ਮਦਰਜ਼ ਡੇਅ ’ਤੇ ਵਿਸ਼ੇਸ਼: ਮਾਂ ਦੀ ਮਮਤਾ ਦਾ ਰੂਹਾਨੀ ਜਾਦੂ
Sunday, May 10, 2026 - 05:36 PM (IST)
10 ਮਈ, ਮਦਰਜ਼ ਡੇਅ। ਮਾਂ ਨੂੰ ਸਮਰਪਿਤ ਇਕ ਹੀ ਦਿਨ ਕਿਉਂ? ਸਾਡੇ ਜੀਵਨ ਦਾ ਹਰ ਪਲ ਮਾਂ ਦੀ ਦੇਣ ਹੈ। ਸੱਭਿਅਤਾ ਦੀ ਸ਼ੁਰੂਆਤ ਤੋਂ ਹੀ ਮਾਂ ਨੂੰ ਹਰ ਸੱਭਿਆਚਾਰ ’ਚ ਪੂਜਿਆ ਗਿਆ ਹੈ। ਭਾਵੇਂ ਦੁਰਗਾ ਦੇ ਰੂਪ ’ਚ, ਸਰਸਵਤੀ ਦੇ ਰੂਪ ’ਚ ਜਾਂ ਧਰਤੀ ਮਾਂ ਦੇ ਰੂਪ ’ਚ। ਇੱਥੇ ਤਾਂ ਅਸੀਂ ਆਪਣੇ ਦੇਸ਼ ਨੂੰ ਵੀ ‘ਭਾਰਤ ਮਾਤਾ’ ਪੁਕਾਰ ਕੇ ਮਾਣ ਮਹਿਸੂਸ ਕਰਦੇ ਹਾਂ। ਅਸੀਂ ਦੁਨੀਆ ਦੇ ਸ਼ਾਇਦ ਅਜਿਹੇ ਪਹਿਲੇ ਲੋਕ ਹਾਂ ਜੋ ਸਿਰਫ਼ ਆਪਣੇ ਦੇਸ਼ ਨੂੰ ਹੀ ਨਹੀਂ, ਸਗੋਂ ਆਪਣੀ ਬੋਲੀ ਤੋਂ ਲੈ ਕੇ ਨਦੀਆਂ, ਪੌਦਿਆਂ ਅਤੇ ਗਊ ਨੂੰ ਵੀ ‘ਗਊ ਮਾਤਾ’ ਕਹਿੰਦੇ ਹਾਂ। ਮਾਂ ਸਿਰਫ਼ ਜਨਮ ਦੇਣ ਵਾਲੀ ਹੀ ਨਹੀਂ, ਸਗੋਂ ਜੋ ਪਾਲਣ-ਪੋਸ਼ਣ ਕਰੇ, ਰੱਖਿਆ ਕਰੇ, ਗਿਆਨ ਦੇਵੇ ਅਤੇ ਖੁਸ਼ਹਾਲੀ ਦੇਵੇ, ਉਸ ਨੂੰ ਵੀ ਮਾਂ ਦਾ ਦਰਜਾ ਹਾਸਲ ਹੈ।
ਉਹ ਹੱਥ ਜੋ ਮੱਥੇ ’ਤੇ ਰੱਖਿਆ ਜਾਂਦਾ ਸੀ : ਮੈਨੂੰ ਜਦੋਂ ਆਪਣੀ ਮਾਂ ਦੀਆਂ ਯਾਦਾਂ ਆਉਂਦੀਆਂ ਹਨ ਕਿ ਕਿਵੇਂ ਉਹ ਘਰ ’ਚ ਸਭ ਤੋਂ ਦੇਰ ਨਾਲ ਸੌਂਦੀ ਸੀ ਅਤੇ ਸਭ ਤੋਂ ਪਹਿਲਾਂ ਜਾਗਦੀ ਸੀ; ਘੜੀ ਦੇ ਅਲਾਰਮ ਨਾਲ ਨਹੀਂ, ਸਗੋਂ ਇਸ ਲਈ ਕਿਉਂਕਿ ਉਨ੍ਹਾਂ ਦੇ ਅੰਦਰ ਪਰਿਵਾਰ ਦੀ ਫ਼ਿਕਰ ਸੀ ਜੋ ਉਨ੍ਹਾਂ ਨੂੰ ਚੈਨ ਨਾਲ ਬੈਠਣ ਨਹੀਂ ਦਿੰਦੀ ਸੀ। ਕਿਸ ਤਰ੍ਹਾਂ ਉਹ ਬੱਚਿਆਂ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਮੱਥੇ ’ਤੇ ਹੱਥ ਰੱਖ ਕੇ ਬੁਖ਼ਾਰ ਟੋਹ ਲੈਂਦੀ ਸੀ। ਕਿਸ ਤਰ੍ਹਾਂ ਪਰਿਵਾਰ ਪ੍ਰਤੀ ਉਨ੍ਹਾਂ ਦੀ ਚਿੰਤਾ ਕਦੇ ਰੌਲਾ ਨਹੀਂ ਕਰਦੀ ਸੀ, ਬੱਸ ਇਕ ਮੱਧਮ ਲਾਟ ਵਾਂਗ ਹਮੇਸ਼ਾ ਬਲਦੀ ਰਹਿੰਦੀ ਸੀ ਜਿਸ ਨੂੰ ਉਨ੍ਹਾਂ ਨੇ ਕਦੇ ਬੁਝਣ ਨਹੀਂ ਦਿੱਤਾ। ਮੈਂ ਹੁਣ ਸਮਝਦੀ ਹਾਂ, ਇਹੀ ਮਾਂ ਦਾ ਅਸਲੀ ਜਾਦੂ ਹੈ।
ਇਹ ਮਾਵਾਂ ਕੁਝ ਵੱਖਰੀਆਂ ਹਨ : ਇਸ ਮਦਰਜ਼ ਡੇਅ ’ਤੇ ਮੈਂ ਕੁਝ ਖ਼ਾਸ ਮਾਵਾਂ ਦਾ ਜ਼ਿਕਰ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਪ੍ਰਤੀ ਪਿਆਰ ਕਿਸੇ ਗ੍ਰੀਟਿੰਗ ਕਾਰਡ ਰਾਹੀਂ ਜ਼ਾਹਿਰ ਨਹੀਂ ਕੀਤਾ ਜਾ ਸਕਦਾ। ਇਹ ਨਾਰੀ ਸ਼ਕਤੀ ਦੀ ਅਸਲ ਮੂਰਤ ਹਨ, ਜਿਨ੍ਹਾਂ ਨੂੰ ਦੁਨੀਆ ਨੇ ਸ਼ਾਇਦ ਹੀ ਇੰਨੇ ਨੇੜਿਓਂ ਦੇਖਿਆ ਹੋਵੇਗਾ। ਕੁਝ ਹਫ਼ਤੇ ਪਹਿਲਾਂ ਮੈਂ ਹੁਸ਼ਿਆਰਪੁਰ ’ਚ ‘ਔਟਿਜ਼ਮ’ ਪੀੜਤ (ਇਕ ਅਜਿਹੀ ਨਿਊਰੋ-ਡਿਵੈਲਪਮੈਂਟਲ ਸਥਿਤੀ ਜੋ ਸੰਚਾਰ, ਸਮਾਜਿਕ ਵਿਵਹਾਰ ਅਤੇ ਸੰਵੇਦਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ) ਬੱਚਿਆਂ ਦੇ ਇਕ ਸਕੂਲ ’ਚ ਗਈ। ਮੈਨੂੰ ਲੱਗਿਆ ਸੀ ਕਿ ਬੱਚੇ ਭਾਵੁਕ ਕਰ ਦੇਣਗੇ। ਉਨ੍ਹਾਂ ਨੇ ਮੈਨੂੰ ਕੀਤਾ ਵੀ ਪਰ ਜੋ ਗੱਲ ਮੇਰੇ ਮਨ ’ਚ ਘਰ ਕਰ ਗਈ ਅਤੇ ਜਿਸ ਨੂੰ ਮੈਂ ਅਜੇ ਤੱਕ ਭੁੱਲ ਨਹੀਂ ਸਕੀ, ਉਹ ਸੀ ਸਕੂਲ ਦੇ ਬਾਹਰ ਇਨ੍ਹਾਂ ਬੱਚਿਆਂ ਦੀ ਉਡੀਕ ’ਚ ਬੈਠੀਆਂ ਮਾਵਾਂ।
ਇਕ ਮਾਂ ਸਵੇਰੇ ਸੱਤ ਵਜੇ ਤੋਂ ਉੱਥੇ ਬੈਠੀ ਸੀ। ਉਸ ਨੇ ਬੇਟੇ ਦਾ ਨਾਸ਼ਤਾ ਇਕ ਖ਼ਾਸ ਟਿਫ਼ਨ ’ਚ ਰੱਖਿਆ ਸੀ—ਨੀਲੇ ਨਹੀਂ, ਸਗੋਂ ਹਰੇ ਰੰਗ ਦਾ, ਕਿਉਂਕਿ ਨੀਲਾ ਰੰਗ ਬੱਚੇ ਨੂੰ ਬੇਚੈਨ ਕਰ ਦਿੰਦਾ ਸੀ। ਸਵੇਰੇ ਘਰੋਂ ਨਿਕਲਣ ਤੋਂ ਪਹਿਲਾਂ ਬੱਚੇ ਦੇ ਨਾਲ ਸਕੂਲ ਦੀ ਰੋਜ਼ਾਨਾ ਦੀ ਪ੍ਰਕਿਰਿਆ ਸੱਤ ਤੋਂ ਅੱਠ ਵਾਰ ਦੁਹਰਾਈ ਜਾਂਦੀ ਹੈ। ਉਸ ਮਾਂ ਨੇ ਮੇਰੇ ਕੋਲ ਇਹ ਸਭ ਸ਼ਿਕਾਇਤ ਵਜੋਂ ਨਹੀਂ ਕਿਹਾ, ਸਗੋਂ ਸ਼ਾਂਤ ਅਤੇ ਸਹਿਜ ਮਾਣ ਨਾਲ ਦੱਸਿਆ, ਜਿਵੇਂ ਕਿਸੇ ਨੇ ਬਸ ਵੱਖਰੇ ਤਰੀਕੇ ਨਾਲ ਆਪਣੇ ਬੱਚੇ ਨੂੰ ਪਿਆਰ ਕਰਨਾ ਸਿੱਖ ਲਿਆ ਹੋਵੇ।
ਇਕ ਹੋਰ ਮਾਂ ਨੇ ਮੈਨੂੰ ਦੱਸਿਆ ਕਿ ਉਸ ਨੇ ਪ੍ਰਾਜੈਕਟ ਮੈਨੇਜਮੈਂਟ ਦਾ ਕਰੀਅਰ ਛੱਡ ਦਿੱਤਾ ਜਿਸ ਲਈ ਉਸ ਨੇ ਦਿਨ-ਰਾਤ ਮਿਹਨਤ ਕੀਤੀ ਸੀ। ਨੌਕਰੀ ਇਸ ਲਈ ਛੱਡੀ ਕਿਉਂਕਿ ਬੇਟੀ ਨੂੰ ਇਕ ਅਜਿਹੀ ਪੂਰਨ-ਸਮਾਂ ਮੌਜੂਦਗੀ ਚਾਹੀਦੀ ਸੀ ਜੋ ਨੌਕਰੀ ਦੇ ਕਿਸੇ ਸ਼ਡਿਊਲ ’ਚ ਫਿੱਟ ਨਹੀਂ ਹੁੰਦੀ ਸੀ। ‘ਉਸ ਨੂੰ ਮੇਰੀ ਲੋੜ ਸੀ ਕਿ ਮੈਂ ਹੀ ਉਸ ਦਾ ਸ਼ਡਿਊਲ ਬਣ ਜਾਵਾਂ,’’ ਉਸ ਮਾਂ ਨੇ ਬਸ ਇੰਨਾ ਕਿਹਾ ਅਤੇ ਜ਼ਮੀਨ ਵੱਲ ਦੇਖ ਕੇ ਮੁਸਕਰਾਈ।
ਮਾਂ ਜਿਸ ਨੇ ਅਸੰਭਵ ਨੂੰ ਸੰਭਵ ਕੀਤਾ : ਮੈਨੂੰ ਇਕ ਮਾਂ ਦੀ ਕਹਾਣੀ ਯਾਦ ਹੈ ਜਿਸ ਦੇ ਦਿਵਿਆਂਗ ਬੇਟੇ ਨੂੰ ਕਈ ਡਾਕਟਰਾਂ ਨੇ ਪੜ੍ਹਨ-ਲਿਖਣ ’ਚ ਲਾਚਾਰ ਦੱਸਿਆ ਸੀ। ਦਿਲ ’ਤੇ ਪੱਥਰ ਰੱਖ ਕੇ ਮਾਂ ਨੇ ਡਾਕਟਰਾਂ ਦੀਆਂ ਗੱਲਾਂ ਸੁਣੀਆਂ ਅਤੇ ਸਹੀਆਂ। ਬੱਚੇ ਬਾਰੇ ਪ੍ਰਗਟਾਈ ਗਈ ਲਾਚਾਰੀ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਉਹ ਮਾਂ ਹੀ ਆਪਣੇ ਬੱਚੇ ਦੀ ਥੈਰੇਪਿਸਟ ਬਣੀ, ਉਸ ਦੀ ਅਧਿਆਪਕਾ ਬਣੀ, ਉਸ ਦੀ ਜ਼ੁਬਾਨ ਬਣੀ ਅਤੇ ਅਖ਼ੀਰ ’ਚ ਉਸ ਦੀ ਸੁਰੀਲੀ ਆਵਾਜ਼ ਬਣੀ। ਅੱਜ ਉਹ ਨੌਜਵਾਨ ਆਪਣੀ ਗਾਇਕੀ ਦੇ ਹੁਨਰ ਨਾਲ ਸੁਰਾਂ ਦੇ ਰਸ ਘੋਲਦਾ ਹੈ, ਜਿਸ ਦੇ ਬੋਲਾਂ ਨਾਲ ਲੋਕਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ।
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਮਾਵਾਂ ਨੂੰ ਸਲਾਮ— ‘‘ਤੁਹਾਡਾ ਸਬਰ ਸਾਧਾਰਨ ਨਹੀਂ ਹੈ। ਇਹ ਅਸਾਧਾਰਨ ਹੈ। ਤੁਸੀਂ ਸਿਰਫ਼ ਇਕ ਬੱਚੇ ਨੂੰ ਨਹੀਂ ਪਾਲ ਰਹੀਆਂ, ਤੁਸੀਂ ਚੁੱਪ-ਚਾਪ ਦੁਨੀਆ ਦੀ ਉਸ ਸਮਝ ਨੂੰ ਵੱਡਾ ਕਰ ਰਹੀਆਂ ਹੋ ਜੋ ਪਿਆਰ ਨੂੰ ਉਸ ਦੇ ਹਰ ਰੂਪ ਵਿਚ ਪਛਾਣੇ। ਇਹ ਸਿਰਫ਼ ਮਾਂ ਦਾ ਪਿਆਰ ਨਹੀਂ ਹੈ। ’’
ਜਸ਼ਨ ਦੇ ਨਾਲ ਅਹਿਸਾਸ ਵੀ : ਮਦਰਜ਼ ਡੇਅ ’ਤੇ ਸਾਡਾ ਜਸ਼ਨ ਮਾਂ ਦੀਆਂ ਦੁਆਵਾਂ ਤੋਂ ਬਿਨਾਂ ਅਧੂਰਾ ਹੈ। ਮਾਂ ਜੇ ਦੂਰ ਹੈ ਤਾਂ ਫ਼ੋਨ ਕਰੋ। ਉਹ ਗੱਲ ਕਹੋ ਜੋ ਕਦੇ ਕਹਿ ਨਹੀਂ ਪਾਉਂਦੇ। ਜੇ ਨਾਲ ਹੈ ਤਾਂ ਕੁਝ ਪਲ ਉਨ੍ਹਾਂ ਕੋਲ ਬੈਠੋ। ਪੁੱਛੋ ਕਿਵੇਂ ਹੋ ਅਤੇ ਫਿਰ ਉਨ੍ਹਾਂ ਕੋਲ ਇੰਨੀ ਦੇਰ ਰੁਕੋ ਕਿ ਸੱਚਮੁੱਚ ਉਨ੍ਹਾਂ ਦੇ ਦਿਲ ਦੀ ਗੱਲ ਸੁਣ ਸਕੋ। ਉਨ੍ਹਾਂ ਦੇ ਚਿਹਰੇ ਦੀਆਂ ਝੁਰੜੀਆਂ ਅਤੇ ਹੱਥਾਂ ਦੀਆਂ ਡੂੰਘੀਆਂ ਲਕੀਰਾਂ ਦੇਖੋ ਅਤੇ ਸਮਝੋ ਕਿ ਉਹ ਕੀ ਬਿਆਨ ਕਰਦੀਆਂ ਹਨ। ਸੋਚੋ ਉਨ੍ਹਾਂ ਹਜ਼ਾਰਾਂ ਅਣਦੇਖੇ ਕੰਮਾਂ ਬਾਰੇ ਜੋ ਬਿਨਾਂ ਥੱਕੇ ਉਨ੍ਹਾਂ ਨੇ ਤੁਹਾਡੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਤੁਹਾਡੇ ਲਈ ਕੀਤੇ। ਤੁਸੀਂ ਮਹਿਸੂਸ ਕਰੋਗੇ ਕਿ ਕਿਤੇ ਅੱਜ ਵੀ ਤੁਹਾਡੇ ਜੀਵਨ ’ਚ ਮਾਂ ਦੇ ਖ਼ਾਮੋਸ਼ ਜਾਦੂ ਦਾ ਅਸਰ ਹੈ। ਮਾਂ ਤੈਨੂੰ ਸਲਾਮ।
-ਸੰਗੀਤਾ ਮਿੱਤਲ
ਲੇਖਿਕਾ ਸਪਿਰਚੁਅਲ-ਲਾਈਫਸਟਾਈਲ ਮੈਂਟਰ ਅਤੇ ‘ਅੰਮ੍ਰਤਮ’ ਦੀ ਸੰਸਥਾਪਕ ਹੈ)
