ਼ਮੀਰ ਦੇ ਇਸ ਰਾਜੇ ਦੀ ਸਰਪ੍ਰਸਤ ਬਣੀ। ਇਸੇ ਦੌਰਾਨ ਇਤਿਹਾਸ ਵਿਚ ਰਾਣੀ ਸੁਗੰਧਾ ਹੋਈ। ਉਸ ਨੇ 904 ਈ. ਤੋਂ 918 ਈ. ਤਕ ਕਸ਼ਮੀਰ ’ਤੇ ਰਾਜ ਕੀਤਾ। ਇਸ ਤੋਂ ਬਾਅਦ 949 ਈ. ਵਿਚ ਪ੍ਰਧਾਨ ਮੰਤਰੀ ਪਰਵਗੁਪਤ ਨੇ ਬ੍ਰਾਹਮਣ ਵੰਸ਼ ਦੇ ਅੰਤਿਮ ਸਮਰਾਟ ਦੀ ਹੱਤਿਆ ਕਰ ਕੇ ਆਪਣਾ ਰਾਜ ਸਥਾਪਿਤ ਕੀਤਾ। ਇਸੇ ਗੁਪਤ ਵੰਸ਼ ਵਿਚ ਇਕ ਅਜਿਹੀ ਯਸ਼ਸਵੀ ਔਰਤ ਨੇ ਕਸ਼ਮੀਰ ’ਤੇ ਰਾਜ ਕੀਤਾ, ਜਿਸ ਨੇ ਆਪਣੇ ਜ਼ਾਲਮ ਸ਼ਾਸਨ ਰਾਹੀਂ ਲੱਗਭਗ 50 ਸਾਲਾਂ ਤਕ ਕਸ਼ਮੀਰ ’ਚ ਆਪਣੇ ਨਾਂ ਦਾ ਝੰਡਾ ਲਹਿਰਾਇਆ।

ਇਸ ਸ਼ਕਤੀਸ਼ਾਲੀ ਔਰਤ ਦਾ ਨਾਂ ਸੀ ‘ਦੀਦਾ’, ਜਿਸ ਨੇ 950 ਤੋਂ 1003 ਈ. ਤਕ ਕਸ਼ਮੀਰ ’ਤੇ ਸ਼ਾਸਨ ਕੀਤਾ। ਦੀਦਾ, ਅੱਜ ਦੇ ਪੁੰਛ ਦੇ ਲੋਹਾਰਾ ਰਾਜ ਦੀ ਧੀ ਸੀ। ਦੀਦਾ ਦਾ ਵਿਆਹ ਗੁਪਤ ਵੰਸ਼ ਦੇ ਰਾਜਾ ਕਸੀਮ ਗੁਪਤ ਨਾਲ ਹੋਇਆ, ਜੋ ਉਦੋਂ ਕਸ਼ਮੀਰ ਦੇ ਰਾਜਾ ਸਨ। ਦੋ ਸੂਬਿਆਂ ਦੇ ਮਿਲਣ ਨਾਲ ਕਸ਼ਮੀਰ ਹੋਰ ਸ਼ਕਤੀਸ਼ਾਲੀ ਹੋ ਗਿਆ। ਦੀਦਾ ਨੇ ਪਹਿਲਾਂ ਰਾਣੀ ਦੇ ਰੂਪ ਵਿਚ ਅਤੇ ਫਿਰ ਆਪਣੇ ਪੁੱਤ-ਪੋਤਿਆਂ ਦੀ ਸਰਪ੍ਰਸਤ ਦੇ ਰੂਪ ਵਿਚ ਕਸ਼ਮੀਰ ਰਾਜ ’ਤੇ ਆਪਣੀ ਅਮਿੱਟ ਛਾਪ ਛੱਡੀ। ਇਥੋਂ ਤਕ ਕਿ ਰਾਜਾ ਕਸੀਮ ਗੁਪਤ ਆਪਣੇ ਨਾਂ ਤੋਂ ਪਹਿਲਾਂ ਦੀਦਾ ਉਪਸਰਗ ਲਾ ਕੇ ਜਾਣੇ ਜਾਣ ਲੱਗੇ। ਦੀਦਾ ਨੂੰ ‘ਕੈਥਰੀਨ ਆਫ ਕਸ਼ਮੀਰ’ ਵੀ ਕਿਹਾ ਜਾਂਦਾ ਹੈ। ਕੈਥਰੀਨ ਰਸ਼ੀਆ ਦੀ ਮਹਾਰਾਣੀ ਹੋਈ, ਜਿਸ ਨੇ ਆਪਣੀ ਤਾਨਾਸ਼ਾਹੀ ਅਤੇ ਯੋਗਤਾ ਦੇ ਬਲ ’ਤੇ ਰੂਸ ਉੱਤੇ ਰਾਜ ਕੀਤਾ। ਦੀਦਾ ਨੇ 50 ਸਾਲਾਂ ਤਕ ਕਸ਼ਮੀਰ ਉੱਤੇ ਸ਼ਾਸਨ ਕੀਤਾ। ਰਾਜੇ ਦੀ ਮੌਤ ਉੱਤੇ ਉਸ ਨੇ ਸਤੀ ਹੋਣ ਦੀ ਜ਼ਿੱਦ ਕੀਤੀ ਪਰ ਰਾਜ ਦਰਬਾਰ ਦੀ ਅਪੀਲ ’ਤੇ ਇਹ ਵਿਚਾਰ ਛੱਡ ਦਿੱਤਾ। ਜਿਸ ਤਰ੍ਹਾਂ ਵੀਰ ਹਨੂਮੰਤ ਸਾਰੀਆਂ ਮੁਸੀਬਤਾਂ ਨੂੰ ਪਾਰ ਕਰ ਕੇ ਸਮੁੰਦਰ ਲੰਘ ਗਏ, ਠੀਕ ਉਸੇ ਤਰ੍ਹਾਂ ਰਾਣੀ ਦੀਦਾ ਮੁਸੀਬਤਾਂ ਨੂੰ ਚੀਰਦੇ ਹੋਏ 50 ਸਾਲ ਕਸ਼ਮੀਰ ’ਤੇ ਰਾਜ ਚਲਾਉਂਦੀ ਰਹੀ। ਜਿਸ ਤਰ੍ਹਾਂ ਅੰਗਰੇਜ਼ੀ ਸਾਹਿਤ ਦੇ ਕਵੀ ਲਾਰਡ ਵਾਇਰਨ ‘ਲੰਙ’ ਮਾਰਦੇ ਸਨ, ਠੀਕ ਉਹੋ ਜਿਹਾ ਹੀ ਲੰਙ ਰਾਣੀ ਦੀਦਾ ਦੇ ਪੈਰ ’ਚ ਵੀ ਸੀ। ਜਿਸ ਤਰ੍ਹਾਂ ਲਾਰਡ ਵਾਇਰਨ ’ਤੇ ਅੰਗਰੇਜ਼ ਔਰਤਾਂ ਫਿਦਾ ਸਨ, ਉਸੇ ਤਰ੍ਹਾਂ ਰਾਣੀ ਦੀਦਾ ’ਤੇ ਹਰ ਦਰਬਾਰੀ ਮੋਹਿਤ ਸੀ। ਉਸ ਦੀ ਸੁੰਦਰਤਾ ਅਤੇ ਲੰਗੜੇਪਣ ’ਤੇ ਨੌਜਵਾਨ ਦਿਲ-ਪਲਕਾਂ ਵਿਛਾਉਣ ਲਈ ਤਿਆਰ ਰਹਿੰਦੇ। ਰਾਣੀ ਦੀਦਾ ਨੂੰ ‘ਡਾਂਸਿੰਗ ਲੈੱਪ’ ਨਾਂ ਨਾਲ ਵੀ ਸੱਦਿਆ ਜਾਂਦਾ ਸੀ। ਉਸ ਦੇ ਸ਼ਾਸਨਕਾਲ ਵਿਚ ਜੋ ਉਸ ਦੇ ਸਾਹਮਣੇ ਆਇਆ, ਉਸ ਨੇ ਉਸ ਨੂੰ ਜਾਂ ਆਪਣੇ ਨਾਲ ਮਿਲਾ ਲਿਆ ਜਾਂ ਮੌਤ ਦੀ ਨੀਂਦ ਸੁਲਾ ਦਿੱਤਾ। ਸੂਬੇ ਉੱਤੇ ਆਪਣੀ ਪਕੜ ਮਜ਼ਬੂਤ ਬਣਾਈ ਰੱਖਣ ਲਈ ਉਸ ਨੇ ਆਪਣੇ ਦੁਸ਼ਮਣਾਂ ਨਾਲ ਸਰੀਰਕ ਸਬੰਧ ਬਣਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਗੱਦੀ ’ਤੇ ਬਣੇ ਰਹਿਣ ਦੀ ਖਾਤਿਰ ਆਪਣੇ 3 ਪੋਤਿਆਂ ਤਕ ਨੂੰ ਮਰਵਾ ਦਿੱਤਾ। ਉਸ ਦਾ ਅੰਤਿਮ ਪ੍ਰੇਮੀ ‘ਤੁੰਗਾ’ ਇਕ ਖਾਸੀ ਜਾਤੀ ਦਾ ਆਜੜੀ ਸੀ। ਰਾਣੀ ਦੀਦਾ ਨੇ ਆਪਣੇ ਜ਼ਾਲਿਮਪੁਣੇ ਨਾਲ ਸਾਜ਼ਿਸ਼ਾਂ, ਹੱਤਿਆਵਾਂ ਅਤੇ ਧੋਖਾਧੜੀ ਦਾ ਸਹਾਰਾ ਲੈ ਕੇ 50 ਸਾਲਾਂ ਤਕ ਕਸ਼ਮੀਰ ਵਿਚ ਇਕ ਯੋਗ ਸ਼ਾਸਕ ਹੋਣ ਦਾ ਸਬੂਤ ਦਿੱਤਾ। ਨਾ ਸਿਰਫ ਇਹ, ਸਗੋਂ ਉਸ ਨੇ ਆਪਣੇ ਨਾਂ ਉੱਤੇ ਸਿੱਕੇ ਵੀ ਚਲਾਏ। ਮੱਠਾਂ ਅਤੇ ਮੰਦਰਾਂ ਦਾ ਨਿਰਮਾਣ ਵੀ ਕਰਵਾਇਆ।

1003 ਤੋਂ 1028 ਈ. ਤਕ ਰਾਜਾ ਸੰਗਰਾਮ ਸਿੰਘ ਨੇ ਰਾਜ ਕੀਤਾ। ਇਸੇ ਵੰਸ਼ ਦੇ ਇਕ ਰਾਜਾ ਨੇ ਪੰਜਾਬ ਦੇ ਜਲੰਧਰ ਰਾਜ ਦੇ ਸ਼ਾਹੀ ਪਰਿਵਾਰ ਨਾਲ ਸਬੰਧ ਸਥਾਪਿਤ ਕੀਤੇ। ਜਲੰਧਰ ਰਾਜ ਦੀ ਰਾਜਕੁਮਾਰੀ ਸੂਰਿਆਮਤੀ ਨੇ ਕਸ਼ਮੀਰ ਵਿਚ ਫੈਲੇ ਅਸੰਤੋਸ਼ ਨੂੰ ਸਖਤੀ ਨਾਲ ਕੁਚਲ ਦਿੱਤਾ। ਸੂਰਿਆਮਤੀ ਦੇ ਪਤੀ ਅਨੰਤਾ ਇਕ ਕਮਜ਼ੋਰ ਪ੍ਰਸ਼ਾਸਕ ਸਨ। ਉਹ ਅਕਸਰ ਡਿਪ੍ਰੈਸ਼ਨ ਵਿਚ ਹੀ ਰਹਿੰਦੇ। ਰਾਜਾ ਅਨੰਤਾਵਤੀ ਦੀ ਮੌਤ ਉੱਤੇ ਰਾਜਕੁਮਾਰੀ ਸੂਰਿਆਮਤੀ ਸਤੀ ਹੋ ਗਈ। 1320 ਤੋਂ 1342 ਈ. ਵਿਚਾਲੇ ਇਕ ਹੋਰ ਔਰਤ ਨੇ ਕਸ਼ਮੀਰ ਵਿਚ ਆਪਣਾ ਨਾਂ ਕਮਾਇਆ। ਉਸ ਦਾ ਨਾਂ ਸੀ ‘ਕੋਟਾ ਰਾਣੀ’। 1320 ਵਿਚ ਤੁਰਕਿਸਤਾਨ ਦੇ ਇਕ ਲੁਟੇਰੇ ਦੁਲਾਚਾ ਨੇ ਕਸ਼ਮੀਰ ’ਤੇ ਹਮਲਾ ਕਰ ਦਿੱਤਾ। ਤੱਤਕਾਲੀ ਕਸ਼ਮੀਰ ਦੇ ਰਾਜਾ ਸਾਹੂਦੇਵ ਇਕ ਕਮਜ਼ੋਰ ਸ਼ਾਸਕ ਸਨ। ਦੁਲਾਚਾ ਨੇ ਕਸ਼ਮੀਰ ਨੂੰ ਪੈਰਾਂ ਹੇਠ ਰੋਲ਼ ਦਿੱਤਾ। ਕਸ਼ਮੀਰ ਤੋਂ ਬੱਚਿਆਂ ਅਤੇ ਔਰਤਾਂ ਨੂੰ ਦਾਸ ਬਣਾ ਕੇ ਲੈ ਗਿਆ। ਦੁਲਾਚਾ ਦੇ ਜਾਣ ਤੋਂ ਬਾਅਦ ਰਾਮਚੰਦਰ ਨੇ ਆਪਣੇ ਇਕ ਲੱਦਾਖੀ ਬੌਧ ਭਿਕਸ਼ੂ ਰਿਨਚਿਨ ਨੂੰ ਆਪਣਾ ਪ੍ਰਧਾਨ ਮੰਤਰੀ ਬਣਾਇਆ। ਇਕ ਦਿਨ ਬੌਧ ਭਿਕਸ਼ੂ ਰਿਨਚਿਨ ਨੇ ਆਪਣੇ ਫੌਜੀਆਂ ਨੂੰ ਪੰਡਿਤਾਂ ਦੇ ਭੇਸ ਵਿਚ ਰਾਮਚੰਦਰ ਦੇ ਮਹੱਲ ਵਿਚ ਭੇਜ ਕੇ ਰਾਜਾ ਰਾਮਚੰਦਰ ਦੀ ਹੱਤਿਆ ਕਰਵਾ ਦਿੱਤੀ। ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਬੰਦੀ ਬਣਾ ਲਿਆ। ਲੋਕਾਂ ਦਾ ਦਿਲ ਜਿੱਤਣ ਲਈ ਰਾਮਚੰਦਰ ਦੇ ਪੁੱਤਰ ਨੂੰ ਰਾਜਾ ਐਲਾਨ ਦਿੱਤਾ। ਉਸ ਦੀ ਬੇਟੀ ਨੂੰ ਆਪਣੀ ਰਾਣੀ ਬਣਾ ਲਿਆ। 1323 ਈ. ਨੂੰ ਰਿਨਚਿਨ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ ਇਕ ਬੇਟਾ ਹੈਦਰ ਛੱਡ ਗਿਆ। ਦਰਬਾਰੀਆਂ ਨੇ ਸਾਹੂਦੇਵ ਦੇ ਭਰਾ ਉਦਯਨ ਦੇਵ ਨੂੰ ਰਾਜਾ ਐਲਾਨ ਦਿੱਤਾ। ਉਦਯਨ ਦੇਵ ਨੇ ਰਿਨਚਿਨ ਦੀ ਵਿਧਵਾ ਨਾਲ ਵਿਆਹ ਕਰਵਾ ਲਿਆ। ਉਦਯਨ ਦੇਵ ਵੀ ਇਕ ਕਮਜ਼ੋਰ ਰਾਜਾ ਸੀ। ਜਦੋਂ ਤੁਰਕਿਸਤਾਨ ਦੇ ਇਕ ਹੋਰ ਲੁਟੇਰੇ ‘ਅਚਲਾ’ ਨੇ ਕਸ਼ਮੀਰ ’ਤੇ ਹਮਲਾ ਕੀਤਾ ਤਾਂ ਰਾਜਾ ਉਦਯਨ ਦੇਵ ਦੌੜ ਕੇ ਲੱਦਾਖ ਚਲਾ ਗਿਆ। ਅਜਿਹੇ ਸਮੇਂ ਵਿਚ ਇਕ ਮੁਸਲਮਾਨ ਸੈਨਾ ਕਮਾਂਡਰ ਸ਼ਾਹਮੀਰ ਨੇ ਕਸ਼ਮੀਰ ਦੀ ਰੱਖਿਆ ਕੀਤੀ। ਕੋਟਾ ਰਾਣੀ ਨੇ ਹਿੰਸਾਗ੍ਰਸਤ ਕਸ਼ਮੀਰ ਦੀ ਵਾਗਡੋਰ ਸੰਭਾਲੀ। ਇਕ ਵਾਰ ਮੁੜ ਕੋਟਾ ਰਾਣੀ ਨੇ ਸ਼ਾਹਮੀਰ ਦੀ ਸਹਾਇਤਾ ਨਾਲ ਹਾਲਾਤ ’ਤੇ ਕਾਬੂ ਪਾਇਆ। ਅਚਲਾ ਦੇ ਚਲੇ ਜਾਣ ’ਤੇ ਉਦਯਨ ਦੇਵ ਵਾਪਿਸ ਕਸ਼ਮੀਰ ਪਰਤ ਆਇਆ। 1338 ਈ. ਵਿਚ ਉਦਯਨ ਦੇਵ ਦੀ ਮੌਤ ਹੋ ਗਈ। ਕੋਟਾ ਰਾਣੀ ਨੇ ਆਪਣੇ ਪਤੀ ਦੀ ਮੌਤ ਨੂੰ 4 ਦਿਨਾਂ ਤਕ ਗੁਪਤ ਰੱਖਿਆ। ਕੋਟਾ ਰਾਣੀ ਨੇ ਇੰਦਰਕੋਟ ਦੇ ਕਿਲੇ ਵਿਚ ਪਹੁੰਚ ਕੇ ਆਪਣੇ ਆਪ ਨੂੂੰ ਕਸ਼ਮੀਰ ਦੀ ਰਾਣੀ ਐਲਾਨ ਦਿੱਤਾ। ਸ਼ਾਹਮੀਰ ਨੇ ਕਿਲੇ ਨੂੰ ਘੇਰ ਲਿਆ। ਰਾਣੀ ਕੋਟਾ ਹਾਰ ਗਈ। ਸ਼ਾਹਮੀਰ ਨੇ ਰਾਣੀ ਕੋਟਾ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ। ਵਿਆਹ ਮੰਡਪ ’ਚ ਰਾਣੀ ਕੋਟਾ ਨੇ ਛੁਰਾ ਮਾਰ ਕੇ ਆਤਮ-ਹੱਤਿਆ ਕਰ ਲਈ।

ਇਸਲਾਮ ਦੇ ਆਗਮਨ ’ਤੇ ਹੱਬਾ ਖਾਤੂਨ ਅਤੇ ਯੂਸੁਫ ਸ਼ਾਹ ਦੀ ਪ੍ਰੇਮ ਕਹਾਣੀ ਕਸ਼ਮੀਰ ਵਾਦੀ ਦੇ ਲੋਕਹਿੱਤਾਂ ਦੇ ਰੂਪ ਵਿਚ ਅੱਜ ਵੀ ਜ਼ਿੰਦਾ ਹੈ। 1589 ਵਿਚ ਮੁਗਲਾਂ ਨੇ ਕਸ਼ਮੀਰ ’ਤੇ ਆਪਣਾ ਕਬਜ਼ਾ ਜਮਾ ਲਿਆ। ਯੂਸੁਫ ਸ਼ਾਹ ਨੂੰ ਦਿੱਲੀ ਦਰਬਾਰ ਭੇਜ ਦਿੱਤਾ ਗਿਆ। ਯੂਸੁਫ ਸ਼ਾਹ ਕਸ਼ਮੀਰ ਦਾ ਕਵੀ ਹਿਰਦੇ ਵਾਲਾ ਸਮਰਾਟ ਸੀ। ਹੱਬਾ ਖਾਤੂਨ ਦੀ ਖੂਬਸੂਰਤੀ ਦੇ ਚਰਚੇ ਸਾਰੇ ਕਸ਼ਮੀਰ ’ਚ ਸਨ। ਉਸ ਦਾ ਅਸਲੀ ਨਾਂ ਜੂਨੀ, ਭਾਵ ਚੰਦਰਮਾ ਸੀ। ਯੂਸੁਫ ਸ਼ਾਹ ਨੇ ਉਸ ਦੇ ਪਤੀ ਤੋਂ ਉਸ ਦਾ ਤਲਾਕ ਕਰਵਾ ਕੇ ਜੂਨੀ ਨਾਲ ਖ਼ੁਦ ਵਿਆਹ ਕਰਵਾ ਲਿਆ ਤੇ ਉਸ ਦਾ ਨਾਂ ਹੱਬਤ ਖਾਤੂਨ ਰੱਖਿਆ। ਹੱਬਤ ਖਾਤੂਨ ਜਨਮਜਾਤ ਕਵਿੱਤਰੀ ਸੀ। ਯੂਸੁਫ ਸ਼ਾਹ ਦੀ ਜੁਦਾਈ ਵਿਚ ਉਸ ਦੇ ਬਿਰਹਾ ਦੇ ਗੀਤ ਅੱਜ ਵੀ ਕਸ਼ਮੀਰੀ ਲੋਕਾਂ ਦੀ ਜ਼ੁਬਾਨ ’ਤੇ ਗੁਣਗੁਣਾਏ ਜਾਂਦੇ ਹਨ। ਹੱਬਾ ਖਾਤੂਨ ਦੇ ਗੀਤ ਉਸ ਦੇ ਦਿਲ ਦੀਆਂ ਵੇਦਨਾਵਾਂ ਪ੍ਰਗਟ ਕਰਦੇ ਹਨ। ਇਸਲਾਮ ਆਉਣ ਤੋਂ ਬਾਅਦ ਤਾਂ ਕਸ਼ਮੀਰ ’ਚ ਔਰਤ ਦਾ ਰਾਜ ਆ ਹੀ ਨਹੀਂ ਸਕਦਾ। ਲੱਗਭਗ ਇਕ ਹਜ਼ਾਰ ਸਾਲ ਬਾਅਦ ਕਸ਼ਮੀਰ ਵਿਚ ਵਾਰੀ ਆਈ ਇਕ ਹੋਰ ਔਰਤ ਮਹਿਬੂਬਾ ਮੁਫਤੀ ਦੀ, ਜਿਸ ਨੇ 6 ਅਪ੍ਰੈਲ 2016 ਨੂੰ ਇਕ ਵਾਰ ਫਿਰ ਨਾਰੀ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੋਏ ਜੰਮੂ-ਕਸ਼ਮੀਰ ਵਿਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ। ਇਹ ਵੱਖਰੀ ਗੱਲ ਹੈ ਕਿ ਪੀ. ਡੀ. ਪੀ. ਪ੍ਰਧਾਨ ਦੀ ਭਾਰਤੀ ਜਨਤਾ ਪਾਰਟੀ ਨਾਲ ਨਹੀਂ ਨਿਭੀ ਪਰ ਹੈ ਤਾਂ ਉਹ ਨਾਰੀ ਮਜ਼ਬੂਤ ਰੂਪ।

ਅਕਸਰ ਅਸੀਂ ਨਾਰੀ ਨੂੰ ਕੋਮਲ, ਨਾਜ਼ੁਕ, ਛੂਈ-ਮੂਈ, ਅਬਲਾ, ਛੇਤੀ ਹੀ ਵੱਸ ਵਿਚ ਹੋ ਜਾਣ ਵਾਲੀ ਕਹਿੰਦੇ ਹਾਂ ਪਰ ਕਸ਼ਮੀਰ ਵਾਦੀ ਦੀਆਂ ਉਪਰੋਕਤ ਔਰਤਾਂ ਦਾ ਚਰਿੱਤਰ ਪੜ੍ਹਨ ਤੋਂ ਲੱਗਦਾ ਹੈ ਕਿ ਉਹ ਸਮਾਂ ਆਉਣ ’ਤੇ ਅੱਗ ਦੇ ਰੌਸ਼ਨ ਅੰਗਾਰਿਆਂ ’ਤੇ ਵੀ ਚੱਲ ਸਕਦੀਆਂ ਹਨ। ਨਾਰੀ ਸਸ਼ਕਤੀਕਰਨ ਤਾਂ ਕਸ਼ਮੀਰ ਤੋਂ ਸ਼ੁਰੂ ਹੋਇਆ ਲੱਗਦਾ ਹੈ। ਅਸੀਂ ਤਾਂ ਕਸ਼ਮੀਰ ਨੂੰ ਪੱਥਰਬਾਜ਼ਾਂ ਦਾ ਸ਼ਹਿਰ ਮੰਨਦੇ ਰਹੇ।


Bharat Thapa

Content Editor

Related News