ਸ਼ਤਾਬਦੀ ਵਰਗੀਆਂ ਅਹਿਮ ਰੇਲਗੱਡੀਆਂ ਵੀ ਲੇਟ ਚੱਲਣ ਨਾਲ ਰੇਲਵੇ ਦੇ ਅਕਸ ਨੂੰ ਵੱਜ ਰਹੀ ਸੱਟ

Tuesday, Dec 03, 2024 - 03:09 AM (IST)

ਵੰਡ ਪਿੱਛੋਂ ਫਰੰਟੀਅਰ ਮੇਲ ਜਲੰਧਰ ਤੋਂ ਦਿੱਲੀ ਲਈ ਰਾਤ ਦੇ 10 ਵਜੇ ਚੱਲਦੀ ਸੀ ਅਤੇ ਸਵੇਰੇ 6 ਵਜੇ ਯਾਤਰੀਆਂ ਨੂੰ ਦਿੱਲੀ ਪਹੁੰਚਾ ਦਿੰਦੀ ਸੀ। ਕਾਰੋਬਾਰੀ ਅਤੇ ਹੋਰ ਯਾਤਰੀ ਇਸ ਗੱਡੀ ’ਚ ਯਾਤਰਾ ਕਰਨ ਨੂੰ ਪਹਿਲ ਦਿੰਦੇ ਸਨ। ਬਾਅਦ ’ਚ ਫਰੰਟੀਅਰ ਮੇਲ ਦੀ ਥਾਂ ਸ਼ਤਾਬਦੀ ਐਕਸਪ੍ਰੈੱਸ ਆ ਗਈ। ਇਸ ਟ੍ਰੇਨ ਦੀ ਖਾਸੀਅਤ ਇਹ ਹੈ ਕਿ ਸਮੇਂ ਸਿਰ ਚੱਲਦੀ ਅਤੇ ਸਮੇਂ ਸਿਰ ਪੁੱਜਦੀ ਹੈ।

ਇਕ ਸ਼ਤਾਬਦੀ ਐਕਸਪ੍ਰੈੱਸ ਗੱਡੀ ਸਵੇਰੇ 5.58 ਵਜੇ ਜਲੰਧਰ ਤੋਂ ਚੱਲ ਕੇ ਦੁਪਹਿਰ 11.02 ਵਜੇ ਦਿੱਲੀ ਪੁੱਜਦੀ ਹੈ। ਹਾਈ ਪ੍ਰੋਫਾਈਲ ਟ੍ਰੇਨ ਹੋਣ ਕਾਰਨ ਇਸ ’ਚ ਆਮ ਯਾਤਰੀਆਂ ਤੋਂ ਇਲਾਵਾ ਅਹਿਮ ਲੋਕ ਅਤੇ ਲੁਧਿਆਣਾ ਅਤੇ ਪੰਜਾਬ ਦੇ ਸ਼ਹਿਰਾਂ ’ਚੋਂ ਵੱਡੀ ਗਿਣਤੀ ’ਚ ਕਾਰੋਬਾਰੀ ਦਿੱਲੀ ਜਾਂਦੇ ਹਨ ਅਤੇ ਖਰੀਦਦਾਰੀ ਆਦਿ ਤੋਂ ਇਲਾਵਾ ਹੋਰ ਕੰਮ ਕਰ ਕੇ ਉਸੇ ਦਿਨ ਸ਼ਾਮ ਨੂੰ ਸਾਢੇ ਚਾਰ ਵਜੇ ਦਿੱਲੀ ਤੋਂ ਚੱਲਣ ਵਾਲੀ ਇਸ ਗੱਡੀ ਰਾਹੀਂ ਰਾਤ ਨੂੰ ਵਾਪਸ ਪਰਤ ਆਉਂਦੇ ਹਨ।

ਇਕ ਹੋਰ ਸ਼ਤਾਬਦੀ ਐਕਸਪ੍ਰੈੱਸ ਸ਼ਾਮ ਨੂੰ 5.55 ਵਜੇ ਜਲੰਧਰ ਤੋਂ ਚੱਲ ਕੇ 10.50 ਵਜੇ ਰਾਤ ਨੂੰ ਦਿੱਲੀ ਪੁੱਜਦੀ ਹੈ। ਦਿੱਲੀ ਜਾਣ ਅਤੇ ਉਥੋਂ ਆਉਣ ਲਈ ਮੈਂ ਇਸੇ ਗੱਡੀ ਨੂੰ ਪਹਿਲ ਦਿੰਦਾ ਹਾਂ। ਇਕ ਦਸੰਬਰ ਨੂੰ ਮੈਂ ਦਫਤਰ ਦੇ ਕੰਮ 2 ਦਿਨਾਂ ਲਈ ਜਲੰਧਰ ਤੋਂ ਸ਼ਤਾਬਦੀ ਟ੍ਰੇਨ ਰਾਹੀਂ ਦਿੱਲੀ ਲਈ ਰਵਾਨਾ ਹੋਇਆ। ਸਟੇਸ਼ਨ ਪੁੱਜਣ ’ਤੇ ਮੈਨੂੰ ਇਸ ਦੇ 40 ਮਿੰਟ ਲੇਟ ਹੋਣ ਦਾ ਪਤਾ ਲੱਗਾ ਕਿਉਂਕਿ ਸਵੇਰ ਵੇਲੇ ਵੀ ਇਹ ਅੰਮ੍ਰਿਤਸਰ ਲੇਟ ਪੁੱਜੀ ਸੀ।

ਹਾਲਾਂਕਿ ਜਲੰਧਰ ਸਟੇਸ਼ਨ ’ਤੇ ਤਾਂ ਇਸ ਨੂੰ 40 ਮਿੰਟ ਲੇਟ ਦਿਖਾਇਆ ਜਾ ਰਿਹਾ ਸੀ ਪਰ ਹੋਰ ਸਟੇਸ਼ਨਾਂ ਅਤੇ ਮੋਬਾਇਲ ਐਪ ’ਤੇ ਇਸ ਨੂੰ ਸਮੇਂ ਸਿਰ ਹੀ ਦੱਸਿਆ ਜਾ ਰਿਹਾ ਸੀ ਜਿਸ ਕਾਰਨ ਰੇਲਵੇ ਵਲੋਂ ਮੋਬਾਇਲ ’ਤੇ ਆਪਣੀ ਐਪ ਦੇ ਸਾਫਟਵੇਅਰ ਦੇ ਗੜਬੜ ਹੋਣ ਕਾਰਨ ਉਸ ਦਾ ਅਪਡੇਟ ਨਾ ਹੋਣਾ ਦੱਸਿਆ ਗਿਆ।

ਜਲੰਧਰ ਤੋਂ ਚੱਲ ਕੇ ਫਗਵਾੜੇ ’ਚ ਇਸ ਦਾ 2 ਮਿੰਟ ਦਾ ਠਹਿਰਾਅ ਹੋਣ ਦਾ ਐਲਾਨ ਕੀਤਾ ਗਿਆ ਸੀ ਪਰ 2 ਮਿੰਟ ਦੀ ਥਾਂ ਇੱਥੇ ਗੱਡੀ ਨੂੰ ਲਗਭਗ 15 ਮਿੰਟ ਰੋਕੀ ਰੱਖਿਆ ਗਿਆ। ਇਸ ਤਰ੍ਹਾਂ ਗੱਡੀ ਹੋਰ ਲੇਟ ਹੋ ਗਈ।

ਜਦੋਂ ਦਿੱਲੀ ਪੁੱਜਣ ’ਤੇ ਇਹ ਅਨਾਊਂਸਮੈਂਟ ਕੀਤੀ ਗਈ ਕਿ ‘‘ਨਵੀਂ ਦਿੱਲੀ ਸਟੇਸ਼ਨ ਆ ਗਿਆ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਸਾਰੇ ਯਾਤਰੀਆਂ ਨੇ ਯਾਤਰਾ ਦਾ ਆਨੰਦ ਮਾਣਿਆ ਹੋਵੇਗਾ।’’ ਤਾਂ ਇਸ ਨੂੰ ਸੁਣ ਕੇ ਯਾਤਰੀ ਹੱਸਣ ਲੱਗੇ ਕਿਉਂਕਿ ਗੱਡੀ ਇਕ ਘੰਟਾ ਲੇਟ ਹੋਣ ਕਾਰਨ ਸਾਰੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।

ਗੱਡੀ ਲੇਟ ਹੋਣ ਕਾਰਨ ਅਸੀਂ ਰਾਤ ਦੇ ਲਗਭਗ 12 ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਪੁੱਜੇ ਜਿੱਥੋਂ ਸਾਨੂੰ ਘਰ ਪੁੱਜਣ ’ਚ ਲਗਭਗ 40 ਮਿੰਟ ਲੱਗਦੇ ਸਨ ਪਰ ਰਸਤਾ ਬਿਲਕੁਲ ਸਾਫ ਅਤੇ ਕੋਈ ਧੁੰਦ ਨਾ ਹੋਣ ਕਾਰਨ ਅਸੀਂ ਕੁਝ ਪਲ ਪਹਿਲਾਂ ਹੀ ਘਰ ਪੁੱਜ ਗਏ।

ਹਾਲ ਦੀ ਘੜੀ, ਹਾਲਾਂਕਿ ਭਾਰਤੀ ਰੇਲ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ। ਇਸ ਲਿਹਾਜ਼ ਨਾਲ ਇਸਦੀ ਸੰਚਾਲਨ ਵਿਵਸਥਾ ਵਧੀਆ ਹੋਣੀ ਚਾਹੀਦੀ ਹੈ ਪਰ ਕਈ ਕਮੀਆਂ ਦਾ ਸ਼ਿਕਾਰ ਹੋਣ ਕਾਰਨ ਭਾਰਤੀ ਰੇਲਾਂ ਦਾ ਸੰਚਾਲਨ ਤਸੱਲੀਬਖਸ਼ ਨਹੀਂ ਹੈ। ਲਗਾਤਾਰ ਹੋ ਰਹੀਆਂ ਇੱਕਾ-ਦੁੱਕਾ ਘਟਨਾਵਾਂ ਅਤੇ ਰੇਲ ਗੱਡੀਆਂ ਦੀ ਲੇਟ-ਲਤੀਫੀ ਇਸ਼ਾਰਾ ਕਰ ਰਹੀ ਹੈ ਕਿ ਭਾਰਤੀ ਰੇਲਾਂ ’ਚ ਸਭ ਠੀਕ ਨਹੀਂ ਹੈ।

ਹੁਣ ਤਾਂ ਰੇਲਗੱਡੀਆਂ ਦਾ ਲੇਟ ਚੱਲਣਾ ਇਕ ਆਮ ਗੱਲ ਹੋ ਗਈ ਹੈ। ਸ਼ਤਾਬਦੀ ਵਰਗੀਆਂ ਅਹਿਮ ਗੱਡੀਆਂ ਵੀ ਇਸ ਦਾ ਅਪਵਾਦ ਨਹੀਂ ਰਹੀਆਂ, ਜਿਸ ਨਾਲ ਰੇਲਵੇ ਦੀ ਸਾਖ ਨੂੰ ਵੀ ਸੱਟ ਵੱਜ ਰਹੀ ਹੈ।

ਬੀਤੇ ਸਾਲ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਦੇ ਤਹਿਤ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਭਾਰਤੀ ਰੇਲਵੇ ਨੇ ਦੱਸਿਆ ਸੀ ਕਿ ਸਾਲ 2022-23 ’ਚ ਲਗਭਗ 17 ਫੀਸਦੀ ਯਾਤਰੀ ਰੇਲਗੱਡੀਆਂ ਆਪਣੇ ਮਿੱਥੇ ਸਮੇਂ ਤੋਂ ਲੇਟ ਚੱਲ ਰਹੀਆਂ ਸਨ। ਜਿਸ ਕਾਰਨ 1.10 ਕਰੋੜ ਮਿੰਟ ਨਸ਼ਟ ਹੋਏ।

ਇਸ ਲਈ ਰੇਲ ਮੰਤਰੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਹਿਮ ਗੱਡੀਆਂ ਲੇਟ ਨਾ ਹੋਣ। ਇਸ ਲਈ ਭਾਰਤੀ ਰੇਲਾਂ ਦੀ ਕਾਇਆਕਲਪ ਅਤੇ ਰੱਖ-ਰਖਾਅ ’ਚ ਤੁਰੰਤ ਬਹੁ-ਪਸਾਰੀ ਸੁਧਾਰ ਲਿਆਉਣ ਦੀ ਲੋੜ ਹੈ। ਇਸ ’ਚ ਰੇਲ ਵਿਭਾਗ ’ਚ ਸਟਾਫ ਦੀ ਕਮੀ ਦੂਰ ਕਰਨੀ, ਜ਼ਰੂਰੀ ਤਕਨੀਕੀ ਸੁਧਾਰ ਲਾਗੂ ਕਰਨਾ ਅਤੇ ਰੱਖ-ਰਖਾਅ ’ਚ ਤਰੁੱਟੀਆਂ ਨੂੰ ਦੂਰ ਕਰਨ ਤੋਂ ਇਲਾਵਾ ਗੈਰ-ਤਸੱਲੀਬਖਸ਼ ਰੇਲ ਸੇਵਾਵਾਂ ਲਈ ਜ਼ਿੰਮੇਵਾਰ ਪਾਏ ਜਾਣ ਵਾਲੇ ਸਟਾਫ ਵਿਰੁੱਧ ਢੁੱਕਵੀਂ ਕਾਰਵਾਈ ਕਰਨਾ ਸ਼ਾਮਲ ਹੈ।

–ਵਿਜੇ ਕੁਮਾਰ


Harpreet SIngh

Content Editor

Related News