ਵਿਕਸਤ ਭਾਰਤ ਬਣਨ ਲਈ ਜਾਤੀ ਅਤੇ ਪੰਥ ਤੋਂ ਉੇੱਪਰ ਉੱਠਣਾ ਪਵੇਗਾ
Thursday, Oct 03, 2024 - 06:57 PM (IST)
ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਦੇ ਮੰਤਰਾਲਾ ਵਲੋਂ ਜਾਰੀ 2022-23 ਲਈ ਉਦਯੋਗਾਂ ਦੇ ਸਾਲਾਨਾ ਸਰਵੇਖਣ (ਏ. ਐੱਸ. ਆਈ.) ਨੇ ਦੇਸ਼ ’ਚ ਵਿਨਿਰਮਾਣ ਉਦਯੋਗ ਲਈ ਇਕ ਉਮੀਦ ਦੀ ਕਿਰਨ ਦਿਖਾਈ ਹੈ, ਜਿਸ ਨੂੰ ਕੋਵਿਡ ਮਹਾਮਾਰੀ ਦੌਰਾਨ ਵੱਡਾ ਝਟਕਾ ਲੱਗਾ ਸੀ।
ਰਿਪੋਰਟ ਤੋਂ ਪਤਾ ਲੱਗਾ ਹੈ ਕਿ ਵਿਨਿਰਮਾਣ ਉਦਯੋਗਾਂ ’ਚ ਮੁਲਾਜ਼ਮਾਂ ਦੀ ਕੁੱਲ ਗਿਣਤੀ 2021-22 ’ਚ 1.72 ਕਰੋੜ ਤੋਂ 2022-23 ’ਚ 7.5 ਫੀਸਦੀ ਵਧ ਕੇ 1.84 ਕਰੋੜ ਹੋ ਗਈ। ਇਸ ਨੇ ਨੋਟ ਕੀਤਾ ਕਿ ਇਹ ਪਿਛਲੇ 12 ਸਾਲਾਂ ’ਚ ਵਿਨਿਰਮਾਣ ਉਦਯੋਗਾਂ ’ਚ ਰੋਜ਼ਗਾਰ ’ਚ ਵਾਧੇ ਦੀ ਸਭ ਤੋਂ ਵੱਧ ਦਰ ਸੀ।
ਅੰਕੜਿਆਂ ਅਨੁਸਾਰ, ਖੁਰਾਕੀ ਵਸਤਾਂ ਬਣਾਉਣ ਵਾਲੀਆਂ ਫੈਕਟਰੀਆਂ ’ਚ ਸਭ ਤੋਂ ਵੱਧ ਰੋਜ਼ਗਾਰ ਦਰਜ ਕੀਤਾ ਗਿਆ, ਇਸ ਪਿੱਛੋਂ ਕੱਪੜਾ, ਮੂਲ ਧਾਤ, ਪਹਿਨਣ ਲਈ ਕੱਪੜੇ ਅਤੇ ਮੋਟਰ ਗੱਡੀਆਂ, ਟ੍ਰੇਲਰ ਅਤੇ ਅਰਧ-ਟ੍ਰੇਲਰ ਦਾ ਸਥਾਨ ਰਿਹਾ।
ਪਲੈਨਿੰਗ ਕਮਿਸ਼ਨ ਦੇ ਸੀ. ਈ. ਓ. ਬੀ. ਵੀ. ਆਰ. ਸੁਬਰਾਮਣੀਅਮ ਨੇ ਕਿਹਾ ਕਿ ਇਹ ਸੁਝਾਅ ਦਿੰਦਾ ਹੈ ਕਿ ਕੋਵਿਡ ਮਹਾਮਾਰੀ ਦਾ ਪ੍ਰਭਾਵ ‘ਮਿਟ ਗਿਆ’ ਹੈ ਅਤੇ ਵਿਨਿਰਮਾਣ ਸੈਕਟਰ ‘ਹੁਣ ਤੇਜ਼ੀ ’ਤੇ ਹੈ।’
ਸਰਵੇਖਣ ਅਨੁਸਾਰ 2021-22 ’ਚ ਕਾਰਖਾਨਿਆਂ ਦੀ ਕੁੱਲ ਗਿਣਤੀ 2.49 ਲੱਖ ਤੋਂ ਵਧ ਕੇ 2022-23 ’ਚ 2.53 ਲੱਖ ਹੋ ਗਈ, ਜੋ ਮਹਾਮਾਰੀ ਪਿੱਛੋਂ ਪੂਰਨ ਰਿਕਵਰੀ ਪੜਾਅ ਨੂੰ ਦਰਸਾਉਣ ਵਾਲਾ ਪਹਿਲਾ ਸਾਲ ਸੀ।
ਮੰਤਰਾਲਾ ਨੇ ਕਿਹਾ ਕਿ 2022-23 ’ਚ ਵਿਨਿਰਮਾਣ ਵਾਧੇ ਦੇ ਮੁੱਖ ਚਾਲਕ ਮੂਲ ਧਾਤ, ਕੋਕ ਅਤੇ ਰਿਫਾਈਂਡ ਪੈਟਰੋਲੀਅਮ ਉਤਪਾਦ, ਭੋਜਨ ਉਤਪਾਦ, ਰਸਾਇਣ ਅਤੇ ਰਸਾਇਣਕ ਉਤਪਾਦ ਅਤੇ ਮੋਟਰ ਵਾਹਨ ਨਾਲ ਸਬੰਧਤ ਉਦਯੋਗ ਸਨ। ਹਾਲਾਂਕਿ ਇਹ ਦੇਸ਼ ਲਈ ਚੰਗੀ ਖਬਰ ਹੈ ਪਰ ਤੱਥ ਇਹ ਹੈ ਕਿ ਦੇਸ਼ ਅਜੇ ਵੀ ਆਪਣੇ ਕਿਰਤ ਬਲ ਦੀ ਪੂਰੀ ਸਮਰੱਥਾ ਦੀ ਵਰਤੋਂ ਕਰਨ ਤੋਂ ਬਹੁਤ ਦੂਰ ਹੈ।
ਇਹ ਦੁਨੀਆ ਦੇ ਚੋਟੀ ਦੇ ਨੌਜਵਾਨ ਦੇਸ਼ਾਂ ’ਚੋਂ ਇਕ ਹੈ ਅਤੇ ਜਿੱਥੋਂ ਤੱਕ ਇਸ ਦੀ ਆਬਾਦੀ ਦੀ ਔਸਤ ਉਮਰ ਦਾ ਸਵਾਲ ਹੈ, ਪ੍ਰਮੁੱਖ ਦੇਸ਼ਾਂ ’ਚ ਸਭ ਤੋਂ ਉੱਪਰ ਹੈ। ਭਾਰਤ ਦੀ ਔਸਤ ਉਮਰ ਜੋ 2021 ’ਚ 24 ਸਾਲ ਦੇ ਹੇਠਲੇ ਪੱਧਰ ਨੂੰ ਛੂਹ ਗਈ ਸੀ, ਹੁਣ 27 ਸਾਲ ਹੈ ਅਤੇ ਇਕ ਸਾਲ ਦੇ ਅੰਦਰ 28-29 ਸਾਲ ਤਕ ਵਧਣ ਦੀ ਉਮੀਦ ਹੈ।
ਇਹ ਸਪੱਸ਼ਟ ਹੈ ਕਿ ਦੇਸ਼ ਵਰਤਮਾਨ ’ਚ ਸੁਨਹਿਰੀ ਸਮੇਂ (ਗੋਲਡਨ ਪੀਰੀਅਡ) ’ਚੋਂ ਲੰਘ ਰਿਹਾ ਹੈ ਪਰ ਸਮਾਂ ਤੇਜ਼ੀ ਨਾਲ ਨਿਕਲ ਰਿਹਾ ਹੈ ਅਤੇ ਸਰਕਾਰ ਨੂੰ ਸਮਰੱਥਾ ਦੀ ਵਰਤੋਂ ਲਈ ਪਹਿਲ ਕਰਨੀ ਚਾਹੀਦੀ ਹੈ। ਔਸਤ ਉਮਰ ’ਚ ਲਗਾਤਾਰ ਵਾਧੇ ਨਾਲ, ਆਬਾਦੀ ਬਿਰਧ ਹੁੰਦੀ ਜਾਵੇਗੀ ਅਤੇ ਸਾਡਾ ਵਰਤਮਾਨ ਲਾਭ ਨੁਕਸਾਨ ’ਚ ਬਦਲ ਜਾਵੇਗਾ।
ਅਗਲੇ ਤਿੰਨ ਜਾਂ ਚਾਰ ਦਹਾਕਿਆਂ ’ਚ ਅਸੀਂ ਬਿਰਧ ਦੇਸ਼ਾਂ ’ਚ ਹੋਵਾਂਗੇ। ਚੀਨ, ਜਿਸ ਦੀ ਔਸਤ ਉਮਰ ਹੁਣ 39.5 ਸਾਲ ਹੈ, ਜਦ ਕਿ 2011 ’ਚ ਇਹ 34.5 ਸਾਲ ਸੀ, ਨੇ ਪਹਿਲਾਂ ਹੀ ਉੱਚ ਔਸਤ ਉਮਰ ਅਤੇ ਬਿਰਧ ਲੋਕਾਂ ਦੀ ਤੇਜ਼ੀ ਨਾਲ ਵਧਦੀ ਗਿਣਤੀ ਦੇ ਨਤੀਜਿਆਂ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ’ਚ ਇਸ ਨੂੰ ਸੇਵਾਮੁਕਤੀ ਦੀ ਉਮਰ 60 ਸਾਲ ਤੋਂ ਵਧਾ ਕੇ 63 ਸਾਲ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਬਿਰਧ ਲੋਕਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਕਈ ਹੋਰ ਕਦਮ ਚੁੱਕ ਰਿਹਾ ਹੈ।
ਜਾਪਾਨ ’ਚ ਦੁਨੀਆ ਦੀ ਸਭ ਤੋਂ ਬਿਰਧ ਆਬਾਦੀ ਹੈ, ਜਿਸ ਦੀ ਔਸਤ ਉਮਰ 55 ਸਾਲ ਤੋਂ ਵੱਧ ਹੈ। ਭਾਰਤ ’ਚ ਹੁਣ ਦੁਨੀਆ ਦੀ ਲਗਭਗ 25 ਫੀਸਦੀ ਕਿਰਤ ਬਲ ਹੈ। ਇਕ ਅਧਿਕਾਰਤ ਰਿਪੋਰਟ ਅਨੁਸਾਰ 1971 ਤੋਂ ਇਸ ’ਚ ਵਾਧਾ ਦੇਖਿਆ ਗਿਆ ਹੈ ਅਤੇ 2031 ’ਚ ਇਸ ਦੇ 65.2 ਫੀਸਦੀ ਤਕ ਵਧਣ ਦਾ ਅੰਦਾਜ਼ਾ ਹੈ। ਇਹ ਦੇਸ਼ ਦੀ ਉਤਪਾਦਕਤਾ ਲਈ ਚੰਗਾ ਸੰਕੇਤ ਹੈ।
ਇਕ ਹੋਰ ਕਾਰਕ ਜਿਸ ਨੂੰ ਯੋਜਨਾਵਾਂ ਬਣਾਉਣ ਵਾਲਿਆਂ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ, ਉਹ ਇਹ ਹੈ ਕ ਦੇਸ਼ ਦੀ ਆਬਾਦੀ ਵਾਧਾ ਦਰ ਘਟ ਰਹੀ ਹੈ, ਕਿਉਂਕਿ ਔਸਤ ਸਾਲਾਨਾ ਘਾਤਕ ਵਾਧਾ 2011 ਵਿੱਚ 1.63 ਫੀਸਦੀ ਤੋਂ ਘਟ ਕੇ 2024 ਵਿਚ 1.2 ਫੀਸਦੀ ਰਹਿ ਗਿਆ ਹੈ। ਇਹ ਵਾਧਾ 1971 ਵਿਚ ਸਭ ਤੋਂ ਵੱਧ (2.22 ਫੀਸਦੀ) ਸੀ।
ਵਿਕਾਸ ਦਰ ’ਚ ਗਿਰਾਵਟ ਇਹ ਦਰਸਾਉਂਦੀ ਹੈ ਕਿ ਨਿਰਪੱਖ ਗਿਣਤੀ ’ਚ ਵਾਧੇ ਦੇ ਬਾਵਜੂਦ ਅਗਲੇ ਦਹਾਕੇ ’ਚ ਭਾਰਤ ਦੀ ਆਬਾਦੀ ਤੁਲਨਾਤਮਕ ਤੌਰ ’ਤੇ ਹੌਲੀ ਰਫਤਾਰ ਨਾਲ ਵਧੇੇਗੀ। ਇਸ ਲਈ, ਜਦ ਕਿ ਵਿਨਿਰਮਾਣ ਨੌਕਰੀਆਂ ਦੀ ਗਿਣਤੀ ’ਚ ਵਾਧਾ ਚੰਗੀ ਖਬਰ ਹੈ, ਦੇਸ਼ ਨੇ ਬੇਰੋਜ਼ਗਾਰੀ ਜਾਂ ਘੱਟ ਰੋਜ਼ਗਾਰ ਨੂੰ ਘੱਟ ਕਰਨ ਲਈ ਅਜੇ ਲੰਬਾ ਰਸਤਾ ਤੈਅ ਕਰਨਾ ਹੈ।
ਲੇਬਰ ਬਿਊਰੋ ਵਲੋਂ ਪਿਛਲੇ ਹਫਤੇ ਜਾਰੀ ਕੀਤੇ ਗਏ ਜੁਲਾਈ 2023 ਤੋਂ ਜੂਨ 2024 ਦੀ ਮਿਆਦ ਲਈ ਪੀਰੀਓਡਿਕ ਲੇਬਰ ਫੋਰਸ ਸਰਵੇ (ਪੀ. ਐੱਲ. ਐੱਫ. ਐੱਸ.) ਨੇ ਭਾਰਤ ਦੀ ਬੇਰੋਜ਼ਗਾਰੀ ਦਰ ਵਿਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਦਿਖਾਇਆ, ਜੋ ਕਿ ਪੰਜ ਸਾਲਾਂ ਵਿਚ ਗਿਰਾਵਟ ਤੋਂ ਬਾਅਦ 2023-24 ’ਚ 3.2 ਫੀਸਦੀ ’ਤੇ ਰਹੀ।
ਸਵੈ-ਰੋਜ਼ਗਾਰ ਰੋਜ਼ਗਾਰ ਦਾ ਮੁੱਢਲਾ ਸਰੋਤ 55.8 ਫੀਸਦੀ ’ਤੇ ਬਣਿਆ ਹੋਇਆ ਹੈ ਜਦ ਕਿ ਅਚਨਚੇਤੀ ਅਤੇ ਨਿਯਮਿਤ ਰੋਜ਼ਗਾਰ ਕ੍ਰਮਵਾਰ 22.7 ਫੀਸਦੀ ਅਤੇ 21.5 ਫੀਸਦੀ ਹੈ। ਕੁੱਲ ਨੌਜਵਾਨ ਬੇਰੋਜ਼ਗਾਰੀ ਦਰ 10.2 ਫੀਸਦੀ ਹੈ, ਜਿਸ ’ਚ ਅੌਰਤਾਂ ਲਈ 11 ਫੀਸਦੀ ਅਤੇ ਮਰਦਾਂ ਲਈ 9.8 ਫੀਸਦੀ ਹੈ।
ਇਕ ਕੌਮਾਂਤਰੀ ਸਮੂਹ ਨੇ ਹਾਲ ਹੀ ’ਚ ਗਿਣਤੀ ਕੀਤੀ ਹੈ ਕਿ ਭਾਰਤ ਨੂੰ ਕਿਰਤ ਬਾਜ਼ਾਰ ’ਚ ਨਵੇਂ ਦਾਖਲ ਹੋਣ ਵਾਲਿਆਂ ਨੂੰ ਰੋਜ਼ਗਾਰ ਦੇਣ ਲਈ ਅਗਲੇ ਦਹਾਕੇ ਵਿਚ ਹਰ ਸਾਲ ਲਗਭਗ 12 ਮਿਲੀਅਨ (1 ਕਰੋੜ 20 ਲੱਖ) ਨੌਕਰੀਆਂ ਪੈਦਾ ਕਰਨ ਦੀ ਲੋੜ ਹੋਵੇਗੀ। ਜਿਵੇਂ-ਜਿਵੇਂ ਭਾਰਤ ਦਾ ਆਬਾਦੀ ਲਾਭ ਵਧਦਾ ਹੈ, ਇਹ ਆਉਣ ਵਾਲੇ ਸਾਲਾਂ ਵਿਚ ਆਰਥਿਕ ਵਿਕਾਸ ਲਈ ਇਕ ਸ਼ਕਤੀਸ਼ਾਲੀ ਗੁਣਕ ਵਜੋਂ ਕੰਮ ਕਰ ਸਕਦਾ ਹੈ।
ਇਸ ਸਮਰੱਥਾ ਨੂੰ ਕਿਸੇ ਵੀ ਕੀਮਤ ’ਤੇ ਬਰਬਾਦ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਭਾਰਤ ਨੂੰ ਸਹੀ ਮਾਅਨਿਆਂ ’ਚ ‘ਵਿਕਸਤ ਭਾਰਤ’ ਬਣਾਉਣ ਲਈ ਜਾਤੀ ਅਤੇ ਪੰਥ ਦੇ ਮੁੱਦਿਆਂ ਤੋਂ ਧਿਆਨ ਹਟਾਉਣਾ ਚਾਹੀਦਾ ਹੈ।
ਵਿਪਿਨ ਪੱਬੀ