‘ਆਖਿਰ ਕਦੋਂ ਰੁਕਣਗੇ’ ‘ਦੇਸ਼ ’ਚ ਰੋਜ਼-ਰੋਜ਼ ਹੋਣ ਵਾਲੇ ਰੇਲ ਹਾਦਸੇ’
Wednesday, Jul 31, 2024 - 03:47 AM (IST)
ਭਾਰਤੀ ਰੇਲਾਂ ’ਚ ਹੋਣ ਵਾਲੇ ਹਾਦਸਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 6 ਹਫਤਿਆਂ ’ਚ 4 ਯਾਤਰੀ ਰੇਲ ਹਾਦਸੇ ਹੋਏ ਜਿਨ੍ਹਾਂ ’ਚ 17 ਲੋਕਾਂ ਦੀ ਮੌਤ ਅਤੇ 100 ਤੋਂ ਵੱਧ ਯਾਤਰੀ ਜ਼ਖਮੀ ਹੋ ਚੁੱਕੇ ਹਨ। ਪਿਛਲੇ ਦੋ ਦਿਨਾਂ ’ਚ ਹੀ 2 ਰੇਲ ਹਾਦਸੇ ਹੋਏ ਹਨ, ਜੋ ਹੇਠਾਂ ਦਰਜ ਹਨ:
* 29 ਜੁਲਾਈ ਨੂੰ ਬਿਹਾਰ ਦੇ ਸਮਸਤੀਪੁਰ ਜ਼ਿਲੇ ’ਚ ‘ਖੁਦੀਰਾਮ ਬੋਸ’ ਅਤੇ ‘ਕਰਪੂਰੀ ਠਾਕੁਰ’ ਰੇਲਵੇ ਸਟੇਸ਼ਨਾਂ ਵਿਚਾਲੇ ‘ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈੱਸ’ ਟ੍ਰੇਨ ਦਾ ਇੰਜਣ ਅਤੇ 2 ਬੋਗੀਆਂ ਹੋਰ ਡੱਬਿਆਂ ਤੋਂ ਵੱਖ ਹੋ ਗਈਆਂ।
* 30 ਜੁਲਾਈ ਨੂੰ ਝਾਰਖੰਡ ਦੇ ਚੱਕਰਧਰਪੁਰ ਰੇਲ ਮੰਡਲ ’ਚ ਸਵੇਰੇ ਪੌਣੇ 4 ਵਜੇ ‘ਬੜਾਬੰਬੂ’ ਰੇਲਵੇ ਸਟੇਸ਼ਨ ਦੇ ਨੇੜੇ ਹਾਵੜਾ-ਮੁੰਬਈ ਟ੍ਰੇਨ ਦੀਆਂ 18 ਬੋਗੀਆਂ ਪੱਟੜੀ ਤੋਂ ਉਤਰ ਜਾਣ ਨਾਲ 2 ਲੋਕਾਂ ਦੀ ਮੌਤ ਅਤੇ 22 ਹੋਰ ਜ਼ਖਮੀ ਹੋ ਗਏ। ਦੱਸਿਆ ਜਾਂਦਾ ਹੈ ਕਿ ਹਾਵੜਾ-ਮੁੰਬਈ ਟ੍ਰੇਨ ਨੇ ਖੜ੍ਹੀ ਮਾਲਗੱਡੀ ਨੂੰ ਟੱਕਰ ਮਾਰੀ।
ਸਾਬਕਾ ਰੇਲ ਮੰਤਰੀ ਲਾਲੂ ਯਾਦਵ ਨੇ ਇਸ ਘਟਨਾ ’ਤੇ ਟਿੱਪਣੀ ਕਰਦੇ ਹੋਏ ਕਿਹਾ, ‘‘ਭਾਰਤੀ ਰੇਲ ਯਾਤਰਾ ਇੰਨੀ ਅਸੁਰੱਖਿਅਤ ਹੋ ਚੁੱਕੀ ਹੈ ਕਿ ਰੇਲਗੱਡੀਆਂ ’ਚ ਸਵਾਰ ਹੋਣ ਤੋਂ ਪਹਿਲਾਂ ਯਾਤਰੀ ਪ੍ਰਾਰਥਨਾ ਕਰਦੇ ਹਨ ਕਿ ਇਹ ਯਾਤਰਾ ਉਨ੍ਹਾਂ ਦੀ ਆਖਰੀ ਯਾਤਰਾ ਨਾ ਹੋਵੇ।’’
ਹਾਲਾਂਕਿ ਰੇਲ ਹਾਦਸੇ ਰੋਕਣ ਲਈ ਹੁਣ ਪਿਛਲੇ ਕੁਝ ਸਮੇਂ ਤੋਂ ਰੇਲਗੱਡੀਆਂ ’ਚ ‘ਆਟੋਮੈਟਿਕ ਰੇਲ ਸੁਰੱਖਿਆ ਪ੍ਰਣਾਲੀ’ (ਕਵਚ) ਲਾਗੂ ਕਰਨ ਦੀ ਦਿਸ਼ਾ ’ਚ ਕਦਮ ਚੁੱਕੇ ਗਏ ਹਨ ਪਰ ਇਸ ਨੂੰ ਲਾਗੂ ਕਰਨ ਦੀ ਰਫਤਾਰ ਬੇਹੱਦ ਮੱਠੀ ਹੈ।
ਇਸ ਤਕਨੀਕ ’ਤੇ 2012 ’ਚ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ 2016 ’ਚ ਇਸ ਦਾ ਪਹਿਲਾ ਟ੍ਰਾਇਲ ਕੀਤਾ ਗਿਆ ਸੀ। ਇਸ ਲਈ ‘ਕਵਚ ਪ੍ਰਣਾਲੀ’ ਨੂੰ ਸਰਵਉੱਚ ਪਹਿਲ ਦੇ ਆਧਾਰ ’ਤੇ ਲਾਗੂ ਕਰਨ ਦੀ ਲੋੜ ਹੈ।
ਇਸ ਦੇ ਨਾਲ ਹੀ ਰੇਲਗੱਡੀਆਂ ਦੇ ਸੰਚਾਲਨ ਵਰਗੀਆਂ ਮਹੱਤਵਪੂਰਨ ਡਿਊਟੀਆਂ ’ਤੇ ਤਾਇਨਾਤ ਹੋਣ ਦੇ ਬਾਵਜੂਦ ਲਾਪ੍ਰਵਾਹੀ ਵਰਤਣ ਵਾਲੇ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਚਾਲਕਾਂ ਤੇ ਮੇਂਟੀਨੈਂਸ ਸਟਾਫ ਦੀ ਚੋਣ ਦੇ ਮਾਪਦੰਡ ਸਖਤ ਅਤੇ ਨਿਰਪੱਖ ਕਰਨ ਦੀ ਲੋੜ ਹੈ।
–ਵਿਜੇ ਕੁਮਾਰ