‘ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਦੇ ਸਮਰਥਕ’ ਲੱਭ ਕੇ ਖਤਮ ਕਰਨ ਦੇ ਕੰਮ ’ਚ ਤੇਜ਼ੀ ਲਿਆਂਦੀ ਜਾਏ!
Thursday, Jan 15, 2026 - 05:55 AM (IST)
ਵਾਰ-ਵਾਰ ਭਾਰਤ ਦੇ ਹੱਥੋਂ ਮੂੰਹ ਦੀ ਖਾਣ ਦੇ ਬਾਵਜੂਦ ਪਾਕਿਸਤਾਨ ਦੇ ਸ਼ਾਸਕ ਆਪਣੇ ਪਾਲੇ ਹੋਏ ਅੱਤਵਾਦੀਆਂ ਦੇ ਜ਼ਰੀਏ ਭਾਰਤ ਵਿਰੋਧੀ ਮੁਹਿੰਮ ਜਾਰੀ ਰੱਖ ਕੇ ਲਗਾਤਾਰ ਭਾਰਤ ਦੀ ਸੁਰੱਖਿਆ ’ਚ ਸੰਨ੍ਹ ਲਗਾਉਣ ਦੀਆਂ ਕੋਸ਼ਿਸ਼ਾਂ ’ਚ ਰੁੱਝੇ ਹੋਏ ਹਨ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਕ ਬਿਆਨ ’ਚ ਕਿਹਾ ਹੈ ਕਿ ‘‘ਦਹਾਕਿਆਂ ਤੋਂ ਫੌਜ ਦੀ ਸਹਾਇਤਾ ਨਾਲ ਪਾਕਿਸਤਾਨ ਸਰਕਾਰ ਅਾਪਣੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ ਖੁੱਲ੍ਹੇਆਮ ਅੱਤਵਾਦੀਆਂ ਦੇ ਟ੍ਰੇਨਿੰਗ ਕੈਂਪ ਚਲਾਉਂਦੀ ਆ ਰਹੀ ਹੈ ਅਤੇ ਭਾਰਤ ਦੇ ਵਿਰੁੱਧ ਅੱਤਵਾਦ ਨੂੰ ਇਕ ਨੀਤੀ ਦੇ ਰੂਪ ’ਚ ਵਰਤ ਰਹੀ ਹੈ।''
10 ਜਨਵਰੀ ਨੂੰ ‘ਸਾਂਬਾ’ ਪੁਲਸ ਨੇ ‘ਪਲੁਰਾ’ ਖੇਤਰ ’ਚ ਪਾਕਿਸਤਾਨੀ ਡਰੋਨ ਰਾਹੀਂ ਡੇਗੀ ਗਈ ਹਥਿਆਰਾਂ ਦੀ ਖੇਪ ਬਰਾਮਦ ਕੀਤੀ। ਇਸ ’ਚ ਚੀਨ ਦੇ ਬਣੇ ‘ਹਾਈਲੀ ਐਕਸਪਲੋਸਿਵ ਹੈਂਡ ਗ੍ਰੇਨੇਡ’, 9 ਐੱਮ. ਐੱਮ. ਪਿਸਤੌਲ ਦੇ 16 ਕਾਰਤੂਸ, ਮੈਗਜ਼ੀਨਾਂ ਦੇ ਨਾਲ 3 ਵਿਦੇਸ਼ੀ ਪਿਸਤੌਲਾਂ ਆਦਿ ਸ਼ਾਮਲ ਸਨ। ਇਸ ਘਟਨਾ ਨੂੰ ਸਰਹੱਦ ਪਾਰ ਤੋਂ ਅੱਤਵਾਦੀ ਸਰਗਰਮੀਅਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਦੇ ਰੂਪ ’ਚ ਦੇਖਦੇ ਹੋਏ ਪੂਰੇ ਖੇਤਰ ’ਚ ਹਾਈ ਅਲਰਟ ਐਲਾਨ ਦਿੱਤਾ ਗਿਆ।
ਤਾਜ਼ਾ ਸੂਚਨਾਵਾਂ ਅਨੁਸਾਰ ਪਾਕਿਸਤਾਨ ਲਗਾਤਾਰ ਸਰਹੱਦ ਪਾਰੋਂ ਭਾਰਤੀ ਖੇਤਰ ’ਚ ਡਰੋਨ ਭੇਜ ਰਿਹਾ ਹੈ। ਬੀਤੀ 12 ਜਨਵਰੀ ਨੂੰ ਇਕ ਪਾਕਿਸਤਾਨੀ ਡਰੋਨ ਨੇ ‘ਜੈਸਲਮੇਰ’ ਦੇ ‘ਰਾਮਗੜ੍ਹ’ ਵਿਚ ਸੰਵੇਦਨਸ਼ੀਲ ਖੇਤਰ ’ਚ ਇਕ ਘੰਟੇ ਤਕ ਉਡਾਣ ਭਰੀ। ਇਸੇ ਤਰ੍ਹਾਂ 13 ਜਨਵਰੀ ਨੂੰ ਵੀ ‘ਜੰਮੂ-ਕਸ਼ਮੀਰ’ ਦੇ ‘ਰਾਜੌਰੀ’ ਜ਼ਿਲੇ ਦੇ ‘ਕੇਰੀ’ ਸੈਕਟਰ ’ਚ ਪਾਕਿਸਤਾਨ ਵਲੋਂ ਉਡਾਇਆ ਗਿਆ ਡਰੋਨ ਦੇਖਿਆ ਗਿਆ।
ਇਸੇ ਪਿਛੋਕੜ ’ਚ ਫੌਜ ਮੁਖੀ ਜਨਰਲ ‘ਉਪੇਂਦਰ ਦਿਵੇਦੀ’ ਨੇ 13 ਜਨਵਰੀ ਨੂੰ ਕਿਹਾ ਕਿ ‘‘ਪਾਕਿਸਤਾਨ ’ਚ ਕੰਟਰੋਲ ਰੇਖਾ ਦੇ ਪਾਰ ਅਜੇ ਵੀ ਸਰਗਰਮ 8 ਤੋਂ 10 ਦੇ ਵਿਚਾਲੇ ਅੱਤਵਾਦੀ ਕੈਂਪਾਂ ’ਚ ਲਗਭਗ 150 ਅੱਤਵਾਦੀ ਮੌਜੂਦ ਹਨ।’’
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ, ‘‘ਮੌਜੂਦਾ ਜੰਗਾਂ ’ਚ ਰਾਕੇਟ, ਮਿਜ਼ਾਈਲਾਂ ਅਤੇ ਡਰੋਨ ਦੀ ਵਧਦੀ ਵਰਤੋਂ ਨੂੰ ਦੇਖਦੇ ਹੋਏ ਭਾਰਤ ਨੂੰ ਵੀ ਚੀਨ ਅਤੇ ਪਾਕਿਸਤਾਨ ਵਾਂਗ ਰਾਕੇਟ ਅਤੇ ਮਿਜ਼ਾਈਲ ਫੋਰਸ ਤਿਆਰ ਕਰਨ ਤੋਂ ਇਲਾਵਾ ਡਰੋਨਾਂ ਦਾ ਜ਼ਖੀਰਾ ਵਧਾਉਣਾ ਹੋਵੇਗਾ।’’
ਪਾਕਿਸਤਾਨ ਤੋਂ ਡਰੋਨਾਂ ਦੇ ਜ਼ਰੀਏ ਹਥਿਆਰ, ਡਰੱਗਜ਼ ਅਤੇ ਜਾਅਲੀ ਕਰੰਸੀ ਭੇਜੀ ਜਾਂਦੀ ਹੈ। ਹਥਿਆਰਾਂ ’ਚ ਸਭ ਤੋਂ ਵੱਧ ਅਸਾਲਟ ਰਾਈਫਲਾਂ ਏ. ਕੇ. 47 ਅਤੇ ਏ. ਕੇ. 56 ਬਰਾਮਦ ਹੋਈਆਂ ਹਨ। ਇਨ੍ਹਾਂ ਤੋਂ ਇਲਾਵਾ ਸੁਰੱਖਿਆ ਬਲਾਂ ਵਲੋਂ ਤਲਾਸ਼ੀ ਦੌਰਾਨ ਵੱਖ-ਵੱਖ ਥਾਵਾਂ ਤੋਂ ਆਈ. ਈ. ਡੀ. ਅਤੇ ਹੋਰ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਜਾ ਰਹੀ ਹੈ।
ਜਿਥੇ ਭਾਰਤੀ ਸੁਰੱਖਿਆ ਬਲਾਂ ਵਲੋਂ ਅਜਿਹੇ ਹਾਲਾਤ ਦਰਮਿਆਨ ਪਾਕਿਸਤਾਨ ਦੇ ਮਨਸੂਬਿਅਾਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ, ਉਥੇ ਹੀ ਜੰਮੂ-ਕਸ਼ਮੀਰ ’ਚ ਸਰਗਰਮ ਅੱਤਵਾਦੀਅਾਂ ਦੇ ਮਦਦਗਾਰਾਂ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਨੌਕਰੀ ਕਰ ਰਹੇ ਦੇਸ਼ਧ੍ਰੋਹੀਅਾਂ ਦਾ ਪਤਾ ਲਗਾ ਕੇ ਉਨ੍ਹਾਂ ਦੇ ਵਿਰੁੱਧ ਕਾਰਵਾਈ ਵੀ ਕੀਤੀ ਜਾ ਰਹੀ ਹੈ।
ਇਸੇ ਸਿਲਸਿਲੇ ’ਚ ਜੰਮੂ-ਕਸ਼ਮੀਰ ਪ੍ਰਸ਼ਾਸਨ ਵਲੋਂ ਦੇਸ਼ ਵਿਰੋਧੀ ਸਰਗਰਮੀਅਾਂ ’ਚ ਸ਼ਾਮਲ ਵੱਖ-ਵੱਖ ਸਰਕਾਰੀ ਵਿਭਾਗਾਂ ਦੇ 85 ਵਰਕਰਾਂ ਨੂੰ ਨੌਕਰੀ ਤੋਂ ਕੱਢਿਆ ਜਾ ਚੁੱਕਾ ਹੈ ਅਤੇ ਹੁਣ 13 ਜਨਵਰੀ, 2026 ਨੂੰ ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨ੍ਹਾ ਨੇ ਅੱਤਵਾਦੀਅਾਂ ਨਾਲ ਸੰਬੰਧ ਰੱਖਣ ਦੇ ਸ਼ੱਕ ’ਚ 5 ਸਰਕਾਰੀ ਮੁਲਾਜ਼ਮਾਂ ਦੀਅਾਂ ਸੇਵਾਵਾਂ ਖਤਮ ਕਰਨ ਦਾ ਹੁਕਮ ਜਾਰੀ ਕੀਤਾ ਹੈ।
ਇਨ੍ਹਾਂ ’ਚ ਅਧਿਆਪਕ, ਪ੍ਰਯੋਗਸ਼ਾਲਾ ਟੈਕਨੀਸ਼ੀਅਨ, ਸਹਾਇਕ ਲਾਈਨਮੈਨ, ਵਣ ਵਿਭਾਗ ਕਰਮਚਾਰੀ ਅਤੇ ਸਿਹਤ ਵਿਭਾਗ ਦਾ ਕਰਮਚਾਰੀ ਸ਼ਾਮਲ ਹਨ। ਭਾਰੀ ਬੇਰੋਜ਼ਗਾਰੀ ਦੇ ਦੌਰ ’ਚ ਸਰਕਾਰੀ ਨੌਕਰੀ ਪਾ ਕੇ ਦੇਸ਼ ਦਾ ਧੰਨਵਾਦੀ ਹੋਣ ਦੀ ਬਜਾਏ ਦੇਸ਼ ਵਿਰੋਧੀ ਸਰਗਰਮੀਅਾਂ ’ਚ ਸ਼ਾਮਲ ਅਜਿਹੇ ਲੋਕ ਪਤਾ ਨਹੀਂ ਅਾਪਣੇ ਹੀ ਕਿੰਨੇ ਲੋਕਾਂ ਨੂੰ ਮਰਵਾ ਚੁੱਕੇ ਹੋਣਗੇ।
ਸੁਰੱਖਿਆ ਬਲਾਂ ਵਲੋਂ ਜੰਮੂ-ਕਸ਼ਮੀਰ ’ਚ ਅੱਤਵਾਦ ਖਤਮ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਸਾਹਮਣੇ ਆਏ ਉਕਤ ਮਾਮਲਿਅਾਂ ਤੋਂ ਸਪੱਸ਼ਟ ਹੈ ਕਿ ਪਾਕਿਸਤਾਨ ਸਰਕਾਰ ਭਾਰਤ ’ਚ ਮਾਹੌਲ ਖਰਾਬ ਕਰਨ ’ਤੇ ਕਿਸ ਕਦਰ ਉਤਾਰੂ ਹੈ।
ਇਸੇ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਗੋਵਿੰਦ ਮੋਹਨ ਨੇ 14 ਜਨਵਰੀ, ਨੂੰ ਜੰਮੂ ’ਚ ਜੰਮੂ-ਕਸ਼ਮੀਰ ਪੁਲਸ ਅਤੇ ਸੁਰੱਖਿਆ ਬਲਾਂ ਦੇ ਮੁਖੀਅਾਂ ਨਾਲ ਸੁਰੱਖਿਆ ਵਿਵਸਥਾ ਹੋਰ ਮਜ਼ਬੂਤ ਕਰਨ ਦੇ ਵਿਸ਼ੇ ’ਚ ਚਰਚਾ ਕੀਤੀ ਹੈ।
ਉਪ-ਰਾਜਪਾਲ ਸ਼੍ਰੀ ਮਨੋਜ ਸਿਨ੍ਹਾ ਵੀ ਕੁਝ ਸਮਾਂ ਪਹਿਲਾਂ ਇਕ ਸੁਰੱਖਿਆ ਸਮੀਖਿਆ ਬੈਠਕ ’ਚ ਜੰਮੂ-ਕਸ਼ਮੀਰ ਤੋਂ ਅੱਤਵਾਦ ਅਤੇ ਉਸ ਦੇ ਸਮਰਥਕਾਂ ਨੂੰ ਜੜ੍ਹੋਂ ਖਤਮ ਕਰਨਾ ਅਾਪਣੀ ਤਰਜੀਹ ਦੱਸ ਚੁੱਕੇ ਹਨ ਅਤੇ ਸੁਰੱਖਿਆ ਬਲ ਅਜਿਹਾ ਕਰ ਵੀ ਰਹੇ ਹਨ ਪਰ ਅੱਤਵਾਦੀਅਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਲੱਭ ਕੇ ਉਨ੍ਹਾਂ ਦਾ ਸਫਾਇਆ ਕਰਨ ਦੇ ਕੰਮ ’ਚ ਹੋਰ ਤੇਜ਼ੀ ਲਿਆਉਣ ਦੀ ਲੋੜ ਹੈ।
-ਵਿਜੇ ਕੁਮਾਰ
