ਅਸੀਂ ਬੰਗਲਾਦੇਸ਼ੀ ਹਿੰਦੂਆਂ ਦੀ ਦਾਸਤਾਨ ਨੂੰ ਹੌਲੇਪਣ ’ਚ ਨਾ ਲਈਏ

Monday, Dec 02, 2024 - 02:50 PM (IST)

ਅਸੀਂ ਬੰਗਲਾਦੇਸ਼ੀ ਹਿੰਦੂਆਂ ਦੀ ਦਾਸਤਾਨ ਨੂੰ ਹੌਲੇਪਣ ’ਚ ਨਾ ਲਈਏ

1971 ਦੀ ਭਾਰਤ-ਪਾਕਿਸਤਾਨ ਜੰਗ ਦੇ ਬਾਅਦ ਹਿੰਦੁਸਤਾਨ ਦੀ ਬਦੌਲਤ ਹੋਂਦ ’ਚ ਆਏ ਬੰਗਲਾਦੇਸ਼ ’ਚ ਹਿੰਦੂਆਂ ਨਾਲ ਭੈੜਾ ਸਲੂਕ ਸਾਡੇ ਦੇਸ਼ ਲਈ ਲਗਾਤਾਰ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ। ਆਬਾਦੀ ਪੱਖੋਂ ਬੰਗਲਾਦੇਸ਼ ਭਾਰਤ ਅਤੇ ਨੇਪਾਲ ਦੇ ਗੁਆਂਢੀ ਦੇਸ਼ਾਂ ਦੇ ਬਾਅਦ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹਿੰਦੂ ਆਬਾਦੀ ਵਾਲਾ ਦੇਸ਼ ਹੈ।

ਬੰਗਲਾਦੇਸ਼ ਦੇ 64 ਜ਼ਿਲਿਆਂ ’ਚੋਂ 61 ’ਚ ਹਿੰਦੂ ਧਰਮ ਦੂਜਾ ਸਭ ਤੋਂ ਵੱਡਾ ਧਰਮ ਹੈ, ਪਰ ਬੰਗਲਾਦੇਸ਼ ’ਚ ਕੋਈ ਵੀ ਹਿੰਦੂ ਬਹੁਗਿਣਤੀ ਜ਼ਿਲਾ ਨਹੀਂ ਹੈ। ਮੌਜੂਦਾ ਸਮੇਂ ’ਚ ਬੰਗਲਾਦੇਸ਼ ’ਚ ਹਿੰਦੂ ਆਬਾਦੀ ਲਗਾਤਾਰ ਜਨਸੰਖਿਆ ਦੇ ਫੀਸਦੀ ਦੇ ਰੂਪ ’ਚ ਘੱਟ ਰਹੀ ਹੈ, 1941 ’ਚ 28 ਫੀਸਦੀ ਤੋਂ 1974 ’ਚ ਬੰਗਲਾਦੇਸ਼ ਦੀ ਸਥਾਪਨਾ ਦੇ ਮੌਕੇ 13.5 ਫੀਸਦੀ ਹੋ ਗਈ ਅਤੇ 2022 ’ਚ ਹੋਰ ਘੱਟ ਕੇ 7.9 ਫੀਸਦੀ ਹੋ ਗਈ। ਬੰਗਲਾਦੇਸ਼ ਮੁਕਤੀ ਜੰਗ ਦੌਰਾਨ ਤਸ਼ੱਦਦ ਤੋਂ ਬਚਣ ਲਈ ਲਗਭਗ 80 ਲੱਖ ਹਿੰਦੂ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਭੱਜ ਗਏ। ਆਜ਼ਾਦੀ ਦੇ ਬਾਅਦ ਇਹ ਪਤਾ ਲੱਗਾ ਕਿ 15 ਲੱਖ ਹਿੰਦੂ ਭਾਰਤ ’ਚ ਰਹਿ ਗਏ।

ਢਾਕਾ ਯੂਨੀਵਰਸਿਟੀ ਦੇ ਅਰਥਸ਼ਾਸਤਰੀ ਅਬੁਲ ਬਰਕਤ ਅਨੁਸਾਰ 1964 ਤੋਂ 2013 ਤੱਕ ਧਾਰਮਿਕ ਤਸ਼ੱਦਦ ਅਤੇ ਵਿਤਕਰੇ ਕਾਰਨ ਲਗਭਗ 11.3 ਮਿਲੀਅਨ ਹਿੰਦੂਆਂ ਨੇ ਬੰਗਲਾਦੇਸ਼ ਛੱਡ ਦਿੱਤਾ। ਉਨ੍ਹਾਂ ਅਨੁਸਾਰ ਔਸਤਨ ਹਰ ਦਿਨ 632 ਿਹੰਦੂ ਦੇਸ਼ ਛੱਡ ਕੇ ਚਲੇ ਗਏ ਅਤੇ ਸਾਲਾਨਾ 2,30,612 ਹਿੰਦੂ ਛੱਡ ਕੇ ਚਲੇ ਗਏ। ਗੁਆਂਢੀ ਦੇਸ਼ਾਂ ’ਚ ਹਿੰਦੂਆਂ ’ਤੇ ਜ਼ੁਲਮ ਦੀ ਕਹਾਣੀ ਨਵੀਂ ਨਹੀਂ ਹੈ। ਸਾਲ 1947 ’ਚ ਜਦੋਂ ਭਾਰਤ ਦੀ ਵੰਡ ਹੋਈ, ਲੱਖਾਂ ਦੀ ਗਿਣਤੀ ’ਚ ਹਿੰਦੂ ਅਤੇ ਮੁਸਲਮਾਨਾਂ ਨੇ ਧਰਮ ਦੇ ਆਧਾਰ ’ਤੇ ਮੁਲਕ ਬਦਲਿਆ। ਫਿਰ ਵੀ ਕੁਝ ਮੁਸਲਮਾਨ ਅਜਿਹੇ ਸਨ, ਜੋ ਭਾਰਤ ’ਚ ਹੀ ਰਹਿ ਗਏ।

ਭਾਰਤ ਨੇ ਹਿੰਦੂ ਰਾਸ਼ਟਰ ਬਣਨ ਦੀ ਬਜਾਏ ਧਰਮਨਿਰਪੱਖ ਦੇਸ਼ ਬਣਨਾ ਪਸੰਦ ਕੀਤਾ ਤਾਂ ਕਿ ਭਾਰਤ ’ਚ ਰਹਿਣ ਵਾਲੇ ਘੱਟਗਿਣਤੀ ਖੁਦ ਨੂੰ ਅਸੁਰੱਖਿਅਤ ਨਾ ਸਮਝਣ, ਉਨ੍ਹਾਂ ਨੂੰ ਬਰਾਬਰ ਦੇ ਹੱਕ ਮਿਲਣ ਅਤੇ ਇਸ ਦੇ ਲਈ ਭਾਰਤ ਨੇ ਆਪਣੇ ਸੰਵਿਧਾਨ ’ਚ ਧਰਮ ਚੁਣਨ ਦੀ ਆਜ਼ਾਦੀ ਨੂੰ ਮੌਲਿਕ ਅਧਿਕਾਰਾਂ ਦੀ ਸੂਚੀ ’ਚ ਥਾਂ ਦਿੱਤੀ। ਭਾਰਤ ਦੀ ਵੰਡ ਤੋਂ ਪਹਿਲਾਂ ਮੁਸਲਮਾਨਾਂ ਦੀ ਗਿਣਤੀ ਭਾਰਤ ਦੀ ਕੁੱਲ ਆਬਾਦੀ ਦਾ 10 ਫੀਸਦੀ ਸੀ, ਜੋ ਅੱਜ ਵਧ ਕੇ ਲਗਭਗ 15 ਫੀਸਦੀ ਹੋ ਗਈ ਹੈ ਪਰ ਪਾਕਿਸਤਾਨ ’ਚ ਰਹਿਣ ਵਾਲੇ ਹਿੰਦੂਆਂ ਦੀ ਕਿਸਮਤ ਭਾਰਤੀ ਮੁਸਲਮਾਨਾਂ ਵਰਗੀ ਨਾ ਉਦੋਂ ਸੀ, ਨਾ ਅੱਜ ਹੈ। ਪਾਕਿਸਤਾਨ ’ਚ ਵੱਸੇ ਹਿੰਦੂਆਂ ’ਚ ਲਗਭਗ 96 ਫੀਸਦੀ ਸਿੰਧ ਸੂਬੇ ’ਚ ਹੀ ਰਹਿੰਦੇ ਹਨ।

ਸੰਨ 1956 ’ਚ ਪਾਕਿਸਤਾਨ ਦਾ ਸੰਵਿਧਾਨ ਬਣਿਆ ਅਤੇ ਪਾਕਿਸਤਾਨ ਪ੍ਰਗਤੀਸ਼ੀਲ ਅਤੇ ਉਦਾਰਵਾਦੀ ਵਿਚਾਰਧਾਰਾਵਾਂ ਨੂੰ ਤਿਆਗ ਕੇ ਕੱਟੜ ਦੇਸ਼ ਬਣ ਗਿਆ ਅਤੇ ਉਦੋਂ ਤੋਂ ਘੱਟਗਿਣਤੀ ਹਿੰਦੂਆਂ ਨੂੰ ਉਥੇ ਰਹਿਣਾ ਦੁੱਭਰ ਹੋ ਗਿਆ ਹੈ। ਬੰਗਲਾਦੇਸ਼ ’ਚ ਵੀ ਇਹੀ ਕਹਾਣੀ ਦੁਹਰਾਈ ਜਾ ਰਹੀ ਹੈ। ਵੇਖਣ ’ਚ ਆਇਆ ਹੈ ਕਿ ਪਾਕਿਸਤਾਨ ਦੀ ਜਦੋਂ ਵੀ ਭਾਰਤ ਅੱਗੇ ਦਾਲ ਨਹੀਂ ਗਲਦੀ ਤਾਂ ਸਾਰੀਆਂ ਘਟਨਾਵਾਂ ਦਾ ਖਮਿਆਜ਼ਾ ਪਾਕਿਸਤਾਨ ’ਚ ਰਹਿਣ ਵਾਲੇ ਹਿੰਦੂਆਂ ਨੂੰ ਭੁਗਤਣਾ ਪੈਂਦਾ ਹੈ। ਜ਼ਿਆ-ਉਲ-ਹੱਕ ਦੀ ਤਾਨਾਸ਼ਾਹੀ ਤੋਂ ਲੈ ਕੇ ਹੁਣ ਤਾਲਿਬਾਨ ਦੇ ਜ਼ੁਲਮਾਂ ਤੱਕ ਪਾਕਿਸਤਾਨੀ ਹਿੰਦੂਆਂ ਦੀ ਜ਼ਿੰਦਗੀ ਦੁੱਭਰ ਹੀ ਰਹੀ ਹੈ।

ਕਹਿੰਦੇ ਹਨ ਕਿ ਆਜ਼ਾਦੀ ਦੇ ਸਮੇਂ ਪਾਕਿਸਤਾਨ ’ਚ ਕੁੱਲ 428 ਮੰਦਰ ਸਨ, ਜਿਨ੍ਹਾਂ ’ਚੋਂ ਹੁਣ ਸਿਰਫ 26 ਹੀ ਬਚੇ ਹਨ। ਪਾਕਿਸਤਾਨ ’ਚ ਵਧੇਰੇ ਮੰਦਰ ਡੇਗ ਦਿੱਤੇ ਗਏ ਜਾਂ ਉਨ੍ਹਾਂ ਨੂੰ ਹੋਟਲ ਬਣਾ ਦਿੱਤਾ ਗਿਆ। ਪਾਕਿਸਤਾਨ ਦੇ ਨੈਸ਼ਨਲ ਕਮਿਸ਼ਨ ਫਾਰ ਜਸਟਿਸ ਐਂਡ ਪੀਸ ਦੀ ਸਾਲ 2012 ਦੀ ਰਿਪੋਰਟ ਅਨੁਸਾਰ 74 ਫੀਸਦੀ ਹਿੰਦੂ ਔਰਤਾਂ ਸੈਕਸ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਸਾਲ 2012 ਦੀ ਰਿਪੋਰਟ ਅਨੁਸਾਰ ਪਾਕਿਸਤਾਨ ਦੇ ਸਿੰਧ ਸੂਬੇ ’ਚ ਹਰ ਮਹੀਨੇ 20 ਤੋਂ 25 ਹਿੰਦੂ ਲੜਕੀਆਂ ਨੂੰ ਅਗਵਾ ਕਰ ਲਿਆ ਜਾਂਦਾ ਹੈ ਅਤੇ ਜਬਰੀ ਧਰਮ ਤਬਦੀਲ ਕਰਾਇਆ ਜਾਂਦਾ ਹੈ।

ਜਦੋਂ ਪਾਕਿਸਤਾਨ ’ਚ ਜਿਊਣ ਲਈ ਹਿੰਦੂ ਘੱਟਗਿਣਤੀਆਂ ਦੀ ਢੁੱਕਵੀਂ ਸਥਿਤੀ ਨਹੀਂ ਰਹੀ ਤਾਂ ਬੰਗਲਾਦੇਸ਼ ਇਸਦਾ ਅਪਵਾਦ ਕਿਵੇਂ ਸਾਬਿਤ ਹੋਵੇਗਾ ਅਤੇ ਅੱਜ ਇਹੀ ਕੁਝ ਹਿੰਦੂਆਂ ਨਾਲ ਬੰਗਲਾਦੇਸ਼ ’ਚ ਵੇਖਣ ਨੂੰ ਮਿਲ ਰਿਹਾ ਹੈ।ਬੰਗਲਾਦੇਸ਼ ਦੀ ਮੌਜੂਦਾ ਸਰਕਾਰ ਭਾਰਤ ਵਿਰੋਧੀ ਸੋਚ ਵਾਲੀ ਹੈ ਜਿਸ ਤੋਂ ਯੂਨੁਸ ਵੀ ਅਛੂਤੇ ਨਹੀਂ ਹਨ। ਜੇਕਰ ਉਹ ਭਾਰਤ ਪੱਖੀ ਦਿਸਣਾ ਵੀ ਚਾਹੁਣ ਤਾਂ ਉਹ ਅਜਿਹਾ ਨਹੀਂ ਕਰ ਸਕਦੇ ਕਿਉਂਕਿ ਹਸੀਨਾ ਸਰਕਾਰ ਦੇ ਿਡੱਗਣ ਦਾ ਵੱਡਾ ਕਾਰਨ ਉਨ੍ਹਾਂ ਦਾ ਭਾਰਤ ਪੱਖੀ ਨਜ਼ਰੀਆ ਸੀ।

ਨਹੀਂ ਤਾਂ ਉਥੇ ਸੁਪਰੀਮ ਕੋਰਟ ਦਾ ਰਾਖਵੇਂਕਰਨ ’ਤੇ ਫੈਸਲਾ ਆਉਣ ਦੇ ਬਾਅਦ ਉਨ੍ਹਾਂ ਨੂੰ ਗੱਦੀਓਂ ਲਾਹੁਣ ਦਾ ਕੋਈ ਕਾਰਨ ਹੀ ਨਹੀਂ ਸੀ। ਰਾਖਵੇਂਕਰਨ ਦੇ ਨਾਂ ’ਤੇ ਉਥੋਂ ਦੇ ਨੌਜਵਾਨਾਂ ਨੂੰ ਹਥਿਆਰ ਵਜੋਂ ਬੰਗਲਾਦੇਸ਼ੀ ਕੱਟੜਪੰਥੀਆਂ ਨੇ ਵਰਤਿਆ ਅਤੇ ਹਸੀਨਾ ਸਰਕਾਰ ਨੂੰ ਡੇਗ ਦਿੱਤਾ। ਇਹ ਲੋਕ ਅਜਿਹੇ ਮੌਕੇ ਦੀ ਭਾਲ ’ਚ ਹੀ ਬੈਠੇ ਸਨ। ਅਫਸੋਸ ਦੀ ਗੱਲ ਹੈ ਕਿ ਜਿਸ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਲਈ ਹਿੰਦੁਸਤਾਨੀ ਭਾਵ ਭਾਰਤੀ ਫੌਜਾਂ ਨੇ ਮੁਕਾਬਲਾ ਕੀਤਾ ਸੀ, ਇਸੇ ਭਾਰਤ ਦੀਆਂ ਬਹੁਗਿਣਤੀਆਂ ਨੂੰ ਹੁਣ ਉਥੋਂ ਦੇ ਹੁਕਮਰਾਨ ਆਪਣਾ ਦੁਸ਼ਮਣ ਕਿਉਂ ਮੰਨਦੇ ਹਨ?

–ਡਾ. ਵਰਿੰਦਰ ਭਾਟੀਆ
 


author

Tanu

Content Editor

Related News