‘ਮਣੀਪੁਰ ’ਚ ਜਾਰੀ ਹਿੰਸਾ’ ਅਤਿਅੰਤ ਚਿੰਤਾਜਨਕ!
Tuesday, Oct 20, 2026 - 02:58 AM (IST)
ਉੱਤਰ-ਪੂਰਬੀ ਸੂਬੇ ਮਣੀਪੁਰ ’ਚ 3 ਮਈ, 2023 ਨੂੰ ‘ਮੇਇਤੀ’ ਭਾਈਚਾਰੇ ਨੂੰ ਐੱਸ. ਟੀ. ਦਾ ਦਰਜਾ ਦਿੱਤੇ ਜਾਣ ਦੇ ਹਾਈ ਕੋਰਟ ਦੇ ਹੁਕਮ ਦੇ ਵਿਰੁੱਧ ‘ਕੁੱਕੀ’ ਭਾਈਚਾਰੇ ਵੱਲੋਂ ਸਮਰਥਿਤ ‘ਆਦਿਵਾਸੀ ਵਿਦਿਆਰਥੀ ਸੰਘ’ ਵੱਲੋਂ ਕੱਢੇ ਗਏ ‘ਇਕਜੁੱਟਤਾ ਮਾਰਚ’ ਤੋਂ ਬਾਅਦ ਸੂਬੇ ’ਚ ਭੜਕੀ ਹਿੰਸਾ ਅਜੇ ਤੱਕ ਰੁਕੀ ਨਹੀਂ ਹੈ।
ਮਣੀਪੁਰ ’ਚ ਅਸ਼ਾਂਤੀ ਦੇ ਮੁੱਖ ਕਾਰਨ ‘ਮੇਇਤੀ’ ਅਤੇ ‘ਕੁੱਕੀ-ਜੋ’ ਭਾਈਚਾਰਿਆਂ ਵਿਚਾਲੇ ਚੱਲ ਰਿਹਾ ਡੂੰਘਾ ਜਾਤੀ ਸੰਘਰਸ਼, ਜ਼ਮੀਨ ਅਤੇ ਸਰੋਤਾਂ ਨੂੰ ਲੈ ਕੇ ਵਿਵਾਦ, ਅਤੇ ‘ਮੇਇਤੀ’ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਹੈ।
ਸੂਬੇ ਦੇ ਪਹਾੜੀ ਇਲਾਕਿਆਂ (ਜਿੱਥੇ ਕੁੱਕੀ ਅਤੇ ਨਾਗਾ ਰਹਿੰਦੇ ਹਨ) ਅਤੇ ਘਾਟੀ (ਜਿੱਥੇ ਮੇਇਤੀ ਰਹਿੰਦੇ ਹਨ) ਦੇ ਵਿਚਾਲੇ ਜ਼ਮੀਨ ਦੀ ਮਾਲਕੀ, ਅਫ਼ੀਮ ਦੀ ਖੇਤੀ ਦੇ ਵਿਰੁੱਧ ਪ੍ਰਸ਼ਾਸਨ ਦੀ ਕਾਰਵਾਈ ਅਤੇ ਬੇਦਖ਼ਲੀ ਮੁਹਿੰਮਾਂ ਨਾਲ ਵੀ ਤਣਾਅ ਵਧਿਆ ਹੈ। ਸੂਬਾ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਪ੍ਰਤੀ ਸਾਰੀਆਂ ਧਿਰਾਂ ’ਚ ਬੇਭਰੋਸਗੀ ਅਤੇ ਹਿੰਸਕ ਘਟਨਾਵਾਂ ਤੋਂ ਬਾਅਦ ਜਾਰੀ ਵਿਰੋਧ ਵਿਖਾਵਿਆਂ ਨੇ ਇਸ ਸੰਵੇਦਨਸ਼ੀਲ ਸੂਬੇ ’ਚ ਸ਼ਾਂਤੀ ਸਥਾਪਿਤ ਨਹੀਂ ਹੋਣ ਦਿੱਤੀ।
ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਸੁਰੱਖਿਆ ਬਲਾਂ ਦੀ ਤਾਇਨਾਤੀ, ਇੰਟਰਨੈੱਟ ਪਾਬੰਦੀਆਂ ਅਤੇ ਕਈ ਇਲਾਕਿਆਂ ’ਚ ‘ਅਸ਼ਾਂਤ ਖੇਤਰ’ (ਅਫ਼ਸਪਾ) ਦਾ ਘੇਰਾ ਵਧਾਇਆ ਜਾਂਦਾ ਰਿਹਾ ਹੈ।
ਸੂਬੇ ’ਚ ਹਿੰਸਾ ’ਤੇ ਕਾਬੂ ਪਾਉਣ ’ਚ ਅਸਫਲ ਰਹਿਣ ’ਤੇ ਤਤਕਾਲੀ ਮੁੱਖ ਮੰਤਰੀ ‘ਐੱਨ. ਬੀਰੇਨ ਸਿੰਘ’ (ਭਾਜਪਾ) ਵਲੋਂ 9 ਫਰਵਰੀ, 2025 ਨੂੰ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ 13 ਫਰਵਰੀ ਨੂੰ ਸੂਬੇ ’ਚ ਰਾਸ਼ਟਰਪਤੀ ਰਾਜ ਲਗਾ ਕੇ ਰਾਜਪਾਲ ‘ਅਜੈ ਭੱਲਾ’ ਨੂੰ ਰਾਜ ਦੀ ਕਮਾਨ ਸੌਂਪੀ ਗਈ ਅਤੇ ਫਿਰ 4 ਫਰਵਰੀ, 2026 ਨੂੰ ‘ਯੁਮਨਾਮ ਖੇਮਚੰਦ ਸਿੰਘ’ (ਭਾਜਪਾ) ਨੂੰ ਮੁੱਖ ਮੰਤਰੀ ਬਣਾਏ ਜਾਣ ਦੇ ਬਾਅਦ ਵੀ ਹਿੰਸਾ ਜਾਰੀ ਹੈ।
ਸਾਬਕਾ ਮੁੱਖ ਮੰਤਰੀ ‘ਐੱਨ. ਬੀਰੇਨ ਸਿੰਘ’ ਅਨੁਸਾਰ ਇਸ ਸਾਲ ਹਿੰਸਾ ’ਚ 60 ਤੋਂ ਵੱਧ ਵਿਅਕਤੀਅਾਂ ਦੀ ਜਾਨ ਜਾ ਚੁੱਕੀ ਹੈ, ਜਦਕਿ ਗਲੋਬਲ ਸੰਘਰਸ਼ ਟਰੈਕਰਜ਼ ਅਨੁਸਾਰ ਜਨਵਰੀ ਤੋਂ ਅਕਤੂਬਰ 2026 ਦੇ ਵਿਚਾਲੇ ਲਗਭਗ 100 ਵਿਅਕਤੀ ਮਾਰੇ ਗਏ ਹਨ। ਇੱਥੇ ਇਸੇ ਮਹੀਨੇ ਮਣੀਪੁਰ ਦੇ ਵੱਖ-ਵੱਖ ਭਾਈਚਾਰਿਆਂ ਵਿਚਾਲੇ ਹੋਈਆਂ ਹਿੰਸਾ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 5 ਅਕਤੂਬਰ ਨੂੰ ਕੁੱਕੀ ਭਾਈਚਾਰੇ ਦੇ 1 ਵਿਅਕਤੀ ਦਾ ਅਗਵਾ ਕਰਨ ਦੇ ਅਗਲੇ ਹੀ ਦਿਨ ਉਸ ਦੀ ਲਾਸ਼ ਬਰਾਮਦ ਹੋਣ ਨਾਲ ਕੁੱਕੀ ਭਾਈਚਾਰੇ ’ਚ ਗੁੱਸਾ ਭੜਕ ਉੱਠਿਆ।
* 10 ਅਕਤੂਬਰ ਨੂੰ ‘ਮਣੀਪੁਰ’ ਦੇ ‘ਕਾਮਜੋਂਗ’ ਅਤੇ ‘ਉਖਰੁਲ’ ਜ਼ਿਲਿਆਂ ’ਚ ਹਥਿਆਰਬੰਦ ਸਮੂਹਾਂ ਵਿਚਾਲੇ ਝੜਪਾਂ ’ਚ ਇਕ ਔਰਤ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ। ਸਥਾਨਕ ਪਿੰਡ ਵਾਲਿਆਂ ਨੇ ਦਾਅਵਾ ਕੀਤਾ ਕਿ ਹਮਲਾਵਰ ਗੋਲੀਬਾਰੀ ਕਰਨ ਤੋਂ ਬਾਅਦ ਮਿਆਂਮਾਰ ਸਰਹੱਦ ਵੱਲ ਭੱਜ ਗਏ।
* 11 ਅਕਤੂਬਰ ਨੂੰ ਮਣੀਪੁਰ ਦੇ 3 ਪਹਾੜੀ ਜ਼ਿਲਿਆਂ ‘ਕਾਮਜੋਂਗ’, ‘ਉਖਰੁਲ’ ਅਤੇ ‘ਕਾਂਗਪੋਕਪੀ’ ’ਚ ‘ਨਾਗਾ’ ਅਤੇ ‘ਕੁੱਕੀ’ ਭਾਈਚਾਰਿਆਂ ਵਿਚਕਾਰ ਭੜਕੀ ਹਿੰਸਾ ਵਿਚ ਇਕ ਅੌਰਤ ਅਤੇ ‘ਗੋਰਖਾ’ ਭਾਈਚਾਰੇ ਦੇ ਇਕ ਕਿਸਾਨ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਮਕਾਨਾਂ ਨੂੰ ਅੱਗ ਵੀ ਲਗਾ ਦਿੱਤੀ ਗਈ। ਇਸ ਨੂੰ ਮਣੀਪੁਰ ’ਚ ਇਸ ਸਾਲ ਹੋਈਆਂ ਸਭ ਤੋਂ ਵੱਧ ਹਿੰਸਕ ਘਟਨਾਵਾਂ ’ਚੋਂ ਇਕ ਮੰਨਿਆ ਜਾ ਰਿਹਾ ਹੈ।
* 13 ਅਕਤੂਬਰ ਨੂੰ ਇਕ ‘ਨਾਗਾ’ ਆਦਮੀ ਦੀ ਸਿਰ ਕਟੀ ਲਾਸ਼ ਮਿਲਣ ਤੋਂ ਬਾਅਦ ‘ਨਾਗਾ’ ਭਾਈਚਾਰੇ ’ਚ ਗੁੱਸਾ ਭੜਕ ਉੱਠਿਆ।
* 16 ਅਕਤੂਬਰ ਨੂੰ ‘ਕਾਮਜੋਂਗ’ ਜ਼ਿਲੇ ਦੇ ‘ਕੁੱਕੀ’ ਬਹੁਗਿਣਤੀ ‘ਚਾਸਾਦ’ ਪਿੰਡ ’ਚ ਹਮਲੇ ’ਚ ਇਕ ‘ਕੁੱਕੀ’ ਔਰਤ ਅਤੇ ਉਸ ਦੇ ਪਤੀ ਦਾ ਕਤਲ ਕਰ ਦਿੱਤਾ ਗਿਆ।
* ਇਸੇ ਦਿਨ ਇਕ ਹੋਰ ਘਟਨਾ ’ਚ ‘ਕਾਮਜੋਂਗ’ ਜ਼ਿਲੇ ’ਚ ਦੂਜੇ ਭਾਈਚਾਰੇ ਦੇ ਵਿਰੋਧੀ ਹਥਿਆਰਬੰਦ ਸਮੂਹਾਂ ਨੇ ਇਕ ਪਿੰਡ ’ਤੇ ਹਮਲਾ ਕਰ ਕੇ ‘ਤਾਂਗਖੁਲ ਨਾਗਾ’ ਭਾਈਚਾਰੇ ਦੇ 3 ਲੋਕਾਂ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ।
* 17-18 ਅਕਤੂਬਰ ਨੂੰ ‘ਕਾਮਜੋਂਗ’ ਜ਼ਿਲੇ ’ਚ ‘ਨਾਗਾ’ ਅਤੇ ‘ਕੁੱਕੀ’ ਬਸਤੀਆਂ ਦੇ 28 ਤੋਂ ਵੱਧ ਮਕਾਨਾਂ ਨੂੰ ਸਾੜ ਦਿੱਤਾ ਗਿਆ। ਇਸੇ ਦੌਰਾਨ ‘ਥੌਬਲ’ ਜ਼ਿਲੇ ਦੇ ‘ਖੰਗਾਬੋਕ’ ਵਿਚ ਦੋ ਭਾਈਚਾਰਿਆਂ ਵਿਚਕਾਰ ਭਾਰੀ ਗੋਲੀਬਾਰੀ ਅਤੇ ਹਿੰਸਕ ਝੜਪ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਵਿਅਕਤੀ ਜ਼ਖ਼ਮੀ ਹੋ ਗਏ।
* ਅਤੇ ਹੁਣ 19 ਅਕਤੂਬਰ ਨੂੰ ਇੰਫਾਲ ’ਚ ਇਕ ਜੰਗਲ ’ਚ ਲੱਕੜਾਂ ਵੱਢ ਰਹੇ 3 ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ ਜਿਸ ਨਾਲ ਇਲਾਕੇ ’ਚ ਤਣਾਅ ਫੈਲ ਗਿਆ।
ਇੰਨੇ ਲੰਬੇ ਸਮੇਂ ਤੱਕ ਇਸ ਸੰਵੇਦਨਸ਼ੀਲ ਸੂਬੇ ’ਚ ਵੱਖ-ਵੱਖ ਭਾਈਚਾਰਿਆਂ ਵਿਚਾਲੇ ਹਿੰਸਾ ਦਾ ਜਾਰੀ ਰਹਿਣਾ ਅਤਿਅੰਤ ਚਿੰਤਾਜਨਕ ਹੈ। ਇਸ ਨਾਲ ਸਿਰਫ਼ ਇਸ ਸਰਹੱਦੀ ਸੂਬੇ ਦੀ ਸੁਰੱਖਿਆ ’ਤੇ ਹੀ ਨਹੀਂ ਸਗੋਂ ਪੂਰੇ ਦੇਸ਼ ਦੀ ਸੁਰੱਖਿਆ ’ਤੇ ਆਂਚ ਆਉਣ ਦਾ ਖ਼ਤਰਾ ਹੈ। ਇਸ ਲਈ ਜਿੰਨੀ ਜਲਦੀ ਇਸ ਸਮੱਸਿਆ ਦਾ ਹੱਲ ਲੱਭ ਕੇ ਇੱਥੇ ਸ਼ਾਂਤੀ ਸਥਾਪਿਤ ਕੀਤੀ ਜਾਵੇਗੀ ਓਨਾ ਹੀ ਚੰਗਾ ਹੋਵੇਗਾ।
—ਵਿਜੇ ਕੁਮਾਰ
