ਪੜ੍ਹੇ-ਲਿਖੇ ਲੋਕ ਅੱਤਵਾਦ ਦਾ ਰਾਹ ਕਿਉਂ ਚੁਣਦੇ ਹਨ

Thursday, Jan 22, 2026 - 04:27 PM (IST)

ਪੜ੍ਹੇ-ਲਿਖੇ ਲੋਕ ਅੱਤਵਾਦ ਦਾ ਰਾਹ ਕਿਉਂ ਚੁਣਦੇ ਹਨ

ਅੱਤਵਾਦ ਨੂੰ ਅਕਸਰ ਗਰੀਬੀ, ਸਿੱਖਿਆ ਅਤੇ ਸਮਾਜਿਕ ਬਾਈਕਾਟ ਦਾ ਨਤੀਜਾ ਮੰਨਿਆ ਜਾਂਦਾ ਹੈ। ਇਹ ਵਿਆਖਿਆ ਸੌਖੀ ਹੈ ਅਤੇ ਇਸ ਲਈ ਆਕਰਸ਼ਕ ਵੀ ਪਰ ਭਾਰਤ ਸਮੇਤ ਦੁਨੀਆ ਭਰ ਦੇ ਤਜਰਬੇ ਦੱਸਦੇ ਹਨ ਕਿ ਇਹ ਪੂਰੀ ਸੱਚਾਈ ਨਹੀਂ ਹੈ। ਹਾਲ ਦੇ ਸਾਲਾਂ ’ਚ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ’ਚ ਉੱਚ ਸਿੱਖਿਅਤ ਅਤੇ ਪੇਸ਼ੇਵਰ ਤੌਰ ’ਤੇ ਟ੍ਰੇਂਡ ਲੋਕ ਅੱਤਵਾਦੀ ਸਰਗਰਮੀਆਂ ’ਚ ਸ਼ਾਮਲ ਪਾਏ ਗਏ। ਅਲ ਫਲਾਹ ਯੂਨੀਵਰਸਿਟੀ ਨਾਲ ਜੁੜੇ ਡਾਕਟਰਾਂ ਦਾ ਮਾਮਲਾ ਇਸੇ ਅਸਹਿਜ ਅਸਲੀਅਤ ਵੱਲ ਸੰਕੇਤ ਕਰਦਾ ਹੈ।

ਇਸ ਨਾਲ ਇਹ ਸਵਾਲ ਉੱਠਦਾ ਹੈ ਕਿ ਸਿੱਖਿਆ ਜੋ ਵਿਵੇਕ ਅਤੇ ਸਮਝ ਵਿਕਸਿਤ ਕਰਨ ਦਾ ਮਾਧਿਅਮ ਮੰਨੀ ਜਾਂਦੀ ਹੈ, ਕਦੇ-ਕਦੇ ਕੱਟੜਤਾ ਨੂੰ ਰੋਕਣ ’ਚ ਕਿਉਂ ਅਸਫਲ ਹੋ ਜਾਂਦੀ ਹੈ। ਸਿੱਖਿਆ ਇੱਛਾਵਾਂ ਵਧਾਉਂਦੀ ਹੈ। ਡਾਕਟਰੀ ਅਤੇ ਇੰਜੀਨੀਅਰਿੰਗ ਵਰਗੇ ਪੇਸ਼ੇ ਸਨਮਾਨ, ਸਥਿਰਤਾ ਅਤੇ ਸਾਮਾਜਿਕ ਵੱਕਾਰ ਦਾ ਵਾਅਦਾ ਕਰਦੇ ਹਨ। ਜਦੋਂ ਇਹ ਇੱਛਾਵਾਂ ਸੀਮਿਤ ਮੌਕਿਆਂ, ਸੰਸਥਾਗਤ ਅਵਿਵਸਥਾ ਜਾਂ ਨਿੱਜੀ ਅਸਫਲਤਾਵਾਂ ਨਾਲ ਟਕਰਾਉਂਦੀਆਂ ਹਨ ਤਾਂ ਨਿਰਾਸ਼ਾ ਤੇਜ਼ ਹੋ ਜਾਂਦੀ ਹੈ। ਪੁਲਿਸਿੰਗ ਦੇ ਤਜਰਬੇ ਤੋਂ ਇਹ ਸਪੱਸ਼ਟ ਹੈ ਕਿ ਸਾਪੇਖਿਕ ਘਾਟ ਕਿਸੇ ਨੂੰ ਜੋ ਮਿਲਣੀ ਚਾਹੀਦੀ ਸੀ ਅਤੇ ਜੋ ਮਿਲੀ ਉਸ ਵਿਚਾਲੇ ਦਾ ਫਰਕ ਅਕਸਰ ਮੁਕੰਮਲ ਗਰੀਬੀ ਤੋਂ ਜ਼ਿਆਦਾ ਪ੍ਰਭਾਵੀ ਹੁੰਦਾ ਹੈ। ਪੜ੍ਹਿਆ-ਲਿਖਿਆ ਵਿਅਕਤੀ ਅਸਫਲਤਾ ਨੂੰ ਕਿਸਮਤ ਵਜੋਂ ਨਹੀਂ ਸਗੋਂ ਬੇਇਨਸਾਫੀ ਵਜੋਂ ਦੇਖਣ ਲੱਗਦਾ ਹੈ।

ਸਿੱਖਿਆ ਅਪਣਾਪਨ ਨਹੀਂ ਦਿੰਦੀ। ਯੂਨੀਵਰਸਿਟੀ ਅਤੇ ਪੇਸ਼ੇਵਰ ਸੰਸਥਾਵਾਂ ਹੁਨਰ ਤਾਂ ਸਿਖਾਉਂਦੀਆਂ ਹਨ ਪਰ ਸੰਗਤ ਅਤੇ ਮਕਸਦ ਪ੍ਰਦਾਨ ਕਰਨ ’ਚ ਅਕਸਰ ਪਿੱਛੇ ਰਹਿ ਜਾਂਦੇ ਹਨ। ਘਰ ਤੋਂ ਦੂਰ ਜਾਣੇ-ਪਛਾਣੇ ਸਮਾਜਿਕ ਅਤੇ ਸੱਭਿਆਚਾਰਕ ਢਾਂਚੇ ਤੋਂ ਬਾਹਰ ਕੰਮ ਕਰ ਰਹੇ ਨੌਜਵਾਨ ਪੇਸ਼ੇਵਰ ਇਕੱਲੇਪਨ ਦਾ ਅਨੁਭਵ ਕਰ ਸਕਦੇ ਹਨ । ਅਜਿਹੇ ਸਮੇਂ ’ਚ ਸੰਗਠਿਤ ਵਿਚਾਰਧਾਰਕ ਸਮੂਹ ਧਾਰਮਿਕ ਹੋਵੇ ਜਾਂ ਸਿਆਸੀ ਸਪੱਸ਼ਟਤਾ ਪਛਾਣ ਅਤੇ ਉਦੇਸ਼ ਪ੍ਰਦਾਨ ਕਰਦੇ ਹਨ। ਉਹ ਨਿੱਜੀ ਦੁਚਿੱਤੀ ਨੂੰ ਸਮੂਹਿਕ ਮਿਸ਼ਨ ’ਚ ਬਦਲ ਦਿੰਦੇ ਹਨ।

ਇਕ ਘੱਟ ਚਰਚਿਤ ਪਹਿਲੂ ਇਹ ਵੀ ਹੈ ਕਿ ਸਿੱਖਿਆ ਤਰਕ ਸ਼ਕਤੀ ਨੂੰ ਤੇਜ਼ ਕਰਦੀ ਹੈ ਪਰ ਨੈਤਿਕ ਸੰਜਮ ਆਪਣੇ ਆਪ ਨਹੀਂ ਦਿੰਦੀ। ਉੱਚ ਸਿੱਖਿਆ ’ਚ ਸਿਖਾਏ ਜਾਣ ਵਾਲੇ ਸਾਧਨ, ਅਮੂਰਤੀਕਰਨ ਅਤੇ ਪ੍ਰਣਾਲੀਗਤ ਸੋਚ ਹਿੰਸਾ ਨੂੰ ਚੁਣੌਤੀ ਦੇਣ ਲਈ ਵੀ ਉਪਯੋਗੀ ਹੈ ਅਤੇ ਉਸ ਨੂੰ ਸਹੀ ਠਹਿਰਾਉਣ ਲਈ ਵੀ। ਕੱਟੜ ਵਿਚਾਰਧਾਰਾਵਾਂ ਚੰਗੀ ਤਰ੍ਹਾਂ ਸਥਾਪਿਤ ਬਿਰਤਾਂਤਾ ’ਤੇ ਆਧਾਰਿਤ ਹੁੰਦੀਆਂ ਹਨ ਜਿਨ੍ਹਾਂ ’ਚ ਹਿੰਸਾ ਨੂੰ ਜ਼ਰੂਰੀ ਰੱਖਿਆਤਮਕ ਅਤੇ ਨੈਤਿਕ ਤੌਰ ’ਤੇ ਸ੍ਰੇਸ਼ਠ ਦੱਸਿਆ ਜਾਂਦਾ ਹੈ। ਪੜ੍ਹਿਆ-ਲਿਖਿਆ ਵਿਅਕਤੀ ਅਜਿਹੇ ਤਰਕਾਂ ਨੂੰ ਜ਼ਿਆਦਾ ਕੁਸ਼ਲਤਾ ਨਾਲ ਆਤਮਸਾਤ ਕਰ ਸਕਦਾ ਹੈ। ਇਹ ਅਗਿਆਨ ਨਹੀਂ ਸਗੋਂ ਬੁੱਧੀ ਦੀ ਦੁਰਵਰਤੋਂ ਹੈ।

ਸੰਗਠਨਾਤਮਕ ਤੌਰ ’ਤੇ ਸਿੱਖਿਅਤ ਪੇਸ਼ੇਵਰ ਅੱਤਵਾਦੀ ਨੈੱਟਵਰਕ ਲਈ ਲਾਹੇਵੰਦ ਹੁੰਦੇ ਹਨ। ਅਜਿਹੇ ਨੈੱਟਵਰਕ ਵੀ ਕਿਸੇ ਗੁੰਝਲਦਾਰ ਸੰਗਠਨ ਵਾਂਗ ਕੰਮ ਕਰਦੇ ਹਨ, ਉਨ੍ਹਾਂ ਨੂੰ ਵਿੱਤ, ਲਾਜਿਸਟਿਕਸ ਤਕਨੀਕੀ ਨਿਪੁੰਨਤਾ ਅਤੇ ਭਰੋਸੇਯੋਗਤਾ ਚਾਹੀਦੀ ਹੈ। ਡਾਕਟਰ, ਇੰਜੀਨੀਅਰ ਅਤੇ ਪ੍ਰਸ਼ਾਸਕ ਇਹ ਸਭ ਪ੍ਰਦਾਨ ਕਰਦੇ ਹਨ। ਉਨ੍ਹਾਂ ਦੀ ਮੌਜੂਦਗੀ ਨੈੱਟਵਰਕ ਨੂੰ ਸਮਰੱਥਾ ਦਿੰਦੀ ਹੈ ਅਤੇ ਗੰਭੀਰਤਾ ਦਾ ਸੰਕੇਤ ਵੀ। ਇਹੀ ਕਾਰਨ ਹੈ ਕਿ ਵੱਖ-ਵੱਖ ਖੇਤਰਾਂ ’ਚ ਕੱਟੜਪੰਥੀ ਸੰਗਠਨ ਪੇਸ਼ੇਵਰਾਂ ਦੀ ਸਰਗਰਮ ਭਰਤੀ ਕਰਦੇ ਰਹੇ ਹਨ।

ਸੰਸਥਾਗਤ ਕਮਜ਼ੋਰੀਆਂ ਇਸ ਖਤਰੇ ਨੂੰ ਵਧਾਉਂਦੀਆਂ ਹਨ। ਯੂਨੀਵਰਸਿਟੀ ਅਤੇ ਪੇਸ਼ੇਵਰ ਸੰਸਥਾਵਾਂ ਸੁਰੱਖਿਆ ਏਜੰਸੀਆਂ ਨਹੀਂ ਹਨ ਅਤੇ ਉਨ੍ਹਾਂ ਨੂੰ ਹੋਣਾ ਵੀ ਨਹੀਂ ਚਾਹੀਦਾ ਪਰ ਕਮਜ਼ੋਰ ਪ੍ਰਸ਼ਾਸਨ, ਨਾਕਾਫੀ ਪਿਛੋਕੜ ਜਾਂਚ ਅਤੇ ਸੀਮਿਤ ਮਾਰਗਦਰਸ਼ਨ ਅਜਿਹੇ ਅੰਨ੍ਹੇ ਸਥਾਨ ਪੈਦਾ ਕਰਦੇ ਹਨ ਜੋ ਦੁਰਵਿਵਹਾਰ ਲਈ ਕਮਜ਼ੋਰ ਹੁੰਦੇ ਹਨ। ਜਦੋਂ ਸੰਸਥਾਵਾਂ ਸਿਰਫ ਡਿਗਰੀਆਂ ਅਤੇ ਨਤੀਜਿਆਂ ’ਤੇ ਕੇਂਦਰਿਤ ਰਹਿੰਦੀਆਂ ਹਨ ਅਤੇ ਨੈਤਿਕਤਾ, ਨਾਗਰਿਕ ਜ਼ਿੰਮੇਵਾਰੀ ਅਤੇ ਵਿਦਿਆਰਥੀ ਭਲਾਈ ਨੂੰ ਸੈਕੰਡਰੀ ਸਮਝਦੀਆਂ ਹਨ ਤਾਂ ਸ਼ੁਰੂਆਤੀ ਚਿਤਾਵਨੀ ਸੰਕੇਤ ਅਣਦੇਖੇ ਰਹਿ ਜਾਂਦੇ ਹਨ।

ਰਾਜਨੀਤਿਕ ਸੰਦਰਭ ਇਸ ਪ੍ਰਕਿਰਿਆ ਨੂੰ ਪੂਰਾ ਕਰਦਾ ਹੈ। ਜਦੋਂ ਲੋਕਾਂ ਨੂੰ ਲੱਗਦਾ ਹੈ ਕਿ ਸ਼ਿਕਾਇਤਾਂ ਦੇ ਹੱਲ, ਹਿੱਸੇਦਾਰੀ ਜਾਂ ਸੁਧਾਰ ਲਈ ਜਾਇਜ਼ ਤਰੀਕੇ ਬੇਅਸਰ ਹਨ, ਤਾਂ ਕੁਝ ਲੋਕ ਗਲਤ ਸਿੱਟੇ ’ਤੇ ਪਹੁੰਚ ਜਾਂਦੇ ਹਨ ਅਤੇ ਹਿੰਸਾ ਨੂੰ ਇਕੋ-ਇਕ ਬਦਲ ਸਮਝ ਲੈਂਦੇ ਹਨ। ਸਿੱਖਿਆ ਇਸ ਅੰਸਤੋਸ਼ ਨੂੰ ਹੋਰ ਤਿੱਖਾ ਕਰ ਸਕਦੀ ਹੈ ਕਿਉਂਕਿ ਉਹ ਇਹ ਵੀ ਦਰਸਾਉਂਦੀ ਹੈ ਕਿ ਸਿਸਟਮ ਕਿਹੋ ਜਿਹਾ ਹੋਣਾ ਚਾਹੀਦਾ ਹੈ ਅਤੇ ਕਿੰਨੀ ਵਾਰ ਉਹੋ ਜਿਹਾ ਨਹੀਂ ਹੁੰਦਾ।

ਅਸਲ ’ਚ ਲੰਬੇ ਸਮੇਂ ’ਚ ਸਿੱਖਿਆ ਹਿੰਸਾ ਦੇ ਵਿਰੁੱਧ ਸਭ ਤੋਂ ਮਜ਼ਬੂਤ ਸੁਰੱਖਿਆ ਕਵਚ ਹੈ ਪਰ ਸਿੱਖਿਆ ਆਪਣੇ-ਆਪ ’ਚ ਅਧੂਰੀ ਹੈ। ਗਿਆਨ ਦੇ ਨਾਲ ਨੈਤਿਕ ਟ੍ਰੇਨਿੰਗ ਪੇਸ਼ੇਵਰ ਮਾਰਗਦਰਸ਼ਨ ਹੋਰ ਅੱਗੇ ਵਧਣ ਦੇ ਭਰੋਸੇਯੋਗ ਮੌਕੇ ਵੀ ਜ਼ਰੂਰੀ ਹਨ।

ਪੁਲਿਸਿੰਗ ਤੋਂ ਸਬਕ : ਪੁਲਿਸਿੰਗ ਦੇ ਨਜ਼ਰੀਏ ਨਾਲ ਸਭ ਤੋਂ ਮਹੱਤਵਪੂਰਨ ਸਬਕ ਇਹ ਹੈ ਕਿ ਕੱਟੜਵਾਦ ਅਕਸਰ ਖੁੱਲ੍ਹੇ ਟਕਰਾਅ ਤੋਂ ਨਹੀਂ ਸਗੋਂ ਸੰਸਥਾਗਤ ਖਾਲੀਪਨ ਤੋਂ ਪੈਦਾ ਹੁੰਦਾ ਹੈ। ਮੁੱਢਲੇ ਸੰਕੇਤ ‘ਵੱਖਵਾਦ’, ਅਚਾਨਕ ਵਿਚਾਰਕ ਕਠੋਰਤਾ, ਸਮਾਜਿਕ ਫੁੱਟ-ਅਪਰਾਧਾਂ ਵੱਲ ਨਹੀਂ ਲੈ ਜਾਂਦੇ ਪਰ ਇਹ ਚਿਤਾਵਨੀ ਸੰਕੇਤਾਂ ਵਜੋਂ ਕੰਮ ਕਰਦੇ ਹਨ। ਸੁਰੱਖਿਆ ਏਜੰਸੀਆਂ, ਵਿੱਦਿਅਕ ਸੰਸਥਾਵਾਂ ਅਤੇ ਪੇਸ਼ੇਵਰ ਸੰਸਥਾਵਾਂ ਵਿਚਕਾਰ ਸੀਮਿਤ, ਢਾਂਚਾਗਤ ਅਤੇ ਗੈਰ-ਜ਼ਬਰਦਸਤੀ ਗੱਲਬਾਤ ਦੀ ਲੋੜ ਹੈ। ਉਦੇਸ਼ ਨਿਗਰਾਨੀ ਨਹੀਂ ਸਗੋਂ ਸਮੇਂ ਸਿਰ ਮਾਰਗਦਰਸ਼ਨ ਅਤੇ ਦਖਲਅੰਦਾਜ਼ੀ ਹੋਣੀ ਚਾਹੀਦੀ ਹੈ।

ਜੋ ਯੂਨੀਵਰਸਿਟੀਆਂ ਡਾਕਟਰ, ਇੰਜੀਨੀਅਰ ਅਤੇ ਪ੍ਰਸ਼ਾਸਕ ਤਿਆਰ ਕਰਦੀਆਂ ਹਨ, ਉਨ੍ਹਾਂ ਨੂੰ ਖੁਦ ਨੂੰ ਸਿਰਫ ਡਿਗਰੀ ਦੇਣ ਵਾਲੀਆਂ ਫੈਕਟਰੀਆਂ ਨਹੀਂ ਸਗੋਂ ਨਾਗਰਿਕ ਸੰਸਥਾਵਾਂ ਸਮਝਣਾ ਚਾਹੀਦਾ ਹੈ। ਉਨ੍ਹਾਂ ਦੀ ਜ਼ਿੰਮੇਵਾਰੀ ਡਿਗਰੀ ’ਤੇ ਖਤਮ ਨਹੀਂ ਹੁੰਦੀ। ਉਹ ਸਮਾਜ ’ਚ ਸਾਰਥਕ ਏਕੀਕਰਨ ਤੱਕ ਜਾਂਦੀ ਹੈ, ਨਹੀਂ ਤਾਂ ਜੋਖਿਮ ਇਹ ਨਹੀਂ ਹੈ ਕਿ ਵੱਡੀ ਗਿਣਤੀ ’ਚ ਲੋਕ ਕੱਟੜਪੰਥੀ ਬਣ ਜਾਣਗੇ ਸਗੋਂ ਇਹ ਹੈ ਕਿ ਕੁਝ ਬਹੁਤ ਜ਼ਿਆਦਾ ਕੁਸ਼ਲ ਪਰ ਸਮਾਜਿਕ ਤੌਰ ’ਤੇ ਅਲੱਗ-ਥਲੱਗ ਵਿਅਕਤੀ ਹਿੰਸਕ ਵਿਚਾਰਧਾਰਾਵਾਂ ਨੂੰ ਬੁੱਧੀ ਅਤੇ ਨਿਪੁੰਨਤਾ ਪ੍ਰਦਾਨ ਕਰ ਦੇਣਗੇ। ਇਹ ਚੁਣੌਤੀ ਸਿਰਫ ਸੁਰੱਖਿਆ ਏਜੰਸੀਆਂ ਦੀ ਨਹੀਂ ਸਗੋਂ ਸੰਸਥਾਵਾਂ, ਨੀਤੀ ਨਿਰਮਾਤਾਵਾਂ ਅਤੇ ਸਮਾਜ ’ਚ ਰਹਿਣ ਵਾਲੇ ਸਾਰਿਆਂ ਦੀ ਹੈ ਅਤੇ ਇਸ ਨੂੰ ਨਜ਼ਰਅੰਦਾਜ਼ ਕਰਨਾ ਮਹਿੰਗਾ ਪੈ ਸਕਦਾ ਹੈ।

ਓ.ਪੀ. ਸਿੰਘ (ਸਾਬਕਾ ਡਾਇਰੈਕਟਰ ਜਨਰਲ ਪੁਲਸ, ਹਰਿਆਣਾ)


author

Rakesh

Content Editor

Related News