ਵਿਕਾਸ ਦੇ ਲਈ ਨਿਰਮਾਣ, ਇਹ ਵੀ ਜਾਣਨਾ ਕਿ ਕਿਵੇਂ ਬਣਾਉਣਾ ਹੈ
Sunday, Jul 13, 2025 - 05:31 PM (IST)

ਭਾਰਤ ਅਤੇ ਇੰਗਲੈਂਡ ਵਿਚਕਾਰ ਕ੍ਰਿਕਟ ਮੈਚ ਦੇਖਦੇ ਸਮੇਂ ਮੈਂ ਇਕ ਪ੍ਰਮੁੱਖ ਸੀਮੈਂਟ ਕੰਪਨੀ ਦੇ ਇਸ਼ਤਿਹਾਰ ਦੀ ਟੈਗਲਾਈਨ ਤੋਂ ਪ੍ਰਭਾਵਿਤ ਹੋਇਆ। ਇਸ ਵਿਚ ਲਿਖਿਆ ਸੀ, ‘ਜਿਵੇਂ ਭਾਰਤ ਬਣਦਾ ਹੈ, ਉਵੇਂ ਹੀ ਭਾਰਤ ਵਧਦਾ ਹੈ’। ਬਿਲਕੁਲ ਸਹੀ। ਸਾਨੂੰ ਵਿਕਾਸ ਲਈ ਸੜਕਾਂ, ਪੁਲਾਂ, ਰੇਲਵੇ, ਹਵਾਈ ਅੱਡਿਆਂ, ਸਕੂਲਾਂ, ਕਾਲਜਾਂ, ਹਸਪਤਾਲਾਂ ਅਤੇ ਦਫ਼ਤਰੀ ਇਮਾਰਤਾਂ ਵਰਗੀਆਂ ਜਨਤਕ ਚੀਜ਼ਾਂ ਬਣਾਉਣੀਆਂ ਚਾਹੀਦੀਆਂ ਹਨ ਅਤੇ ਸਾਨੂੰ ਇਹ ਵੀ ਜਾਣਨਾ ਚਾਹੀਦਾ ਹੈ ਕਿ ਕਿਵੇਂ ਬਣਾਉਣਾ ਹੈ।
ਨਹਿਰੂ, ਮਹਾਨ ਨਿਰਮਾਤਾ
ਜਵਾਹਰ ਲਾਲ ਨਹਿਰੂ ਇਕ ਮਹਾਨ ਨਿਰਮਾਤਾ ਸਨ। ਨਹਿਰੂ-ਵਿਰੋਧੀਆਂ ਦੀ ਆਲੋਚਨਾ ਇਕ ਧੇਲੇ ਦੇ ਵੀ ਯੋਗ ਨਹੀਂ ਹੈ। 1947 ਵਿਚ ਆਬਾਦੀ 34 ਕਰੋੜ ਸੀ ਅਤੇ ਵਧ ਰਹੀ ਸੀ ਅਤੇ ਸਾਖਰਤਾ ਦਰ ਸਿਰਫ 12 ਫੀਸਦੀ ਸੀ। ਨਹਿਰੂ ਦੀ 17 ਸਾਲਾਂ ਦੀ ਅਗਵਾਈ ਹੇਠ ਉਨ੍ਹਾਂ ਨੇ ਸਕੂਲ ਅਤੇ ਕਾਲਜ ਬਣਵਾਏ। ਉਹ ਆਈ. ਆਈ. ਟੀ., ਆਈ. ਆਈ. ਐੱਮ., ਸਟੀਲ ਪਲਾਂਟ, ਆਈ. ਓ. ਸੀ., ਓ. ਐੱਨ. ਜੀ. ਸੀ., ਐੱਨ. ਐੱਲ. ਸੀ., ਐੱਚ. ਏ. ਐੱਲ., ਭੇਲ, ਇਸਰੋ, ਭਾਖੜਾ ਨੰਗਲ, ਹੀਰਾਕੁੰਡ, ਦਾਮੋਦਰ ਘਾਟੀ ਅਤੇ ਅਣਗਿਣਤ ਹੋਰ ਮਹੱਤਵਪੂਰਨ ਸੰਸਥਾਵਾਂ ਅਤੇ ਪ੍ਰਾਜੈਕਟਾਂ ਦੀ ਸਿਰਜਣਾ ਪਿੱਛੇ ਮੁੱਖ ਪ੍ਰੇਰਕ ਸਨ।
ਇਹ ਆਜ਼ਾਦੀ ਤੋਂ ਬਾਅਦ ਦੇ ਸ਼ੁਰੂਆਤੀ ਸਾਲ ਸਨ ਅਤੇ ਦੇਸ਼ ਸਿੱਖਿਆ, ਤਕਨਾਲੋਜੀ ਅਤੇ ਹੁਨਰ ਦੇ ਮਾਮਲੇ ਵਿਚ ਬਹੁਤ ਪਿੱਛੇ ਸੀ। ਨਹਿਰੂ ਨੇ ਜੋ ਕੁਝ ਬਣਾਇਆ, ਉਹ ਅੱਜ ਵੀ ਕਾਇਮ ਹੈ ਕਿਉਂਕਿ ਭਾਵੇਂ ਭਾਰਤ ਵਿਚ ਬਹੁਤ ਸਾਰੀਆਂ ਚੀਜ਼ਾਂ ਦੀ ਘਾਟ ਸੀ ਪਰ ਇਹ ਇਮਾਨਦਾਰੀ, ਮੂਲ ਬੁੱਧੀ ਅਤੇ ਸਮਰਪਣ ਵਾਲੇ ਲੋਕਾਂ ਨਾਲ ਭਰਪੂਰ ਸੀ।
ਦੂਜੀ ਸਦੀ ਈਸਵੀ ਵਿਚ ਚੋਲ ਰਾਜਾ ਕਰੀਕਾਲਨ ਨੇ ਕਾਵੇਰੀ ਨਦੀ ’ਤੇ ਕਲਨੱਈ (ਗ੍ਰੈਂਡ ਅਨੀਕਟ) ਦਾ ਨਿਰਮਾਣ ਕਰਵਾਇਆ। ਇਹ ਦੁਨੀਆ ਦੇ ਸਭ ਤੋਂ ਪੁਰਾਣੇ ਸਿੰਚਾਈ ਡੈਮਾਂ ਵਿਚੋਂ ਇਕ ਹੈ, ਜੋ ਬਿਨਾਂ ਕਿਸੇ ਗਾਰੇ ਦੀ ਸਮੱਗਰੀ ਦੇ ਬਿਨਾਂ ਤਰਾਸ਼ੇ ਇੰਟਰਲਾਕਿੰਗ ਪੱਥਰਾਂ ਨਾਲ ਬਣਿਆ ਹੈ ਅਤੇ ਅੱਜ ਸਿੰਚਾਈ ਅਤੇ ਹੜ੍ਹ ਕੰਟਰੋਲ ਲਈ ਵਰਤੋਂ ਵਿਚ ਹੈ। ਤਾਜ ਮਹਿਲ 1653 ਵਿਚ ਬਣ ਕੇ ਤਿਆਰ ਹੋਇਆ ਸੀ। ਨਿਰਮਾਣ ਸਮੱਗਰੀ ਵਿਚ ਲਾਲ ਰੇਤਲਾ ਪੱਥਰ, ਸੰਗਮਰਮਰ, ਚੂਨੇ ਦੇ ਗਾਰੇ ਵਿਚ ਇੱਟਾਂ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਖੂਹ ਦੀਆਂ ਨੀਹਾਂ ਸ਼ਾਮਲ ਸਨ। ਕੇਂਦਰ ਸਰਕਾਰ ਦੇ ਮੁੱਖ ਦਫਤਰ, ਸਾਊਥ ਬਲਾਕ ਅਤੇ ਨਾਰਥ ਬਲਾਕ, 1931 ਵਿਚ ਤਿਆਰ ਹੋਏ ਸਨ। ਇਹ ਵਿਸ਼ਾਲ ਅਤੇ ਮਜ਼ਬੂਤ ਇਮਾਰਤਾਂ ਹਨ। ਭਾਰਤ ਵਿਚ ਇਤਿਹਾਸਕ ਇਮਾਰਤਾਂ ਬਣਾਉਣ ਦੀ 2000 ਸਾਲ ਪੁਰਾਣੀ ਪ੍ਰੰਪਰਾ ਰਹੀ ਹੈ।
ਭਾਰਤ ਵਿਚ ਉਸਾਰੀ ਦਾ ਕੰਮ ਹਰ ਰੋਜ਼ ਜਾਰੀ ਰਹਿੰਦਾ ਹੈ ਪਰ ਇਸ ’ਚ ਇਕ ਮੋੜ ਹੈ। ਹਰ ਨਾਗਰਿਕ ਨਿੱਜੀ ਉਸਾਰੀ ਅਤੇ ਜਨਤਕ ਉਸਾਰੀ ਦੀ ਗੁਣਵੱਤਾ ਅਤੇ ਟਿਕਾਊਪਨ ਵਿਚ ਅੰਤਰ ਜਾਣਦਾ ਹੈ। ਦੋਵਾਂ ਕਿਸਮਾਂ ਦੇ ਨਿਰਮਾਣ ਲਈ ਇਮਾਰਤ ਠੇਕੇਦਾਰ ਨਿਯੁਕਤ ਕੀਤੇ ਜਾਂਦੇ ਹਨ ਪਰ ਉਨ੍ਹਾਂ ਦਾ ਵਿਵਹਾਰ ਵੱਖਰਾ ਹੁੰਦਾ ਹੈ। ਪ੍ਰਕਿਰਿਆਵਾਂ ਵੀ ਵੱਖਰੀਆਂ ਹੁੰਦੀਆਂ ਹਨ।
ਨਿੱਜੀ ਬਨਾਮ ਜਨਤਕ ਉਸਾਰੀ
ਇਸ ਲੇਖ ਵਿਚ, ਮੈਂ ਜਨਤਕ ਪੈਸੇ ਨਾਲ ਕੀਤੇ ਗਏ ਜਨਤਕ ਨਿਰਮਾਣ ਬਾਰੇ ਚਰਚਾ ਕਰ ਰਿਹਾ ਹਾਂ। ਨਿੱਜੀ ਉਸਾਰੀ ਦੀ ਗੁਣਵੱਤਾ ਆਰਕੀਟੈਕਟ ਅਤੇ ਠੇਕੇਦਾਰ ਦੀ ਚੋਣ ਅਤੇ ਫੰਡਾਂ ਦੀ ਉਪਲਬਧਤਾ ’ਤੇ ਨਿਰਭਰ ਕਰਦੀ ਹੈ। ਜਨਤਕ ਉਸਾਰੀ, ਖਾਸ ਕਰ ਕੇ ਰਾਸ਼ਟਰੀ ਪੱਧਰ ’ਤੇ ਮਹੱਤਵਪੂਰਨ ਪ੍ਰਾਜੈਕਟਾਂ ਵਿਚ ਜ਼ਮੀਨ ਜਾਂ ਫੰਡਾਂ ਦੀ ਘਾਟ ਨਹੀਂ ਹੁੰਦੀ ਪਰ ਅਸੀਂ ਕੀ ਹੁੰਦਾ ਦੇਖ ਰਹੇ ਹਾਂ? ਹਾਈਵੇਅ ਅਤੇ ਨਵੀਆਂ ਸੜਕਾਂ ਢਹਿ ਰਹੀਆਂ ਹਨ, ਸੀਵਰੇਜ ਲਾਈਨਾਂ ਫਟ ਰਹੀਆਂ ਹਨ, ਸੜਕਾਂ ਵਿਚ ਪਾਣੀ ਭਰ ਰਿਹਾ ਹੈ ਅਤੇ ਨਵੀਂ ਦਿੱਲੀ ਦੇ ਅਸ਼ੋਕਾ ਰੋਡ ’ਤੇ, ਪਿਛਲੇ 18 ਮਹੀਨਿਆਂ ਵਿਚ ਤੀਜੀ ਵਾਰ ਇਕ ਸੀਵਰੇਜ ਲਾਈਨ ਫਟ ਗਈ ਅਤੇ ਸੜਕ ਧੱਸ ਗਈ। ਕਾਰਾਂ ਅਤੇ ਬੱਸਾਂ ਸੜਕ ’ਤੇ ਵੱਡੇ-ਵੱਡੇ ਟੋਇਆਂ ਵਿਚ ਡਿੱਗ ਰਹੀਆਂ ਹਨ।
ਗਵਾਲੀਅਰ ਵਿਚ 18 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਕ ਸੜਕ ਜਨਤਾ ਲਈ ਖੋਲ੍ਹੇ ਜਾਣ ਤੋਂ ਸਿਰਫ਼ 15 ਦਿਨਾਂ ਬਾਅਦ ਹੀ ਢਹਿ ਗਈ। ਗੁਜਰਾਤ ਦੇ ਮੋਰਬੀ ਵਿਚ ਇਕ ਪੁਲ, ਜਿਸ ਵਿਚ 141 ਲੋਕ ਮਾਰੇ ਗਏ ਸਨ, ਪਰ ਮੁਰੰਮਤ ਕਰ ਕੇ ਜਨਤਾ ਲਈ ਫਿਰ ਖੋਲ੍ਹ ਦਿੱਤਾ ਗਿਆ ਸੀ, ਪਰ ਚਾਰ ਦਿਨਾਂ ਬਾਅਦ ਹੀ ਢਹਿ ਗਿਆ। ਇਹ ਦੇਖਿਆ ਗਿਆ ਕਿ ਇਕ ਅਯੋਗ ਕੰਪਨੀ ਨੇ ਘਟੀਆ ਸਮੱਗਰੀ ਦੀ ਵਰਤੋਂ ਕਰਕੇ ਪੁਲ ਦੀ ‘ਮੁਰੰਮਤ ਅਤੇ ਬਹਾਲੀ’ ਕੀਤੀ ਸੀ।
ਬਿਹਾਰ ਵਿਚ, ਜਦੋਂ ਉਸਾਰੀ ਤੋਂ ਤੁਰੰਤ ਬਾਅਦ ਜਾਂ ਉਸਾਰੀ ਦੌਰਾਨ ਪੁਲ ਢਹਿ ਜਾਂਦੇ ਹਨ, ਤਾਂ ਕੋਈ ਹੈਰਾਨ ਨਹੀਂ ਹੁੰਦਾ। ਇਕ ਪੁਲ ਤਿੰਨ ਵਾਰ ਢਹਿ ਗਿਆ। ਜੂਨ ਵਿਚ, ਭੋਪਾਲ ਦੇ ਐਸ਼ਬਾਗ ਦੇ ਲੋਕ ਇਹ ਦੇਖ ਕੇ ਡਰ ਗਏ ਕਿ ਰੇਲਵੇ ਅਤੇ ਪੀ. ਡਬਲਯੂ. ਡੀ. ਵਿਚਕਾਰ ਸੱਤ ਸਾਲਾਂ ਦੀ ਲੜਾਈ ਤੋਂ ਬਾਅਦ ਬਣਾਇਆ ਗਿਆ 648 ਮੀਟਰ ਲੰਬਾ ਪੁਲ 90 ਡਿਗਰੀ ਮੋੜ ਲੈ ਚੁੱਕਾ ਸੀ!
ਸਮੇਂ ਅਤੇ ਪੈਸੇ ਦੀ ਇਸ ਭਾਰੀ ਬਰਬਾਦੀ ਦੇ ਕਈ ਕਾਰਨ ਹਨ। ਪਹਿਲਾ ਜਵਾਬਦੇਹੀ ਦੀ ਪੂਰੀ ਘਾਟ ਹੈ। ਪ੍ਰਚੱਲਿਤ ਨਿਯਮ ਇਹ ਜਾਪਦਾ ਹੈ ਕਿ ‘ਕਿਉਂਕਿ ਬਹੁਤ ਸਾਰੇ ਲੋਕ ਇਕ ਵਿਨਾਸ਼ਕਾਰੀ ਪ੍ਰਾਜੈਕਟ ਲਈ ਜ਼ਿੰਮੇਵਾਰ ਹੁੰਦੇ ਹਨ, ਇਸ ਲਈ ਅੰਤ ਵਿਚ ਕਿਸੇ ਇਕ ਵਿਅਕਤੀ ਨੂੰ ਜਵਾਬਦੇਹ ਨਹੀਂ ਠਹਿਰਾਇਆ ਜਾਂਦਾ’। ਸਮੂਹਿਕ ਛੋਟਾਂ ਦਾ ਇਕ ਲੰਮਾ ਇਤਿਹਾਸ ਸਮੂਹਿਕ ਸਜ਼ਾ ਤੋਂ ਮੁਕਤੀ ਵਿਚ ਬਦਲ ਗਿਆ ਹੈ।
ਦੂਜਾ ਕਾਰਨ ਪ੍ਰਕਿਰਿਆ ਹੈ। ਸਭ ਤੋਂ ਘੱਟ ਬੋਲੀ ਨੂੰ ਆਮ ਤੌਰ ’ਤੇ ਜੇਤੂ ਬੋਲੀ ਵਜੋਂ ਚੁਣਿਆ ਜਾਂਦਾ ਹੈ। ਸਭ ਤੋਂ ਘੱਟ ਬੋਲੀ ਤੋਂ ਪਿੱਛੇ ਹਟਣ ਨਾਲ ਸਵਾਲ ਉੱਠਦੇ ਹਨ ਅਤੇ ਅਕਸਰ ਪੁੱਛਗਿੱਛ ਹੁੰਦੀ ਹੈ। ਤਾਂ ਫਿਰ ਪਿੱਛੇ ਹਟਣ ਦੀ ਕੀ ਲੋੜ ਹੈ? ਜੇਤੂ ਪੈਸੇ ਕਮਾਉਣ ਲਈ ਘਟੀਆ ਸਮੱਗਰੀ ਦੀ ਵਰਤੋਂ ਕਰਦਾ ਹੈ ਅਤੇ ਪ੍ਰਵਾਨਿਤ ਯੋਜਨਾਵਾਂ ਨਾਲ ਛੇੜਛਾੜ ਕਰਦਾ ਹੈ। ਬਹੁਤ ਸਾਰੇ ਟੈਂਡਰਾਂ ਵਿਚ ਬੋਲੀ ਲਗਾਉਣ ਵਾਲੇ ਆਪਸ ’ਚ ਮਿਲੀਭੁਗਤ ਕਰ ਕੇ ਠੇਕੇਦਾਰ ਨੂੰ ‘ਅਨੁਮਾਨ ਨਾਲੋਂ ਵੱਧ’ ਕੀਮਤ ’ਤੇ ਜੇਤੂ ਦੀ ਬੋਲੀ ਲਗਾਉਣ ਦਿੰਦੇ ਹਨ। ਜੇਤੂ ‘ਅਨੁਮਾਨ ਨਾਲੋਂ ਵੱਧ’ ਰਕਮ ਦੀ ਵਰਤੋਂ ਰਿਸ਼ਵਤ ਦੇਣ ਲਈ ਕਰਦਾ ਹੈ।
ਡਿਜ਼ਾਈਨ, ਡਰਾਇੰਗ ਅਤੇ ਅਨੁਮਾਨ ਘੱਟ ਯੋਗਤਾ ਵਾਲੇ ਲੋਕਾਂ ਦੁਆਰਾ ਤਿਆਰ ਕੀਤੇ ਜਾਂਦੇ ਹਨ ਅਤੇ ਨਿਗਰਾਨੀ ਕੀਤੀ ਜਾਂਦੀ ਹੈ। ਸੀਨੀਅਰ ਅਧਿਕਾਰੀ (ਜੋ ਤਰੱਕੀ ਕਰ ਚੁੱਕੇ ਹਨ) ਡਿਜ਼ਾਈਨ ਅਤੇ ਸਮੱਗਰੀ ਵਿਚ ਸੁਧਾਰ, ਬਿਹਤਰ ਉਸਾਰੀ ਤਕਨੀਕਾਂ ਅਤੇ ਮਸ਼ੀਨਰੀ ਅਤੇ ਉਨ੍ਹਾਂ ਪ੍ਰਬੰਧਨ ਅਭਿਆਸਾਂ ਤੋਂ ਅਣਜਾਣ ਹੁੰਦੇ ਹਨ ਜੋ ਕਿਰਤ, ਪੈਸਾ ਅਤੇ ਸਮਾਂ ਬਚਾਉਂਦੇ ਹਨ।
ਇਕ ਵੱਡਾ ਕਾਰਨ ਰਾਜਨੀਤਿਕ ਭ੍ਰਿਸ਼ਟਾਚਾਰ ਹੈ। ਅਖੌਤੀ ‘ਲਾਭਕਾਰੀ’ ਵਿਭਾਗਾਂ ਲਈ ਮੰਤਰੀਆਂ ਵਿਚ ਮੁਕਾਬਲਾ ਹੈ। ਬਹੁਤ ਸਾਰੇ ਰਾਜਾਂ ਕੋਲ ‘ਰੇਟ ਕਾਰਡ’ ਹੁੰਦਾ ਹੈ। ਕੁਝ ਵਿਭਾਗ/ਏਜੰਸੀਆਂ ਪ੍ਰਾਜੈਕਟਾਂ ਦੇ ਮਾੜੇ ਐਗਜ਼ੀਕਿਊਸ਼ਨ ਲਈ ਬਦਨਾਮ ਹਨ-ਲੋਕ ਨਿਰਮਾਣ ਵਿਭਾਗ ਸੂਚੀ ਵਿਚ ਸਭ ਤੋਂ ਉੱਪਰ ਹੈ। ਡੀ. ਡੀ. ਏ. ਅਤੇ ਇਸ ਦੇ ਬਰਾਬਰ ਦੀਆਂ ਸੰਸਥਾਵਾਂ, ਜੋ ਘੱਟ ਲਾਗਤ ਵਾਲੇ ਘਰ (ਅਸਲ ਵਿਚ, ਕੰਕਰੀਟ ਦੀਆਂ ਝੌਂਪੜੀਆਂ) ਬਣਾਉਂਦੇ ਹਨ, ਸੂਚੀ ਵਿਚ ਸਭ ਤੋਂ ਉੱਪਰ ਹਨ। ਹਾਈਵੇਅ ਅਤੇ ਰੇਲਵੇ ਵੀ ਪਿੱਛੇ ਨਹੀਂ ਹਨ।
‘ਗੋਰਡੀਅਨ ਗੰਢ’ ਨੂੰ ਕੱਟੋ
ਇਹ ਇਕ ਅਜਿਹੀ ਗੰਢ ਹੈ ਜਿਸ ਨੂੰ ਖੋਲ੍ਹਿਆ ਨਹੀਂ ਜਾ ਸਕਦਾ। ਇਸ ਨੂੰ ਕੱਟਣਾ ਚਾਹੀਦਾ ਹੈ। ਇਸਦਾ ਮਤਲਬ ਹੈ ਕਿ ਉਨ੍ਹਾਂ ਜਨਤਕ ਏਜੰਸੀਆਂ ਨੂੰ ਪੜਾਅਵਾਰ ਢੰਗ ਨਾਲ ਖਤਮ ਕਰਨਾ, ਜੋ ਜਨਤਕ ਸਾਮਾਨ ‘ਬਣਾਉਂਦੀਆਂ’ ਹਨ। ਸਿਸਟਮ ’ਚ ‘ਸੁਧਾਰ’ ਕਰਨ ਦੀਆਂ ਪਿਛਲੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ ਅਤੇ ਜੇਕਰ ਦੁਬਾਰਾ ਕੋਸ਼ਿਸ਼ ਕੀਤੀ ਗਈ ਤਾਂ ਇਹ ਦੁਬਾਰਾ ਅਸਫਲ ਹੋ ਜਾਣਗੀਆਂ। ਇਸ ਦੇ ਉਲਟ, ਨਿੱਜੀਕਰਨ ਅਤੇ ਸਿਹਤਮੰਦ ਮੁਕਾਬਲੇ ਨੇ ਦੂਰਸੰਚਾਰ, ਬਿਜਲੀ ਵੰਡ, ਆਵਾਜਾਈ, ਖਣਨ ਅਤੇ ਤੇਲ ਦੀ ਖੋਜ ਵਿਚ ਜਨਤਕ ਸਾਮਾਨ ਦੀ ਗੁਣਵੱਤਾ ਵਿਚ ਸੁਧਾਰ ਕੀਤਾ ਹੈ।
ਇਹ ਜਨਤਕ ਨਿਰਮਾਣ ਵਿਚ ਅੱਗੇ ਵਧਣ ਦਾ ਤਰੀਕਾ ਹੈ। ਥੋੜ੍ਹੇ ਸਮੇਂ ਵਿਚ, ਲਾਗਤਾਂ ਵਧ ਜਾਣਗੀਆਂ। ਕਾਰਟੇਲ ਬਣਨਗੇ, ਕਮਜ਼ੋਰੀਆਂ ਉਭਰਨਗੀਆਂ। ਸਾਨੂੰ ਸੁਧਾਰ ਕਰਨੇ ਚਾਹੀਦੇ ਹਨ ਅਤੇ ਨਵੇਂ ਤਰੀਕੇ ਵਿਚ ਵਿਸ਼ਵਾਸ ਰੱਖਣਾ ਚਾਹੀਦਾ ਹੈ-ਨਿੱਜੀ ਉੱਦਮ ਨੂੰ ਸੱਚੇ, ਸਿਹਤਮੰਦ ਮੁਕਾਬਲੇ ਦੇ ਵਿਚਕਾਰ ਜਨਤਕ ਸਾਮਾਨ ਬਣਾਉਣ ਲਈ।
ਪੀ. ਚਿਦਾਂਬਰਮ