ਅਮਰੀਕੀ ਟੈਰਿਫ : ਭਾਰਤ ਆਪਣੀਆਂ ਨੀਤੀਆਂ ਦਾ ਮੁੜ ਨਿਰੀਖਣ ਕਰੇ
Wednesday, Aug 06, 2025 - 05:06 PM (IST)

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਵਪਾਰ ਸੰਗਠਨ ਦੇ ਸਰਬਸੰਮਤੀ ਨਾਲ ਬਣਾਏ ਗਏ ਨਿਯਮਾਂ ਨੂੰ ਸਪੱਸ਼ਟ ਰੂਪ ਨਾਲ ਨਜ਼ਰਅੰਦਾਜ਼ ਕਰ ਕੇ ਬਿਨਾਂ ਦੂਜੇ ਦੇਸ਼ਾਂ ਨਾਲ ਵਿਚਾਰ ਵਟਾਦਰਾਂ ਕੀਤੇ ਆਪਣੇ ਵਪਾਰਕ ਅਤੇ ਸਿਆਸੀ ਮਕਸਦ ਨੂੰ ਪੂਰਾ ਕਰਨ ਲਈ ਟੈਰਿਫ ਲਾ ਕੇ ਕੌਮਾਂਤਰੀ ਜਗਤ ’ਚ ਇਕ ਨਵਾਂ ਆਰਥਿਕ ਭੂਚਾਲ ਲਿਆਂਦਾ ਹੈ।
ਹਰ ਦੇਸ਼ ਜਿਨ੍ਹਾਂ ’ਤੇ ਵੱਧ ਤੋਂ ਵੱਧ ਟੈਰਿਫ ਲਾਇਆ ਗਿਆ ਹੈ, ਉਹ ਮੁੜ ਨਵੀਆਂ ਨੀਤੀਆਂ ਬਣਾਉਣ ’ਤੇ ਵਿਚਾਰ ਕਰ ਰਿਹਾ ਹੈ। ਟਰੰਪ ਨੇ ਅਮਰੀਕਾ ਦੀ 1980 ਦੀ ‘ਪਾਲਿਸੀ ਅਾਫ ਪ੍ਰੋਟੈਕਸ਼ਨ’ ਦੀ ਪਾਲਣਾ ਸ਼ੁਰੂ ਕੀਤੀ ਹੈ, ਜੋ ਦੂਜੇ ਦੇਸ਼ਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ। ਭਾਰਤ ਨੇ 1991 ’ਚ ਵਿਸ਼ਵ ਵਪਾਰ ਸੰਗਠਨ ਨੂੰ ਉਤਸ਼ਾਹਿਤ ਕਰਨ ਲਈ ਉਦਾਰੀਕਰਨ, ਨਿੱਜੀਕਰਨ ਅਤੇ ਕੌਮਾਂਤਰੀਕਰਨ ਦੀ ਜਿਸ ਨੀਤੀ ਨੂੰ ਅਪਣਾਇਆ ਅਤੇ ਹੁਣ ਤਕ ਬਿਨਾਂ ਕਿਸੇ ਰੋਕ-ਟੋਕ ਤੋਂ ਉਸ ਨੂੰ ਜਾਰੀ ਰੱਖਿਆ, ਉਸ ਨੂੰ ਵੀ ਹੁਣ ਡੂੰਘਾ ਝਟਕਾ ਲੱਗਾ ਹੈ।
ਸੱਚਾਈ ਇਹ ਹੈ ਕਿ ਕੌਮਾਂਤਰੀ ਜਗਤ ’ਚ ਆਰਥਿਕ ਰਾਸ਼ਟਰਵਾਦ ਜਨਮ ਲੈ ਲਿਆ ਰਿਹਾ ਹੈ ਜਿਸ ਨੂੰ ਹਰ ਦੇਸ਼ ਆਪਣੇ ਉਦਯੋਗਾਂ ਨੂੰ ਸੁਰੱਖਿਅਤ ਰੱਖਣ ਲਈ ਨਵੀਆਂ ਨੀਤੀਆਂ ਦਾ ਨਿਰਮਾਣ ਕਰਨ ’ਚ ਲੱਗਾ ਹੋਇਆ ਹੈ। ਟਰੰਪ ਇਕ ਅਜੀਬੋ-ਗਰੀਬ, ਹੈਰਾਨੀ ਭਰੇ ਮਿਜਾਜ਼ ਵਾਲੇ ਵਪਾਰੀ ਅਤੇ ਸਿਆਸਤਦਾਨ ਹਨ ਜੋ ਇਕ ਗੰਭੀਰ ਅਤੇ ਕਾਮਯਾਬ ਗੁਣਾਂ ਦੀ ਪਰਿਪਕਤਾ ਤੋਂ ਵਾਂਝੇ ਹਨ।
ਸਵੇਰੇ ਟਰੰਪ ਇਕ ਬਿਆਨ ਦਿੰਦੇ ਹਨ ਤਾਂ ਸ਼ਾਮ ਨੂੰ ਉਸੇ ’ਤੇ ਪਲਟੀ ਮਾਰ ਦਿੰਦੇ ਹਨ। ਟਰੰਪ ਨੇ ਨਵੀਂ ਟੈਰਿਫ ਨੀਤੀ ਮੁਤਾਬਕ ਭਾਰਤ ’ਤੇ 25 ਫੀਸਦੀ ਟੈਰਿਫ ਲਾਇਅਾ ਹੈ ਜੋ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਵੱਧ ਹੈ। ਟਰੰਪ ਭਾਰਤ ਕੋਲੋਂ ਕੀ ਉਮੀਦ ਰੱਖਦੇ ਹਨ, ਇਸ ’ਤੇ ਨਜ਼ਰਸਾਨੀ ਕਰਨੀ ਬਹੁਤ ਜ਼ਰੂਰੀ ਹੈ।
ਟਰੰਪ ਭਾਰਤ ਦੇ ਰੂਸ ਨਾਲ ਗੂੜੇ ਸਬੰਧਾਂ ਨੂੰ ਤੋੜਨਾ ਚਾਹੁੰਦੇ ਹਨ ਅਤੇ ਭਾਰਤ ਨੂੰ ਆਪਣਾ ਇਕ ਸਾਥੀ ਬਣਾਉਣ ਲਈ ਹਰ ਤਰ੍ਹਾਂ ਦੀ ਸਿਆਸੀ ਸ਼ਤਰੰਜ ਦੀ ਚਾਲ ਚੱਲਣੀ ਚਾਹੁੰਦੇ ਹਨ। ਭਾਰਤ ਰੂਸ ਕੋਲੋਂ ਪਹਿਲਾਂ ਇਕ ਫੀਸਦੀ ਕੱਚਾ ਤੇਲ ਹਾਸਲ ਕਰਦਾ ਸੀ ਪਰ ਪਿੱਛਲੇ ਕੁਝ ਸਾਲਾਂ ਤੋਂ ਇਸ ਨੂੰ ਵਧਾ ਕੇ ਲਗਭਗ 39 ਫੀਸਦੀ ਕਰ ਦਿੱਤਾ ਹੈ। ਇਸ ਨਾਲ ਦੋਹਾਂ ਦੇਸ਼ਾਂ ਨੂੰ ਹੋਰ ਲਾਭ ਹੋਇਆ ਹੈ।
ਇਸੇ ਲਈ ਭਾਰਤ ’ਚ ਪੈਟਰੋਲ ਮਹਿੰਗਾ ਨਹੀਂ ਹੋਇਆ। ਨਾਲ ਹੀ ਪਿੱਛਲੇ ਕਈ ਸਾਲਾਂ ਤੋਂ ਫੌਜੀ ਉਪਕਰਣ ਵੱਡੀ ਮਾਤਰਾ ’ਚ ਰੂਸ ਤੋਂ ਖਰੀਦ ਰਿਹਾ ਹੈ। ਅਰਬਾਂ ਰੁਪਏ ਦੇ ਹਥਿਅਾਰ ਖਰੀਦਣ ਲਈ ਰੂਸ ਨਾਲ ਸਮਝੌਤਾ ਹੋਇਆ ਹੈ ਜੋ ਟਰੰਪ ਦੀਆਂ ਅੱਖਾਂ ’ਚ ਰੜਕ ਰਿਹਾ ਹੈ । ਸੱਚਾਈ ਇਹ ਹੈ ਕਿ ਭਾਰਤ ਨੇ ਅਮਰੀਕਾ ਨਾਲ ਵੀ ਆਪਣੇ ਚੰਗੇ ਸਬੰਧ ਬਣਾਏ ਹੋਏ ਹਨ ਅਤੇ ਰੂਸ ਉਸ ਦਾ ਅਜ਼ਮਾਇਆ ਹੋਇਆ ਦੋਸਤ ਹੈ, ਜਿਸ ਨੂੰ ਉਹ ਕਿਸੇ ਵੀ ਕੀਮਤ ’ਤੇ ਛੱਡ ਨਹੀਂ ਸਕਦਾ। ਅਮਰੀਕਾ ਨੇ ਰੂਸ ’ਤੇ ਪਾਬੰਦੀਆਂ ਲਾਈਆਂ ਹੋਈਆਂ ਹਨ ਜਦੋਂ ਕਿ ਭਾਰਤ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਉਸ ਕੋਲੋਂ ਕੱਚਾ ਤੇਲ ਲੈ ਰਿਹਾ ਹੈ।
ਟਰੰਪ ਨੇ ਭਾਰਤ ਦੀ ਅਰਥਵਿਵਥਤਾ ਨੂੰ ‘ਡੈੱਡ’ ਐਲਾਨਿਆਂ ਹੈ ਜਦੋਂ ਕਿ ਅਮਰੀਕਾ ਦਾ ਆਰਥਿਕ ਵਿਕਾਸ 1.8 ਫੀਸਦੀ ਹੈ। ਭਾਰਤ ਦਾ ਇਹ 6.5 ਫੀਸਦੀ ਹੈ ਪਰ ਜੀ.ਐੱਸ.ਟੀ. 22 ਲੱਖ ਕਰੋੜ ਰੁਪਏ ਦੇ ਲਗਭਗ ਹੈ ਅਤੇ ਸਰਕਾਰ ਨੇ ਕਿਸਾਨਾਂ ਨੂੰ 16.35 ਲੱਖ ਕਰੋੜ ਰੁਪਏ ਦੀ ਰਕਮ ਪ੍ਰਦਾਨ ਕੀਤੀ ਹੈ ਜਿਸ ਕਾਰਨ ਉਹ ਆਰਥਿਕ ਪੱਖੋਂ ਮਜ਼ਬੂਤ ਹੋ ਰਹੇ ਹਨ।
ਭਾਰਤ ਨੇ ਪਿਛਲੇ ਸਾਲਾਂ ’ਚ 4.60 ਕਰੋੜ ਲੋਕਾਂ ਨੂੰ ਵੱਖ-ਵੱਖ ਕਾਰੋਬਾਰ ਵੀ ਮੁਹੱਈਆ ਕਰਵਾਏ। ਰਾਸ਼ਟਰ ਵਿਕਾਸ ਦੇ ਰਾਹ ’ਤੇ ਤੇਜ਼ੀ ਨਾਲ ਚੱਲ ਰਿਹਾ ਹੈ ਕਿਉਂਕਿ ਅਰਥਵਿਵਥਤਾ ਪੂਰੀ ਤਰ੍ਹਾਂ ਊਰਜਾਵਾਨ ਅਤੇ ਜ਼ਿੰਦਾ ਹੈ। ਭਵਿੱਖ ’ਚ ਭਾਰਤ ਤੀਜੀ ਅਰਥਵਿਵਸਥਾ ਬਣਨ ਵਾਲਾ ਹੈ। ਇਸ ਲਈ ਇਸ ਨੂੰ ‘ਡੈੱਡ’ ਕਹਿਣਾ ਆਪਣੇ ਆਪ ਨੂੰ ਧੋਖਾ ਦੇਣ ਤੋਂ ਘੱਟ ਨਹੀਂ ਹੈ।
ਭਾਰਤ ਦੁਨੀਆ ਦੀ ਸਭ ਤੋਂ ਵੱਡੀ ਖਪਤਕਾਰ ਮੰਡੀ ਹੈ। ਟਰੰਪ ਆਪਣਾ ਮਾਲ ਵੇਚ ਕੇ ਮਾਲੋਮਾਲ ਹੋਣਾ ਚਾਹੁੰਦੇ ਹਨ। ਉਨ੍ਹਾਂ ਸੁਝਾਅ ਦਿੱਤਾ ਹੈ ਕਿ ਭਾਰਤ ਝੋਨੇ ’ਤੇ ਵੱਧ ਤੋਂ ਵੱਧ ਵਸੂਲੀ ਕੀਮਤ ਨੂੰ ਵਾਪਸ ਲਏ ਅਤੇ ਮੱਕਾ, ਸੋਇਆਬੀਨ, ਤਿੱਲ, ਦਾਲਾਂ ਅਤੇ ਡੇਅਰੀ ਪ੍ਰੋਡਕਟ ਅਮਰੀਕਾ ਤੋਂ ਖਰੀਦੇ। ਭਾਰਤ ’ਚ 8 ਕਰੋੜ ਲੋਕ ਪਸ਼ੂ-ਪਾਲਣ ਦੇ ਕਾਰੋਬਾਰ ਨਾਲ ਜੁੜੇ ਹਨ ਅਤੇ ਦੁਨੀਆ ’ਚ ਸਭ ਤੋਂ ਵੱਧ 25 ਫੀਸਦੀ ਦੁੱਧ ਦਾ ਉਤਪਾਦਨ ਕਰਦੇ ਹਨ।
ਜੇ ਅਮਰੀਕਾ ਤੋਂ ਦੁੱਧ, ਦਹੀਂ, ਮੱਖਣ, ਪਨੀਰ ਅਤੇ ਇਸ ਨਾਲ ਸਬੰਧਤ ਹੋਰ ਵਸਤਾਂ ਨੂੰ ਭਾਰਤ ਮੰਗਵਾ ਲਏ ਤਾਂ ਇਕ ਲੱਖ ਕਰੋੜ ਰੁਪਏ ਦਾ ਘਾਟਾ ਪਵੇਗਾ। ਇਸ ਨਾਲ ਦੇਸ਼ ਦੇ ਕਿਸਾਨਾਂ ਦੀ ਆਰਥਿਕ ਹਾਲਤ ਖਰਾਬ ਹੋ ਜਾਵੇਗੀ। ਭਾਰਤ ਦਾ ਕਿਸਾਨ ਥੋੜ੍ਹੀ ਜ਼ਮੀਨ ਦਾ ਮਾਲਕ ਹੈ ਜਾਂ ਛੋਟਾ ਕਾਰੋਬਾਰੀ ਹੈ, ਛੋਟਾ ਵਪਾਰੀ ਹੈ। ਅਜਿਹੇ ਕਿਸਾਨਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣਾ ਭਾਰਤ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ। ਕੌਮਾਂਤਰੀ ਵਪਾਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਖੇਤਰ ਨੂੰ ਸੁਰੱਖਿਅਤ ਰੱਖਣ ’ਚ ਹੀ ਭਾਰਤ ਦਾ ਹਿੱਤ ਹੈ।
25 ਫੀਸਦੀ ਟੈਰਿਫ ਨਾਲ ਭਾਰਤ ਦੀ ਟੈਕਸਟਾਈਲ ਜੈਮ ਐਂਡ ਜਿਊਲਰੀ, ਝੀਂਗਾ, ਲੈਦਰ , ਫੁੱਟਵੀਅਰ, ਐਨੀਮਲ ਪ੍ਰੋਡਕਟਸ, ਕੈਮੀਕਲ ਅਤੇ ਮਸ਼ੀਨਰੀ ਸ਼ਾਮਲ ਹੈ, ਜਿਸ ਦੀ ਕੁੱਲ ਰਕਮ 40 ਅਰਬ ਡਾਲਰ ਬਣਦੀ ਹੈ। ਇਸ ਦਾ ਭਾਰਤ ਦੀ ਅਰਥਵਿਵਸਥਾ ’ਤੇ ਕੋਈ ਵੱਡਾ ਅਸਰ ਪੈਣ ਵਾਲਾ ਨਹੀਂ ਹੈ। ਟਰੰਪ ਨੇ ਲਗਭਗ 92 ਦੇਸ਼ਾਂ ’ਤੇ 10 ਤੋਂ 50 ਫੀਸਟੀ ਘੱਟ ਟੈਰਿਫ ਲਾਇਆ ਹੈ। ਉਸ ਨੇ ਆਪਣੇ ਗੁਆਂਢੀ ਦੇਸ਼ ਕੈਨੇਡਾ ’ਤੇ 35 ਫੀਸਦੀ, ਸੀਰੀਆ ’ਤੇ 41 ਫੀਸਦੀ, ਯੂਰਪੀਨ ਯੂਨੀਅਨ ’ਤੇ 15 ਫੀਸਦੀ, ਚੀਨ ’ਤੇ 35 ਫੀਸਦੀ, ਦੱਖਣੀ ਏਸ਼ੀਆ ’ਚ ਭਾਰਤ ’ਤੇ 25 ਫੀਸਦੀ ਅਤੇ ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਅਫਗਾਨਿਸਤਾਨ ’ਤੇ ਘੱਟ ਟੈਰਿਫ ਲਾ ਕੇ ਭਾਰਤ ਨੂੰ ਵਪਾਰ ਦੀ ਆੜ ’ਚ ਸਿਆਸੀ ਸੰਦੇਸ਼ ਦਿੱਤਾ ਹੈ।
ਇਹ ਭਾਰਤ ਦਾ ਵਪਾਰਕ ਘੇਰਾਵ ਹੈ। ਦੂਜੀ ਗੱਲ ਇਹ ਕਿ ਭਾਰਤ ਕਵਾਡ ਦਾ ਮੈਂਬਰ ਹੈ ਜਿਸ ’ਚ ਆਸਟ੍ਰੇਲੀਆ ਅਤੇ ਜਾਪਾਨ ਵੀ ਆਉਂਦੇ ਸਨ। ਆਸਟ੍ਰੇਲੀਆ ’ਤੇ ਟੈਰਿਫ 10 ਫੀਸਦੀ ਅਤੇ ਜਾਪਾਨ ’ਤੇ 15 ਫੀਸਦੀ ਲਾਇਆ ਗਿਆ ਹੈ। ਭਾਰਤ ’ਤੇ ਇੰਨਾ ਵੱਧ ਕਿਉਂ? ਇਹ ਸਿਰਫ ਵਪਾਰਕ ਜੰਗ ਨਹੀਂ ਹੈ ਸਗੋਂ ਟਰੰਪ ਆਪਣੇ ਸਿਆਸੀ ਮਕਸਦ ਲਈ ਵੀ ਡੂੰਘੀ ਸਾਜ਼ਿਸ਼ ਰਚ ਰਹੇ ਹਨ।
ਭਾਰਤ ਆਪਣੇ ਵਪਾਰ ਨੂੰ ਵਧਾਉਣ ਲਈ ਦੁਨੀਆ ਦੇ ਹੋਰਨਾਂ ਦੇਸ਼ਾਂ ਰਾਹੀਂ ਰਾਹ ਲੱਭਣੇ ਸ਼ੁਰੂ ਕਰਨ ਤਾਂ ਜੋ ਇਸ ਨੁਕਸਾਨ ਦੀ ਪੂਰਤੀ ਹੋ ਸਕੇ। ਅਸਲ ’ਚ ਹਰ ਕਾਰੋਬਾਰ ਦੇ ਆਪਣੇ ਨਿਯਮ ਹਨ ਅਤੇ ਖੇਡਾਂ ਦੇ ਅਸੂਲ ਹਨ। ਇੱਥੋਂ ਤਕ ਕਿ ਬੇਸਵਾ ਦੇ ਕੋਠੇ ਦੇ ਕੁਝ ਦਸਤੂਰ ਹੁੰਦੇ ਹਨ ਪਰ ਕੌਮਾਂਤਰੀ ਸਿਆਸਤ ’ਚ ਬੇਅਸੂਲੀ, ਬੇਦਸਤੂਰੀ, ਬੇਮੁਰੱਬਤ ਹੁੰਦੀ ਜਾ ਰਹੀ ਹੈ। ਭਾਰਤ ਆਪਣੀ ਵਪਾਰਕ ਸਿੀਸਤ ਅਤੇ ਜੰਗੀ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਆਪਣੀਆਂ ਨੀਤੀਆਂ ’ਤੇ ਮੁੜ ਵਿਚਾਰ ਕਰੇ ਅਤੇ ਇਕ ਪੁਰਾਣੀ ਕਹਾਵਤ ਨੂੰ ਯਾਦ ਕਰੇ, ‘ਕਦੇ ਵੀ ਸਾਰੇ ਆਂਡੇ ਇਕ ਟੌਕਰੀ ’ਚ ਨਹੀਂ ਰੱਖਣੇ ਚਾਹੀਦੇ।’