ਗੰਗਾ ਤੋਂ ਲੈ ਕੇ ਗੰਗਾ ਸਾਗਰ ਤੱਕ ਭਗਵਾ ਝੰਡਾ
Tuesday, May 05, 2026 - 04:34 PM (IST)
‘‘ਜੇਕਰ ਮੋਦੀ ਅਤੇ ਅਮਿਤ ਸ਼ਾਹ ਨੇ ਇੱਥੇ ਇੰਨੀ ਵੱਡੀ ਗਿਣਤੀ ’ਚ ਸੁਰੱਖਿਆ ਫੋਰਸਾਂ ਤਾਇਨਾਤ ਕਰ ਕੇ ਮਾਹੌਲ ਨੂੰ ਸੁਰੱਖਿਅਤ ਨਾ ਬਣਾਇਆ ਹੁੰਦਾ, ਇੱਥੇ ਦੇ ਜ਼ਹਿਰੀਲੇ ਮਾਹੌਲ ਨੂੰ ਸਾਫ਼ (ਡਿਟੌਕਸ) ਨਾ ਕੀਤਾ ਹੁੰਦਾ, ਨਿਡਰ ਹੋ ਕੇ ਵੋਟਾਂ ਪਵਾਉਣੀਆਂ ਯਕੀਨੀ ਨਾ ਕਰਵਾਇਆ ਹੁੰਦਾ, ਤਾਂ ਭਾਜਪਾ ਨਾ ਜਿੱਤ ਪਾਉਂਦੀ, ਉਦੋਂ ਸਾਨੂੰ ਵੀ ਕਸ਼ਮੀਰੀ ਪੰਡਿਤਾਂ ਵਾਂਗ ਕੋਲਕਾਤਾ ਛੱਡਣ ’ਤੇ ਮਜਬੂਰ ਹੋਣਾ ਪੈਂਦਾ।’’ ਭਵਾਨੀਪੁਰ ਦੀ ਇੱਕ ਔਰਤ ਵੋਟਰ ਨੇ ਫ਼ੋਨ ’ਤੇ ਲੇਖਕ ਨਾਲ ਇਹ ਗੱਲ ਕਹੀ। ਚੋਣ ਨਤੀਜਿਆਂ ਤੋਂ ਪਹਿਲਾਂ ਅਤੇ ਬਾਅਦ ’ਚ ਬੰਗਾਲ ਕਿਹੋ ਜਿਹਾ ਮਹਿਸੂਸ ਕਰ ਰਿਹਾ ਸੀ, ਇਸ ਨੂੰ ਇਸ ਇੱਕ ਸਤਰ ਤੋਂ ਬਿਹਤਰ ਹੋਰ ਕੁਝ ਨਹੀਂ ਸਮਝਿਆ ਜਾ ਸਕਦਾ। ਉੱਤਰਾਖੰਡ ’ਚ ਗੰਗਾ ਦਾ ਜਨਮ ਹੁੰਦਾ ਹੈ ਅਤੇ ਬੰਗਾਲ ਦੇ ਗੰਗਾ ਸਾਗਰ ’ਚ ਉਸ ਦਾ ਅੰਤਿਮ ਰਲੇਵਾਂ, ਅੱਜ ਗੰਗਾ ਦੇ ਜਨਮ ਖੇਤਰ ਤੋਂ ਲੈ ਕੇ ਗੰਗਾ ਸਾਗਰ ਤੱਕ ਦੇ ਸਾਰੇ ਪ੍ਰਾਂਤਾਂ ’ਚ ਭਾਜਪਾ ਦਾ ਭਗਵਾ ਲਹਿਰਾ ਗਿਆ ਹੈ। ਜਿਸ ਦਿਨ 91 ਫੀਸਦੀ ਪੋਲਿੰਗ ਦਾ ਸਮਾਚਾਰ ਆਇਆ, ਭਾਜਪਾ ਦੀ ਜਿੱਤ ਉਸੇ ਦਿਨ ਯਕੀਨੀ ਹੋ ਗਈ ਸੀ।
ਇਤਿਹਾਸ ਦੇ ਜ਼ਖ਼ਮ ਅਤੇ ਬੰਗਾਲ ਦੀ ਤ੍ਰਾਸਦੀ : ਬੰਗਾਲ ਦਾ ਇਤਿਹਾਸ ਜਿੰਨਾ ਮਾਣਮੱਤਾ ਰਿਹਾ ਹੈ, ਬੀਤੇ ਕੁਝ ਦਹਾਕਿਆਂ ਅਤੇ ਸਦੀਆਂ ’ਚ ਇਸ ਨੂੰ ਉਨਾ ਹੀ ਜ਼ਿਆਦਾ ਤੰਗ-ਪ੍ਰੇਸ਼ਾਨ ਵੀ ਕੀਤਾ ਗਿਆ। ਬੰਗਾਲ ਨੇ ਵਿਦੇਸ਼ੀ ਹਮਲਾਵਰਾਂ ਅਤੇ ਉਨ੍ਹਾਂ ਲੋਕਾਂ ਦੇ ਹੱਥੋਂ ਬਹੁਤ ਦੁੱਖ ਝੱਲਿਆ ਹੈ, ਜਿਨ੍ਹਾਂ ਨੇ ਇਨ੍ਹਾਂ ਹਮਲਾਵਰਾਂ ਨੂੰ ਪਨਾਹ ਦਿੱਤੀ ਅਤੇ ਉਨ੍ਹਾਂ ਦੀ ਹਮਾਇਤ ਕੀਤੀ। ਇਹ ਦਰਦ ਉਦੋਂ ਸ਼ੁਰੂ ਹੋਇਆ ਜਦੋਂ ਅੰਗਰੇਜ਼ਾਂ ਨੇ ਆਪਣੀ ਕੂਟਨੀਤੀ ਅਤੇ ਧੋਖੇ ਨਾਲ ਇਸ ਧਰਤੀ ’ਤੇ ਪੈਰ ਜਮਾਏ। ਮੀਰ ਕਾਸਿਮ ਦੀ ਗੱਦਾਰੀ ਨੇ ਬੰਗਾਲ ਦੀ ਸਵਾਧੀਨਤਾ ਨੂੰ ਅੰਗਰੇਜ਼ਾਂ ਦੇ ਹੱਥੋਂ ਵੇਚ ਦਿੱਤਾ। ਇਸ ਤੋਂ ਬਾਅਦ ਅੰਗਰੇਜ਼ਾਂ ਵੱਲੋਂ ਨਿਰਮਿਤ ਉਹ ਬਣਾਉਟੀ ਅਕਾਲ ਆਇਆ, ਜਿਸ ਨੇ ਬੰਗਾਲ ਦੀ ਧਰਤੀ ਨੂੰ ਸ਼ਮਸ਼ਾਨ ਬਣਾ ਦਿੱਤਾ ਅਤੇ ਲੱਗਭਗ 30 ਲੱਖ ਨਿਰਦੋਸ਼ ਲੋਕਾਂ ਦੀ ਜਾਨ ਲੈ ਲਈ।
ਇੰਨਾ ਹੀ ਨਹੀਂ, ਜਿਨ੍ਹਾਂ ਦਾ ‘ਡਾਇਰੈਕਟ ਐਕਸ਼ਨ ਡੇ’, ਨੋਆਖਲੀ ਦੇ ਭਿਆਨਕ ਦੰਗੇ ਅਤੇ 1971 ਦਾ ਉਹ ਭਿਆਨਕ ਕਤਲੇਆਮ, ਇਹ ਸਭ ਬੰਗਾਲ ਦੀ ਹੋਣੀ ਬਣ ਗਏ ਸਨ। ਇਸ ਤੋਂ ਬਾਅਦ ਆਇਆ ਨਕਸਲਵਾਦ ਦਾ ਉਹ ਕਾਲਾ ਯੁੱਗ, ਜਿਸ ਨੇ ਬੰਗਾਲ ਦੀ ਬੌਧਿਕ ਅਤੇ ਸਮਾਜਿਕ ਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ। ਫਿਰ ਖੱਬੇਪੱਖੀ ਅਤੇ ਟੀ.ਐੱਮ.ਸੀ. ਦਾ ਦੌਰ ਆਇਆ, ਜਿਸ ’ਚ ਕਥਿਤ ਤੌਰ ’ਤੇ ਸਾਧਨਾਂ ਦੀ ਖੁੱਲ੍ਹੀ ਲੁੱਟ ਮਚੀ। ਬਟਵਾਰੇ ਤੋਂ ਬਾਅਦ ਜਦੋਂ ਹਿੰਦੂ ਪਨਾਹਗੀਰ ਆਪਣੀ ਜਾਨ ਬਚਾ ਕੇ ਇੱਥੇ ਆਏ, ਤਾਂ ਉਨ੍ਹਾਂ ਨੂੰ ‘ਮਰੀਚਝਾਂਪੀ ਕਤਲੇਆਮ’ ਵਰਗੀਆਂ ਤ੍ਰਾਸਦੀਆਂ ਦਾ ਸਾਹਮਣਾ ਕਰਨਾ ਪਿਆ। ਬੰਗਲਾਦੇਸ਼ੀ ਘੁਸਪੈਠ ਅਤੇ ਰਿਆਂਗ ਸ਼ਰਨਾਰਥੀਆਂ ਦੀਆਂ ਸਮੱਸਿਆਵਾਂ ਨੇ ਇਸ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ।
ਹਿੰਦੂ ਸਮਾਜ ’ਤੇ ਪ੍ਰਹਾਰ ਅਤੇ ਲੁਕਵੀਂ-ਧਰਮਨਿਰਪੱਖਤਾ : ਇਨ੍ਹਾਂ ਸਾਰੇ ਅੱਤਿਆਚਾਰਾਂ ਦੇ ਵਿਚਾਲੇ, ਬੰਗਾਲ ਦੇ ‘ਭੱਦਰਲੋਕ’ ਮੀਡੀਆ ਅਤੇ ਉੱਥੋਂ ਦੀ ਸਿਆਸੀ ਲੀਡਰਸ਼ਿਪ ਨੇ ਹਿੰਦੂਆਂ ਦੇ ਜ਼ਖ਼ਮਾਂ ’ਤੇ ‘ਧਰਮਨਿਰਪੱਖਤਾ’ ਦਾ ਨਮਕ ਛਿੜਕਣ ਦਾ ਕੰਮ ਕੀਤਾ। ਜਿੰਨੇ ਵੀ ਹਿੰਸਕ ਹਮਲੇ ਹੋਏ ਜਾਂ ਨਕਸਲਬਾੜੀ ਦਾ ਜੋ ਖ਼ੂਨੀ ਦੌਰ ਰਿਹਾ, ਉਸ ’ਚ ਵਿਸ਼ੇਸ਼ ਤੌਰ ’ਤੇ ਹਿੰਦੂਆਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਬੰਗਾਲ ਦੀ ਧਰਤੀ ’ਤੇ ਲਵ ਜਿਹਾਦ ਅਤੇ ਲੈਂਡ ਜਿਹਾਦ ਵਰਗੇ ਕਈ ਸੰਕਟ ਖੜ੍ਹੇ ਕਰ ਦਿੱਤੇ ਗਏ। ਭਾਜਪਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਸੈਂਕੜੇ ਵਰਕਰਾਂ ਦੀ ਟੀ.ਐੱਮ.ਸੀ. ਵਰਕਰਾਂ ਵੱਲੋਂ ਹੱਤਿਆ ਕੀਤੀ ਗਈ। ਇੱਥੋਂ ਤੱਕ ਕਿ ਉਹ ਹਿੰਦੂ ਵੀ, ਜੋ ਕਿਸੇ ਰਾਜਨੀਤੀ ਨਾਲ ਨਹੀਂ ਜੁੜੇ ਸਨ, ਉਨ੍ਹਾਂ ਨੂੰ ਵੀ ਬੰਗਲਾਦੇਸ਼ੀ ਮੁਸਲਿਮ ਕੱਟੜਪੰਥੀਆਂ ਦੇ ਪਰਛਾਵੇਂ ’ਚ ਡਰ-ਡਰ ਕੇ ਜਿਊਣਾ ਪਿਆ।
ਇੱਕ ਵੈਚਾਰਿਕ ਅਤੇ ਸੱਭਿਆਚਾਰਕ ਯੁੱਧ: ਮੌਜੂਦਾ ਚੋਣਾਂ ਸਿਰਫ ਭਾਜਪਾ ਜਾਂ ਟੀ.ਐੱਮ.ਸੀ. ਦੇ ਉਮੀਦਵਾਰਾਂ ਵਿਚਾਲੇ ਦੀ ਜੰਗ ਨਹੀਂ ਸਨ। ਇਹ ਚੋਣ ਬੰਗਾਲ ਦੀ ਲੁਪਤ ਹੋ ਰਹੀ ਸੰਸਕ੍ਰਿਤੀ ਅਤੇ ਉਸ ਦੀ ਆਤਮਾ ਨੂੰ ਬਚਾਉਣ ਲਈ ਇੱਕ ‘ਸੁਰੱਖਿਆ ਕਵਚ’ ਚੁਣਨ ਦਾ ਮੌਕਾ ਸੀ। ਵੋਟਰਾਂ ਦੇ ਸਾਹਮਣੇ ਇਹ ਸਪੱਸ਼ਟ ਬਦਲ ਸੀ ਕਿ ਉਹ ‘ਭਾਰਤ’ ਦੇ ਨਾਲ ਖੜ੍ਹੇ ਹੋਣਾ ਚਾਹੁੰਦੇ ਹਨ ਜਾਂ ਉਸ ‘ਆਭਾਸੀ ਵਿਦੇਸ਼ੀ ਸ਼ਾਸਨ’ ਦੇ ਨਾਲ, ਜੋ ਗੰਗਾ ਸਾਗਰ, ਮਾਂ ਕਾਲੀ ਅਤੇ ਚੈਤੰਨਿਆ ਮਹਾਪ੍ਰਭੂ ਦੀ ਇਸ ਪਵਿੱਤਰ ਭੂਮੀ ਦੀ ਪਛਾਣ ਨੂੰ ਮਿਟਾਉਣਾ ਚਾਹੁੰਦਾ ਹੈ।
ਅੱਜ ਜਦੋਂ ਬੰਗਾਲ ’ਚ ਇੱਕ ਜ਼ਬਰਦਸਤ ‘ਭਗਵਾ ਲਹਿਰ’ ਦੇਖੀ ਜਾ ਰਹੀ ਹੈ, ਤਾਂ ਗੰਗਾ ਦੇ ਕੰਢਿਆਂ ਤੋਂ ਲੈ ਕੇ ਗੰਗਾ ਸਾਗਰ ਤੱਕ ਭਗਵਾ ਧਵਜ ਸ਼ਾਨ ਨਾਲ ਲਹਿਰਾ ਰਿਹਾ ਹੈ। ਇਹ ਚਮਤਕਾਰ ਰਾਤੋ-ਰਾਤ ਨਹੀਂ ਹੋਇਆ। ਇਸ ਦੇ ਪਿੱਛੇ ਆਰ.ਐੱਸ.ਐੱਸ. ਦੀਆਂ ਟੋਲੀਆਂ ਅਤੇ ਭਾਜਪਾ ਦੇ ਲੱਖਾਂ ਸਮਰਪਿਤ ਵਰਕਰਾਂ ਦੀ ਮਿਹਨਤ ਹੈ। ਇਨ੍ਹਾਂ ਵਰਕਰਾਂ ਨੇ ਧਮਕੀਆਂ ਦੀ ਪਰਵਾਹ ਕੀਤੇ ਬਿਨਾਂ ਲੱਖਾਂ ਘਰਾਂ ਤੱਕ ਪਹੁੰਚ ਬਣਾਈ। ਉਨ੍ਹਾਂ ਨੇ ਉਨ੍ਹਾਂ ਡਰੇ ਹੋਏ ਵੋਟਰਾਂ ਦੇ ਮਨ ’ਚ ਵਿਸ਼ਵਾਸ ਪੈਦਾ ਕੀਤਾ ਜੋ ‘ਪੋਰਿਬੋਰਤਨ’ (ਪਰਿਵਰਤਨ) ਤਾਂ ਚਾਹੁੰਦੇ ਸਨ ਪਰ ਟੀ.ਐੱਮ.ਸੀ. ਦੇ ਕਥਿਤ ਬਾਹੂਬਲੀਆਂ ਅਤੇ ਗੁੰਡਿਆਂ ਦੇ ਡਰ ਤੋਂ ਸਹਿਮੇ ਹੋਏ ਸਨ।
ਲੋਕਤੰਤਰ ਦੀ ਰੱਖਿਆ-ਚੋਣ ਕਮਿਸ਼ਨ ਦੀ ਦਲੇਰੀ : ਬੰਗਾਲ ’ਚ ਲੋਕਤੰਤਰ ਨੂੰ ਬਚਾਉਣ ਦੀ ਦਿਸ਼ਾ ’ਚ ਚੋਣ ਕਮਿਸ਼ਨ ਵੱਲੋਂ ਚੁੱਕਿਆ ਗਿਆ ਕਦਮ ਬੇਹੱਦ ਸਾਹਸੀ ਅਤੇ ਇਤਿਹਾਸਕ ਸੀ। ਪੱਛਮੀ ਬੰਗਾਲ ’ਚ ਵੋਟਰ ਸੂਚੀ ਦੇ ਵਿਸ਼ੇਸ਼ ਡੂੰਘੇ ਪੁਨਰੀਖਣ (ਐੱਸ.ਆਈ.ਆਰ.) ਦੀ ਪ੍ਰਕਿਰਿਆ ਚਲਾਈ ਗਈ। ਇਸ ਪ੍ਰਕਿਰਿਆ ਦੌਰਾਨ ਲੱਗਭਗ 91 ਲੱਖ ਫ਼ਰਜ਼ੀ ਅਤੇ ਗ਼ੈਰ-ਕਾਨੂੰਨੀ ਵੋਟਰਾਂ ਦੇ ਨਾਂ ਸੂਚੀ ਵਿੱਚੋਂ ਹਟਾ ਦਿੱਤੇ ਗਏ। ਇਹ ਆਪਣੇ ਆਪ ’ਚ ਇੱਕ ਵਿਸ਼ਵ ਰਿਕਾਰਡ ਹੈ।
ਬੰਗਾਲ, ਜਿਸ ’ਤੇ ਦਹਾਕਿਆਂ ਤੱਕ ਜਾਂ ਤਾਂ ਕਾਂਗਰਸ, ਜਾਂ ਕਮਿਊਨਿਸਟਾਂ ਅਥਵਾ ਕਾਂਗਰਸ ਤੋਂ ਹੀ ਨਿਕਲੀ ਟੀ.ਐੱਮ.ਸੀ. ਦਾ ਕਬਜ਼ਾ ਰਿਹਾ, ਉਸ ਨੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਭਗਵਾ ਵਿਚਾਰਧਾਰਾ ਨੂੰ ਆਪਣੀ ਪਹਿਲੀ ਪਸੰਦ ਵਜੋਂ ਚੁਣਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਇਸ ਇਤਿਹਾਸਕ ਭਗਵਾ ਜਿੱਤ ਦਾ ਮੁੱਖ ਸ਼ਿਲਪਕਾਰ ਮੰਨਿਆ ਜਾ ਸਕਦਾ ਹੈ। ਉਨ੍ਹਾਂ ਨੇ ਬੰਗਾਲ ਦੇ ਲੋਕਾਂ ਨਾਲ ਜੁੜਨ ਲਈ ਹਰ ਸੰਭਵ ਯਤਨ ਕੀਤਾ-ਭਾਵੇਂ ਉਹ ਸੜਕਾਂ ’ਤੇ ‘ਝਾਲਮੁੜੀ’ ਦਾ ਸੁਆਦ ਲੈਣਾ ਹੋਵੇ ਜਾਂ ਹਜ਼ਾਰਾਂ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸੌਗਾਤ ਦੇਣੀ। ਉਨ੍ਹਾਂ ਨੇ ਟੀ.ਐੱਮ.ਸੀ. ਦੀਆਂ ਉਨ੍ਹਾਂ ਕਮਜ਼ੋਰ ਕੜੀਆਂ ’ਤੇ ਸਖਤ ਵਾਰ ਕੀਤਾ, ਜਿੱਥੇ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਸੱਟ ਮਾਰੀ ਜਾ ਸਕਦੀ ਸੀ। ਨਾਲ ਹੀ, ਉਨ੍ਹਾਂ ਨੇ ਬੰਗਾਲ ਦੀ ‘ਮਾਤਰੀ ਸ਼ਕਤੀ’ ਨੂੰ ਭਾਵਨਾਤਮਕ ਤੌਰ ’ਤੇ ਜਗਾਇਆ।
ਪ੍ਰਧਾਨ ਮੰਤਰੀ ਹਿੰਦੂਆਂ ’ਤੇ ਹੋਣ ਵਾਲੇ ਹਮਲਿਆਂ ਨੂੰ ਲੈ ਕੇ ਬੇਹੱਦ ਸਖਤ ਰਹੇ। ਉਨ੍ਹਾਂ ਨੇ ਟੀ.ਐੱਮ.ਸੀ. ਦੇ ਇੱਕ ਵਿਧਾਇਕ ਦੀ ਉਸ ਧਮਕੀ ਦਾ ਵੀ ਜ਼ਿਕਰ ਕੀਤਾ, ਜਿਸ ’ਚ ਉਸ ਨੇ ਸ਼ਰੇਆਮ ਕਿਹਾ ਸੀ ਕਿ ਉਹ ਹਿੰਦੂਆਂ ਨੂੰ ਦੋ ਘੰਟੇ ਦੇ ਅੰਦਰ ਭਾਗੀਰਥੀ ਨਦੀ ’ਚ ਰੋੜ ਦੇਣਗੇ। ਮੋਦੀ ਜੀ ਨੇ ਕਿਹਾ ਕਿ ਇਹ ਬੰਗਾਲ ’ਚ ਹਿੰਦੂਆਂ ਦੀ ਉਸ ਤਰਸਯੋਗ ਸਥਿਤੀ ਨੂੰ ਦਰਸਾਉਂਦਾ ਹੈ, ਜਿੱਥੇ ਉਨ੍ਹਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਬਣਾ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਸਿਰਫ ਸਿਆਸੀ ਹਮਲੇ ਨਹੀਂ ਕੀਤੇ, ਸਗੋਂ ਬੰਗਾਲ ਦੇ ਪੁਨਰ-ਨਿਰਮਾਣ ਦਾ ਖਾਕਾ ਵੀ ਪੇਸ਼ ਕੀਤਾ। ਉਨ੍ਹਾਂ ਨੇ ਇਕੱਲੇ ਕੋਲਕਾਤਾ ’ਚ 18,700 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਸਿਲੀਗੁੜੀ ’ਚ ਉਨ੍ਹਾਂ ਨੇ 4,500 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਉਨ੍ਹਾਂ ਨੇ ਬੰਗਾਲ ਦੀ ਜਨਤਾ ਲਈ ‘ਛੇ ਮੁੱਖ ਗਾਰੰਟੀਆਂ’ ਐਲਾਨ ਕੀਤੀਆਂ, ਜਿਨ੍ਹਾਂ ’ਚ ਔਰਤਾਂ ਦੀ ਸੁਰੱਖਿਆ, ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣਾ, 7ਵੇਂ ਤਨਖ਼ਾਹ ਕਮਿਸ਼ਨ ਦਾ ਲਾਗੂਕਰਨ ਅਤੇ ਨਿਆਂ ਯਕੀਨੀ ਕਰਨਾ ਸ਼ਾਮਲ ਸੀ।
ਇੱਕ ਨਵੇਂ ਯੁੱਗ ਦਾ ਸੂਤਰਪਾਤ : ਬੰਗਾਲ ’ਚ ਭਾਜਪਾ ਦੀ ਇਹ ਜਿੱਤ ਸਿਰਫ ਇੱਕ ਸੂਬੇ ਦੀ ਜਿੱਤ ਨਹੀਂ, ਸਗੋਂ ਇਹ ਭਾਰਤ ਦੇ ਸੰਪੂਰਨ ਸਿਆਸੀ ਵਿਚਾਰ-ਵਟਾਂਦਰੇ ਨੂੰ ਬਦਲਣ ਵਾਲੀ ਘਟਨਾ ਹੈ। ਇਸ ਦਾ ਪ੍ਰਭਾਵ ਦੱਖਣ ਭਾਰਤ ਦੀ ਰਾਜਨੀਤੀ ’ਤੇ ਵੀ ਵਿਆਪਕ ਤੌਰ ’ਤੇ ਪਵੇਗਾ। ਇਹ ਜਿੱਤ ਭਾਜਪਾ ਦੇ ਅੰਦਰੂਨੀ ਸੰਗਠਨਾਤਮਕ ਢਾਂਚੇ ਨੂੰ ਹੋਰ ਜ਼ਿਆਦਾ ਸ਼ਕਤੀਸ਼ਾਲੀ ਅਤੇ ਅਜਿੱਤ ਬਣਾਏਗੀ। ਬੰਗਾਲ ਦਾ ਇਹ ‘ਆਨੰਦ ਮੱਠ ਪਲ’ ਆਉਣ ਵਾਲੇ ਸਮੇਂ ’ਚ ਦੇਸ਼ ਦੀ ਰਾਜਨੀਤੀ ’ਚ ਹੋਰ ਵੀ ਵੱਡੇ, ਸਾਹਸੀ ਅਤੇ ਕ੍ਰਾਂਤੀਕਾਰੀ ਬਦਲਾਵਾਂ ਦਾ ਰਾਹ ਪੱਧਰਾ ਕਰੇਗਾ। ਇਹ ਬੰਗਾਲ ਦੀ ਗੁਆਚੀ ਹੋਈ ਇੱਜ਼ਤ ਨੂੰ ਵਾਪਸ ਕਰਨ ਅਤੇ ਉਸ ਨੂੰ ‘ਸੋਨਾਰ ਬਾਂਗਲਾ’ ਬਣਾਉਣ ਦੀ ਦਿਸ਼ਾ ’ਚ ਪਹਿਲਾ ਠੋਸ ਕਦਮ ਹੈ।
ਤਰੁਣ ਵਿਜੇ
