ਮੋਦੀ ਯੁੱਗ ਨੇ ਨਵੇਂ ਭਾਰਤ ਦੀ ਇਕ ਮਜ਼ਬੂਤ, ਸੁਰੱਖਿਅਤ ਅਤੇ ਵਿਕਸਤ ਦਿਖ ਬਣਾਈ
Tuesday, Jun 10, 2025 - 08:52 AM (IST)

ਸਾਲ 2014 ਵਿਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਵਾਗਡੋਰ ਸੰਭਾਲੀ ਤਾਂ ਭਾਰਤ ਇਕ ਅਹਿਮ ਮੋੜ ’ਤੇ ਖੜ੍ਹਾ ਸੀ। ਇਕ ਅਜਿਹਾ ਦੇਸ਼ ਜਿੱਥੇ ਆਸਾਂ ਤਾਂ ਸਨ ਪਰ ਉਨ੍ਹਾਂ ਦੀ ਪੂਰਤੀ ਦੀ ਦਿਸ਼ਾ ਸਪੱਸ਼ਟ ਨਹੀਂ ਸੀ ਪਰ ਪਿਛਲੇ 11 ਸਾਲਾਂ ਵਿਚ ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਜਿਸ ਦਿਸ਼ਾ ਅਤੇ ਗਤੀ ਨਾਲ ਵਿਕਾਸ ਦੀ ਯਾਤਰਾ ਤੈਅ ਕੀਤੀ ਹੈ, ਉਹ ਅੱਜ ‘ਨਿਊ ਇੰਡੀਆ’ ਦੇ ਰੂਪ ਵਿਚ ਦੁਨੀਆ ਦੇ ਸਾਹਮਣੇ ਖੜ੍ਹਾ ਹੈ। ਅੱਜ ਭਾਰਤ ਆਤਮਵਿਸ਼ਵਾਸ ਨਾਲ ਭਰਪੂਰ, ਆਤਮ-ਨਿਰਭਰਤਾ ਵੱਲ ਵਧ ਰਿਹਾ ਹੈ ਅਤੇ ਵਿਸ਼ਵ ਮੰਚ ’ਤੇ ਆਪਣੀ ਸਪੱਸ਼ਟ ਆਵਾਜ਼ ਬੁਲੰਦ ਕਰਨ ਵਾਲਾ ਰਾਸ਼ਟਰ ਹੈ।
ਇਹ ਤਬਦੀਲੀ ਗਰੀਬਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਤੋਂ ਸ਼ੁਰੂ ਹੋਈ। ਆਜ਼ਾਦੀ ਦੇ ਛੇ ਦਹਾਕਿਆਂ ਬਾਅਦ ਵੀ ਭਾਰਤੀ ਲੋਕ ਮਕਾਨ, ਪਖਾਨੇ, ਪਾਣੀ ਅਤੇ ਸਿਹਤ ਸਹੂਲਤਾਂ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹੇ। ਇਸ ਦਿਸ਼ਾ ਵਿਚ ਪਹਿਲ ਕਰਦੇ ਹੋਏ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਸਵੱਛ ਭਾਰਤ ਅਭਿਆਨ ਦੇ ਤਹਿਤ, ਕਰੋੜਾਂ ਗਰੀਬ ਪਰਿਵਾਰਾਂ ਨੂੰ ਪੱਕੇ ਮਕਾਨ ਅਤੇ ਪਖਾਨੇ ਬਣਾ ਕੇ ਦਿੱਤੇ ਗਏ।
ਉੱਜਵਲਾ ਯੋਜਨਾ ਰਾਹੀਂ ਮੁਫ਼ਤ ਗੈਸ ਕੁਨੈਕਸ਼ਨਾਂ ਨੇ ਕਰੋੜਾਂ ਔਰਤਾਂ ਨੂੰ ਧੂੰਏਂ ਤੋਂ ਮੁਕਤੀ ਦਿਵਾਈ ਜਦਕਿ ਆਯੁਸ਼ਮਾਨ ਭਾਰਤ ਵਰਗੀਆਂ ਸਿਹਤ ਯੋਜਨਾਵਾਂ ਨੇ ਗਰੀਬਾਂ ਨੂੰ ₹5 ਲੱਖ ਤੱਕ ਦਾ ਬੀਮਾ ਕਵਰ ਦੇ ਕੇ ਮਾਲੀ ਨੁਕਸਾਨ ਤੋਂ ਬਚਾਇਆ। ਹਰ ਘਰ ਜਲ ਅਭਿਆਨ ਰਾਹੀਂ ਕਰੋੜਾਂ ਪੇਂਡੂ ਪਰਿਵਾਰਾਂ ਨੂੰ ਟੂਟੀ ਦਾ ਪਾਣੀ ਉਪਲਬਧ ਕਰਵਾਇਆ ਗਿਆ।
ਇਹ ਯੋਜਨਾਵਾਂ ਸਿਰਫ਼ ਕਾਗਜ਼ਾਂ ’ਤੇ ਨੀਤੀਆਂ ਨਹੀਂ ਹਨ, ਸਗੋਂ ਜ਼ਮੀਨੀ ਹਕੀਕਤ ਵਿਚ ਬਦਲ ਗਈਆਂ ਹਨ ਅਤੇ ਇਨ੍ਹਾਂ ਨੇ ਆਮ ਲੋਕਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ। ਜਨ ਧਨ ਯੋਜਨਾ ਰਾਹੀਂ, ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਰੋੜਾਂ ਭਾਰਤੀਆਂ ਨੂੰ ਬੈਂਕਿੰਗ ਪ੍ਰਣਾਲੀ ਨਾਲ ਜੋੜਿਆ ਗਿਆ, ਜਿਸ ਨਾਲ ਦੇਸ਼ ਵਿਚ ਆਰਥਿਕ ਸਮਾਵੇਸ਼ ਮਜ਼ਬੂਤ ਹੋਇਆ ਹੈ।
ਭਾਰਤ ਨੇ ਬੁਨਿਆਦੀ ਢਾਂਚੇ ਦੇ ਖੇਤਰ ’ਚ ਵੀ ਇਤਿਹਾਸਕ ਤਰੱਕੀ ਕੀਤੀ ਹੈ। ਸੋਲਰ ਲਾਈਟਾਂ ਹੁਣ ਉਨ੍ਹਾਂ ਪਿੰਡਾਂ ਨੂੰ ਰੌਸ਼ਨ ਕਰ ਰਹੀਆਂ ਹਨ ਜਿੱਥੇ ਬਿਜਲੀ ਅਤੇ ਪੱਕੀਆਂ ਸੜਕਾਂ ਕਦੇ ਇਕ ਸੁਪਨਾ ਹੁੰਦੀਆਂ ਸਨ। ਦੂਰ-ਦੁਰਾਡੇ ਦੇ ਪਿੰਡਾਂ ਨੂੰ ਰਾਸ਼ਟਰੀ ਰਾਜਮਾਰਗਾਂ ਨਾਲ ਜੋੜਨਾ ਯਕੀਨੀ ਬਣਾਇਆ ਗਿਆ ਹੈ। ਸ਼ਹਿਰਾਂ ਵਿਚ ਸਮਾਰਟ ਸਿਟੀ ਮਿਸ਼ਨ ਅਤੇ ਮੈਟਰੋ ਪ੍ਰਾਜੈਕਟਾਂ ਨੇ ਜੀਵਨ ਦੀ ਗੁਣਵੱਤਾ ਵਿਚ ਕਾਫ਼ੀ ਸੁਧਾਰ ਕੀਤਾ ਹੈ।
ਭਾਰਤ ਦੀ ਇਹ ਵਿਕਾਸ ਯਾਤਰਾ ਡਿਜੀਟਲ ਰੂਪ ਵਿਚ ਵੀ ਕ੍ਰਾਂਤੀਕਾਰੀ ਰਹੀ ਹੈ। ਡਿਜੀਟਲ ਇੰਡੀਆ ਮੁਹਿੰਮ ਨੇ ਦੇਸ਼ ਨੂੰ ਤਕਨੀਕੀ ਤੌਰ ’ਤੇ ਸਮਰੱਥ ਬਣਾਇਆ ਹੈ ਅਤੇ ਯੂ ਪੀ ਆਈ ਨੇ ਭਾਰਤ ਨੂੰ ਅੱਜ ਦੁਨੀਆ ਵਿਚ ਸਭ ਤੋਂ ਵੱਧ ਡਿਜੀਟਲ ਲੈਣ-ਦੇਣ ਕਰਨ ਵਾਲਾ ਦੇਸ਼ ਬਣਾ ਦਿੱਤਾ ਹੈ। ਆਧਾਰ, ਮੋਬਾਈਲ ਅਤੇ ਜਨ ਧਨ ਦੀ ‘ਤ੍ਰਿਮੂਰਤੀ’ ਨੇ ਪ੍ਰਤੱਖ ਲਾਭ ਤਬਾਦਲੇ ਨੂੰ ਸੁਖਾਲ਼ਾ ਬਣਾ ਦਿੱਤਾ ਹੈ ਅਤੇ ਭ੍ਰਿਸ਼ਟਾਚਾਰ ਅਤੇ ਵਿਚੋਲਿਆਂ ਦੀ ਭੂਮਿਕਾ ਨੂੰ ਲਗਭਗ ਖਤਮ ਕਰ ਦਿੱਤਾ ਹੈ।
ਭਾਰਤੀ ਫੌਜ ਵਿਚ ਔਰਤਾਂ ਨੂੰ ਐੱਨ ਡੀ ਏ ਅਤੇ ਸਥਾਈ ਕਮਿਸ਼ਨ ਵਰਗੀਆਂ ਪਹਿਲਕਦਮੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਮਹਿਲਾ ਸਸ਼ਕਤੀਕਰਨ ਸਰਕਾਰ ਲਈ ਸਿਰਫ਼ ਇਕ ਨਾਅਰਾ ਨਹੀਂ, ਸਗੋਂ ਨੀਤੀ ਅਤੇ ਨੀਅਤ ਦੋਵਾਂ ਦਾ ਹਿੱਸਾ ਬਣ ਚੁੱਕਾ ਹੈ।
ਖੇਤੀ ਪ੍ਰਧਾਨ ਦੇਸ਼ ਹੋਣ ਦੇ ਬਾਵਜੂਦ, ਦੇਸ਼ ਦਾ ਖੇਤੀਬਾੜੀ ਖੇਤਰ ਲੰਬੇ ਸਮੇਂ ਤੱਕ ਅਣਗੌਲਿਆ ਰਿਹਾ, ਸਰਕਾਰਾਂ ਦੇ ਸਾਰੇ ਕਾਗਜ਼ੀ ਦਾਅਵਿਆਂ ਦੇ ਉਲਟ, ਸਥਿਤੀ ਇਹ ਸੀ ਕਿ ਕਿਸਾਨਾਂ ਨੂੰ ਖੇਤੀ ਛੱਡ ਕੇ ਨੌਕਰੀਆਂ ਲਈ ਪ੍ਰਵਾਸ ਕਰਨ ਲਈ ਮਜਬੂਰ ਹੋਣਾ ਪਿਆ। ਪਿਛਲੇ ਦਹਾਕੇ ਵਿਚ, ਖੇਤੀਬਾੜੀ ਖੇਤਰ ਵਿਚ ਬੇਮਿਸਾਲ ਬਦਲਾਅ ਆਏ ਹਨ। ਅੱਜ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਰਾਹੀਂ, ਦੇਸ਼ ਦੇ ਹਰ ਛੋਟੇ ਕਿਸਾਨ ਨੂੰ ਸਿੱਧੀ ਮਾਲੀ ਸਹਾਇਤਾ ਦਿੱਤੀ ਜਾ ਰਹੀ ਹੈ।
ਫਸਲ ਬੀਮਾ ਯੋਜਨਾ, ਈ-ਨਾਮ ਪੋਰਟਲ, ਸੂਖਮ ਸਿੰਚਾਈ ਯੋਜਨਾਵਾਂ ਅਤੇ ਡਰੋਨ ਤਕਨਾਲੋਜੀ ਦੀ ਵਰਤੋਂ ਨੇ ਖੇਤੀਬਾੜੀ ਨੂੰ ਨਾ ਸਿਰਫ਼ ਉਪਜ ਦੇ ਮਾਮਲੇ ਵਿਚ, ਸਗੋਂ ਆਮਦਨ ਦੇ ਸਰੋਤ ਵਜੋਂ ਵੀ ਮਜ਼ਬੂਤ ਕੀਤਾ ਹੈ। ਇਸੇ ਤਰ੍ਹਾਂ ਸਿੱਖਿਆ ਅਤੇ ਹੁਨਰ ਵਿਕਾਸ ਦੇ ਖੇਤਰ ਵਿਚ ਕਈ ਇਤਿਹਾਸਕ ਪਹਿਲਕਦਮੀਆਂ ਕੀਤੀਆਂ ਗਈਆਂ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਰਾਹੀਂ, ਸਕੂਲੀ ਸਿੱਖਿਆ ਤੋਂ ਲੈ ਕੇ ਉੱਚ ਸਿੱਖਿਆ ਤੱਕ ਗੁਣਾਤਮਕ ਬਦਲਾਅ ਆਏ ਹਨ। ਮਾਂ ਬੋਲੀ ਵਿਚ ਪੜ੍ਹਾਈ ਨੂੰ ਉਤਸ਼ਾਹਿਤ ਕਰਨਾ, ਹੁਨਰ-ਅਾਧਾਰਤ ਸਿੱਖਿਆ ਅਤੇ ਦੀਕਸ਼ਾ, ਸਵੈਮ ਅਤੇ ਪੀ ਐੱਮ ਈ-ਵਿਦਿਆ ਵਰਗੇ ਡਿਜੀਟਲ ਸਿਖਲਾਈ ਪਲੇਟਫਾਰਮਾਂ ਨੇ ਸਿੱਖਿਆ ਨੂੰ ਵਧੇਰੇ ਪਹੁੰਚਯੋਗ ਅਤੇ ਸੰਮਲਿਤ ਬਣਾਇਆ ਹੈ। ਸਕਿੱਲ ਇੰਡੀਆ ਦੇ ਤਹਿਤ, ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਅਾਧਾਰਤ ਸਿਖਲਾਈ ਦਿੱਤੀ ਗਈ ਹੈ, ਜਿਸ ਕਾਰਨ ਨੌਜਵਾਨ ਹੁਣ ਨੌਕਰੀ ਮੰਗਣ ਵਾਲੇ ਨਹੀਂ, ਨੌਕਰੀ ਦੇਣ ਵਾਲੇ ਬਣ ਰਹੇ ਹਨ।
ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਵਲੋਂ ਸਿਹਤ ਦੇ ਖੇਤਰ ਵਿਚ ਲਏ ਗਏ ਹਿੰਮਤੀ ਅਤੇ ਤੇਜ਼ ਫੈਸਲਿਆਂ ਦੀ ਪੂਰੀ ਦੁਨੀਆ ਵਿਚ ਸ਼ਲਾਘਾ ਕੀਤੀ ਗਈ। ਸਵਦੇਸ਼ੀ ਟੀਕਾ ਉਤਪਾਦਨ ਅਤੇ ਕੋਵਿਡ ਪੋਰਟਲ ਦੇ ਸਫਲ ਸੰਚਾਲਨ ਤੋਂ ਪਤਾ ਚੱਲਦਾ ਹੈ ਕਿ ਭਾਰਤ ਹੁਣ ਸਿਰਫ਼ ਇਕ ਖਪਤਕਾਰ ਨਹੀਂ, ਸਗੋਂ ਤਕਨਾਲੋਜੀ ਅਤੇ ਵਿਗਿਆਨ ਦਾ ਨਿਰਮਾਤਾ ਵੀ ਹੈ।
ਇਸ ਤੋਂ ਇਲਾਵਾ , ਫਿੱਟ ਇੰਡੀਆ, ਯੋਗ ਦਿਵਸ ਅਤੇ ਆਯੁਸ਼ ਮੰਤਰਾਲੇ ਦੀ ਸਰਗਰਮੀ ਨੇ ਭਾਰਤੀ ਜੀਵਨਸ਼ੈਲੀ ਨੂੰ ਮੁੜ ਪ੍ਰਸੰਗਿਕ ਬਣਾ ਦਿੱਤਾ ਹੈ। ‘ਲੋਕਲ ਨੂੰ ਗਲੋਬਲ’ ਬਣਾਉਣ ਦੀ ਪ੍ਰਧਾਨ ਮੰਤਰੀ ਮੋਦੀ ਦੀ ਦੂਰਦਰਸ਼ੀ ਸੋਚ ਨੇ ਘਰੇਲੂ ਉਦਯੋਗਾਂ ਅਤੇ ਨਵੀਨਤਾਵਾਂ ਨੂੰ ਮੇਕ ਇਨ ਇੰਡੀਆ, ਸਟਾਰਟਅੱਪ ਇੰਡੀਆ ਅਤੇ ਆਤਮਨਿਰਭਰ ਭਾਰਤ ਅਭਿਆਨ ਰਾਹੀਂ ਵਿਸ਼ਵ ਪੱਧਰ ’ਤੇ ਮੁਕਾਬਲਾ ਕਰਨ ਲਈ ਸ਼ਕਤੀ ਪ੍ਰਦਾਨ ਕੀਤੀ ਹੈ।
ਦਹਾਕਿਆਂ ਤੋਂ ਲਟਕ ਰਹੀ ‘ਇਕ ਰੈਂਕ, ਇਕ ਪੈਨਸ਼ਨ’ ਨੂੰ ਲਾਗੂ ਕੀਤਾ ਗਿਆ, ਬ੍ਰਹਮੋਸ, ਆਕਾਸ਼ ਵਰਗੇ ਰੱਖਿਆ ਉਪਕਰਣਾਂ ਨੇ ਨਾ ਸਿਰਫ਼ ਹਥਿਆਰਬੰਦ ਫੌਜਾਂ ਦੀ ਤਾਕਤ ਵਧਾਈ ਹੈ ਬਲਕਿ ਭਾਰਤ ਦੁਨੀਆ ਨੂੰ ਹਥਿਆਰ ਵੀ ਨਿਰਯਾਤ ਕਰ ਰਿਹਾ ਹੈ। ਵਿਕਰਾਂਤ ਦਾ ਨਿਰਮਾਣ, ਅਗਨੀ ਮਿਜ਼ਾਈਲਾਂ ਦੀ ਲੜੀ ਅਤੇ ਸਰਹੱਦ ’ਤੇ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਨਿਰਮਾਣ ਭਾਰਤ ਦੀ ਸੁਰੱਖਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਕ ਪਾਸੇ ਜਿੱਥੇ ਆਰਥਿਕ ਅਤੇ ਤਕਨੀਕੀ ਵਿਕਾਸ ਹੋਇਆ ਹੈ, ਉੱਥੇ ਸੰਸਕ੍ਰਿਤਕ ਅਤੇ ਧਾਰਮਿਕ ਪੁਨਰਜਾਗਰਣ ਨੇ ਵੀ ਸਮਾਜ ਵਿਚ ਨਵੀਂ ਚੇਤਨਾ ਪੈਦਾ ਕੀਤੀ ਹੈ।
ਅਯੋਧਿਆ ਵਿਚ ਸ਼੍ਰੀ ਰਾਮ ਜਨਮਭੂਮੀ ਮੰਦਰ ਦੀ ਉਸਾਰੀ, ਕਾਸ਼ੀ ਵਿਸ਼ਵਨਾਥ ਧਾਮ, ਮਹਾਕਾਲ ਲੋਕ ਅਤੇ ਕੇਦਾਰਨਾਥ ਪੁਨਰ ਨਿਰਮਾਣ ਵਰਗੇ ਪ੍ਰਾਜੈਕਟਾਂ ਨੇ ਸੰਸਕ੍ਰਿਤਕ ਵਿਸ਼ਵਾਸ ਨੂੰ ਸਨਮਾਨ ਅਤੇ ਸ਼ਾਨ ਦੋਵੇਂ ਦਿੱਤੇ ਹਨ। ਯੋਗ ਦਿਵਸ ਲਈ ਆਲਮੀ ਮਾਨਤਾ ਹਾਸਲ ਕਰ ਕੇ, ਭਾਰਤ ਨੇ ਸਮੁੱਚੀ ਦੁਨੀਆ ਨੂੰ ਭਾਰਤੀ ਫ਼ਲਸਫ਼ੇ ਨਾਲ ਜੋੜਨ ਦਾ ਕੰਮ ਵੀ ਕੀਤਾ ਹੈ।
ਅੰਤਰਰਾਸ਼ਟਰੀ ਸਬੰਧਾਂ ਵਿਚ ਵੀ ਪਹਿਲੀ ਵਾਰ ਭਾਰਤ ਨੇ ‘ਫਾਲੋਅਰ’ ਤੋਂ ‘ਲੀਡਰ’ ਦੀ ਭੂਮਿਕਾ ਨਿਭਾਈ ਹੈ। ਜੀ 20 ਪ੍ਰਧਾਨਗੀ, ਵੈਕਸੀਨ ਮੈਤਰੀ, ਅੰਤਰਰਾਸ਼ਟਰੀ ਸੌਰ ਗਠਜੋੜ, ਗਲੋਬਲ ਸਾਊਥ ਦੀ ਆਵਾਜ਼ ਵਰਗੇ ਯਤਨਾਂ ਨੇ ਭਾਰਤ ਨੂੰ ਵਿਕਾਸਸ਼ੀਲ ਦੇਸ਼ਾਂ ਦਾ ਅਗਵਾਈਕਰਤਾ ਬਣਾ ਦਿੱਤਾ ਹੈ। ਭਾਰਤ ਹੁਣ ਸੰਯੁਕਤ ਰਾਸ਼ਟਰ ਦੀ ਸਥਾਈ ਮੈਂਬਰਸ਼ਿਪ ਲਈ ਗੰਭੀਰ ਦਾਅਵੇਦਾਰੀ ਕਰ ਰਿਹਾ ਹੈ। ਨਰਿੰਦਰ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸਦੀ ਰਾਜਨੀਤਿਕ ਇੱਛਾ ਸ਼ਕਤੀ ਰਹੀ ਹੈ, ਭਾਵੇਂ ਇਹ ਧਾਰਾ 370 ਨੂੰ ਹਟਾਉਣ ਦਾ ਇਤਿਹਾਸਕ ਫੈਸਲਾ ਹੋਵੇ, ਤਿੰਨ ਤਲਾਕ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨਾ ਹੋਵੇ ਜਾਂ ‘ਇਕ ਦੇਸ਼-ਇਕ ਟੈਕਸ’ ਵਰਗੀ ਗੁੰਝਲਦਾਰ ਪਰ ਜ਼ਰੂਰੀ ਪ੍ਰਣਾਲੀ ਨੂੰ ਲਾਗੂ ਕਰਨਾ ਹੋਵੇ। ਪਾਰਦਰਸ਼ੀ ਸ਼ਾਸਨ ਅਤੇ ਤਕਨਾਲੋਜੀ ਦੀ ਵਰਤੋਂ ਕਰ ਕੇ ਦੇਸ਼ ਵਿਚ ‘ਅੰਤੋਦਿਆ’ ਨੂੰ ਵਿਹਾਰਕ ਰੂਪ ਦਿੱਤਾ ਗਿਆ ਹੈ।
ਅੱਜ, ਜਦੋਂ ਅਸੀਂ ਪਿਛਲੇ 11 ਸਾਲਾਂ ’ਤੇ ਝਾਤ ਮਾਰਦੇ ਹਾਂ, ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਸਿਰਫ਼ ਯੋਜਨਾਵਾਂ ਦੀ ਸੂਚੀ ਨਹੀਂ ਹੈ, ਸਗੋਂ ਇਕ ਰਾਸ਼ਟਰੀ ਪੁਨਰਜਾਗਰਣ ਦੀ ਇਕ ਜਿਊਂਦੀ ਜਾਗਦੀ ਤਸਵੀਰ ਹੈ।
- ਸ਼੍ਰੀ ਪਿਯੂਸ਼ ਗੋਇਲ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ