ਪ੍ਰਭਾਵਸ਼ਾਲੀ ਲੋਕਾਂ ਅਤੇ ਉਨ੍ਹਾਂ ਦੇ ਸਕੇ-ਸਬੰਧੀਆਂ ਦੀ ਗੁੰਡਾਗਰਦੀ ’ਤੇ ਲਗਾਈ ਜਾਵੇ ਲਗਾਮ
Sunday, Feb 23, 2025 - 02:04 AM (IST)

ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇਸ਼ ਦਾ ਸਿਆਸੀ, ਪ੍ਰਸ਼ਾਸਨਿਕ ਅਤੇ ਸਮਾਜਿਕ ਵਾਤਾਵਰਣ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਧਰ ਦੂਜੇ ਪਾਸੇ ਦੇਸ਼ ‘ਚ ਵਧੇਰੀਆਂ ਸਿਆਸੀ ਪਾਰਟੀਆਂ ਦੇ ਕੁਝ ਆਗੂ, ਸਰਕਾਰੀ ਅਧਿਕਾਰੀ ਅਤੇ ਉਨ੍ਹਾਂ ਦੇ ਸਕੇ-ਸਬੰਧੀ ਆਪਣੀ ਧੱਕੇਸ਼ਾਹੀ ਅਤੇ ਗੁੰਡਾਗਰਦੀ ਨਾਲ ਵਾਤਾਵਰਣ ਦੂਸ਼ਿਤ ਕਰ ਰਹੇ ਹਨ, ਜਿਸ ਨਾਲ ਦੇਸ਼ ਦਾ ਅਕਸ ਖਰਾਬ ਹੋ ਰਿਹਾ ਹੈ। ਅਜਿਹੀਆਂ ਹੀ ਡੇਢ ਮਹੀਨੇ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ:
6 ਜਨਵਰੀ ਨੂੰ ਲਖਨਊ ‘ਚ ‘ਵਾਈ’ ਸੁਰੱਖਿਆ ਪ੍ਰਾਪਤ ਆਗੂ ਮਨੋਜ ਸਿੰਘ ਦੇ ਗੁਰਗਿਆਂ ਨੇ ਇੱਕ ਹੋਟਲ ‘ਚ ਖਾਣਾ ਖਾ ਰਹੇ ਇੱਕ ਪਰਿਵਾਰ ਦੀਆਂ ਔਰਤਾਂ ਅਤੇ ਬੱਚਿਆਂ ਨਾਲ ਬਦਸਲੂਕੀ ਕੀਤੀ ਅਤੇ ਜਦੋਂ ਉਨ੍ਹਾਂ ਨੂੰ ਪੁਲਿਸ ਫੜ ਕੇ ਲੈ ਗਈ ਤਾਂ ਮਨੋਜ ਸਿੰਘ ਨੇ ਖੁਦ ਥਾਣੇ ਪਹੁੰਚ ਕੇ ਉਨ੍ਹਾਂ ਨੂੰ ਛੁਡਾ ਲਿਆ।
25 ਜਨਵਰੀ ਨੂੰ ਬਰੇਲੀ ‘ਚ ਇੱਕ ਥਾਣੇਦਾਰ ਦੇ ਲੜਕੇ ਨੇ ਪਹਿਲਾਂ ਤਾਂ ਆਪਣੇ ਮੋਟਰਸਾਈਕਲ ਨਾਲ ਇੱਕ ਭਾਜਪਾ ਆਗੂ ਅਤੇ ‘ਵਿਸ਼ਵ ਹਿੰਦੂ ਮਹਾਸੰਘ’ ਦੇ ਵਰਕਰ ‘ਮੁਕੇਸ਼ ਯਾਦਵ’ ਦੀ ਸਕੂਟੀ ‘ਚ ਟੱਕਰ ਮਾਰ ਦਿੱਤੀ, ਫਿਰ ਉਸ ਨੂੰ ‘ਚੌਰਾਹਾ’ ਪੁਲਿਸ ਚੌਕੀ ‘ਚ ਲੈ ਜਾ ਕੇ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ‘ਚ ਬੈਲਟ ਨਾਲ ਕੁੱਟਦੇ ਹੋਏ ਉਸ ਦੀ ਅੱਖ ਜ਼ਖਮੀ ਕਰ ਦਿੱਤੀ ਅਤੇ ਉਸ ਦੇ ਗਲੇ ‘ਚ ਪਹਿਨੀ ਹੋਈ ਚੇਨ ਵੀ ਖੋਹ ਲਈ।
28 ਜਨਵਰੀ ਨੂੰ ਬੁਲੰਦਸ਼ਹਿਰ (ਉੱਤਰ ਪ੍ਰਦੇਸ਼) ਦੇ ਸਿਕੰਦਰਾਬਾਦ ‘ਚ ‘ਬਸਪਾ’ ਦੇ ਸਾਬਕਾ ਵਿਧਾਨ ਸਭਾ ਇੰਚਾਰਜ ‘ਇਮਰਾਨ’ ਅਤੇ ਉਸ ਦੇ 3 ਸਮਰਥਕਾਂ ਨੇ ਆਪਣੇ ਮਕਾਨ ਦੀ ਉਸਾਰੀ ਕਰਵਾ ਰਹੇ ‘ਮੋਬੀਨ’ ਨਾਂ ਦੇ ਇੱਕ ਸਿਪਾਹੀ ਨਾਲ ਝਗੜਾ ਹੋਣ ‘ਤੇ ਉਸ ਨੂੰ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ ਕੁੱਟ ਦਿੱਤਾ।
29 ਜਨਵਰੀ ਨੂੰ ਭਾਗਲਪੁਰ (ਬਿਹਾਰ) ‘ਚ ਮੁੱਖ ਮੰਤਰੀ ਨੀਤੀਸ਼ ਕੁਮਾਰ ਦੀ ਪ੍ਰਗਤੀ ਯਾਤਰਾ ਤੋਂ ਪਰਤ ਰਹੇ ਜਦ (ਯੂ) ਦੇ ਸੰਸਦ ਮੈਂਬਰ ‘ਅਜੇ ਮੰਡਲ’ ਉਸ ਸਮੇਂ ਭੜਕ ਗਏ ਜਦੋਂ 2 ਪੱਤਰਕਾਰਾਂ ਨੇ ਉਨ੍ਹਾਂ ਦੀ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੱਤਰਕਾਰਾਂ ਨਾਲ ਗਾਲੀ-ਗਲੋਚ ਕਰਨ ਦੇ ਇਲਾਵਾ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਨਾਲ ਉਹ ਦੋਵੇਂ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਮਲੇ ਦੇ ਦੌਰਾਨ ਉਨ੍ਹਾਂ ਦੇ ਮੋਬਾਈਲ ਵੀ ਖੋਹ ਲਏ ਗਏ।
13 ਫਰਵਰੀ ਨੂੰ ਪੂਰਣੀਆ (ਬਿਹਾਰ) ‘ਚ ‘ਰਿਹਾਨ ਫੈਜ਼ਲ’ ਨਾਂ ਦੇ ‘ਜਦ (ਯੂ)’ ਨੇਤਾ ਨੂੰ ਸ਼ਰੇਆਮ ਅਗਵਾ ਕਰ ਕੇ ਉਸ ਨੂੰ ਤਸੀਹੇ ਦੇਣ ਦੇ ਦੋਸ਼ ‘ਚ ‘ਬਾਯਸੀ’ ਵਿਧਾਨ ਸਭਾ ਹਲਕੇ ਤੋਂ ‘ਰਾਜਦ’ ਵਿਧਾਇਕ ‘ਸਈਦ ਰੁਕਨੂਦੀਨ ਅਹਿਮਦ’ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ।
16 ਫਰਵਰੀ ਨੂੰ ਰਾਏਪੁਰ (ਛੱਤੀਸਗੜ੍ਹ) ‘ਚ ਯੂਥ ਕਾਂਗਰਸ ਦੇ ਜ਼ਿਲਾ ਪ੍ਰਧਾਨ ‘ਵਿਨੋਦ ਕਸ਼ਯਪ’ ਉਰਫ ‘ਭੱਕੂ’ ਨੇ ਆਪਣੇ ਜਨਮਦਿਨ ਦੇ ਮੌਕੇ ‘ਤੇ 10-12 ਸਮਰਥਕਾਂ ਦੇ ਨਾਲ ਸੜਕ ਦੇ ਵਿਚਾਲੇ ਜਨਮਦਿਨ ਮਨਾਇਆ, ਜ਼ੋਰਦਾਰ ਆਤਸ਼ਬਾਜ਼ੀ ਕਰ ਕੇ ਕੇਕ ਕੱਟਿਆ ਅਤੇ 20 ਮਿੰਟ ਤੱਕ ਹੰਗਾਮਾ ਕੀਤਾ।
18 ਫਰਵਰੀ ਨੂੰ ਸ਼ਯੋਪੁਰ (ਮੱਧ ਪ੍ਰਦੇਸ਼) ਨਗਰਪਾਲਿਕਾ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸੀ ਆਗੂ ‘ਦੌਲਤ ਰਾਮ ਗੁਪਤਾ’ ਨੇ ਕਿਸੇ ਕੰਮ ਦੀ ਦੇਰੀ ਨੂੰ ਲੈ ਕੇ ਨਗਰਪਾਲਿਕਾ ਦੇ ਦਫਤਰ ‘ਚ ਦਾਖਲ ਹੋ ਕੇ ਮੁਲਾਜ਼ਮਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਉਨ੍ਹਾਂ ਨੂੰ ‘ਦੇਖ ਲੈਣ’ ਦੀ ਧਮਕੀ ਦਿੱਤੀ।
20 ਫਰਵਰੀ ਨੂੰ ਹਰਿਆਣਾ ਦੇ ਇੱਕ ਸਾਬਕਾ ਮੁੱਖ ਮੰਤਰੀ ਦੇ ਪੋਤੇ ਨੇ ਆਪਣੇ ਦੋਸਤਾਂ ਅਤੇ ਮਿੱਤਰਾਂ ਦੇ ਨਾਲ ਜੋਧਪੁਰ ਵਿੱਚ ਖਰੂਦ ਮਚਾਇਆ। ਇੱਕ ਕਾਰ ਡਰਾਈਵਰ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਕਾਰ ਦੇ ਸ਼ੀਸ਼ੇ ਭੰਨ ਦਿੱਤੇ।
20 ਫਰਵਰੀ ਨੂੰ ਹੀ ਭਾਗਲਪੁਰ (ਬਿਹਾਰ) ਦੇ ਗੋਪਾਲਪੁਰ ਤੋਂ ਜਦ (ਯੂ) ਵਿਧਾਇਕ ‘ਨਰਿੰਦਰ ਕੁਮਾਰ ਨੀਰਜ’ ਉਰਫ ‘ਗੋਪਾਲ ਮੰਡਲ’ ਨੇ ਕਿਸੇ ਗੱਲ ‘ਤੇ ਵਿਵਾਦ ਹੋ ਜਾਣ ਕਾਰਨ ਨਗਰ ਨਿਗਮ ਦੇ ਮੁਲਾਜ਼ਮਾਂ ਨਾਲ ਕੁੱਟਮਾਰ ਕਰ ਕੇ ਉਨ੍ਹਾਂ ‘ਤੇ ਡਾਂਗਾਂ ਵਰ੍ਹਾਈਆਂ। ਵਿਧਾਇਕ ਨੇ ਨਗਰ ਨਿਗਮ ਮੁਲਾਜ਼ਮ ‘ਤੇ ਉਨ੍ਹਾਂ ਦੀ ਪਤਨੀ ਨਾਲ ਬਦਸਲੂਕੀ ਕਰਨ ਦਾ ਦੋਸ਼ ਲਾਇਆ।
22 ਫਰਵਰੀ ਨੂੰ ਕਾਂਗਰਸੀ ਆਗੂ ਉਦਿੱਤ ਰਾਜ ਨੇ ਨਵੀਂ ਦਿੱਲੀ ‘ਚ ਪੁਲਿਸ ਦੇ ਕੋਲ ਦਰਜ ਕਰਵਾਈ ਸ਼ਿਕਾਇਤ ‘ਚ ਦੋਸ਼ ਲਗਾਇਆ ਕਿ ‘ਬਸਪਾ’ ਸੁਪਰੀਮੋ ਮਾਇਆਵਤੀ ਦੇ ਹੁਕਮ ‘ਤੇ ਪਾਰਟੀ ਵਰਕਰ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਹਨ ਅਤੇ ਉਨ੍ਹਾਂ ਦੀ ਧੌਣ ਵੱਢਣ ਵਾਲੇ ਨੂੰ 1 ਲੱਖ ਰੁਪਏ ਇਨਾਮ ਦੇਣ ਦੀ ਗੱਲ ਕਹੀ ਜਾ ਰਹੀ ਹੈ।
ਪ੍ਰਭਾਵਸ਼ਾਲੀ ਲੋਕਾਂ ਅਤੇ ਉਨ੍ਹਾਂ ਦੇ ਸਕੇ-ਸਬੰਧੀਆਂ ਦੀਆਂ ਧੱਕੇਸ਼ਾਹੀਆਂ ਦੇ ਇਹ ਤਾਂ ਕੁਝ ਨਮੂਨੇ ਮਾਤਰ ਹਨ। ਇਨ੍ਹਾਂ ਦੇ ਇਲਾਵਾ ਪਤਾ ਨਹੀਂ ਕਿੰਨੀਆਂ ਅਜਿਹੀਆਂ ਘਟਨਾਵਾਂ ਹੋਈਆਂ ਹੋਣਗੀਆਂ ਜੋ ਸਾਹਮਣੇ ਨਹੀਂ ਆਈਆਂ। ਇਸ ਰੁਝਾਨ ਨੂੰ ਸਖਤੀ ਨਾਲ ਰੋਕਣ ਦੀ ਲੋੜ ਹੈ ਤਾਂ ਕਿ ਕੋਈ ਕਿਸੇ ਦੀ ਕਮਜ਼ੋਰੀ ਦਾ ਲਾਭ ਨਾ ਉਠਾ ਸਕੇ ਅਤੇ ਦੇਸ਼ ਵਾਸੀ ਸਵੱਛ ਪ੍ਰਸ਼ਾਸਨ ਅਤੇ ਭੈਅ-ਮੁਕਤ ਵਾਤਾਵਰਣ ‘ਚ ਆਜ਼ਾਦੀ ਦਾ ਸੁੱਖ ਮਾਣ ਸਕਣ।
– ਵਿਜੇ ਕੁਮਾਰ