ਅਰੁੰਧਤੀ ਰਾਇ ਤੋਂ ਦੇਸ਼ ਨੂੰ ਖਤਰਾ ਕਿਉਂ?

06/20/2024 11:59:57 PM

ਬੀਤੇ ਦਿਨੀਂ ਦਿੱਲੀ ਦੇ ਉਪ-ਰਾਜਪਾਲ ਨੇ 2010 ਨਾਲ ਸਬੰਧਤ ਇਕ ਮਾਮਲੇ ’ਚ ਨਾਵਲਕਾਰ ਅਰੁੰਧਤੀ ਰਾਇ ’ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੀ। ਸਵਾਲ ਉੱਠਿਆ ਕਿ ਆਖਿਰ 14 ਸਾਲਾਂ ਬਾਅਦ ਇਸ ਦੀ ਮਨਜ਼ੂਰੀ ਕਿਉਂ? ਇਹ ਵਾਜਿਬ ਵੀ ਹੈ ਕਿਉਂਕਿ ਇਹ ਕੰਮ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ। ਅਰੁੰਧਤੀ ਜਿਸ ‘ਲੈਫਟ-ਫਾਸਿਸਟ-ਜਿਹਾਦੀ-ਸੈਕੁਲਰ-ਲਿਬਰਲ’ ਗਰੁੱਪ ਨਾਲ ਸਬੰਧ ਰੱਖਦੀ ਹੈ, ਉਹ ਇਸ ਫੈਸਲੇ ਨੂੰ ‘ਪ੍ਰਗਟਾਵੇ ਦੀ ਆਜ਼ਾਦੀ’ ’ਤੇ ਹਮਲਾ ਦੱਸ ਰਿਹਾ ਹੈ। ਅੰਗ੍ਰੇਜ਼ੀ ’ਚ ਇਕ ਮੁਹਾਵਰੇ ਦਾ ਮਤਲਬ ਹੈ ‘ਤੁਹਾਡੀ ਆਜ਼ਾਦੀ ਉੱਥੇ ਖਤਮ ਹੁੰਦੀ ਹੈ, ਜਿੱਥੇ ਮੇਰੀ ਸ਼ੁਰੂ ਹੁੰਦੀ ਹੈ’। ਜੇ ਅਰੁੰਧਤੀ ਨਾਲ ਹਮਦਰਦੀ ਰੱਖਣ ਵਾਲਿਆਂ ਦੇ ਕੁਤਰਕਾਂ ਨੂੰ ਆਧਾਰ ਬਣਾਇਆ ਜਾਵੇ ਤਾਂ ਨੂਪੁਰ ਸ਼ਰਮਾ ਦੀ ‘ਪ੍ਰਗਟਾਵੇ ਦੀ ਆਜ਼ਾਦੀ’ ਨੂੰ ਕਿਉਂ ਕੁਚਲਿਆ ਗਿਆ?

ਅਰੁੰਧਤੀ ਰਾਇ ਦੀਆਂ ਕਈ ਪਛਾਣਾਂ ਹਨ। ਸਭ ਤੋਂ ਪਹਿਲਾਂ ਉਹ ਖਾਲਿਸ ਖੱਬੇਪੱਖੀ ਹੈ, ਜਿਸ ਦਾ ਚਿੰਤਨ ਦੇਸ਼ ਦੇ ਤੌਰ ’ਤੇ ਭਾਰਤ ਦੀ ਹੋਂਦ ’ਤੇ ਸਵਾਲ ਉਠਾਉਂਦਾ ਹੈ ਅਤੇ ਆਪਣੇ ਮਾਨਸ-ਪਿਤਾ ਕਾਰਲ ਮਾਰਕਸ ਦੀ ਹਿੰਦੂ ਸੰਸਕ੍ਰਿਤੀ-ਪ੍ਰੰਪਰਾ ਨੂੰ ਜ਼ਮੀਨਦੋਜ਼ ਕਰਨ ’ਚ ਯਕੀਨ ਰੱਖਦਾ ਹੈ। ਇਹ ਜਮਾਤ ਝੂਠ-ਅੱਧੇ ਸੱਚ ਦਾ ਸਹਾਰਾ ਲੈ ਕੇ ਸਮਾਜ ’ਚ ਨਫਰਤ ਫੈਲਾਉਣ, ਭਾਵਨਾਵਾਂ ਭੜਕਾਉਣ ਅਤੇ ਨਾਰਾਜ਼ਗੀ ਪੈਦਾ ਕਰਨ ’ਚ ਮਾਹਿਰ ਹੈ। ਇਸ ਦੇ ਨਾਲ ਅਰੁੰਧਤੀ ਇਕ ਨਾਵਲਕਾਰ ਵੀ ਹੈ। ਉਨ੍ਹਾਂ ਨੂੰ ‘ਦਿ ਗਾਡ ਆਫ ਸਮਾਲ ਥਿੰਗਜ਼’ ਨਾਵਲ ਲਈ ਸਾਲ 1997 ’ਚ ਵੱਕਾਰੀ ਬੁਕਰ ਐਵਾਰਡ ਮਿਲਿਆ ਸੀ।

ਇਸ ਅਨੋਖੀ ਪਛਾਣ ਦੇ ਚੱਲਦੇ ਅਰੁੰਧਤੀ ਆਪਣੀ ਪੁਰਾਣੀ ਮਾੜੀ ਸੋਚ ਅਤੇ ਕਾਲਪਨਿਕ ਦੁਨੀਆ ’ਚ ਰਹਿਣ ਦੇ ਕਾਰਨ ਕਾਲਮਨਵੀਸ ਅਤੇ ਬੁਲਾਰੇ ਦੇ ਤੌਰ ’ਤੇ ਹਕੀਕਤ ਤੋਂ ਮੀਲਾਂ ਦੂਰ ਰਹਿੰਦੀ ਹੈ। ਇਸ ਨੂੰ ਮੈਂ ਖੁਦ ਨਿੱਜੀ ਤੌਰ ’ਤੇ ਸਾਲ 2002 ਦੇ ਗੋਧਰਾ ਕਾਂਡ ’ਚ ਮਹਿਸੂਸ ਕੀਤਾ ਹੈ। ਉਦੋਂ ਜਿਹਾਦੀਆਂ ਦੀ ਭੀੜ ਨੇ ਗੁਜਰਾਤ ’ਚ ਗੋਧਰਾ ਰੇਲਵੇ ਸਟੇਸ਼ਨ ਦੇ ਕੋਲ ਅਯੁੱਧਿਆ ਤੋਂ ਆ ਰਹੀ ਟਰੇਨ ਦੇ ਇਕ ਕੋਚ ਨੂੰ ਅੱਗ ਲਾ ਕੇ 59 ਕਾਰ-ਸੇਵਕਾਂ ਨੂੰ ਜਿਊਂਦੇ ਸਾੜ ਦਿੱਤਾ ਸੀ। ਇਸ ਤੋਂ ਬਾਅਦ ਸੂਬੇ ’ਚ ਦੰਗੇ ਭੜਕ ਉੱਠੇ ਸਨ।

ਉਸੇ ਸਾਲ 2 ਮਈ ਨੂੰ ਅਰੁੰਧਤੀ ਦੀ ਕੋਰੀ-ਕਲਪਨਾ ਅਤੇ ਨਾਸਮਝੀ ਦੇ ਘਾਲਮੇਲ ਨਾਲ ਭਰਿਆ ਲੰਬਾ-ਚੌੜਾ ਲੇਖ, ਵੱਕਾਰੀ ਅੰਗ੍ਰੇਜ਼ੀ ਮੈਗਜ਼ੀਨ ‘ਆਊਟਲੁਕ’ ’ਚ ਪ੍ਰਕਾਸ਼ਿਤ ਹੋਇਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਦੰਗਾਕਾਰੀਆਂ ਨੇ ਤਤਕਾਲੀ ਕਾਂਗਰਸ ਸੰਸਦ ਮੈਂਬਰ ਅਹਿਸਾਨ ਜਾਫਰੀ ਦੀ ਬੇਟੀ ਨੂੰ ਨੰਗੀ ਕਰ ਕੇ ਜਿਊਂਦੇ ਸਾੜ ਦਿੱਤਾ। ਲੱਛੇਦਾਰ ਸ਼ਬਦਾਂ ਦੀ ਧਨੀ ਅਰੁੰਧਤੀ ਨੇ ਆਪਣੇ ਲੇਖ ’ਚ ਜਾਫਰੀ ਦੇ ਘਰ ਦਾ ਅਜਿਹਾ ਜ਼ਿਕਰ ਕੀਤਾ ਸੀ, ਜਿਵੇਂ ਉਹ ਖੁਦ ਉੱਥੇ ਮੌਜੂਦ ਸੀ। ਪੜ੍ਹਨ ’ਚ ਇਹ ਦ੍ਰਿਸ਼ ਜਿੰਨਾ ਦਿਲ-ਕੰਬਾਊ ਸੀ ਓਨਾ ਹੀ ਹਕੀਕਤ ਤੋਂ ਕੋਹਾਂ ਦੂਰ। ਇਹ ਉਨ੍ਹਾਂ ਦੇ ਕਈ ਝੂਠਾਂ ’ਚੋਂ ਇਕ ਸੀ। ਇਹ ਸੱਚ ਹੈ ਕਿ ਭੀੜ ਨੇ ਜਾਫਰੀ ਦੀ ਹੱਤਿਆ ਕਰ ਦਿੱਤੀ ਸੀ ਪਰ ਉਨ੍ਹਾਂ ਦੀਆਂ ਬੇਟੀਆਂ ਨੂੰ ਨਾ ਤਾਂ ਨੰਗਾ ਕੀਤਾ ਗਿਆ ਅਤੇ ਨਾ ਹੀ ਜਿਊਂਦੇ ਸਾੜਿਆ ਗਿਆ ਸੀ।

ਉਸੇ ਸਮੇਂ ਇਕ ਅੰਗ੍ਰੇਜ਼ੀ ਅਖਬਾਰ ‘ਏਸ਼ੀਅਨ ਏਜ’ ’ਚ ਜਾਫਰੀ ਦੇ ਬੇਟੇ ਤਨਵੀਰ ਦੀ ਇੰਟਰਵਿਊ ਛਪੀ ਸੀ। ਇਸ ’ਚ ਤਨਵੀਰ ਨੇ ਦੱਸਿਆ ਕਿ ਦੰਗਿਆਂ ਦੇ ਸਮੇਂ ਉਸ ਦੀ ਭੈਣ ਅਮਰੀਕਾ ’ਚ ਸੀ। ਮੈਂ ਆਊਟਲੁੱਕ’ ਦੇ ਤਤਕਾਲੀ ਚੀਫ ਐਡੀਟਰ (ਸਵਰਗੀ) ਵਿਨੋਦ ਮਹਿਤਾ ਨਾਲ ਸੰਪਰਕ ਕੀਤਾ। ਉਹ ਖੁਦ ਨੂੰ ‘ਲੈਫਟ-ਲਿਬਰਲ’ ਕਹਿੰਦੇ ਸਨ, ਜੋ 2 ਸ਼ਬਦਾਂ ਨੂੰ ਮਿਲਾ ਕੇ ਬਣਿਆ ਹੈ ਅਤੇ ਇਕ ਦੂਜੇ ਦੇ ਉਲਟ ਹੈ। ਅਜਿਹਾ ਇਸ ਲਈ ਕਿਉਂਕਿ ਕਿਸੇ ਵੀ ਲੈਫਟ ਦੀ ਤਾਸੀਰ ‘ਲਿਬਰਲ ਨਹੀਂ ਹੋ ਸਕਦੀ ਪਰ ਵਿਨੋਦ ਜੀ ਵੱਖ ਸਨ। ਉਹ ‘ਲੈਫਟ’ ਅਤੇ ‘ਲਿਬਰਲ’ ਦੋਵੇਂ ਸਨ। ਉਨ੍ਹਾਂ ਨੇ ਅਰੁੰਧਤੀ ਦੇ ਝੂਠ ਨੂੰ ਤਹਿਤ-ਨਹਿਸ ਕਰਦੇ ਹੋਏ ਮੇਰਾ ਲੇਖ 27 ਮਈ, 2002 ਨੂੰ ‘ਆਊਟਲੁੱਕ’ ’ਚ ਛਾਪਿਆ। ਆਪਣੀ ਬੇਇਮਾਨੀ ਦਾ ਪਰਦਾਫਾਸ਼ ਹੋਣ ’ਤੇ ਅਰੁੰਧਤੀ ਮਾਫੀ ਮੰਗਣ ਲਈ ਮਜਬੂਰ ਹੋ ਗਈ। ਸੁਪਰੀਮ ਕੋਰਟ ਤੋਂ ਫਟਕਾਰ ਖਾਣ ਦੇ ਬਾਅਦ ਵੀ ਉਨ੍ਹਾਂ ਦਾ ਕੁਨਬਾ ਗੁਜਰਾਤ ਦੰਗਿਆਂ ਨੂੰ ਆਪਣੇ ਏਜੰਡੇ ਲਈ ਸੁਲਗਾਈ ਰੱਖਣ ਦੀ ਕੋਸ਼ਿਸ਼ ਕਰਦਾ ਹੈ।

ਹੁਣ ਜਿਸ ਮਾਮਲੇ ’ਚ ਅਰੁੰਧਤੀ ’ਤੇ ਦਿੱਲੀ ਦੇ ਉਪ-ਰਾਜਪਾਲ ਨੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੀ ਹੈ ਉਹ 21 ਅਕਤੂਬਰ, 2010 ਨਾਲ ਜੁੜਿਆ ਹੈ। ਉਦੋਂ ਦਿੱਲੀ ਦੇ ਇਕ ਸੰਮੇਲਨ ’ਚ ਅਰੁੰਧਤੀ ਨੇ ਕਿਹਾ ਸੀ,‘‘ਕਸ਼ਮੀਰ ਕਦੀ ਭਾਰਤ ਦਾ ਹਿੱਸਾ ਨਹੀਂ ਸੀ ਅਤੇ ਹਥਿਆਰਬੰਦ ਦਸਤਿਆਂ ਨੇ ਜ਼ਬਰਦਸਤੀ ਉਸ ’ਤੇ ਕਬਜ਼ਾ ਕੀਤਾ ਹੈ।’’ ਇੰਨਾ ਹੀ ਨਹੀਂ, ਅਰੁੰਧਤੀ ਅਕਸਰ ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ ਦੀ ਗੱਲ ਵੀ ਕਰਦੀ ਰਹੀ ਹੈ।

ਅਸਲ ’ਚ ਅਰੁੰਧਤੀ ਦਾ ਉਕਤ ਜ਼ਹਿਰ ਉਗਲਣਾ ਭਾਰਤ ਅਤੇ ਕਸ਼ਮੀਰ ਦੇ ਇਤਿਹਾਸ ਦਾ ਮਜ਼ਾਕ ਉਡਾਉਣ ਵਾਂਗ ਹੈ। ਕਸ਼ਯਪ ਰਿਸ਼ੀ ਦੀ ਤਪੋਭੂਮੀ ਕਸ਼ਮੀਰ ਸਦੀਆਂ ਤੱਕ ਸ਼ੈਵ-ਸ਼ਾਕਤ ਅਤੇ ਬੋਧ ਦਰਸ਼ਨ ਦਾ ਪ੍ਰਮੁੱਖ ਕੇਂਦਰ ਰਿਹਾ ਸੀ। ਸੰਸਕ੍ਰਿਤ ਗ੍ਰੰਥ ਰਾਜਤਰੰਗਿਨੀ (1148-50ਈ.) ’ਚ ਕਸ਼ਮੀਰ ਦੇ ਹਜ਼ਾਰਾਂ ਸਾਲਾਂ ਦੀ ਕ੍ਰਮਬੱਧ ਤਾਰੀਕ ਛਪੀ ਹੈ। 14ਵੀਂ ਸ਼ਤਾਬਦੀ ’ਚ ਅੰਤਿਮ ਹਿੰਦੂ ਸ਼ਾਸਿਕਾ ਕੋਟਾਰਾਨੀ ਦੇ ਆਤਮ ਬਲਿਦਾਨ ਪਿੱਛੋਂ ‘ਕਸ਼ਮੀਰ ਸਲਤਨਤ’ ਦੇ ਤਹਿਤ ਕਸ਼ਮੀਰ ’ਚ ਡਰਾਉਣਾ ਇਸਾਲਮੀਕਰਨ ਦਾ ਦੌਰ ਸ਼ੁਰੂ ਹੋਇਆ।

ਇਸ ਤੋਂ ਪੀੜਤ ਕਸ਼ਮੀਰੀ ਪੰਡਿਤਾਂ ਦੀ ਰੱਖਿਆ ’ਚ ਜਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁਹਿੰਮ ਚਲਾਈ ਉਦੋਂ ਦਿੱਲੀ ’ਚ ਜ਼ਾਲਮ ਔਰੰਗਜ਼ੇਬ ਦੇ ਨਿਰਦੇਸ਼ ’ਤੇ ਗੁਰੂ ਸਾਹਿਬ ਜੀ ਦਾ ਸੀਸ ਜਿਹਾਦੀਆਂ ਨੇ ਧੜ ਤੋਂ ਵੱਖ ਕਰ ਦਿੱਤਾ। ਦਿੱਲੀ ਸਥਿਤ ਗੁਰਦੁਆਰਾ ਸੀਸਗੰਜ ਸਾਹਿਬ ਉਸੇ ਬਲਿਦਾਨ ਦਾ ਪ੍ਰਤੀਕ ਹੈ। ਸਿੱਖ ਸਾਮਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਦੀ ਜੀਵਨਸ਼ੈੱਲੀ ਸਨਾਤਨ ਸੰਸਕ੍ਰਿਤੀ ਤੋਂ ਪ੍ਰੇਰਿਤ ਸੀ ਉਨ੍ਹਾਂ ਨੇ ਸਾਲ 1818-19 ’ਚ ਕਸ਼ਮੀਰ ਨੂੰ ਇਸਲਾਮੀ ਚੰਗੁਲ ਤੋਂ ਛੁਡਵਾਇਆ।

ਹੁਣ ਅਕਤੂਬਰ 1947 ’ਚ ਜਿਸ ‘ਇੰਸਟਰੂਮੈਂਟ ਆਫ ਐਕਸੈਸ਼ਨ’ ’ਤੇ ਮਹਾਰਾਜਾ ਹਰਿਸਿੰਘ ਨੇ ਦਸਤਖਤ ਕੀਤੇ ਸਨ, ਉਸ ਦਾ ਫਾਰਮੈਟ (ਫੁਲ ਸਟਾਪ, ਕੋਮਾ, ਇਕ-ਇਕ ਸ਼ਬਦ ਸਮੇਤ) ਹੂ-ਬ-ਬੂ ਉਹੀ ਸੀ, ਜਿਸ ’ਤੇ ਹੋਰ 560 ਤੋਂ ਵੱਧ ਰਿਆਸਤਾਂ ਨੇ ਵੀ ਭਾਰਤ ’ਚ ਰਲੇਵੇਂ ਦੌਰਾਨ ਦਸਤਖਤ ਕੀਤੇ ਸਨ ਜਾਂ ਉਸ ਦੀ ਪ੍ਰਕਿਰਿਆ ’ਚ ਸਨ ਪਰ ਮਹਾਰਾਜਾ ਹਰੀਸਿੰਘ ਦੀ ਦੇਸ਼ਭਗਤੀ ਤੋਂ ਖਿਝੇ ਚਲਾਕ ਅੰਗ੍ਰੇਜ਼ਾਂ ਨੇ ਲਾਰਡ ਮਾਊਂਟਬੇਟਨ ਰਾਹੀਂ ਇਸ ਰਲੇਵੇਂ ਨੂੰ ਜ਼ਬਰਦਸਤੀ ਵਿਵਾਦਗ੍ਰਸਤ ਬਣਾ ਦਿੱਤਾ।

ਰਹੀ ਸਹੀ ਕਸਰ, ਪੰ. ਨਹਿਰੂ ਨੇ ਸ਼ੇਖ ਅਬਦੁਲਾ ਨਾਲ ਮਿਲ ਕੇ ਮਾਮਲੇ ਨੂੰ ਸੰਯੁਕਤ ਰਾਸ਼ਟਰ ਲਿਜਾ ਕੇ ਰਾਏਸ਼ੁਮਾਰੀ ਦਾ ਸਮਰਥਨ ਅਤੇ ਪਾਕਿਸਤਾਨ ਵਿਰੁੱਧ ਜੇਤੂ ਭਾਰਤੀ ਫੌਜ ਨੂੰ ਬਿਨਾਂ ਪੂਰੇ ਕਸ਼ਮੀਰ ਨੂੰ ਆਜ਼ਾਦ ਕਰਵਾਇਆਂ ਜੰਗਬੰਦੀ ਦਾ ਐਲਾਨ ਕਰ ਕੇ ਪੂਰੀ ਕਰ ਦਿੱਤੀ। ਇਸੇ ਘਟਨਾਕ੍ਰਮ ਨੂੰ ਆਧਾਰ ਬਣਾ ਕੇ ਮਾਰਕਸ-ਮੈਕਾਲੇ ਕੁਨਬਾ ਕਸ਼ਮੀਰ ’ਤੇ ਭੁਲੇਖੇ ਪਾਉਂਦਾ ਰਿਹਾ ਹੈ। ਇਸ ਲਈ ਅਰੁੰਧਤੀ ਰਾਇ ਸਿਰਫ ਕੋਈ ਨਾਵਲਕਾਰ ਨਾ ਹੋ ਕੇ ਇਕ ਉੱਚ ਅਰਬਨ-ਨਕਸਲ ਹੈ, ਜਿਨ੍ਹਾਂ ਦੀ ਵੱਖਵਾਦੀਆਂ ਨਾਲ ਗੰਡਤੁੱਪ ਹੈ।

ਬਲਬੀਰ ਪੁੰਜ


Rakesh

Content Editor

Related News