ਪੈਰ ਫੈਲਾਅ ਰਹੀਆਂ ਪੂੰਜੀਵਾਦੀ ਅਤੇ ਫਾਸ਼ੀਵਾਦੀ ਤਾਕਤਾਂ
Wednesday, Jan 07, 2026 - 04:29 PM (IST)
ਬੰਗਲਾਦੇਸ਼ ਅੰਦਰ ਫਿਰਕੂ ਤੱਤਾਂ ਵੱਲੋਂ ਉੱਥੋਂ ਦੇ ਧਾਰਮਿਕ ਘੱਟਗਿਣਤੀ ਹਿੰਦੂ ਭਾਈਚਾਰੇ ’ਤੇ ਕੀਤੇ ਜਾ ਰਹੇ ਹਿੰਸਕ ਹਮਲੇ ਅਤੇ ਭੀੜਾਂ ਵੱਲੋਂ ਧਰਮ ਅਸਥਾਨਾਂ ਦੀ ਕੀਤੀ ਜਾ ਰਹੀ ਬੇਹੁਰਮਤੀ ਹਰ ਪੱਖ ਤੋਂ ਨਿੰਦਣਯੋਗ ਤੇ ਬੇਹੱਦ ਚਿੰਤਾਜਨਕ ਵਰਤਾਰਾ ਹੈ। ਧਾਰਮਿਕ ਘੱਟਗਿਣਤੀ ਵਸੋਂ ’ਤੇ ਕਾਤਲਾਨਾ ਹਮਲਿਆਂ ਦਾ ਇਹ ਨਖਿੱਧ ਵਰਤਾਰਾ ਅਫ਼ਗਾਨਿਸਤਾਨ, ਪਾਕਿਸਤਾਨ ਤੇ ਕਈ ਹੋਰ ਦੇਸ਼ਾਂ ’ਚ ਵੀ ਵੇਖਿਆ ਗਿਆ ਹੈ। ਅਮਰੀਕਾ, ਆਸਟ੍ਰੇਲੀਆ, ਕੈਨੇਡਾ ਆਦਿ ਦੇਸ਼ਾਂ ਅੰਦਰ ਕੁਝ ਸਿਰਫਿਰੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਬੇਗੁਨਾਹਾਂ ਦੀਆਂ ਲਾਸ਼ਾਂ ਦੇ ਢੇਰ ਲਾ ਦਿੰਦੇ ਹਨ। ਸੱਜ-ਪਿਛਾਖੜੀ ਸੋਚ ਵਾਲੇ ਇਹ ਕਾਤਲ ਟੋਲੇ ਅਕਸਰ ਹੀ ਧਰਮ-ਜਾਤੀ, ਰੰਗ-ਨਸਲ, ਪ੍ਰਵਾਸ ਜਾਂ ਇਲਾਕਾਈ ਮੁੱਦਿਆਂ ਨੂੰ ਆਧਾਰ ਬਣਾ ਕੇ ਆਪਣੇ ਉਕਤ ਕੁਕਰਮਾਂ ਨੂੰ ਠੀਕ ਸਿੱਧ ਕਰਨ ਦਾ ਯਤਨ ਕਰਦੇ ਹਨ।
ਭਾਰਤ ਅੰਦਰ ਵੀ ਪ੍ਰਤੀਕਿਰਿਆਵਾਦੀ ਹਿੰਦੂਤਵੀ ਸੰਗਠਨਾਂ (ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ ਆਦਿ) ਦੇ ਅਰਾਜਕਤਾਵਾਦੀ ਕਾਰਕੁੰਨ ਤੇ ਇਨ੍ਹਾਂ ਦੇ ਪਾਲੇ ਪੇਸ਼ੇਵਰ ਅਪਰਾਧੀ ਤੱਤ ਮੁਸਲਿਮ ਤੇ ਈਸਾਈ ਧਾਰਮਿਕ ਘੱਟਗਿਣਤੀਆਂ, ਦਲਿਤਾਂ, ਔਰਤਾਂ ਤੇ ਅਗਾਂਹਵਧੂ ਲੋਕਾਂ ਨੂੰ ਹਿੰਸਕ ਹਮਲਿਆਂ ਦਾ ਨਿਸ਼ਾਨਾ ਬਣਾਉਂਦੇ ਹਨ। ਆਪਣੇ ਇਨ੍ਹਾਂ ਅਮਾਨਵੀ ਕਾਰਿਆਂ ਨੂੰ ਹੱਕੀ-ਸਿੱਧ ਕਰਨ ਲਈ ਅਸ਼ਾਂਤੀ ਦੇ ਇਨ੍ਹਾਂ ਹਰਕਾਰਿਆਂ ਨੇ ਦੇਸ਼ ਦੀ ਬਹੁਗਿਣਤੀ ਹਿੰਦੂ ਵਸੋਂ ਨੂੰ ਧਾਰਮਿਕ ਘੱਟਗਿਣਤੀਆਂ (ਮੁਸਲਮਾਨਾਂ, ਇਸਾਈਆਂ ਆਦਿ) ਤੋਂ ‘ਫਰਜ਼ੀ ਖਤਰੇ’ ਦਾ ਮਨੋ-ਕਲਪਿਤ ਬਿਰਤਾਂਤ ਘੜਿਆ ਹੋਇਆ ਹੈ।
ਪਿਛਲੇ ਲੱਗਭਗ 11 ਸਾਲ ਤੋਂ ਆਰ. ਐੱਸ. ਐੱਸ. ਦੀ ਸੋਚ ਤੇ ਸੇਧ ਅਨੁਸਾਰ ਰਾਜ-ਭਾਗ ਚਲਾ ਰਹੀ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਇਨ੍ਹਾਂ ਨੂੰ ਪੂਰੀ-ਪੂਰੀ ਸਰਪ੍ਰਸਤੀ ‘ਬਖਸ਼ੀ’ ਹੋਈ ਹੈ। ਪਿਛਲੇ ਦਿਨੀਂ ਇਸਾਈਆਂ ਦੇ ਪਵਿੱਤਰ ਤਿਉਹਾਰ ਕ੍ਰਿਸਮਸ ਮੌਕੇ ਬਜਰੰਗ ਦਲ ਤੇ ਕਈ ਹੋਰ ਅਰਾਜਕਤਾਵਾਦੀ ਸੰਗਠਨਾਂ ਦੇ ਹੜਦੁੰਗੀਆਂ ਨੇ ਬੇਖੌਫ ਹੋ ਕੇ ਵਹਿਸ਼ੀਆਨਾ ਢੰਗ ਨਾਲ ਧਾਰਮਿਕ ਆਯੋਜਨਾਂ ਲਈ ਤਿਆਰ ਕੀਤੇ ਪੰਡਾਲ ਤੋੜੇ ਤੇ ਯਿਸੂ ਮਸੀਹ ਦੀਆਂ ਮੂਰਤੀਆਂ ਖੰਡਿਤ ਕੀਤੀਆਂ।
ਗੰਗਾ ਇਸ਼ਨਾਨ ਕਰਨ ਗਏ ਵਿਦੇਸ਼ੀਆਂ ਦੇ ਸਿਰਾਂ ਤੋਂ ਕ੍ਰਿਸਮਸ ਦਾ ਝਲਕਾਰਾ ਦਿੰਦੀਆਂ ਟੋਪੀਆਂ ਦਾ ਉਤਾਰਿਆ ਜਾਣਾ ਅਤੇ ਸਰਹਿੰਦ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਯਾਦ ’ਚ ਮਨਾਈ ਜਾਂਦੀ ਸ਼ਹੀਦੀ ਸਭਾ ’ਚ ਨਿਹੰਗ ਬਾਣਾ ਪਾਈ ਛੋਟੀ ਉਮਰ ਦੇ ਦੋ ਬੱਚਿਆਂ ਵੱਲੋਂ ਲੋਕਾਂ ਵਲੋਂ ਆਪਣੇ ਸਿਰਾਂ ’ਤੇ ਪਹਿਨੀਆਂ ਟੋਪੀਆਂ ਨੂੰ ਜਬਰੀ ਉਤਾਰਿਆ ਜਾਣਾ ਤੇ ਨੇਜ਼ਿਆਂ ’ਤੇ ਟੰਗ ਕੇ ਭੱਦੀ ਕਿਸਮ ਦੀ ਸੰਕੀਰਨਤਾ ਦਾ ਪ੍ਰਗਟਾਵਾ ਕਰਨ, ਵੱਖ-ਵੱਖ ਧਰਮਾਂ ਦੇ ਪੈਰੋਕਾਰਾਂ ਅੰਦਰ ਜ਼ੋਰ ਫੜ ਰਹੀ ਫਿਰਕੂ ਸੋਚ ਤੇ ਕੱਟੜਤਾ ਨੂੰ ਰੂਪਮਾਨ ਕਰਦਾ ਹੈ।
2008 ਤੋਂ ਅਮਰੀਕਾ ’ਚੋਂ ਸ਼ੁਰੂ ਹੋਈ ‘ਪੂੰਜੀਵਾਦੀ ਆਰਥਿਕ ਮੰਦੀ’, ਜਿਸਨੇ ਗਲੋਬ ਦੇ ਸਾਰੇ ਦੇਸ਼ਾਂ ਦੀ ਆਰਥਿਕਤਾ ਨੂੰ ਪ੍ਰਭਾਵਿਤ ਕੀਤਾ ਹੈ, ਨੇ ਸਾਰੇ ਸੰਸਾਰ ਦੀ ਰਾਜਨੀਤੀ ’ਚ ਘਮਾਸਾਨ ਮਚਾ ਰੱਖਿਆ ਹੈ। ਇਸ ਮਹਾਮੰਦੀ ਦਾ ਪ੍ਰਗਟਾਵਾ ਵਧ ਰਹੀ ਬੇਰੁਜ਼ਗਾਰੀ, ਮਹਿੰਗਾਈ, ਮਿੱਲਬੰਦੀਆਂ, ਛਾਂਟੀਆਂ, ਵਿੱਤੀ ਲੈਣ-ਦੇਣ ’ਚ ਵਾਰ-ਵਾਰ ਪੈਦਾ ਹੋ ਰਹੀ ਅਸਥਿਰਤਾ ਆਦਿ ਦੇ ਰੂਪ ’ਚ ਦੇਖਿਆ ਜਾ ਸਕਦਾ ਹੈ। ਵੱਖੋ-ਵੱਖ ਦੇਸ਼ਾਂ ਦੀਆਂ ਪੂੰਜੀਵਾਦੀ ਸਰਕਾਰਾਂ ਉੱਥੋਂ ਦੇ ਕਾਰਪੋਰੇਟ ਘਰਾਣਿਆਂ ਤੇ ਬਹੁਕੌਮੀ ਕਾਰਪੋਰੇਸ਼ਨਾਂ ਦੇ ਅਸੀਮ ਮੁਨਾਫ਼ਿਆਂ ’ਚ ਹੋਰ ਵਾਧਾ ਕਰਨ ਦੇ ਆਹਰੇ ਲੱਗੀਆਂ ਹੋਈਆਂ ਹਨ। ਦੂਜੇ ਪਾਸੇ ਸੰਕਟ ਦੀ ਸਭ ਤੋਂ ਵਧੇਰੇ ਮਾਰ ਝੱਲ ਰਹੇ ਕਿਰਤੀ ਵਰਗਾਂ ਨੂੰ ਕੋਈ ਰਾਹਤ ਦੇਣ ਦੀ ਥਾਂ ਉਨ੍ਹਾਂ ਸਿਰ ਟੈਕਸਾਂ ਆਦਿ ਦਾ ਬੋਝ ਹੋਰ ਵਧੇਰੇ ਲੱਦਿਆ ਜਾ ਰਿਹਾ ਹੈ। ਨਾਲ ਹੀ, ਉਨ੍ਹਾਂ ਨੂੰ ਮਿਲਦੀਆਂ ਸਹੂਲਤਾਂ ਤੇ ਸਬਸਿਡੀਆਂ ’ਤੇ ਨਿਰੰਤਰ ਕੱਟ ਲਾਇਆ ਜਾ ਰਿਹਾ ਹੈ।
ਪੂੰਜੀਵਾਦੀ ਪ੍ਰਬੰਧ ’ਚ ਪਨਪੇ ਇਸ ਆਰਥਿਕ ਸੰਕਟ ਨੇ ਸੰਸਾਰ ਦੇ ਅਨੇਕਾਂ ਦੇਸ਼ਾਂ ’ਚ ਤਾਨਾਸ਼ਾਹ ਪ੍ਰਵਿਰਤੀਆਂ ਵਾਲੀਆਂ ਸੱਜ-ਪਿਛਾਖੜੀਆਂ ਅਤੇ ਫਾਸ਼ੀਵਾਦੀ ਤਾਕਤਾਂ ਨੂੰ ਆਪਣੇ ਪੈਰ ਪਸਾਰਨ ਅਤੇ ਲੋਕਰਾਜੀ ਵਿਵਸਥਾ ਨੂੰ ਬਲੀ ਦਾ ਬੱਕਰਾ ਬਣਾਉਣ ਲਈ ਬੜਾ ਵਧੀਆ ਮੌਕਾ ਪ੍ਰਦਾਨ ਕੀਤਾ ਹੈ। ਅਮਰੀਕਾ, ਭਾਰਤ, ਫਰਾਂਸ, ਇਟਲੀ, ਜਰਮਨੀ, ਅਰਜਨਟਾਈਨਾ ਆਦਿ ਦੇਸ਼ਾਂ ’ਚ ਸੱਜ-ਪਿਛਾਖੜੀ ਸਰਕਾਰਾਂ ਦਾ ਹੋਂਦ ’ਚ ਆਉਣਾ ਇਸ ਤੱਥ ਦੀ ਪੁਸ਼ਟੀ ਕਰਦਾ ਹੈ।
ਇਨ੍ਹਾਂ ਸਰਕਾਰਾਂ ਵੱਲੋਂ, ਮਿਹਨਤੀ ਵਰਗਾਂ ਨੂੰ ਮਿਲਦੀਆਂ ਮਾਮੂਲੀ ਆਰਥਿਕ ਸਹੂਲਤਾਂ, ਕਾਨੂੰਨੀ ਅਧਿਕਾਰ ਅਤੇ ਸਮਾਜਿਕ ਸੁਰੱਖਿਆ ਛੱਤਰੀ ਵਾਪਸ ਲੈ ਕੇ ਇਨ੍ਹਾਂ ਵਰਗਾਂ ਨੂੰ ਗੁਰਬਤ ਦੇ ਜੰਜਾਲ ’ਚ ਫਸਾ ਕੇ ਗੁਲਾਮੀ ਦੇ ਸੰਗਲਾਂ ’ਚ ਨੂੜਿਆ ਜਾ ਰਿਹਾ ਹੈ। ਇਨ੍ਹਾਂ ਕਦਮਾਂ ਦੇ ਵਿਰੋਧ ’ਚ ਸੰਸਾਰ ਦੇ ਵਿਕਸਤ ਪੂੰਜੀਵਾਦੀ ਦੇਸ਼ਾਂ ਫਰਾਂਸ, ਇਟਲੀ, ਜਰਮਨੀ, ਅਮਰੀਕਾ, ਸਪੇਨ, ਇੰਗਲੈਂਡ, ਪੁਰਤਗਾਲ, ਆਸਟ੍ਰੇਲੀਆ ਆਦਿ ਦੇ ਲੱਖਾਂ ਲੋਕ ਸੜਕਾਂ ’ਤੇ ਉਤਰੇ ਹਨ ਤੇ ਲੰਬੀਆਂ ਹੜਤਾਲਾਂ ਹੋਈਆਂ ਹਨ।
ਭਾਰਤ ਦੀ ਕੇਂਦਰੀ ਸਰਕਾਰ ਵੱਲੋਂ ਵੀ ਇਹੋ ਆਰਥਿਕ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਜੋ ਮਜ਼ਦੂਰ ਜਮਾਤ ਦੇ ਲੰਮੇ ਘੋਲਾਂ ਤੇ ਭਾਰੀ ਕੁਰਬਾਨੀਆਂ ਸਦਕਾ ਹਾਸਲ ਕੀਤੇ ਅਧਿਕਾਰਾਂ ਤੇ ਰਿਆਇਤਾਂ ਦਾ ਕੁਠਾਰਾਘਾਤ ਕਰਦੀਆਂ ਹਨ। ਮੋਦੀ ਸਰਕਾਰ ਵੱਲੋਂ ਕ੍ਰਾਂਤੀਕਾਰੀ ਕਾਨੂੰਨਾਂ ’ਚੋਂ ਇਕ ਗਿਣੇ ਜਾਂਦੇ ‘ਮਗਨਰੇਗਾ’ ਦਾ ਖਾਤਮਾ ਕਰ ਕੇ ਰੁਜ਼ਗਾਰ ਗਾਰੰਟੀ ਤੋਂ ਅਸਲੋਂ ਭਗੌੜਾ ਨਵਾਂ ‘ਵੀ ਬੀ ਜੀ ਰਾਮ ਜੀ’ ਕਾਨੂੰਨ ਲਿਆਉਣਾ ਅੱਤ ਦੇ ਗਰੀਬ ਲੋਕਾਂ ਨਾਲ ਭੱਦਾ ਮਜ਼ਾਕ ਹੈ।
ਇਸ ਗੱਲੋਂ ਤਸੱਲੀ ਹੈ ਕਿ ਸੰਸਾਰ ਦੇ ਕਿਰਤੀਆਂ ਦਾ ਚੋਖਾ ਭਾਗ, ਆਪਣੇ ਤਲ਼ਖ ਤਜਰਬਿਆਂ ਤੋਂ ਸਿੱਖ ਕੇ ਪੂੰਜੀਵਾਦੀ ਢਾਂਚੇ ਦੀ ਬੇਕਿਰਕ ਲੁੱਟ ਤੋਂ ਮੁਕਤੀ ਲਈ ‘ਸਮਾਜਵਾਦੀ ਪ੍ਰਬੰਧ’ ਦੀ ਉਸਾਰੀ ਦੀ ਅਟੱਲ ਲੋੜ ਨੂੰ ਅਨੁਭਵ ਕਰਨ ਲੱਗ ਪਿਆ ਹੈ। ਅਮਰੀਕਾ, ਜਿੱਥੇ ‘ਕਮਿਊਨਿਸਟ’ ਤੇ ‘ਸਮਾਜਵਾਦ’ ਸ਼ਬਦਾਂ ਨੂੰ ਕਦੀ ਵੱਡਾ ਹਊਆ ਬਣਾ ਦਿੱਤਾ ਗਿਆ ਸੀ, ਵਿਖੇ ਵੀ ਹੁਣ ਕਿਰਤੀ-ਕਿਸਾਨ ਤੇ ਨੌਜਵਾਨ ਹੱਥਾਂ ’ਚ ‘ਸਮਾਜਵਾਦ’ ਦੇ ਬੈਨਰ ਤੇ ਸੂਹਾ ਪਰਚਮ ਫੜੀ ਸੜਕਾਂ ’ਤੇ ਜ਼ੋਰਦਾਰ ਨਾਅਰੇ ਗੂੰਜਾਉਂਦੇ ਅਕਸਰ ਦੇਖੇ ਜਾ ਸਕਦੇ ਹਨ। ਨਵੇਂ ਵਰ੍ਹੇ ਅੰਦਰ ਅਸੀਂ ਵੀ ਯਤਨ ਕਰੀਏ ਕਿ ਭਾਰਤ ਵੀ ਇਸ ਕਾਰਜ ’ਚ ਪਿੱਛੇ ਨਾ ਰਹੇ।
-ਮੰਗਤ ਰਾਮ ਪਾਸਲਾ
