ਅਮਰੀਕਾ-ਈਰਾਨ-ਇਜ਼ਰਾਈਲ ਦੇ ਵਿਚਕਾਰ ਜੰਗਬੰਦੀ ਨਹੀਂ ਥੋੜ੍ਹੇ ਸਮੇਂ ਦਾ ਠਹਿਰਾਅ

Thursday, Apr 09, 2026 - 05:35 PM (IST)

ਅਮਰੀਕਾ-ਈਰਾਨ-ਇਜ਼ਰਾਈਲ ਦੇ ਵਿਚਕਾਰ ਜੰਗਬੰਦੀ ਨਹੀਂ ਥੋੜ੍ਹੇ ਸਮੇਂ ਦਾ ਠਹਿਰਾਅ

ਦੁਨੀਆ ਕਈ ਵਾਰ ਅਜਿਹੇ ਮੋੜਾਂ ’ਤੇ ਆ ਖੜ੍ਹੀ ਹੁੰਦੀ ਹੈ, ਜਿੱਥੇ ਸ਼ਾਂਤੀ ਦਾ ਹਰ ਦਾਅਵਾ ਖੋਖਲਾ ਅਤੇ ਜਿੱਤ ਦਾ ਹਰ ਸ਼ੋਰ ਅਧੂਰਾ ਲੱਗਦਾ ਹੈ। ਈਰਾਨ ਅਤੇ ਅਮਰੀਕਾ-ਇਜ਼ਰਾਈਲ ਟਕਰਾਅ ਦਾ ਤਾਜ਼ਾ ਅਧਿਆਇ ਵੀ ਕੁਝ ਅਜਿਹਾ ਹੀ ਹੈ—ਉੱਪਰੋਂ ਸੰਨਾਟਾ, ਅੰਦਰੋਂ ਸੁਲਗਦਾ ਹੋਇਆ ਸੰਘਰਸ਼। ਦੋਵਾਂ ਦੇ ਵਿਚਕਾਰ ਹੋਏ 2 ਹਫ਼ਤਿਆਂ ਦੀ ਜੰਗਬੰਦੀ ਦੇ ਐਲਾਨ ਨੇ ਦੁਨੀਆ ਨੂੰ ਉਸ ਖੱਡ ਦੇ ਕੰਢੇ ਤੋਂ ਖਿੱਚ ਲਿਆ, ਜਿੱਥੇ ਹਾਲਾਤ ਕਿਸੇ ਮਹਾ-ਵਿਨਾਸ਼ ਵੱਲ ਵਧਦੇ ਦਿਸ ਰਹੇ ਸਨ। 5 ਹਫ਼ਤੇ ਤੋਂ ਵੱਧ ਚੱਲੀ ਇਹ ਜੰਗ ਪੂਰੀ ਦੁਨੀਆ ਨੂੰ ਬੇਚੈਨ ਕਰ ਰਹੀ ਸੀ । ਦੋਵੇਂ ਪੱਖ ਖੁਦ ਨੂੰ ਜੇਤੂ ਦੱਸ ਰਹੇ ਹਨ ਪਰ ਸੱਚਾਈ ਇਹ ਹੈ ਕਿ ਇੱਥੇ ਕਿਸੇ ਦੀ ਸਾਫ਼ ਜਿੱਤ ਨਹੀਂ ਹੋਈ, ਇਹ ਦੋਵਾਂ ਦੇ ਲਈ ਨੁਕਸਾਨ ਦਾ ਸੌਦਾ ਵੱਧ ਹੈ।

ਬਿਨਾਂ ਸ਼ੱਕ, ਇਸ ਸੰਘਰਸ਼ ’ਚ ਅਮਰੀਕਾ ਅਤੇ ਟਰੰਪ ਦੀ ਸਾਖ ਨੂੰ ਜ਼ਬਰਦਸਤ ਝਟਕਾ ਲੱਗਾ ਹੈ। ਟਰੰਪ ਪ੍ਰਸ਼ਾਸਨ ਇਸ ਜੰਗਬੰਦੀ ਨੂੰ ਆਪਣੀ ਰਣਨੀਤਕ ਸਫਲਤਾ ਦੱਸਦੇ ਹੋਏ ਦਾਅਵਾ ਕਰਦਾ ਹੈ ਕਿ ਉਸ ਨੇ ਈਰਾਨ ਨੂੰ ਹੋਰਮੁਜ਼ ਜਲਡਮਰੂਮੱਧ ਖੋਲ੍ਹਣ ਲਈ ਮਜਬੂਰ ਕੀਤਾ ਪਰ ਹਕੀਕਤ ਕੁਝ ਹੋਰ ਹੈ। ਇਹ ਰਣਨੀਤਿਕ ਤੌਰ ’ਤੇ ਮਹੱਤਵਪੂਰਨ ਸਮੁੰਦਰੀ ਮਾਰਗ ਤਮਾਮ ਬਿਆਨਬਾਜ਼ੀ ਦੇ ਬਾਵਜੂਦ ਕਦੇ ਵੀ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ, ਨਾ ਫਰਵਰੀ 2026 ਤੋਂ ਪਹਿਲਾਂ ਅਤੇ ਨਾ ਹੀ 2023 ’ਚ ਇਜ਼ਰਾਈਲ ’ਤੇ ਹਮਾਸ ਦੇ ਭਿਆਨਕ ਹਮਲੇ ਜਾਂ 2025 ’ਚ ਈਰਾਨੀ ਪ੍ਰਮਾਣੂ ਟਿਕਾਣਿਆਂ ’ਤੇ ਅਮਰੀਕਾ-ਇਜ਼ਰਾਈਲ ਹਮਲਿਆਂ ਤੋਂ ਬਾਅਦ।

ਅਜਿਹੇ ’ਚ ਜੋ ਸਮੁੰਦਰੀ ਮਾਰਗ ਇਸ ਜੰਗ ਤੋਂ ਪਹਿਲਾਂ ਸਾਲਾਂ ਤੋਂ ਖੁੱਲ੍ਹਿਆ ਹੋਇਆ ਸੀ, ਉਸ ਨੂੰ ਅਮਰੀਕਾ ਵੱਲੋਂ ਫਿਰ ਤੋਂ ਖੁਲ੍ਹਵਾਉਣਾ, ਉਹ ਵੀ ਸਿਰਫ਼ 15 ਦਿਨ ਦੇ ਲਈ ਅਤੇ ਉਸ ਨੂੰ ਆਪਣੀ ਜਿੱਤ ਦੀ ਤਰ੍ਹਾਂ ਪੇਸ਼ ਕਰਨਾ, ਮੁਰਖਤਾ ਅਤੇ ਹਾਸੋਹੀਣਾ ਹੈ। ਉਸ ਦਾ ਉਦੇਸ਼ ਕਦੇ ਹੋਰਮੁਜ਼ ਰਿਹਾ ਹੀ ਨਹੀਂ ਸੀ। ਦਰਅਸਲ, ‘ਏਪਿਕ ਫਿਊਰੀ’ (2026) ਅਤੇ ‘ਮਿਡਨਾਈਟ ਹੈਮਰ’ (2025) ਵਰਗੀਆਂ ਅਮਰੀਕੀ ਫੌਜੀ ਮੁਹਿੰਮਾਂ ਰਾਹੀਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਖਤਮ ਕਰਨਾ ਅਤੇ ਉੱਥੇ ਸੱਤਾ ਤਬਦੀਲੀ ਲਿਆਉਣਾ ਅਮਰੀਕਾ ਦਾ ਅਸਲੀ ਮਕਸਦ ਸੀ ਪਰ ਇੰਨੀ ਤਾਕਤ ਝੋਂਕਣ ਦੇ ਬਾਵਜੂਦ ਇਹ ਟੀਚੇ ਪੂਰੇ ਨਹੀਂ ਹੋਏ। ਸੈਂਕੜੇ ਭਿਆਨਕ ਮਿਜ਼ਾਈਲ-ਡਰੋਨ ਹਮਲਿਆਂ ਨਾਲ ਈਰਾਨ ਦਾ ਪ੍ਰਮਾਣੂ ਢਾਂਚਾ ਕਮਜ਼ੋਰ ਜ਼ਰੂਰ ਪਿਆ ਪਰ ਖਤਮ ਨਹੀਂ ਹੋਇਆ। ਉਸ ਦਾ ਵਿਗਿਆਨਕ ਅਾਧਾਰ ਅਤੇ ਸਮਰੱਥਾ ਅਜੇ ਵੀ ਕਾਇਮ ਹੈ। ਸਭ ਤੋਂ ਅਹਿਮ, ਈਰਾਨ ’ਚ ਜਿਸ ਅੰਦਰੂਨੀ ਵਿਦਰੋਹ ਜਾਂ ਇਸਲਾਮੀ ਸੱਤਾ ਦੇ ਢਾਹੁਣ ਦਾ ਯਤਨ ਅਮਰੀਕਾ ਕਰ ਰਿਹਾ ਸੀ, ਉਹ ਪੂਰੀ ਤਰ੍ਹਾਂ ਅਸਫਲ ਹੋਇਆ।

ਜੰਗਬੰਦੀ ਤੋਂ ਕੁਝ ਘੰਟੇ ਪਹਿਲਾਂ ਹੀ ਟਰੰਪ ਦੀ ਚਿਤਾਵਨੀ, ‘ਅੱਜ ਰਾਤ ਪੂਰੀ ਸਭਿਅਤਾ ਖ਼ਤਮ ਹੋ ਜਾਵੇਗੀ’ ਦੱਸਦੀ ਹੈ ਕਿ ਹਾਲਾਤ ਕਿੰਨੇ ਖ਼ਤਰਨਾਕ ਮੋੜ ’ਤੇ ਪਹੁੰਚ ਚੁੱਕੇ ਸਨ। ਸਭ ਤੋਂ ਵੱਡੀ ਖਾਮੀ ਸ਼ਾਇਦ ਇਹੀ ਰਹੀ ਕਿ ਅਮਰੀਕਾ ਨੇ ਵਰਤਮਾਨ ਈਰਾਨ ਦੀ ਮਾਨਸਿਕਤਾ ਨੂੰ ਸਮਝਣ ’ਚ ਰਣਨੀਤਕ ਭੁੱਲ ਕਰ ਦਿੱਤੀ। ਟਰੰਪ ਦੀ ਲੈਣ-ਦੇਣ ਵਾਲੀ ਅਤੇ ਬਦਜ਼ੁਬਾਨ ਕੂਟਨੀਤੀ ਨੇ ਈਰਾਨੀ ਜ਼ਿੱਦ ਅਤੇ ਲੜਨ ਦੀ ਤਾਕਤ ਨੂੰ ਘੱਟ ਮਾਪਿਆ। ਲੱਗਭਗ 5 ਦਹਾਕਿਆਂ ’ਚ ਅਯਾਤੁੱਲਾ ਦੇ ਇਸਲਾਮੀ ਸ਼ਾਸਨ ਨੇ ਅਜਿਹੇ ਲੱਖਾਂ ਫਿਦਾਈਨਾਂ ਨੂੰ ਤਿਆਰ ਕੀਤਾ ਹੈ, ਜੋ ਮਜ਼੍ਹਬੀ ਕਾਰਨਾਂ ਕਰ ਕੇ ਮਰਨਾ ਪਸੰਦ ਕਰਦੇ ਹਨ। ਉਨ੍ਹਾਂ ਲਈ ਸੰਸਾਰਕ ਸੁੱਖ-ਸਹੂਲਤਾਂ ਜ਼ੀਰੋ ਹਨ, ਉਹ ਇਸਲਾਮ ਲਈ ਸ਼ਹਾਦਤ ਨੂੰ ਇਕ ਉੱਚ ਆਦਰਸ਼ ਮੰਨਦੇ ਹੋਏ ਦੂਜੀ ਦੁਨੀਆ (ਜੰਨਤ) ’ਚ ਮਿਲਣ ਵਾਲੇ ਇਨਾਮਾਂ ਦੀ ਕਾਮਨਾ ਕਰਦੇ ਹਨ। ਇਹੀ ਵਿਚਾਰਧਾਰਾ ਈਰਾਨ ਦੀ ਸਭ ਤੋਂ ਵੱਡੀ ਤਾਕਤ ਬਣ ਕੇ ਉੱਭਰੀ ਹੈ।

ਦੂਜੇ ਪਾਸੇ, ਈਰਾਨ ਨੇ ਤੇਜ਼ੀ ਨਾਲ ਇਸ ਜੰਗਬੰਦੀ ਨੂੰ ਆਪਣੀ ਜਿੱਤ ਦੇ ਰੂਪ ’ਚ ਪੇਸ਼ ਕੀਤਾ। ਉਸ ਦੇ ਅਧਿਕਾਰਤ ਬਿਆਨਾਂ ’ਚ ਇਸ ਨੂੰ ਅਮਰੀਕਾ ਦੀ ‘ਕਰਾਰੀ ਹਾਰ’ ਦੱਸਿਆ ਗਿਆ ਅਤੇ ਦਾਅਵਾ ਕੀਤਾ ਗਿਆ ਕਿ ਅਮਰੀਕਾ ਨੂੰ ਉਸ ਦੀਆਂ ਕਈ ਸ਼ਰਤਾਂ ਮੰਨਣੀਆਂ ਪਈਆਂ, ਜਿਵੇਂ ਪਾਬੰਦੀਆਂ ’ਚ ਢਿੱਲ, ਪ੍ਰਮਾਣੂ ਸੋਧ ਦੇ ਅਧਿਕਾਰ ਦੀ ਮਾਨਤਾ ਅਤੇ ਹੋਰਮੁਜ਼ ਜਲਡਮਰੂਮੱਧ ’ਚ ਉਸ ਦੀ ਭੂਮਿਕਾ ਨੂੰ ਸਵੀਕਾਰ ਕਰਨਾ। ਇਨ੍ਹਾਂ ਦਾਅਵਿਆਂ ’ਚ ਕਿੰਨੀ ਸੱਚਾਈ ਹੈ, ਇਹ ਅਜੇ ਸਾਫ਼ ਨਹੀਂ ਪਰ ਇਕ ਗੱਲ ਸਪੱਸ਼ਟ ਹੈ ਕਿ ਲਗਾਤਾਰ ਹਮਲਿਆਂ ਦੇ ਬਾਵਜੂਦ ਟਿਕੇ ਰਹਿ ਕੇ ਈਰਾਨ ਨੇ ਖੁਦ ਨੂੰ ਅੰਦਰੂਨੀ ਤੌਰ ’ਤੇ ਅਤੇ ਖੇਤਰੀ ਰਾਜਨੀਤੀ ’ਚ ਪਹਿਲਾਂ ਤੋਂ ਵੱਧ ਮਜ਼ਬੂਤ ਕੀਤਾ ਹੈ।

ਕਈ ਲੋਕਾਂ ਨੇ ਸਵਾਲ ਉਠਾਇਆ ਕਿ ਇਸ ਵਿਚੋਲਗੀ ਦੇ ਲਈ ਭਾਰਤ ਦੀ ਬਜਾਏ ਪਾਕਿਸਤਾਨ ਨੂੰ ਕਿਉਂ ਤਰਜੀਹ ਮਿਲੀ? ਸਗੋਂ ਅਸਲੀ ਸਵਾਲ ਇਹ ਹੈ ਕਿ ਕੀ ਭਾਰਤ ਨੂੰ ਵੀ ਉਹੀ ਕਰਨਾ ਚਾਹੀਦਾ ਸੀ, ਜੋ ਪਾਕਿਸਤਾਨ ਨੇ ਟਰੰਪ ਨੂੰ ਖੁਸ਼ ਕਰਨ ਲਈ ਕੀਤਾ? ਪਾਕਿਸਤਾਨ ਨੇ ਯੋਜਨਾਬੱਧ ਰਾਜਨੀਤਕ ਅਤੇ ਆਰਥਿਕ ਚਾਲਾਂ ਚੱਲੀਆਂ। ਜੂਨ 2025 ’ਚ ਉਸ ਨੇ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ, ਤਾਂ ਜਨਵਰੀ 2026 ’ਚ ਟਰੰਪ ਪਰਿਵਾਰ ਨਾਲ ਜੁੜੇ ‘ਵਰਲਡ ਲਿਬਰਟੀ ਫਾਇਨਾਂਸ਼ੀਅਲ’ ਦੇ ਨਾਲ ਕ੍ਰਿਪਟੋ ਸਮਝੌਤਾ ਕਰ ਲਿਆ। ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ ਦੇ ਪ੍ਰਭਾਵ ਹੇਠ ਚੁੱਕੇ ਗਏ ਇਹ ਕਦਮ ਉਸ ਦੀ ਲੈਣ-ਦੇਣ ਅਾਧਾਰਿਤ ਕੂਟਨੀਤੀ ਦਾ ਨਤੀਜਾ ਹਨ। ਭਾਰਤ ਨੇ ਅਜਿਹਾ ਨਹੀਂ ਕੀਤਾ ਅਤੇ ਕਰਨਾ ਵੀ ਨਹੀਂ ਚਾਹੀਦਾ ਸੀ, ਕਿਉਂਕਿ ਉਹ ਕੋਈ 8 ਦਹਾਕੇ ਪੁਰਾਣਾ ਨਕਲੀ ਰਾਸ਼ਟਰ ਨਹੀਂ, ਸਗੋਂ ਹਜ਼ਾਰਾਂ ਸਾਲਾਂ ਤੋਂ ਸਥਾਪਤ ਰਾਸ਼ਟਰ ਹੈ, ਜੋ ਆਪਣੇ ਸਨਮਾਨ ਨਾਲ ਸਮਝੌਤਾ ਕਰ ਕੇ ਕਿਸੇ ਨੇਤਾ ਨੂੰ ਖੁਸ਼ ਕਰਨ ਲਈ ਅਜਿਹੇ ਸਸਤੇ ਹਥਕੰਡੇ ਨਹੀਂ ਅਪਣਾਏਗਾ।

ਜੇਕਰ ਇਸ ਟਕਰਾਅ ਨੂੰ ਸਿਰਫ਼ ਫੌਜੀ ਜਾਂ ਰਾਜਨੀਤਕ ਨਜ਼ਰੀਏ ਤੋਂ ਦੇਖਿਆ ਜਾਵੇ, ਤਾਂ ਤਸਵੀਰ ਅਧੂਰੀ ਰਹਿ ਜਾਵੇਗੀ। ਪਿਛਲੇ ਇਕ ਹਜ਼ਾਰ ਸਾਲਾਂ ਦਾ ਇਤਿਹਾਸ ਦੱਸਦਾ ਹੈ ਕਿ ਜਦੋਂ-ਜਦੋਂ ਕਿਸੇ ਵਿਚਾਰਧਾਰਾ ਨੇ ਖੁਦ ਨੂੰ ਇਕਮਾਤਰ ਸੱਚ ਮੰਨਿਆ, ਤਦ-ਤਦ ਹਿੰਸਕ ਟਕਰਾਅ ਵਧਿਆ। ਯਹੂਦੀ, ਈਸਾਈ ਅਤੇ ਇਸਲਾਮੀ ਪ੍ਰੰਪਰਾਵਾਂ ਦੇ ਇਤਿਹਾਸ ’ਚ ਅਜਿਹੇ ਕਈ ਦੌਰ ਆਏ, ਜਦੋਂ ਮਜ਼੍ਹਬੀ ਵਿਸ਼ਵਾਸ ਸਿੱਧੇ ਖ਼ੂਨੀ ਸੰਘਰਸ਼ ’ਚ ਬਦਲ ਗਿਆ। ਅਸਲ ਸਮੱਸਿਆ ਉਸ ਵਿਚਾਰਧਾਰਾ ’ਚ ਹੈ, ਜੋ ਮੰਨਦੀ ਹੈ ਕਿ ਉਸ ਦਾ ‘ਸੱਚ’ ਹੀ ਅੰਤਿਮ ਹੈ। ਖ਼ੂਨੀ ਕਰੂਸੇਡਸ, ਮੁਢਲਾ ਇਸਲਾਮੀ ਵਿਸਤਾਰ ਅਤੇ ਇਕਵੀਜ਼ੇਸ਼ਨ, ਇਹ ਸਭ ਉਸੇ ਮਾਨਸਿਕਤਾ ਦੀ ਉਪਜ ਸਨ। ਯੇਰੂਸ਼ਲਮ ਇਸ ਦੀ ਜਿਉਂਦੀ-ਜਾਗਦੀ ਮਿਸਾਲ ਹੈ, ਜਿੱਥੇ ਸਦੀਆਂ ਤੋਂ ਖ਼ੂਨ-ਖ਼ਰਾਬੇ ਦਾ ਸਿਲਸਿਲਾ ਰੁੱਕਦਾ ਨਹੀਂ ਦਿਸਦਾ।

ਈਰਾਨ-ਅਮਰੀਕਾ-ਇਜ਼ਰਾਈਲ ਟਕਰਾਅ ਵੀ ਇਸੇ ਜਟਿਲਤਾ ਦਾ ਇਕ ਹਿੱਸਾ ਹੈ। ਇਕ ਪਾਸੇ ਈਰਾਨ ਹੈ, ਜੋ ਹਮਾਸ, ਹਿਜ਼ਬੁੱਲਾ ਅਤੇ ਹੂਤੀ ਵਰਗੇ ਜੇਹਾਦੀ ਸੰਗਠਨਾਂ ਰਾਹੀਂ ਆਪਣਾ ਪ੍ਰਭਾਵ ਵਧਾਉਂਦਾ ਹੈ, ਦੂਜੇ ਪਾਸੇ ਅਮਰੀਕਾ ਹੈ, ਜੋ ਖੇਤਰੀ ਸੰਤੁਲਨ ਨੂੰ ਆਪਣੇ ਮੁਤਾਬਕ ਢਾਲਣਾ ਚਾਹੁੰਦਾ ਹੈ। ਉੱਥੇ ਹੀ ਇਜ਼ਰਾਈਲ ਆਪਣੀ ਇਤਿਹਾਸਕ ਅਤੇ ਸੱਭਿਅਤਾਗਤ ਅਸੁਰੱਖਿਆ ਦੇ ਕਾਰਨ ਬੇਹੱਦ ਸਖ਼ਤ ਰੁਖ਼ ਅਪਣਾਉਂਦਾ ਹੈ। ਇਸ ਲਈ ਸਿਰਫ 2 ਹਫ਼ਤਿਆਂ ਦੀ ਜੰਗਬੰਦੀ ਕਿਸੇ ਸਥਾਈ ਹੱਲ ਦਾ ਸੰਕੇਤ ਨਹੀਂ, ਸਗੋਂ ਇਕ ਰਣਨੀਤਕ ਠਹਿਰਾਅ ਹੈ। ਅਸਲ ਚੁਣੌਤੀ ਬਹੁਤ ਡੂੰਘੀ ਹੈ। ਜਦੋਂ ਤੱਕ ਸੰਕੀਰਣ ਏਕੇਸ਼ਵਰਵਾਦੀ ਮਾਨਸਿਕਤਾ ’ਤੇ ਸਵਾਲ ਨਹੀਂ ਉੱਠੇਗਾ, ਤਦ ਤੱਕ ਇਹ ਸੰਘਰਸ਼ ਇੰਝ ਹੀ ਚਲਦਾ ਰਹੇਗਾ। ਇਸ ਲਈ ਈਰਾਨ-ਅਮਰੀਕਾ-ਇਜ਼ਰਾਈਲ ਦੇ ਵਿਚਕਾਰ ਜੰਗਬੰਦੀ ਸਿਰਫ ਘੱਟ ਸਮੇਂ ਦਾ ਠਹਿਰਾਅ ਹੈ।

-ਬਲਬੀਰ ਪੁੰਜ


author

Harpreet SIngh

Content Editor

Related News