ਕੀ ਖਾਸ ਕਾਰਨ ਹਨ ਮਿਡਲ ਕਲਾਸ ਦੀ ਆਰਥਿਕ ਤੰਗੀ ਦੇ

Monday, May 04, 2026 - 05:30 PM (IST)

ਕੀ ਖਾਸ ਕਾਰਨ ਹਨ ਮਿਡਲ ਕਲਾਸ ਦੀ ਆਰਥਿਕ ਤੰਗੀ ਦੇ

ਭਾਰਤੀ ਸਮਾਜ ’ਚ ਮਿਡਲ ਕਲਾਸ ਦੇ ਲੋਕਾਂ ਦੀ ਆਰਥਿਕ ਹਾਲਤ ਹਰ ਵੇਲੇ ਤੰਗ ਰਹਿਣਾ ਇਕ ਆਮ ਗੱਲ ਹੋ ਗਈ ਹੈ। ਉਨ੍ਹਾਂ ਦੀ ਇਸ ਤੰਗੀ ਲਈ ਮਹਿੰਗਾਈ ਤੋਂ ਇਲਾਵਾ ਉਨ੍ਹਾਂ ਦੀਆਂ ਆਪਣੀਆਂ ਗਲਤੀਆਂ ਵੀ ਜ਼ਿੰਮੇਵਾਰ ਹੋ ਸਕਦੀਆਂ ਹਨ। ਇਹ ਕਿਹੜੀਆਂ ਗਲਤੀਆਂ ਹਨ ਜੋ ਉਨ੍ਹਾਂ ਦੀ ਪੈਸੇ ਦੀ ਤੰਗੀ ਨੂੰ ਖ਼ਤਮ ਨਹੀਂ ਹੋਣ ਦਿੰਦੀਆਂ?

ਸਭ ਤੋਂ ਪਹਿਲਾਂ ਤਾਂ ਮਿਡਲ ਕਲਾਸ ਦੀ ਸਭ ਤੋਂ ਵੱਡੀ ਦਿੱਕਤ ਪੈਸਾ ਘੱਟ ਕਮਾਉਣਾ ਨਹੀਂ ਹੈ, ਸਗੋਂ ਕਮਾਏ ਹੋਏ ਪੈਸੇ ਨੂੰ ਗਲਤ ਜਗ੍ਹਾ ਫਸਾਉਣਾ ਹੈ। ਇਨ੍ਹਾਂ ਦੀ ਪਹਿਲੀ ਗਲਤੀ ਹੈ ਦਿਖਾਵੇ ’ਤੇ ਖ਼ਰਚ ਕਰਨਾ। ਮਹਿੰਗਾ ਫ਼ੋਨ, ਕਰਜ਼ੇ ’ਤੇ ਵੱਡੀ ਗੱਡੀ, ਮਹਿੰਗੇ ਵਿਆਹ ਅਤੇ ਟੌਹਰਬਾਜ਼ੀ ’ਤੇ ਖ਼ਰਚਾ ਆਦਿ। ਇਹ ਸਭ ਸਮਾਜ ਨੂੰ ਦਿਖਾਉਣ ਲਈ ਕੀਤਾ ਜਾਂਦਾ ਹੈ। ਲੋਨ ਦੀਆਂ ਕਿਸ਼ਤਾਂ ਭਰਦੇ-ਭਰਦੇ ਕਈ ਸਾਲ ਨਿਕਲ ਜਾਂਦੇ ਹਨ ਅਤੇ ਹੱਥ ’ਚ ਕੁਝ ਵੀ ਨਹੀਂ ਬਚਦਾ।

ਬੁੱਧੀਮਾਨ ਲੋਕ ਪਹਿਲਾਂ ਆਮਦਨ ਦੇ ਸਾਧਨ ਬਣਾਉਂਦੇ ਹਨ, ਫਿਰ ਉਸ ਨਾਲ ਲਾਈਫਸਟਾਈਲ ਖਰੀਦਦੇ ਹਨ। ਮਿਡਲ ਕਲਾਸ ਉਲਟਾ ਕਰਦਾ ਹੈ; ਇਹ ਵਰਗ ਪਹਿਲਾਂ ਲਾਈਫਸਟਾਈਲ ਅਪਣਾਉਂਦਾ ਹੈ ਅਤੇ ਫਿਰ ਸਾਰੀ ਉਮਰ ਉਸ ਦਾ ਕਰਜ਼ਾ ਉਤਾਰਦਾ ਰਹਿੰਦਾ ਹੈ।

ਦੂਜੀ ਗਲਤੀ ਹੈ ਸਿਰਫ਼ ਇਕ ਹੀ ਇਨਕਮ ਸੋਰਸ ’ਤੇ ਨਿਰਭਰ ਰਹਿਣਾ। ਜੇਕਰ ਨੌਕਰੀ ਚਲੀ ਜਾਵੇ ਤਾਂ ਪੂਰਾ ਘਰ ਹਿੱਲ ਜਾਂਦਾ ਹੈ। ਸਾਈਡ ਇਨਕਮ, ਸਕਿੱਲ, ਫ੍ਰੀਲਾਂਸ ਜਾਂ ਛੋਟੇ ਬਿਜ਼ਨੈੱਸ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਕਿਉਂਕਿ ਉਨ੍ਹਾਂ ਕੋਲ ਇਨ੍ਹਾਂ ਕੰਮਾਂ ਲਈ ‘ਸਮਾਂ ਨਹੀਂ ਹੁੰਦਾ’ ਪਰ ਵੈੱਬ ਸੀਰੀਜ਼ ਦੇਖਣ, ਟੀ. ਵੀ. ’ਤੇ ਮੈਚ ਦੇਖਣ ਅਤੇ ਬਿਨਾਂ ਵਜ੍ਹਾ ਮੋਬਾਈਲ ਚਲਾਉਣ ਲਈ ਜਾਂ ਫ਼ਜ਼ੂਲ ਦੀਆਂ ਚੀਜ਼ਾਂ ’ਤੇ ਪੈਸਾ ਉਡਾਉਣ ਲਈ ਉਨ੍ਹਾਂ ਕੋਲ ਪੂਰਾ ਸਮਾਂ ਹੁੰਦਾ ਹੈ।

ਮਿਡਲ ਕਲਾਸ ਦੀ ਤੀਜੀ ਵੱਡੀ ਗਲਤੀ ਹੈ ਸੇਵਿੰਗ ਨੂੰ ਨਿਵੇਸ਼ ਸਮਝਣਾ। ਫਿਕਸਡ ਡਿਪਾਜ਼ਿਟ, ਸੇਵਿੰਗ ਅਕਾਊਂਟ ਜਾਂ ਸੋਨਾ ਲਾਕਰ ’ਚ ਰੱਖ ਕੇ ਲੱਗਦਾ ਹੈ ਕਿ ਪੈਸਾ ਸੁਰੱਖਿਅਤ ਹੈ। ਇਹ ਬੁਰਾ ਨਹੀਂ ਹੈ, ਪਰ ਜੇ ਮਹਿੰਗਾਈ 6 ਫੀਸਦੀ ਹੈ ਅਤੇ ਫਿਕਸ ਡਿਪਾਜ਼ਿਟ 7 ਫੀਸਦੀ ਵਿਆਜ ਦੇ ਰਹੀ ਹੈ, ਤਾਂ ਟੈਕਸ ਕੱਟਣ ਤੋਂ ਬਾਅਦ ਰਿਟਰਨ ਨੈਗੇਟਿਵ ਹੋ ਜਾਂਦੀ ਹੈ। ਇਸ ਤਰ੍ਹਾਂ ਪੈਸਾ ਵਧਦਾ ਨਹੀਂ, ਸਗੋਂ ਹੌਲੀ-ਹੌਲੀ ਘਟਦਾ ਹੈ। ਇਕੁਇਟੀ, ਰੀਅਲ ਅਸਟੇਟ ਜਾਂ ਕਿਸੇ ਹੁਨਰ ’ਚ ਪੈਸਾ ਲਗਾਉਣ ਦਾ ਡਰ ਮਿਡਲ ਕਲਾਸ ਨੂੰ ਕਮਜ਼ੋਰ ਰੱਖਦਾ ਹੈ।

ਚੌਥੀ ਗਲਤੀ ਹੈ ਇੰਸ਼ੋਰੈਂਸ ਅਤੇ ਐਮਰਜੈਂਸੀ ਫੰਡ ਨਾ ਰੱਖਣਾ। ਇਕ ਮੈਡੀਕਲ ਬਿੱਲ ਜਾਂ ਨੌਕਰੀ ਦਾ ਚਲੇ ਜਾਣਾ ਸਾਰੀ ਜਮ੍ਹਾ-ਪੂੰਜੀ ਖਾ ਜਾਂਦਾ ਹੈ। ਫਿਰ ਲੋਕ ਪਰਸਨਲ ਲੋਨ ਅਤੇ ਕ੍ਰੈਡਿਟ ਕਾਰਡ ਦੇ ਜਾਲ ’ਚ ਫਸ ਜਾਂਦੇ ਹਨ। ਘੱਟੋ-ਘੱਟ 6 ਮਹੀਨਿਆਂ ਦਾ ਖ਼ਰਚਾ ਵੱਖਰਾ ਰੱਖਣਾ ਅਤੇ 25 ਲੱਖ ਦਾ ਹੈਲਥ ਕਵਰ ਹੋਣਾ ਬੁਨਿਆਦੀ ਲੋੜ ਹੈ, ਪਰ ਜ਼ਿਆਦਾਤਰ ਲੋਕ ਇਸ ਨੂੰ ਟਾਲਦੇ ਰਹਿੰਦੇ ਹਨ।

ਪੰਜਵੀਂ ਗਲਤੀ ਹੈ ਬੱਚਿਆਂ ਦੀ ਪੜ੍ਹਾਈ ਅਤੇ ਵਿਆਹ ਲਈ ਬਿਨਾਂ ਵਜ੍ਹਾ ਕਰਜ਼ਾ ਲੈਣਾ। ਐਜੂਕੇਸ਼ਨ ਲੋਨ ਤਾਂ ਠੀਕ ਹੈ, ਪਰ ਪ੍ਰਾਈਵੇਟ ਕਾਲਜ ’ਚ 40 ਲੱਖ ਫੀਸ ਦੇ ਕੇ ਜੇ 30 ਹਜ਼ਾਰ ਦੀ ਨੌਕਰੀ ਮਿਲੇ, ਤਾਂ ਕੀ ਇਹ ਸਹੀ ਹੈ? ਅੱਜਕਲ ਵਿਆਹਾਂ ’ਚ ਦਿਖਾਵੇ ਲਈ ਜਾਇਦਾਦ ਵੇਚ ਦੇਣੀ ਜਾਂ ਮੋਟਾ ਕਰਜ਼ਾ ਲੈਣਾ ਕਿੱਥੋਂ ਦੀ ਸਿਆਣਪ ਹੈ?

ਛੇਵੀਂ ਗਲਤੀ ਹੈ ਮਿਡਲ ਕਲਾਸ ’ਚ ਵਿੱਤੀ ਸੂਝ-ਬੂਝ ਦੀ ਕਮੀ। ਟੈਕਸ ਬਚਾਉਣ ਲਈ ਬੇਕਾਰ ਬੀਮਾ ਪਾਲਿਸੀਆਂ ਲੈ ਲੈਣਾ, ਦੋਸਤ ਦੀ ਸਲਾਹ ’ਤੇ ਸ਼ੇਅਰਾਂ ’ਚ ਪੈਸਾ ਫਸਾਉਣਾ ਜਾਂ ਕਮੇਟੀਆਂ ਅਤੇ ਚਿੱਟ ਫੰਡਾਂ ’ਚ ਉਲਝ ਜਾਣਾ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੈਸਾ ਕਮਾਉਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਪੈਸੇ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਕਰਨਾ ਸਿੱਖਣਾ, ਪਰ ਸਕੂਲਾਂ-ਕਾਲਜਾਂ ’ਚ ਇਹ ਕੋਈ ਨਹੀਂ ਸਿਖਾਉਂਦਾ।

ਮਿਡਲ ਕਲਾਸ ਦੇ ਲੋਕ ਚੰਗਾ ਕਮਾਉਣ ਦੇ ਬਾਵਜੂਦ ਪੈਸੇ ਦੀ ਦਿੱਕਤ ’ਚ ਇਸ ਲਈ ਰਹਿੰਦੇ ਹਨ ਕਿਉਂਕਿ ਆਮਦਨ ਵਧਣ ਤੋਂ ਪਹਿਲਾਂ ਉਨ੍ਹਾਂ ਦਾ ਲਾਈਫਸਟਾਈਲ ਵਧ ਜਾਂਦਾ ਹੈ। ਇਸ ਨੂੰ ‘ਲਾਈਫਸਟਾਈਲ ਇਨਫਲੇਸ਼ਨ’ ਕਿਹਾ ਜਾਂਦਾ ਹੈ। ਪਹਿਲਾਂ ਜਦੋਂ 40 ਹਜ਼ਾਰ ਕਮਾਉਂਦੇ ਸਨ ਤਾਂ ਸਕੂਟਰੀ ਨਾਲ ਕੰਮ ਚੱਲਦਾ ਸੀ, ਜਦੋਂ ਆਮਦਨ 1 ਲੱਖ ਹੋਈ ਤਾਂ ਲੱਗਦਾ ਹੈ ਕਿ ਕਾਰ ਜ਼ਰੂਰੀ ਹੈ। ਫਿਰ ਕਾਰ ਲਈ ਤਾਂ ਕਿਸ਼ਤ ਸ਼ੁਰੂ ਹੋ ਗਈ, ਪੈਟਰੋਲ, ਮੇਨਟੀਨੈਂਸ ਅਤੇ ਪਾਰਕਿੰਗ ਦਾ ਖ਼ਰਚਾ ਵੱਖਰਾ। ਜੇਕਰ ਸੈਲਰੀ 70 ਹਜ਼ਾਰ ਅਤੇ ਖਰਚਾ ਵੱਧ ਗਿਆ 95 ਹਜ਼ਾਰ, ਇਸ ਨਾਲ ਕੁਝ ਵੀ ਨਹੀਂ ਸੁਧਰਦਾ।

ਅੱਜਕਲ ਮਿਡਲ ਕਲਾਸ ਦੇ ਜ਼ਿਆਦਾਤਰ ਲੋਕਾਂ ਨੂੰ ਪੈਸਾ ਕੰਟਰੋਲ ਕਰਨਾ ਨਹੀਂ ਆਉਂਦਾ, ਪੈਸਾ ਕਮਾਉਣਾ ਇਕ ਸਕਿੱਲ ਹੈ ਅਤੇ ਬਚਾਉਣਾ, ਇਨਵੈਸਟ ਕਰਨਾ ਦੂਜੀ ਜ਼ਰੂਰੀ ਸਕਿੱਲ ਹੈ। ਅਸੀਂ ਸਕੂਲ-ਕਾਲਜ ’ਚ ਸਭ ਕੁਝ ਪੜ੍ਹਦੇ ਹਾਂ ਪਰ ਇਕਨਾਮਿਕਸ ਦੇ ਵਿਦਿਆਰਥੀਆਂ ਤੋਂ ਇਲਾਵਾ ਹੋਰਨਾਂ ਵਿਦਿਆਰਥੀਆਂ ਨੂੰ ਬਜਟ ਬਣਾਉਣਾ, ਟੈਕਸ ਸੇਵ ਕਰਨਾ, ਐਮਰਜੈਂਸੀ ਫੰਡ ਰੱਖਣਾ ਕੋਈ ਨਹੀਂ ਸਿਖਾਉਂਦਾ, ਇਹ ਸਕਿੱਲਡ ਜ਼ਿਆਦਾ ਜ਼ਰੂਰੀ ਹਨ, ਆਰਥਿਕ ਯੋਜਨਾ ਦੀ ਕਮੀ ਦੇ ਕਾਰਨ ਵੀ ਅਨੇਕ ਚੰਗੀ ਸੈਲਰੀ ਵਾਲੇ ਲੋਕ ਸੋਚਦੇ ਹਨ ਕਿ ਅਜੇ ਤਾਂ ਆ ਰਿਹਾ ਹੈ, ਬਾਅਦ ’ਚ ਬਚਾਅ ਲਵਾਂਗੇ ਪਰ ਬਚਾਉਣ ਵਾਲਾ ਕੱਲ ਕਦੇ ਵੀ ਨਹੀਂ ਆਉਂਦਾ।

ਦੇਸ਼ ’ਚ ਮਿਡਲ ਕਲਾਸ ਆਰਥਿਕ ਪੱਖੋਂ ਕਮਜ਼ੋਰ ਨਹੀਂ ਹੋਈ, ਬਸ ਉਨ੍ਹਾਂ ਦੇ ਪੈਸੇ ਦਾ ਪ੍ਰਬੰਧ ਠੀਕ ਨਹੀਂ ਹੁੰਦਾ। ਜਦੋਂ ਤੱਕ ਅਸੀਂ ਖਰਚ ਤੋਂ ਪਹਿਲਾਂ ਨਿਵੇਸ਼ ਨਹੀਂ ਕਰਾਂਗੇ ਅਤੇ ਫ਼ਜ਼ੂਲਖਰਚੀ ਤੋਂ ਕਿਨਾਰਾ ਨਹੀਂ ਕਰਾਂਗੇ, ਉਦੋਂ ਤੱਕ ਆਰਥਿਕ ਹਾਲਤ ਨਹੀਂ ਸੁਧਰੇਗੀ।

—ਡਾ. ਵਰਿੰਦਰ ਭਾਟੀਆ


author

Harpreet SIngh

Content Editor

Related News