ਪਹਿਲਾਂ ਏ. ਆਈ. ਅਤੇ ਹੁਣ ਜੰਗ ਦੇ ਕਾਰਨ ਨੌਕਰੀਆਂ ਦੀ ਗਾਰੰਟੀ ਨਹੀਂ

Tuesday, Apr 07, 2026 - 03:58 PM (IST)

ਪਹਿਲਾਂ ਏ. ਆਈ. ਅਤੇ ਹੁਣ ਜੰਗ ਦੇ ਕਾਰਨ ਨੌਕਰੀਆਂ ਦੀ ਗਾਰੰਟੀ ਨਹੀਂ

ਪਿਛਲੇ ਦਿਨੀਂ ਇਕ ਨਾਮੀ ਬਹੁ-ਰਾਸ਼ਟਰੀ ਕੰਪਨੀ ਨੇ ਸਵੇਰੇ ਛੇ ਵਜੇ ਈ-ਮੇਲ ਭੇਜ ਕੇ ਆਪਣੇ ਤੀਹ ਹਜ਼ਾਰ ਮੁਲਾਜ਼ਮਾਂ ਨੂੰ ਹਟਾ ਦਿੱਤਾ। ਇਨ੍ਹਾਂ ’ਚ ਬਾਰ੍ਹਾਂ ਹਜ਼ਾਰ ਭਾਰਤੀ ਹਨ। ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ’ਚ ਜਿਵੇਂ ਇਹ ਹੋੜ ਮਚੀ ਹੋਈ ਹੈ ਕਿ ਕੌਣ ਕਿੰਨੇ ਜ਼ਿਆਦਾ ਮੁਲਾਜ਼ਮਾਂ ਤੋਂ ਪਿੰਡ ਛੁਡਾਉਂਦਾ ਹੈ। ਕੋਈ ਵੀਹ ਹਜ਼ਾਰ ਕੱਢ ਰਿਹਾ ਹੈ, ਕੋਈ ਪੰਜਾਹ ਹਜ਼ਾਰ, ਤਾਂ ਕੋਈ ਕਈ ਲੱਖ। ਇਹੀ ਨਹੀਂ, ਵੱਡੀ ਗਿਣਤੀ ’ਚ ਲੋਕਾਂ ਨੂੰ ਹਟਾਉਣ ਤੋਂ ਬਾਅਦ ਇਹ ਧਮਕੀ ਵੀ ਜਾਰੀ ਰਹਿੰਦੀ ਹੈ ਕਿ ਇਹ ਅੰਤ ਨਹੀਂ ਹੈ, ਅਜੇ ਹੋਰ ਲੋਕਾਂ ਨੂੰ ਹਟਾਉਣਾ ਹੈ।

ਅਜਿਹੇ ਦ੍ਰਿਸ਼ ਵੀ ਸਾਹਮਣੇ ਆ ਰਹੇ ਹਨ ਕਿ ਕਿਸੇ ਨੇ ਇਕ ਹਫ਼ਤੇ ਪਹਿਲਾਂ ਕੰਪਨੀ ਜੁਆਇਨ ਕੀਤੀ ਸੀ ਅਤੇ ਉਸ ਨੂੰ ਹਟਾ ਦਿੱਤਾ ਗਿਆ। ਇਕ ਕੁੜੀ ਜੋ ਆਪਣਾ ਟਾਰਗੈੱਟ ਪੂਰਾ ਕਰਨ ਲਈ ਵੀਹ-ਵੀਹ ਘੰਟੇ ਕੰਮ ਕਰਦੀ, ਕੋਈ ਛੁੱਟੀ ਨਾ ਲੈਂਦੀ, ਕਈ ਵਾਰ ਦਫ਼ਤਰ ’ਚ ਹੀ ਸੌਂ ਜਾਂਦੀ ਸੀ, ਉਸ ਨੂੰ ਅਚਾਨਕ ਹਟਾ ਦਿੱਤਾ ਗਿਆ। ਇਕ ਆਦਮੀ ਜੋ ਅੱਠ ਸਾਲਾਂ ਤੋਂ ਕੰਪਨੀ ’ਚ ਕੰਮ ਕਰਦਾ ਸੀ, ਦੇਰ ਰਾਤ ਤੱਕ ਰੁਕਦਾ, ਸਭ ਤੋਂ ਪਹਿਲਾਂ ਆਉਂਦਾ, ਇਕ ਸਵੇਰੇ ਜਦੋਂ ਉਹ ਦਫ਼ਤਰ ਆਇਆ, ਤਾਂ ਐੱਚ. ਆਰ. ਤੋਂ ਫ਼ੋਨ ਆਇਆ। ਉਹ ਉੱਥੇ ਗਿਆ, ਤਾਂ ਉਸ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਸਾਮਾਨ ਸਮੇਟ ਲਵੋ। ਤੁਹਾਨੂੰ ਹਟਾ ਦਿੱਤਾ ਗਿਆ ਹੈ। ਇਕ ਕੁੜੀ ਨੇ ਗੰਭੀਰ ਰੂਪ ’ਚ ਬਿਮਾਰ ਆਪਣੇ ਪਤੀ ਦੀ ਦੇਖਭਾਲ ਲਈ ਛੁੱਟੀ ਲਈ ਸੀ, ਉਸ ਨੂੰ ਹਟਾ ਦਿੱਤਾ। ਇਕ ਦੂਜੇ ਨੇ ਖੁਦ ਦੀ ਬਿਮਾਰੀ ਲਈ ਛੁੱਟੀ ਲਈ, ਉਸ ਨੂੰ ਵੀ ਨਹੀਂ ਬਖਸ਼ਿਆ ਗਿਆ। ਭਾਰਤ ’ਚ ਬਹੁਤ ਸਾਰੇ ਲੋਕ ਛੁੱਟੀ ਬਿਤਾਉਣ ਆਏ ਸਨ, ਉਨ੍ਹਾਂ ਨੂੰ ਇੱਥੇ ਹੀ ਹਟਾਏ ਜਾਣ ਦੀ ਸੂਚਨਾ ਮਿਲੀ।

ਲੋਕਾਂ ਨੂੰ ਹਟਾਉਣ ਲਈ ਏ. ਆਈ. ਦਾ ਬਹਾਨਾ ਬਣਾਇਆ ਜਾ ਰਿਹਾ ਹੈ। ਕੰਪਨੀ ਪ੍ਰਤੀ ਵਫਾਦਾਰੀ ਦਾ ਜਿਵੇਂ ਕੋਈ ਮਾਅਨੇ ਹੀ ਨਹੀਂ ਰਿਹਾ।

ਪਿਛਲੇ ਦਿਨੀਂ ਇਕ ਰਿਪੋਰਟ ਪੜ੍ਹ ਰਹੀ ਸੀ, ਜਿਸ ’ਚ ਦੱਸਿਆ ਗਿਆ ਸੀ ਕਿ ਜਿਨ੍ਹਾਂ ਲੋਕਾਂ ਦੀਆਂ ਨੌਕਰੀਆਂ ਇਸ ਤਰ੍ਹਾਂ ਜਾਂਦੀਆਂ ਹਨ, ਉਨ੍ਹਾਂ ਨੂੰ ਤਾਂ ਮਾਨਸਿਕ ਸੱਟ ਲੱਗਦੀ ਹੀ ਹੈ, ਉਨ੍ਹਾਂ ਦੇ ਮਾਤਾ-ਪਿਤਾ ਵੀ ਡਿਪਰੈਸ਼ਨ ’ਚ ਚਲੇ ਜਾਂਦੇ ਹਨ। ਕਿਉਂਕਿ ਬੁਢਾਪੇ ’ਚ ਭਾਰਤ ’ਚ ਜ਼ਿਆਦਾਤਰ ਮਾਤਾ-ਪਿਤਾ, ਅੱਜ ਵੀ ਬੱਚਿਆਂ ਦੇ ਸਹਾਰੇ ਹੁੰਦੇ ਹਨ। ਜੇਕਰ ਜਿਨ੍ਹਾਂ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਇਸ ਯੋਗ ਬਣਾਇਆ ਕਿ ਉਹ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ, ਉਨ੍ਹਾਂ ਦੀ ਨੌਕਰੀ ਇਸ ਤਰ੍ਹਾਂ ਚਲੀ ਜਾਵੇ, ਤਾਂ ਪੂਰੇ ਘਰ ਦੀ ਅਰਥਵਿਵਸਥਾ ਹੀ ਡਗਮਗਾ ਜਾਂਦੀ ਹੈ।

ਭਾਰਤ ’ਚ ਇਸ ਦੀ ਆਹਟ ਸੁਣਾਈ ਦੇ ਰਹੀ ਹੈ। ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਕਹਿ ਰਹੀਆਂ ਹਨ ਕਿ ਉਨ੍ਹਾਂ ਨੇ ਨਵੀਆਂ ਨਿਯੁਕਤੀਆਂ ਟਾਲ ਦਿੱਤੀਆਂ ਹਨ ਅਤੇ ਹੁਣ ਉਹ ਉਨ੍ਹਾਂ ਮੁਲਾਜ਼ਮਾਂ ਬਾਰੇ ਸੋਚ ਰਹੀਆਂ ਹਨ, ਜੋ ਵੱਡੀਆਂ-ਵੱਡੀਆਂ ਤਨਖ਼ਾਹ ਲੈਂਦੇ ਹਨ ਅਤੇ ਮਹਿੰਗੇ ਰਿਸੋਰਸ ਹਨ। ਭਾਵ ਕਿ ਹੁਣ ਨਵੇਂ ਨੌਜਵਾਨ-ਮੁਟਿਆਰਾਂ ਦੀਆਂ ਨੌਕਰੀਆਂ ਦੇ ਦਰਵਾਜ਼ੇ ਬੰਦ ਹੋ ਰਹੇ ਹਨ, ਉਨ੍ਹਾਂ ਦੀ ਸ਼ਾਮਤ ਵੀ ਆ ਰਹੀ ਹੈ, ਜਿਨ੍ਹਾਂ ਨੇ ਮਿਡਲ ਮੈਨੇਜਮੈਂਟ ਤੱਕ ਪਹੁੰਚਣ ਲਈ ਕੰਪਨੀਆਂ ਨਾਲ ਵਰ੍ਹੇ ਬਿਤਾਏ। ਟਾਰਗੈੱਟ ਪੂਰੇ ਕਰਨ ਦੀ ਚਿੰਤਾ ’ਚ ਨਾ ਪਰਿਵਾਰ ’ਤੇ ਧਿਆਨ ਦੇ ਪਾਏ, ਨਾ ਹੀ ਆਪਣੇ ਜੀਵਨ ’ਚ ਕੁਝ ਹੋਰ ਕਰ ਸਕੇ। ਵੱਡੀ ਗਿਣਤੀ ’ਚ ਲੋਕ ਕਹਿ ਰਹੇ ਹਨ ਕਿ ਕੰਪਨੀਆਂ ਦੇ ਲਾਭ ਲਈ ਅਸੀਂ ਜੀਵਨ ਵੀ ਲਗਾ ਦੇਈਏ, ਤਾਂ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਜਦੋਂ ਚਾਹੁਣ ਹਟਾ ਸਕਦੀਆਂ ਹਨ ਅਤੇ ਪਲਟ ਕੇ ਨਹੀਂ ਦੇਖਦੀਆਂ। ਇਕ ਸਮੇਂ ’ਚ ਕੰਪਨੀਆਂ ਪ੍ਰਤੀ ਵਫਾਦਾਰੀ ਨੂੰ ਬਹੁਤ ਵਧੀਆ ਗੁਣ ਮੰਨਿਆ ਜਾਂਦਾ ਸੀ। ਕੰਪਨੀਆਂ ਆਪਣੇ ਅਜਿਹੇ ਮੁਲਾਜ਼ਮਾਂ ਦੇ ਮਹੱਤਵ ਨੂੰ ਮੰਨਦੀਆਂ ਵੀ ਸਨ ਅਤੇ ਦਰਸਾਉਂਦੀਆਂ ਸਨ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਤੁਹਾਡੀ ਮਿਹਨਤ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਨੌਕਰੀ ਬਚੀ ਰਹੇਗੀ। ਪੁਰਾਣੀਆਂ ਸਾਰੀਆਂ ਕਦਰਾਂ-ਕੀਮਤਾਂ ਜਿਨ੍ਹਾਂ ’ਚ ਦੱਸਿਆ ਜਾਂਦਾ ਸੀ ਕਿ ਮਿਹਨਤ ਦਾ ਕੋਈ ਬਦਲ ਨਹੀਂ, ਉਨ੍ਹਾਂ ਨੂੰ ਸਿਰ ਦੇ ਭਾਰ ਖੜ੍ਹਾ ਕਰ ਦਿੱਤਾ ਗਿਆ ਹੈ।

ਇਕ ਕੰਪਨੀ ਦੇ ਵੱਡੇ ਅਫ਼ਸਰ ਨੇ ਕਿਹਾ ਕਿ ਜਿਨ੍ਹਾਂ ਨੂੰ ਹਟਾਇਆ ਗਿਆ ਹੈ, ਉਹ ਆਪਣਾ ਸਟਾਰਟਅੱਪ ਸ਼ੁਰੂ ਕਰ ਸਕਦੇ ਹਨ। ਕਹਿਣਾ ਕਿੰਨਾ ਆਸਾਨ ਹੈ। ਕੀ ਕਿਸੇ ਮੱਧਵਰਗ ਦੇ ਆਦਮੀ ਕੋਲ ਇੰਨੇ ਪੈਸੇ ਹੁੰਦੇ ਹਨ ਕਿ ਜਦੋਂ ਚਾਹੇ ਉਦੋਂ ਵਪਾਰ ਸ਼ੁਰੂ ਕਰ ਦੇਵੇ? ਉਂਝ ਵੀ ਇਸ ਪੀੜ੍ਹੀ ਨੂੰ ਈ. ਐੱਮ. ਆਈ. ਪੀੜ੍ਹੀ ਕਹਿੰਦੇ ਹਨ। ਹਾਲ ਹੀ ’ਚ ਇਕ ਸਰਵੇ ’ਚ ਦੱਸਿਆ ਗਿਆ ਸੀ ਕਿ ਭਾਰਤੀ ਸਭ ਤੋਂ ਵੱਧ ਕਰਜ਼ਾ ਲੈਂਦੇ ਹਨ। ਅਜਿਹੇ ’ਚ ਕੀ ਇੰਨੇ ਪੈਸੇ ਬਚਦੇ ਹਨ ਕਿ ਤਮਾਮ ਘਰੇਲੂ ਜ਼ਰੂਰਤਾਂ, ਬੱਚਿਆਂ ਦੀ ਮਹਿੰਗੀ ਸਿੱਖਿਆ, ਕਿਸੇ ਦਾ ਮਹਿੰਗਾ ਇਲਾਜ ਕਰਾਉਣ ਤੋਂ ਬਾਅਦ, ਜੇਕਰ ਅਚਾਨਕ ਨੌਕਰੀ ਚਲੀ ਜਾਵੇ, ਤਾਂ ਕੋਈ ਵਪਾਰ ਕਰ ਲੈਣ। ਆਪਣਾ ਕੰਮ ਸ਼ੁਰੂ ਕਰ ਵੀ ਲੈਣ ਤਾਂ ਸਫਲਤਾ ਮਿਲ ਹੀ ਜਾਵੇਗੀ, ਕੌਣ ਕਹਿ ਸਕਦਾ ਹੈ। ਤਨਖਾਹ ਦੀ ਗਾਰੰਟੀ ਹੁੰਦੀ ਹੈ, ਆਪਣੇ ਕੰਮ ’ਚ ਕਿੰਨਾ ਪੈਸਾ ਆਵੇਗਾ, ਕਿੰਨਾ ਨਹੀਂ, ਇਸ ਦੀ ਕੋਈ ਗਾਰੰਟੀ ਨਹੀਂ। ਆਏ ਦਿਨ ਸਟਾਰਟਅੱਪ ਅਤੇ ਨਵੀਆਂ ਖੁੱਲ੍ਹੀਆਂ ਦੁਕਾਨਾਂ ਬੰਦ ਹੋ ਰਹੀਆਂ ਹਨ।

ਜਿਨ੍ਹਾਂ ਲੋਕਾਂ ਨੇ ਭੂ-ਮੰਡਲੀਕਰਨ ਅਤੇ ਮੱਧਵਰਗ ਦੀਆਂ ਸਾਰੀਆਂ ਸੁਵਿਧਾਵਾਂ ਦਾ ਲਾਭ ਉਠਾਉਂਦੇ ਹੋਏ ਬਹੁਤ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ, ਉਨ੍ਹਾਂ ’ਚੋਂ ਬਹੁਤ ਸਾਰੇ ਕਹਿ ਰਹੇ ਹਨ ਕਿ ਨੌਜਵਾਨ ਹੱਥ ਦਾ ਹੁਨਰ ਸਿੱਖਣ—ਪਲੰਬਰ, ਕਾਰ ਮਕੈਨਿਕ, ਇਲੈਕਟ੍ਰੀਸ਼ੀਅਨ, ਪੈਂਚਰ ਲਾਉਣ ਵਾਲੇ ਆਦਿ। ਉਦੋਂ ਉਹ ਕਦੇ ਖਾਲੀ ਨਹੀਂ ਹੋਣਗੇ। ਇਹ ਬੁੱਧੀਮਾਨ ਇਹ ਨਹੀਂ ਦੱਸਦੇ ਕਿ ਜੇਕਰ ਕੰਮ ਨਹੀਂ ਹੋਵੇਗਾ, ਤਾਂ ਕੌਣ ਕਾਰ ਖਰੀਦੇਗਾ, ਕਿਸ ਦੇ ਕੋਲ ਘਰ ਖਰੀਦਣ ਦੇ ਪੈਸੇ ਹੋਣਗੇ। ਕਾਰ ਮਕੈਨਿਕ ਜਾਂ ਪਲੰਬਰ ਹਰ ਕੋਈ ਬਣੇਗਾ, ਤਾਂ ਕਿੰਨਿਆਂ ਨੂੰ ਕੰਮ ਮਿਲੇਗਾ।

ਕੁੱਲ ਮਿਲਾ ਕੇ ਦੁਨੀਆ ਇਕ ਅਜਿਹੇ ਮੋੜ ’ਤੇ ਖੜ੍ਹੀ ਹੈ, ਜਿੱਥੇ ਇਕ ਪਾਸੇ ਕਿਸੇ ਦੀ ਨੌਕਰੀ ਦੀ ਏ. ਆਈ. ਅਤੇ ਹੁਣ ਇਸ ਜੰਗ ਕਾਰਨ ਕੋਈ ਗਾਰੰਟੀ ਨਹੀਂ। ਇਨ੍ਹਾਂ ਬੇਰੋਜ਼ਗਾਰਾਂ ਨੂੰ ਦੇਖ ਕੇ ਆਉਣ ਵਾਲੀ ਪੀੜ੍ਹੀ ਵੀ ਕਿਉਂ ਪੜ੍ਹੇਗੀ-ਲਿਖੇਗੀ, ਜਦੋਂ ਰੋਜ਼ਗਾਰ ਹੀ ਨਹੀਂ ਮਿਲੇਗਾ। ਉਦੋਂ ਇਹ ਜੋ ਸਾਰੇ ਕਿਸਮ ਦੇ ਪ੍ਰੋਫੈਸ਼ਨਲ ਕੋਰਸ ਹਨ, ਆਟੋਮੋਬਾਈਲ ਸੈਕਟਰ ਹੈ, ਖਪਤਕਾਰ ਬਾਜ਼ਾਰ ਹੈ, ਇਨ੍ਹਾਂ ਦਾ ਖਰੀਦਦਾਰ ਕੌਣ ਹੋਵੇਗਾ। ਜਿਸ ਮੁਨਾਫ਼ੇ ਦਾ ਸੁਪਨਾ ਕੰਪਨੀਆਂ ਲੋਕਾਂ ਨੂੰ ਕੱਢ ਕੇ ਲੈ ਰਹੀਆਂ ਹਨ, ਉਹ ਖਪਤਕਾਰ ਦੀ ਘਾਟ ’ਚ ਢਹਿ ਜਾਵੇਗਾ।

ਸ਼ਮਾ ਸ਼ਰਮਾ


author

Rakesh

Content Editor

Related News