‘ਵਧਦੀ ਜਾ ਰਹੀ ਆਵਾਰਾ ਕੁੱਤਿਆਂ ਦੀ ਦਹਿਸ਼ਤ’ ਬੱਚੇ-ਵੱਡੇ ਸਾਰੇ ਬਣ ਰਹੇ ਸ਼ਿਕਾਰ!
Tuesday, Nov 04, 2025 - 05:13 AM (IST)
            
            ਭਾਰਤ ’ਚ ਆਵਾਰਾ ਕੁੱਤਿਆਂ ਵਲੋਂ ਹਮਲਿਆਂ ਦੀਆਂ ਘਟਨਾਵਾਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਬੱਚੇ ਅਤੇ ਵੱਡੇ ਸਾਰੇ ਉਨ੍ਹਾਂ ਦਾ ਸ਼ਿਕਾਰ ਬਣ ਰਹੇ ਹਨ। ਸਾਲ 2024 ’ਚ ਰੋਜ਼ ਔਸਤਨ 10,178 ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਅਤੇ ਕੋਈ ਵੀ ਸਥਾਨ ਇਨ੍ਹਾਂ ਦੀ ਦਹਿਸ਼ਤ ਤੋਂ ਮੁਕਤ ਨਹੀਂ।
ਕੁੱਤਿਆਂ ਦੇ ਜ਼ਿਆਦਾਤਰ ਸ਼ਿਕਾਰ 15 ਸਾਲ ਤੋਂ ਘੱਟ ਉਮਰ ਦੇ ਬੱਚੇ ਹੁੰਦੇ ਹਨ। ਮੌਕਾ ਮਿਲਦੇ ਹੀ ਵੱਖ-ਵੱਖ ਥਾਵਾਂ ’ਤੇ ਇਕੱਲੇ ਜਾਂ ਸਮੂਹਾਂ ’ਚ ਬੈਠੇ ਅਾਵਾਰਾ ਕੁੱਤੇ ਲੋਕਾਂ ’ਤੇ ਟੁੱਟ ਪੈਂਦੇ ਹਨ। ਕੁੱਤਿਆਂ ਦੇ ਵੱਢਣ ਦੀਆਂ ਲਗਭਗ 2 ਮਹੀਨਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 27 ਅਗਸਤ ਨੂੰ ‘ਮੁਜ਼ੱਫਰਨਗਰ’ (ਉੱਤਰ ਪ੍ਰਦੇਸ਼) ’ਚ ‘ਚੰਧੇੜੀ’ ਪਿੰਡ ਦੇ ਰਹਿਣ ਵਾਲੇ ‘ਸ਼ਿਵਾ’ ਨਾਂ ਦੇ 15 ਸਾਲਾ ਬੱਚੇ, ਜਿਸ ਨੂੰ ਇਕ ਮਹੀਨੇ ਪਹਿਲਾਂ ਪਿੰਡ ਦੇ ਅਾਵਾਰਾ ਕੁੱਤਿਆਂ ਨੇ ਵੱਢ ਲਿਆ ਸੀ, ਦੀ ਤੜਪ-ਤੜਪ ਕੇ ਮੌਤ ਹੋ ਗਈ।
* 29 ਅਗਸਤ ਨੂੰ ‘ਸੈਫਈ’ (ਉੱਤਰ ਪ੍ਰਦੇਸ਼) ’ਚ ‘ਨਿਤਿਨ ਵਾਲਮੀਕਿ’ ਨਾਂ ਦੇ 11 ਸਾਲਾ ਬੱਚੇ ਦੀ ਇਕ ਕੁੱਤੇ ਵਲੋਂ ਵੱਢਣ ਕਾਰਨ ਮੌਤ ਹੋ ਗਈ।
* 21 ਸਤੰਬਰ ਨੂੰ ‘ਦੇਹਰਾਦੂਨ’ (ਉੱਤਰਾਖੰਡ) ਦੇ ਪਿੰਡ ‘ਬਦੋਲੀ’ ’ਚ ਇਕ ‘ਰਾਟਵੀਲਰ’ ਨਸਲ ਦੇ ਪਾਲਤੂ ਕੁੱਤੇ ਨੇ, ਜਿਸ ਨੂੰ ਉਸ ਦੇ ਮਾਲਕ ਨੇ ਗਲੀ ’ਚ ਛੱਡਿਆ ਹੋਇਆ ਸੀ, ਰਾਹ ਚਲਦੀ ‘ਮੋਹਿਨੀ’ ਨਾਂ ਦੀ ਔਰਤ ’ਤੇ ਹਮਲਾ ਕਰ ਕੇ ਉਸ ਦਾ ਸਿਰ ਆਪਣੇ ਜਬਾੜੇ ’ਚ ਦਬਾ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
* 5 ਅਕਤੂਬਰ ਨੂੰ ‘ਮੇਰਠ’ (ਉੱਤਰ ਪ੍ਰਦੇਸ਼) ’ਚ ਇਕ ਅਾਵਾਰਾ ਕੁੱਤੇ ਨੇ ਪਿੱਛਿਓਂ ਆ ਕੇ ‘ਮੀਨਾਕਸ਼ੀ’ ਨਾਂ ਦੀ ਇਕ ਔਰਤ ਦੀ ਲੱਤ ਦਬੋਚ ਲਈ ਅਤੇ ਨੋਚ-ਨੋਚ ਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ।
* 8 ਅਕਤੂਬਰ ਨੂੰ ‘ਛਤਰਪਤੀ ਸੰਭਾਜੀ ਨਗਰ’ (ਮਹਾਰਾਸ਼ਟਰ) ’ਚ ਇਕ ਆਵਾਰਾ ਕੁੱਤੇ ਨੇ ‘ਅਰਮਾਨ’ ਨਾਂ ਦੇ ਬੱਚੇ ਦੇ ਸਿਰ ’ਤੇ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ।
* 20 ਅਕਤੂਬਰ ਨੂੰ ‘ਜਾਲਨਾ’ (ਮਹਾਰਾਸ਼ਟਰ) ’ਚ ਅਾਵਾਰਾ ਕੁੱਤੇ ਨੇ ਇਕ 3 ਸਾਲਾ ਬੱਚੀ ’ਤੇ ਹਮਲਾ ਕਰ ਕੇ ਉਸ ਦਾ ਚਿਹਰਾ ਨੋਚ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
* 28 ਅਕਤੂਬਰ ਨੂੰ ‘ਇਟਾਵਾ’ (ਉੱਤਰ ਪ੍ਰਦੇਸ਼) ਦੇ ‘ਬਸਰੇਹਰ’ ਕਸਬੇ ’ਚ ਇਕ ਆਵਾਰਾ ਕੁੱਤੇ ਦੇ ਵੱਢਣ ਨਾਲ ‘ਅਨਮੋਲ’ ਨਾਂ ਦੇ 15 ਸਾਲਾ ਬੱਚੇ ਦੀ ਮੌਤ ਹੋ ਗਈ।
* 30 ਅਕਤੂਬਰ ਨੂੰ ‘ਖੰਡਵਾ’ (ਮੱਧ ਪ੍ਰਦੇਸ਼) ਦੇ ‘ਇਮਲੀਪੁਰਾ’ ’ਚ ਆਵਾਰਾ ਕੁੱਤੇ ਦੇ ਵੱਢਣ ਨਾਲ ‘ਅਰਸ਼ੀਨ’ ਨਾਂ ਦੀ 7 ਸਾਲਾ ਬੱਚੀ ਦੀ ਮੌਤ ਹੋ ਗਈ।
* 2 ਨਬੰਵਰ ਨੂੰ ‘ਨੂਰਮਹਿਲ’ (ਪੰਜਾਬ) ’ਚ ਅਾਵਾਰਾ ਕੁੱਤਿਆਂ ਦੇ ਝੰੁਡ ਨੇ ਮੁਹੱਲਾ ‘ਖਟੀਕਾਂ’ ਦੇ ਇਕ ਨੌਜਵਾਨ ’ਤੇ ਹਮਲਾ ਕਰ ਕੇ ਉਸ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਇੱਥੋਂ ਤੱਕ ਕਿ ਉਸ ਨੌਜਵਾਨ ਦਾ ਸਿਰ ਉਸ ਦੇ ਧੜ ਤੋਂ ਵੱਖ ਕਰ ਦਿੱਤਾ।
* ਅਤੇ ਹੁਣ 3 ਨਵੰਬਰ ਨੂੰ ‘ਬਾਗਲਕੋਟ’ (ਕਰਨਾਟਕ) ’ਚ ਇਕ ਪਾਗਲ ਕੁੱਤੇ ਨੇ ਵੱਖ-ਵੱਖ ਖੇਤਰਾਂ ’ਚ 10 ਲੋਕਾਂ ਨੂੰ ਵੱਢ ਕੇ ਲਹੂ-ਲੁਹਾਨ ਕਰ ਦਿੱਤਾ
* ਕੁੱਤਿਆਂ ਦੀ ਇਸੇ ਦਹਿਸ਼ਤ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ‘ਅਮਰੀਕਨ ਬੁਲ ਡੌਗ’, ‘ਅਮਰੀਕਨ ਪਿਟਬੁਲ,’ ‘ਬੁਲ ਟੈਰੀਅਰ’, ‘ਕੇਨ ਕਾਰਸੋ’, ‘ਡੋਗੋ ਅਰਜਨਟੀਨੋ’ ਅਤੇ ‘ਰਾਟਵੀਲਰ’ ਨਸਲ ਦੇ ਕੁੱਤਿਆਂ ’ਤੇ ਬੈਨ ਲਗਾ ਦਿੱਤਾ ਹੈ। ਇਸ ਦੇ ਅਧੀਨ ਸ਼ਹਿਰ ’ਚ ਇਨ੍ਹਾਂ ਨਸਲਾਂ ਦੇ ਕੁੱਤੇ ਨਾ ਤਾਂ ਪਾਲੇ ਜਾ ਸਕਣਗੇ ਅਤੇ ਨਾ ਹੀ ਖਰੀਦੇ ਜਾਂ ਵੇਚੇ ਜਾ ਸਕਣਗੇ ਅਤੇ ਇਨ੍ਹਾਂ ਨਸਲਾਂ ਦੇ ਕੁੱਤਿਆਂ ਨੂੰ ਸ਼ਹਿਰ ’ਚ ਲਿਆਉਣ ’ਤੇ ਪੂਰੀ ਤਰ੍ਹਾਂ ਰੋਕ ਹੋਵੇਗੀ।
ਵਰਣਨਯੋਗ ਹੈ ਕਿ ਸੁਪਰੀਮ ਕੋਰਟ 28 ਜੁਲਾਈ, 2025 ਦੀ ਇਕ ਖਬਰ ’ਤੇ ਖੁਦ ਨੋਟਿਸ ਲੈ ਕੇ ਆਵਾਰਾ ਕੁੱਤਿਆਂ ਦੇ ਵੱਢਣ ਦੇ ਮਾਮਲੇ ’ਚ ਸੁਣਵਾਈ ਕਰ ਰਹੀ ਹੈ, ਜਿਸ ’ਚ ਆਵਾਰਾ ਕੁੱਤਿਆਂ ਦੇ ਵੱਢਣ ਨਾਲ ਵਿਸ਼ੇਸ਼ ਤੌਰ ’ਤੇ ਬੱਚਿਆਂ ’ਚ ਰੈਬੀਜ਼ ਫੈਲਣ ਦੀ ਗੱਲ ਕਹੀ ਗਈ ਸੀ। ਇਕ ਵੱਡੀ ਸਮੱਸਿਆ ‘ਡੌਗ ਲਵਰਸ’ ਦੀ ਵੀ ਹੈ, ਜੋ ਆਵਾਰਾ ਕੁੱਤਿਆਂ ਨੂੰ ਫੜਨ ਆਉਣ ਵਾਲੀਅਾਂ ਟੀਮਾਂ ਦਾ ਵਿਰੋਧ ਕਰਦੇ ਹਨ। ਇਸ ਦਾ ਹੱਲ ਹੋਣਾ ਵੀ ਜ਼ਰੂਰੀ ਹੈ।
ਇਸੇ ਸਿਲਸਿਲੇ ’ਚ ਸੁਪਰੀਮ ਕੋਰਟ ਦੀ ਸੂਬਿਆਂ ਨੂੰ ਫਟਕਾਰ ਦੇ ਬਾਅਦ 3 ਨਵੰਬਰ ਨੂੰ ਸਾਰੇ ਸੂਬਿਅਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੇ ਸੁਪਰੀਮ ਕੋਰਟ ’ਚ ਪੇਸ਼ ਹੋ ਕੇ ‘ਐਨੀਮਲ ਬਰਥ ਕੰਟਰੋਲ’ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਹਲਫਨਾਮਾਨਾ ਦਾਇਰ ਨਾ ਕਰਨ ਦੇ ਲਈ ਮੁਆਫੀ ਮੰਗੀ। ਸੁਪਰੀਮ ਕੋਰਟ ਨੇ ਕੁੱਤਿਆਂ ਦੇ ਵੱਢਣ ਨਾਲ ਪ੍ਰਭਾਵਿਤ ਲੋਕਾਂ ਦੀ ਪਟੀਸ਼ਨ ਵੀ ਸਵੀਕਾਰ ਕਰ ਲਈ ਹੈ ਅਤੇ ਅਦਾਲਤ ਇਸ ’ਤੇ 7 ਨਵੰਬਰ, 2025 ਨੂੰ ਫੈਸਲਾ ਸੁਣਾਏਗੀ।
ਜਦੋਂ ਤੱਕ ਕੇਂਦਰ ਅਤੇ ਸੂਬਾਈ ਸਰਕਾਰਾਂ ਆਵਾਰਾ ਕੁੱਤਿਆਂ ਨੂੰ ਇੱਧਰ-ਉਧਰ ਘੁੰਮਣ ਤੋਂ ਰੋਕਣ ਲਈ ਉਨ੍ਹਾਂ ਨੂੰ ਫੜ ਕੇ ‘ਡੌਗ ਹਾਊਸਾਂ ’ਚ ਬੰਦ ਕਰਨ ਅਤੇ ਉਨ੍ਹਾਂ ਦੀ ਵਧਦੀ ਗਿਣਤੀ ’ਤੇ ਰੋਕ ਲਗਾਉਣ ਲਈ ਠੋਸ ਕਦਮ ਨਹੀਂ ਚੁੱਕਣਗੀਆਂ, ਉਦੋਂ ਤੱਕ ਇਸ ਸਮੱਸਿਆ ਤੋਂ ਮੁਕਤੀ ਮਿਲ ਸਕਣਾ ਮੁਸ਼ਕਿਲ ਹੈ ਅਤੇ ਅਜਿਹੇ ’ਚ ਆਵਾਰਾ ਕੁੱਤਿਆਂ ਦੇ ਵੱਢਣ ਨਾਲ ਹੋਣ ਵਾਲੀਆਂ ਮੌਤਾਂ ਲਗਾਤਾਰ ਵਧਦੀਆਂ ਹੀ ਜਾਣਗੀਆਂ।
–ਵਿਜੇ ਕੁਮਾਰ
