ਹਿੰਸਾ ਅੱਜ ਦੀ ਭਾਸ਼ਾ ਕਿਉਂ ਬਣਦੀ ਜਾ ਰਹੀ ਹੈ?

Wednesday, Oct 28, 2026 - 01:28 PM (IST)

ਹਿੰਸਾ ਅੱਜ ਦੀ ਭਾਸ਼ਾ ਕਿਉਂ ਬਣਦੀ ਜਾ ਰਹੀ ਹੈ?

ਹਿੰਸਾ ਅੱਜ ਸਾਡੇ ਸਮੇਂ ਦੀ ਭਾਸ਼ਾ ਬਣਦੀ ਜਾ ਰਹੀ ਹੈ ਅਤੇ ਲੋਕ ਗੁੱਸੇ ਨਾਲ ਭਰੇ ਹੋਏ ਹਨ। ਸਮਾਜਿਕ ਵੰਡ ਦੀਆਂ ਲਹੂ-ਭਿੱਜੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖਿਲਰੀਆਂ ਪਈਆਂ ਹਨ। ਰੁਝੇਵਿਆਂ ਭਰੀਆਂ ਸੜਕਾਂ ’ਤੇ ਦਿਨ-ਦਹਾੜੇ ਕਤਲ ਹੋ ਰਹੇ ਹਨ, ਦਾਜ ਲਈ ਔਰਤਾਂ ਦੀ ਜਾਨ ਲਈ ਜਾ ਰਹੀ ਹੈ ਅਤੇ ਹਰ ਮਿੰਟ 7 ਜਬਰ-ਜ਼ਨਾਹ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ। ਹੁਣ ਭਿਆਨਕ ਤੋਂ ਭਿਆਨਕ ਹਿੰਸਾ ਵੀ ਸਾਨੂੰ ਪ੍ਰੇਸ਼ਾਨ ਨਹੀਂ ਕਰਦੀ। ਵਿਕਸਤ ਭਾਰਤ ’ਚ ਜ਼ੁਲਮ ਅਤੇ ਪਸ਼ੂਪੁਣਾ ਮੰਨੋ ਇਕ-ਦੂਜੇ ਦੇ ਸਮਾਨਾਰਥੀ ਬਣ ਗਏ ਹਨ।

ਪੱਛਮੀ ਬੰਗਾਲ ’ਚ ਇਕ ਹਿੰਸਕ ਭੀੜ ਧਰਮ ਦੇ ਨਾਂ ’ਤੇ ਇਕ ਇਸਾਈ ਔਰਤ ਨੂੰ ਨਿਰਵਸਤਰ ਕਰਨ ’ਤੇ ਉਤਾਰੂ ਹੋ ਜਾਂਦੀ ਹੈ। ਤਾਮਿਲਨਾਡੂ ’ਚ ਅਧਿਆਪਕ ਗਊ ਮਾਸ ਖਾਣ ਵਾਲੇ ਇਕ ਵਿਦਿਆਰਥੀ ਨੂੰ ਆਤਮ-ਹੱਤਿਆ ਕਰਨ ਦੀ ਨੌਬਤ ਤੱਕ ਪਹੁੰਚਾਅ ਦਿੰਦੇ ਹਨ। ਗੁਜਰਾਤ ’ਚ ਨਵਰਾਤਰੀ ਸਮਾਰੋਹਾਂ ’ਚ ਮੁਸਲਮਾਨਾਂ ਦੀ ਹਿੱਸੇਦਾਰੀ ਰੋਕਣ ਲਈ ਨਿਰਤਕ ਅੜ ਜਾਂਦੇ ਹਨ। ਇਨ੍ਹਾਂ ਘਟਨਾਵਾਂ ਦੇ ਵਿਚਾਲੇ ਸਮਾਜ ਦਾ ਇਕ ਵਰਗ ਅਜਿਹਾ ਦਿਖਾਈ ਦਿੰਦਾ ਹੈ, ਜੋ ਨਾ ਸਿਰਫ਼ ਗੁੱਸੇ ਪ੍ਰਤੀ ਸਹਿਜ ਹੁੰਦਾ ਜਾ ਰਿਹਾ ਹੈ, ਸਗੋਂ ਹਿੰਸਾ ਪ੍ਰਤੀ ਵੀ ਉਦਾਸੀਨ ਬਣਦਾ ਜਾ ਰਿਹਾ ਹੈ।

ਆਖਿਰ ਉਸ ਰਾਸ਼ਟਰ ਨੂੰ ਕੀ ਹੋ ਗਿਆ ਹੈ, ਜੋ ਆਪਣੀ ਸੱਭਿਆਚਾਰਕ ਬੁੱਧੀ ’ਤੇ ਮਾਣ ਕਰਦਾ ਹੈ? ਆਸਥਾ ਕਦੋਂ ਅਪਮਾਨਿਤ ਕਰਨ ਦਾ ਲਾਇਸੈਂਸ ਬਣ ਗਈ? ਖਾਣ-ਪੀਣ ਕਦੋਂ ਫਿਰਕੂ ਭੜਕਾਹਟ ਦਾ ਵਿਸ਼ਾ ਹੋ ਗਿਆ ਅਤੇ ਅਸਹਿਮਤੀ ਕਦੋਂ ਹਿੰਸਾ ਨੂੰ ਸੱਦਾ ਦੇਣ ਲੱਗੀ? ਕੀ ਧਾਰਮਿਕ ਪਛਾਣਾਂ ਇਕ-ਦੂਜੇ ਨੂੰ ਪਰਖਣ, ਡਰਾਉਣ ਅਤੇ ਬਾਹਰ ਕੱਢਣ ਦੇ ਹਥਿਆਰ ਬਣਦੀਆਂ ਜਾ ਰਹੀਆਂ ਹਨ? ਸਾਡੀ ਮਨੁੱਖੀ ਸੰਵੇਦਨਾ ਆਖਿਰ ਕਿੱਥੇ ਗੁਆਚ ਗਈ ਹੈ?

ਇਕ ਭਾਈਚਾਰੇ ਨਾਲ ਜੁੜੀ ਘਟਨਾ ਰਾਸ਼ਟਰੀ ਸੰਕਟ ਬਣ ਜਾਂਦੀ ਹੈ, ਜਦੋਂ ਕਿ ਦੂਜੇ ਭਾਈਚਾਰੇ ਨਾਲ ਸਬੰਧਤ ਓਨੀ ਹੀ ਚਿੰਤਾਜਨਕ ਘਟਨਾ ਨੂੰ ਸ਼ਾਇਦ ਹੀ ਓਨਾ ਧਿਆਨ ਮਿਲਦਾ ਹੈ। ਰਾਜਨੇਤਾ ਆਪਣੇ ਵਿਰੋਧੀਆਂ ਦੀ ਨਿੰਦਾ ਕਰਨ, ਆਪਣੇ ਸਮਰਥਕਾਂ ਦਾ ਬਚਾਅ ਕਰਨ ਜਾਂ ਪੀੜਤ ਦੀਆਂ ਹਾਲਤਾਂ ’ਤੇ ਸਵਾਲ ਉਠਾਉਣ ਲਈ ਦੌੜ ਪੈਂਦੇ ਹਨ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਮਨੁੱਖੀ ਪੀੜਾ ਨਾਲ ਵੀ ਭੇਦਭਾਵ ਹੋਣ ਲੱਗਦਾ ਹੈ।

ਭਾਰਤ ਅੱਜ ਸਿਰਫ਼ ਕਾਨੂੰਨ-ਵਿਵਸਥਾ ਦੇ ਸੰਕਟ ਦਾ ਸਾਹਮਣਾ ਨਹੀਂ ਕਰ ਰਿਹਾ, ਉਹ ਆਪਣੇ ਵਿਵੇਕ ਅਤੇ ਅੰਤਰ ਆਤਮਾ ਦੇ ਸੰਕਟ ਨਾਲ ਵੀ ਜੂਝ ਰਿਹਾ ਹੈ। ਜ਼ਰਾ ਸੋਚੋ, ਭੀੜ ਹਮਲਾ ਕਰਦੀ ਹੈ, ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ, ਟਕਰਾਅ ਵਧਦਾ ਹੈ, ਵੀਡੀਓ ਪ੍ਰਸਾਰਿਤ ਹੁੰਦੇ ਹਨ ਅਤੇ ਨੇਤਾ ਇਕ-ਦੂਜੇ ’ਤੇ ਦੋਸ਼-ਪ੍ਰਤੀਦੋਸ਼ ਲਗਾਉਂਦੇ ਰਹਿੰਦੇ ਹਨ। ਫਿਰ ਕੋਈ ਨਵੀਂ ਘਟਨਾ ਵਾਪਰ ਜਾਂਦੀ ਹੈ ਅਤੇ ਕੱਲ੍ਹ ਦੀ ਤ੍ਰਾਸਦੀ ਸਾਡੀ ਯਾਦਦਾਸ਼ਤ ਤੋਂ ਓਹਲੇ ਹੋ ਜਾਂਦੀ ਹੈ।

ਕੀ ਅਸੀਂ ਇਕ-ਦੂਜੇ ਦੀ ਪੀੜਾ ਦੇ ਸਿਰਫ ਦਰਸ਼ਕ ਬਣ ਕੇ ਰਹਿ ਗਏ ਹਾਂ? ਕੀ ਅਸੀਂ ਇਹ ਤੈਅ ਕਰਨ ਤੋਂ ਪਹਿਲਾਂ ਕਿ ਕਿਸੇ ਪੀੜਤ ਦੀ ਤਕਲੀਫ਼ ’ਤੇ ਹਮਦਰਦੀ ਜਤਾਉਣੀ ਚਾਹੀਦੀ ਹੈ ਜਾਂ ਨਹੀਂ, ਉਸ ਦੀ ਧਾਰਮਿਕ ਪਛਾਣ, ਜਾਤੀ, ਵਿਚਾਰਧਾਰਾ ਜਾਂ ਰਾਜਨੀਤਕ ਸਬੰਧ ਦੇਖਦੇ ਹਾਂ? ਜੇਕਰ ਕਿਸੇ ਭਾਈਚਾਰੇ ਦੀ ਆਸਥਾ ਦਾ ਤਿਉਹਾਰ ਮਨਾਉਣ ਲਈ ਦੂਜੇ ਭਾਈਚਾਰੇ ਦਾ ਅਪਮਾਨ ਜਾਂ ਬਾਈਕਾਟ ਜ਼ਰੂਰੀ ਹੋ ਜਾਵੇ, ਤਾਂ ਆਖਿਰ ਅਸੀਂ ਕਿਸ ਗੱਲ ਦਾ ਤਿਉਹਾਰ ਮਨਾ ਰਹੇ ਹਾਂ? ਇਹ ਮਨੁੱਖੀ ਕਦਰਾਂ-ਕੀਮਤਾਂ ਦੇ ਪਤਨ ਦੀ ਖ਼ਤਰਨਾਕ ਦਿਸ਼ਾ ਹੈ, ਕਿਉਂਕਿ ਰੋਹ ਅਤੇ ਸੰਵੇਦਨਾ ਦੇ ਮਾਮਲੇ ’ਚ ਦੋਹਰੇ ਮਾਪਦੰਡ ਅਪਣਾ ਕੇ ਮਨੁੱਖਤਾ ਕਾਇਮ ਨਹੀਂ ਰਹਿ ਸਕਦੀ।

ਸਮਾਜਿਕ ਤਣਾਅ, ਆਰਥਿਕ ਚਿੰਤਾਵਾਂ, ਭੁਲੇਖਾਭਾਊ ਸੂਚਨਾਵਾਂ, ਰਾਜਨੀਤਕ ਧਰੁਵੀਕਰਨ ਅਤੇ ਭੜਕਾਊ ਸਮੱਗਰੀ ਦਾ ਪਲ ਭਰ ’ਚ ਵਿਆਪਕ ਪਸਾਰ, ਇਹ ਸਾਰੇ ਇਸ ਲਈ ਜ਼ਿੰਮੇਵਾਰ ਹਨ ਪਰ ਰਾਜਨੀਤਕ ਅਗਵਾਈ ਦੀ ਵੀ ਵੱਡੀ ਜ਼ਿੰਮੇਵਾਰੀ ਹੈ, ਕਿਉਂਕਿ ਉਸ ਦੇ ਸ਼ਬਦ ਤਣਾਅ ਘੱਟ ਕਰ ਸਕਦੇ ਹਨ ਜਾਂ ਫਿਰ ਦੁਸ਼ਮਣੀ ਨੂੰ ਜਾਇਜ਼ਤਾ ਪ੍ਰਦਾਨ ਕਰ ਸਕਦੇ ਹਨ।

ਹਰ ਰਾਜਨੀਤਕ ਪਾਰਟੀ ਤ੍ਰਾਸਦੀ ਨੂੰ ਰਾਜਨੀਤਕ ਲਾਭ ’ਚ ਬਦਲਣ ਦੀ ਕੋਸ਼ਿਸ਼ ਕਰਦੀ ਹੈ ਅਤੇ ਹਰ ਵਿਚਾਰਧਾਰਾ ਦੇ ਆਪਣੇ ਪੈਰੋਕਾਰਾਂ ਦੇ ਗਲਤ ਕੰਮਾਂ ਨੂੰ ਅਣਗੌਲਿਆ ਕਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਦਾ ਅਰਥ ਇਹ ਨਹੀਂ ਹੈ ਕਿ ਹਰ ਘਟਨਾ ਲਈ ਸਾਰੇ ਰਾਜਨੀਤਕ ਦਲ ਬਰਾਬਰ ਰੂਪ ’ਚ ਜ਼ਿੰਮੇਵਾਰ ਹਨ ਜਾਂ ਹਰ ਵਿਵਾਦ ਦੇ ਕਾਰਨ ਇਕੋ ਜਿਹੇ ਹਨ। ਜ਼ਿੰਮੇਵਾਰੀ ਦਾ ਨਿਰਧਾਰਨ ਸਬੂਤਾਂ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ ਪਰ ਜਵਾਬਦੇਹੀ ਦਾ ਸਿਧਾਂਤ ਚੋਣ ਸੁਵਿਧਾ ਦੇ ਅਨੁਸਾਰ ਨਹੀਂ ਬਦਲ ਸਕਦਾ। ਕੋਈ ਅਪਰਾਧ ਸਿਰਫ਼ ਇਸ ਲਈ ਘੱਟ ਗੰਭੀਰ ਨਹੀਂ ਹੋ ਜਾਂਦਾ ਕਿ ਦੋਸ਼ੀ ਕਿਸੇ ਪਸੰਦੀਦਾ ਰਾਜਨੀਤਕ ਖੇਮੇ ਨਾਲ ਜੁੜਿਆ ਹੈ। ਇਸੇ ਤਰ੍ਹਾਂ, ਕਿਸੇ ਦੋਸ਼ ਦੇ ਆਧਾਰ ’ਤੇ ਪੂਰੇ ਧਾਰਮਿਕ ਭਾਈਚਾਰੇ ਨੂੰ ਸਮੂਹਿਕ ਤੌਰ ’ਤੇ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।

ਦੇਸ਼ਭਗਤੀ ਦਾ ਮੁਲਾਂਕਣ ਇਸ ਆਧਾਰ ’ਤੇ ਨਹੀਂ ਕੀਤਾ ਜਾ ਸਕਦਾ ਕਿ ਕੋਈ ਵਿਅਕਤੀ ਦੂਜੇ ਭਾਰਤੀ ਪ੍ਰਤੀ ਕਿੰਨੀ ਦੁਸ਼ਮਣੀ ਰੱਖਦਾ ਹੈ। ਜੇਕਰ ਅਸੀਂ ਆਪਣੀ ਸੱਭਿਆਚਾਰਕ ਦੇ ਸਰਵਉੱਚ ਆਦਰਸ਼ਾਂ ਦਾ ਜ਼ਿਕਰ ਤਾਂ ਕਰਦੇ ਹਾਂ ਪਰ ਸਾਹਮਣੇ ਖੜ੍ਹੇ ਇਨਸਾਨ ਨੂੰ ਬੁਨਿਆਦੀ ਮਾਣ-ਸਤਿਕਾਰ ਤੱਕ ਨਹੀਂ ਦੇ ਸਕਦੇ, ਤਾਂ ਅਜਿਹੇ ਦਾਅਵਿਆਂ ਦੀ ਕੀ ਸਾਰਥਕਤਾ ਹੈ?

ਭਾਰਤ ਨਫ਼ਰਤ ਨੂੰ ਆਸਥਾ ਦਾ ਮੁਖੌਟਾ ਪਹਿਨਣ, ਭੀੜ ਨੂੰ ਨੈਤਿਕਤਾ ਦਾ ਸਵੈ-ਘੋਸ਼ਿਤ ਪਹਿਰੇਦਾਰ ਬਣਨ ਅਤੇ ਜ਼ੁਲਮ ਨੂੰ ਸੱਭਿਆਚਾਰਕ ਮਾਣ ਦੱਸਣ ਦੀ ਛੋਟ ਦੇ ਕੇ ਖ਼ੁਦ ਨੂੰ ਵਿਸ਼ਵਗੁਰੂ ਨਹੀਂ ਕਹਿ ਸਕਦਾ। ਹੱਲ ਧਰਮ ਨੂੰ ਤਿਆਗਣ, ਸੱਭਿਆਚਾਰਕ ਮਾਣ ਨੂੰ ਦਬਾਉਣ ਜਾਂ ਜਨ-ਰੋਹ ਨੂੰ ਖ਼ਾਮੋਸ਼ ਕਰਨ ’ਚ ਨਹੀਂ ਹੈ। ਅਨਿਆਂ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਸ਼ਾਸਨ ਦੀਆਂ ਅਸਫ਼ਲਤਾਵਾਂ ਵਿਰੁੱਧ ਭਾਰਤੀਆਂ ਦੇ ਰੋਹ ਦੇ ਜਾਇਜ਼ ਕਾਰਨ ਹੋ ਸਕਦੇ ਹਨ। ਇਕ ਸਿਹਤਮੰਦ ਲੋਕਤੰਤਰ ’ਚ ਅਸਹਿਮਤੀ ਅਤੇ ਵਿਰੋਧ ਲਈ ਲੋੜੀਂਦੀ ਜਗ੍ਹਾ ਹੋਣੀ ਚਾਹੀਦੀ ਹੈ ਪਰ ਸੰਜਮਹੀਣ ਰੋਹ ਬਦਲਾ ਬਣ ਜਾਂਦਾ ਹੈ। ਕਰੁਣਾ ਤੋਂ ਰਹਿਤ ਆਸਥਾ ਕੱਟੜਤਾ ’ਚ ਬਦਲ ਜਾਂਦੀ ਹੈ ਅਤੇ ਸਹਿ-ਨਾਗਰਿਕਾਂ ਪ੍ਰਤੀ ਸਨਮਾਨ ਦੇ ਬਿਨਾਂ ਰਾਸ਼ਟਰਵਾਦ ਸਿਰਫ ਖੋਖਲਾ ਪ੍ਰਦਰਸ਼ਨ ਬਣ ਕੇ ਰਹਿ ਜਾਂਦਾ ਹੈ।

ਭਾਰਤ ਨੂੰ ਅਜਿਹੇ ਨੇਤਾਵਾਂ ਦੀ ਲੋੜ ਨਹੀਂ, ਜੋ ਹਰ ਸਵੇਰ ਇਕ ਨਵਾਂ ਦੁਸ਼ਮਣ ਖੜ੍ਹਾ ਕਰ ਦੇਣ। ਦੇਸ਼ ਨੂੰ ਅਜਿਹੀ ਅਗਵਾਈ ਦੀ ਲੋੜ ਹੈ, ਜੋ ਸਮਝਦੀ ਹੋਵੇ ਕਿ ਭਿੰਨਤਾਵਾਂ ਨਾਲ ਭਰੇ ਰਾਸ਼ਟਰ ਦਾ ਸੰਚਾਲਨ ਕਰਨ ਲਈ ਸੰਜਮ, ਨਿਰਪੱਖਤਾ ਅਤੇ ਉਸ ਸਮੇਂ ਵੀ ਨਫ਼ਰਤ ਵਿਰੁੱਧ ਖੜ੍ਹੇ ਹੋਣ ਦਾ ਹੌਸਲਾ ਚਾਹੀਦਾ ਹੈ, ਜਦੋਂ ਇਸ ਦੀ ਰਾਜਨੀਤਕ ਕੀਮਤ ਚੁਕਾਉਣੀ ਪਵੇ। ਅੱਗੇ ਦਾ ਰਸਤਾ ਨਾ ਤਾਂ ਗੁੰਝਲਦਾਰ ਹੈ ਅਤੇ ਨਾ ਹੀ ਦਿਖਾਵੇ ਵਾਲਾ। ਕਾਨੂੰਨ ਨੂੰ ਨਿਰਪੱਖਤਾ ਨਾਲ ਲਾਗੂ ਕੀਤਾ ਜਾਵੇ। ਦੋਸ਼ਾਂ ਦੀ ਜਾਂਚ ਫਿਰਕੂ ਪੱਖਪਾਤ ਤੋਂ ਮੁਕਤ ਹੋ ਕੇ ਹੋਵੇ। ਹਿੰਸਾ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਭੜਕਾਊ ਬਿਆਨ ਦੇਣ ਵਾਲੇ ਰਾਜਨੀਤਕ ਨੇਤਾਵਾਂ ਨੂੰ ਜਵਾਬਦੇਹ ਠਹਿਰਾਇਆ ਜਾਵੇ। ਸ਼ਾਂਤਮਈ ਵਿਰੋਧ ਦੀ ਰੱਖਿਆ ਕੀਤੀ ਜਾਵੇ ਪਰ ਧਮਕੀ, ਡਰਾਉਣ-ਧਮਕਾਉਣ ਅਤੇ ਵਿਨਾਸ਼ਕਾਰੀ ਗਤੀਵਿਧੀਆਂ ਨੂੰ ਰੋਕਿਆ ਜਾਵੇ।

ਕੋਈ ਰਾਸ਼ਟਰ ਇਸ ਆਧਾਰ ’ਤੇ ਸ਼ਕਤੀਸ਼ਾਲੀ ਨਹੀਂ ਬਣਦਾ ਕਿ ਉਹ ਕਿੰਨੇ ਲੋਕਾਂ ਨੂੰ ਚੁੱਪ ਕਰਾ ਸਕਦਾ ਹੈ, ਅਪਮਾਨਿਤ ਕਰ ਸਕਦਾ ਹੈ ਜਾਂ ਬਾਹਰ ਕੱਢ ਸਕਦਾ ਹੈ। ਉਸ ਦੀ ਅਸਲ ਤਾਕਤ ਇਸ ਗੱਲ ’ਚ ਹੈ ਕਿ ਉਹ ਵੱਖ-ਵੱਖ ਵਿਚਾਰਾਂ ਅਤੇ ਪਛਾਣਾਂ ਵਾਲੇ ਲੋਕਾਂ ਨੂੰ ਵੀ ਕਿੰਨੀ ਇੱਜ਼ਤ ਅਤੇ ਸੁਰੱਖਿਆ ਪ੍ਰਦਾਨ ਕਰਦਾ ਹੈ। ਹਿੰਸਾ ਅਸਵੀਕਾਰਯੋਗ ਹੈ। ਸਖ਼ਤ ਅਤੇ ਸਮਾਂਬੱਧ ਕਾਰਵਾਈ ਲਾਜ਼ਮੀ ਹੈ। ਨਹੀਂ ਤਾਂ, ਜਿਵੇਂ ਕਿ ਮਿਰਜ਼ਾ ਫ਼ਿਦਵੀ ਦੇ ਕਥਨ ਦੇ ਰੂਪ ’ਚ ਪੇਸ਼ ਕੀਤੀਆਂ ਸਤਰਾਂ ਕਹਿੰਦੀਆਂ ਹਨ—‘ਲੋਕਤੰਤਰ ਕਾ ਜਨਾਜ਼ਾ ਹੈ, ਜ਼ਰਾ ਧੂਮ ਸੇ ਨਿਕਲੇ।’
—ਪੂਨਮ ਆਈ. ਕੌਸ਼ਿਸ਼


author

Shubam Kumar

Content Editor

Related News