ਕੁਰਸੀ ਦਾ ਮੋਹ ਹੀ ਹਰਿਆਣਾ ''ਚ ਕਾਂਗਰਸ ਦੀ ਹਾਰ ਦਾ ਵੱਡਾ ਕਾਰਨ

Saturday, Oct 12, 2024 - 05:28 PM (IST)

ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਲੋਕ ਸਭਾ ਮੈਂਬਰ ਕੁਮਾਰੀ ਸ਼ੈਲਜਾ ਦਰਮਿਆਨ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਬੇਚੈਨੀ ਨੇ ਹਰਿਆਣਾ ’ਚ ਪਾਰਟੀ ਦੀ ਹਾਰ ’ਚ ਅਹਿਮ ਭੂਮਿਕਾ ਨਿਭਾਈ ਹੈ। ਦੀਪਕ ਬਾਬਰੀਆ, ਉਦੈ ਭਾਨ, ਭੁਪਿੰਦਰ ਹੁੱਡਾ ਅਤੇ ਦੀਪਿੰਦਰ ਹੁੱਡਾ ਨੇ ਹਰਿਆਣਾ ’ਚ ਪਾਰਟੀ ਦੀ ਪ੍ਰਚਾਰ ਮੁਹਿੰਮ ਦੀ ਅਗਵਾਈ ਕੀਤੀ ਸੀ।

ਕਾਂਗਰਸ ਵਲੋਂ ਮੈਦਾਨ ’ਚ ਉਤਾਰੇ ਗਏ 89 ਉਮੀਦਵਾਰਾਂ ’ਚੋਂ ਭੁਪਿੰਦਰ ਨੂੰ 72 ਟਿਕਟਾਂ ਮਿਲੀਆਂ ਜਦਕਿ ਕੁਮਾਰੀ ਸ਼ੈਲਜਾ ਅਤੇ ਰਣਦੀਪ ਸੁਰਜੇਵਾਲਾ ਖੁੱਲ੍ਹ ਕੇ ਨਾਰਾਜ਼ ਦਿਸੇ। ਹਾਲਾਂਕਿ ਹੁੱਡਾ ਨਾਲ ਮੁਕਾਬਲੇਬਾਜ਼ੀ ’ਚ ਰਣਦੀਪ ਸਿੰਘ ਸੁਰਜੇਵਾਲਾ ਵੀ ਸੀ. ਐੱਮ. ਅਹੁਦੇ ਦੇ ਦਾਅਵੇਦਾਰ ਸਨ।

ਸੁਰਜੇਵਾਲਾ ਸਿਆਸੀ ਮੁਹਿੰਮ ਜਾਂ ਬੈਠਕਾਂ ਦੌਰਾਨ ਸੂਬੇ ’ਚ ਬਹੁਤ ਸਰਗਰਮ ਨਹੀਂ ਰਹੇ ਹਨ। ਉਹ ਕੈਥਲ ’ਤੇ ਹੀ ਕੇਂਦ੍ਰਿਤ ਰਹੇ, ਜਿਥੇ ਇਸ ਵਾਰ ਉਨ੍ਹਾਂ ਦੇ ਬੇਟੇ ਆਦਿੱਤਿਆ ਚੋਣ ਲੜ ਰਹੇ ਸਨ ਅਤੇ ਆਦਿੱਤਿਆ ਨੇ ਕੈਥਲ ਸੀਟ 8,124 ਵੋਟਾਂ ਨਾਲ ਜਿੱਤੀ।

ਦੂਜੇ ਪਾਸੇ, ਸ਼ੈਲਜਾ ਦੀ ਨਾਰਾਜ਼ਗੀ ਕਿ ਉਨ੍ਹਾਂ ਨੂੰ ਢੁੱਕਵਾਂ ਸਨਮਾਨ ਨਹੀਂ ਮਿਲਿਆ, ਇਸ ਲਈ ਉਨ੍ਹਾਂ ਨੇ ਪਾਰਟੀ ਲਈ ਪ੍ਰਚਾਰ ਨਹੀਂ ਕੀਤਾ ਅਤੇ 2 ਹਫਤੇ ਤਕ ਘਰ ਬੈਠੀ ਰਹੀ। ਉਨ੍ਹਾਂ ਦੇ ਭਾਈਚਾਰੇ ਨੇ ਇਸ ਗੱਲ ਦਾ ਨੋਟਿਸ ਲਿਆ। ਅਖੀਰ ਤਕ ਉਹ ਕਹਿੰਦੀ ਰਹੀ ਕਿ ਉਹ ਸੀ. ਐੱਮ. ਦੀ ਦੌੜ ’ਚ ਹੈ। ਹੁੱਡਾ-ਸ਼ੈਲਜਾ ਝਗੜਾ ਕੋਈ ਨਵੀਂ ਗੱਲ ਨਹੀਂ ਹੈ, ਇਹ ਇਕ ਨਿਯਮਿਤ ਪ੍ਰਕਿਰਿਆ ਬਣ ਗਈ ਹੈ।

ਇਸ ਵਾਰ ਜੋ ਸਭ ਤੋਂ ਪ੍ਰਮੁੱਖ ਅਤੇ ਨਵਾਂ ਹੈ, ਉਹ ਹੈ ਹੁੱਡਾ ਦੀ ਅਗਵਾਈ ’ਚ ਗੈਰ-ਜਾਟਾਂ ਦਾ ਵੱਡੇ ਪੱਧਰ ’ਤੇ ਏਕੀਕਰਨ। ਕਈ ਦਲਿਤ ਜਾਟਸ਼ਾਹੀ (ਜਾਟ ਦਬਦਬਾ) ਅਤੇ ਪਸੰਦੀਦਾ ਲੋਕਾਂ ਨੂੰ ਨੌਕਰੀ ਦੇਣ ਲਈ ਖਰਚੀ-ਪਰਚੀ ਪ੍ਰਣਾਲੀ ਦੀ ਵਾਪਸੀ ਨੂੰ ਲੈ ਕੇ ਖਦਸ਼ਾ ਜ਼ਾਹਿਰ ਕਰ ਰਹੇ ਸਨ। ਭਾਜਪਾ ਨੇ ਹੁੱਡਾ ਵਿਰੁੱਧ ਸ਼ੈਲਜਾ ਦੇ ਕਥਿਤ ਅਸੰਤੋਸ਼ ਦਾ ਲਾਭ ਉਠਾਉਣ ’ਚ ਤੇਜ਼ੀ ਦਿਖਾਈ ਅਤੇ ਕਾਂਗਰਸ ’ਤੇ ਪਾਰਟੀ ’ਚ ਦਲਿਤ ਆਗੂਆਂ ਦਾ ਨਿਰਾਦਰ ਕਰਨ ਦਾ ਦੋਸ਼ ਲਾਇਆ।

ਭਾਜਪਾ ਨੇ ਦਿਹਾਤੀ ਚੋਣ ਇਲਾਕਿਆਂ ’ਚ ਵੀ ਆਪਣੀ ਪੈਠ ਬਣਾਈ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਪੇਂਡੂ ਇਲਾਕਿਆਂ ’ਚ ਦਲਿਤਾਂ ਅਤੇ ਓ. ਬੀ. ਸੀ. ਦਾ ਇਕ ਵੱਡਾ ਹਿੱਸਾ ਭਾਜਪਾ ਕੋਲ ਵਾਪਸ ਚਲਾ ਗਿਆ ਹੈ।

65 ਦਿਹਾਤੀ ਸੀਟਾਂ ’ਚੋਂ ਭਾਜਪਾ ਨੇ 32, ਕਾਂਗਰਸ ਨੇ 30 ਅਤੇ ਇਨੈਲੋ ਨੇ 2 ਸੀਟਾਂ ਜਿੱਤੀਆਂ, ਜਦਕਿ ਇਕ ਸੀਟ ਆਜ਼ਾਦ ਉਮੀਦਵਾਰ ਦੇ ਖਾਤੇ ’ਚ ਗਈ। ਅਨੁਸੂਚਿਤ ਜਾਤੀਆਂ ਲਈ ਰਾਖਵੀਆਂ 17 ਸੀਟਾਂ ਦੋਵਾਂ ਪਾਰਟੀਆਂ ਦਰਮਿਆਨ ਲਗਭਗ ਬਰਾਬਰ-ਬਰਾਬਰ ਵੰਡੀਆਂ ਗਈਆਂ।

ਇਨ੍ਹਾਂ ’ਚੋਂ 9 ਕਾਂਗਰਸ ਅਤੇ 8 ਭਾਜਪਾ ਦੇ ਖਾਤੇ ’ਚ ਗਈਆਂ। ਹੁਣ ਸਵਾਲ ਇਹ ਉੱਠ ਰਹੇ ਹਨ ਕਿ ਹੁੱਡਾ ਦੀ ਅਗਵਾਈ ’ਚ ਕਾਂਗਰਸ ਦੀ ਪ੍ਰਚਾਰ ਮੁਹਿੰਮ ’ਚ ਜਾਟਾਂ ’ਤੇ ਸਭ ਤੋਂ ਵੱਧ ਧਿਆਨ ਕੇਂਦ੍ਰਿਤ ਕਰਨ ਨਾਲ ਭਾਜਪਾ ਨੂੰ ਜਾਟ ਵਿਰੋਧੀ ਵੋਟਾਂ ਜੁਟਾਉਣ ’ਚ ਮਦਦ ਮਿਲੀ। ਹੁਣ ਜਦਕਿ ਕਾਂਗਰਸ ਨੂੰ ਹਰਿਆਣਾ ’ਚ ਕਰਾਰੀ ਹਾਰ ਮਿਲੀ ਤਾਂ ਅਜਿਹੇ ’ਚ ਭੁਪਿੰਦਰ ਸਿੰਘ ਹੁੱਡਾ ’ਤੇ ਤਲਵਾਰ ਡਿੱਗਣ ਦੀ ਉਮੀਦ ਕੀਤੀ ਜਾ ਸਕਦੀ ਹੈ। ਸਿਆਸੀ ਗਰਮੀ ਕੁਮਾਰੀ ਸ਼ੈਲਜਾ ਅਤੇ ਰਣਦੀਪ ਸੁਰਜੇਵਾਲਾ ਨੂੰ ਝੁਲਸਾਅ ਸਕਦੀ ਹੈ।

ਇੰਡੀਆ ਬਲਾਕ ’ਚ ਹੁਣ ਵੱਡਾ ਮੁੱਲ-ਭਾਅ ਹੋਵੇਗਾ : ਹਰਿਆਣਾ ’ਚ ਕਾਂਗਰਸ ਦੇ ਕਰਾਰੀ ਹਾਰ ਝੱਲਣ ਅਤੇ ਜੰਮੂ-ਕਸ਼ਮੀਰ ’ਚ ਆਪਣੇ ਦਮ ’ਤੇ ਖਰਾਬ ਪ੍ਰਦਰਸ਼ਨ ਕਰਨ ਪਿੱਛੋਂ ਇੰਡੀਆ ਬਲਾਕ ਦੇ ਸਹਿਯੋਗੀਆਂ ਨੇ ਸੰਕੇਤ ਦਿੱਤਾ ਹੈ ਕਿ ਉਹ ਵੱਧ ਸੀਟਾਂ ਲਈ ਵੱਡਾ ਮੁੱਲ-ਭਾਅ ਕਰਨਗੇ।

ਯੂ. ਬੀ. ਟੀ. ਸੰਸਦ ਮੈਂਬਰ ਸੰਜੇ ਰਾਊਤ ਨੇ ਸੰਕੇਤ ਦਿੱਤਾ ਕਿ ਜੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਹਿਯੋਗੀਆਂ ਨੂੰ ਸ਼ਾਮਲ ਕੀਤਾ ਹੁੰਦਾ ਅਤੇ ਗੱਠਜੋੜ ਬਣਾਇਆ ਹੁੰਦਾ ਤਾਂ ਚੋਣ ਨਤੀਜੇ ਵੱਖਰੇ ਹੋ ਸਕਦੇ ਸਨ।

ਜਦਕਿ ‘ਆਪ’ ਨੇ ਆਪਣਾ ਰੁਖ਼ ਦੁਹਰਾਇਆ ਕਿ ਅਗਲੇ ਸਾਲ ਦੀ ਸ਼ੁਰੂਆਤ ’ਚ ਹੋਣ ਵਾਲੀਆਂ ਦਿੱਲੀ ਦੀਆਂ ਚੋਣਾਂ ’ਚ ਕੋਈ ਗੱਠਜੋੜ ਨਹੀਂ ਹੋਵੇਗਾ। ਸੀਨੀਅਰ ਟੀ. ਐੱਮ. ਸੀ. ਆਗੂ ਕੁਣਾਲ ਘੋਸ਼ ਨੇ ਕਿਹਾ ‘‘ਭਾਜਪਾ ਵਿਰੋਧੀ ਪਾਰਟੀਆਂ ਨੂੰ ਹੁਣ ਸਵੈ-ਪੜਚੋਲ ਕਰਨੀ ਚਾਹੀਦੀ ਹੈ ਕਿ ਉਹ ਭਾਜਪਾ ਨੂੰ ਹਰਾਉਣ ’ਚ ਵਾਰ-ਵਾਰ ਕਿਉਂ ਅਸਫਲ ਹੋ ਰਹੇ ਹਨ...ਹਰ ਵਾਰ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਅਤੇ ਅੰਤ ’ਚ ਉਹ ਚੋਣਾਂ ’ਚ ਅਸਫਲ ਹੋ ਜਾਂਦੇ ਹਨ।’’

ਮਹਾਰਾਸ਼ਟਰ ਵਿਧਾਨ ਸਭਾ ਚੋਣ ਦੀ ਜੰਗ : ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੀ ਜੰਗ ਸੱਤਾਧਾਰੀ ਗੱਠਜੋੜ ਮਹਾਯੁਤੀ ਨਾਲ ਸ਼ੁਰੂ ਹੋ ਗਈ ਹੈ, ਜਿਸ ’ਚ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵਸੈਨਾ, ਭਾਜਪਾ ਅਤੇ ਅਜੀਤ ਪਵਾਰ ਦੀ ਐੱਨ. ਸੀ. ਪੀ. ਸ਼ਾਮਲ ਹਨ, ਜਿਸ ਦਾ ਟੀਚਾ ਸੱਤਾ ਬਰਕਰਾਰ ਰੱਖਣਾ ਹੈ।

ਜਦਕਿ ਸ਼ਿਵ ਸੈਨਾ (ਯੂ. ਬੀ. ਟੀ.) ਐੱਨ. ਸੀ. ਪੀ. (ਐੱਸ. ਪੀ.) ਅਤੇ ਕਾਂਗਰਸ ਦੀ ਵਿਰੋਧੀ ਧਿਰ ਮਹਾ-ਵਿਕਾਸ ਅਘਾੜੀ (ਐੱਮ. ਵੀ. ਏ.) ਬਹੁਮਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

ਇਕ ਪਾਸੇ ਐੱਮ. ਵੀ. ਏ. ਨੇ ਹੁਣ ਤਕ ਆਪਣੀਆਂ ਗੱਠਜੋੜ ਪਾਰਟੀਆਂ ਦਰਮਿਆਨ 208 ਸੀਟਾਂ ਦੀ ਵੰਡ ’ਤੇ ਸਹਿਮਤੀ ਪ੍ਰਗਟ ਕੀਤੀ ਹੈ। ਇਹ ਵੰਡ ਮੁੱਖ ਤੌਰ ’ਤੇ ਮੌਜੂਦਾ ਵਿਧਾਇਕਾਂ, ਚੋਣ ਖੇਤਰ ’ਚ ਪਾਰਟੀ ਦੀ ਤਾਕਤ ਅਤੇ ਉਮੀਦਵਾਰ ਦੇ ਜਿੱਤਣ ਦੀ ਕਥਿਤ ਸਮਰੱਥਾ ਵਰਗੇ ਪ੍ਰਮੁੱਖ ਕਾਰਕਾਂ ’ਤੇ ਆਧਾਰਿਤ ਹੈ ਪਰ ਬਾਕੀ 80 ਸੀਟਾਂ ਅਜੇ ਵਿਵਾਦ ਦਾ ਵਿਸ਼ਾ ਹਨ।

ਕਰਨਾਟਕ ਕਾਂਗਰਸ ’ਚ ਇਕ ਮੋੜ : ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ’ਤੇ ਕਾਨੂੰਨੀ ਮੁਸੀਬਤਾਂ ਕਾਰਨ ਕਰਨਾਟਕ ਕਾਂਗਰਸ ’ਚ ਇਕ ਮੋੜ ਆਉਂਦਾ ਦਿਸ ਰਿਹਾ ਹੈ, ਜਿਸ ’ਚ ਇਸ ਗੱਲ ’ਤੇ ਚਰਚਾ ਚੱਲ ਰਹੀ ਹੈ ਕਿ ਜੇ ਉਨ੍ਹਾਂ ਨੂੰ ਅਹੁਦਾ ਛੱਡਣਾ ਪਿਆ ਤਾਂ ਉਨ੍ਹਾਂ ਦੀ ਥਾਂ ਕੌਣ ਲਵੇਗਾ। ਡਿਪਟੀ ਸੀ. ਐੱਮ. ਡੀ. ਕੇ. ਸ਼ਿਵਕੁਮਾਰ ਦੀ ਸੀ. ਐੱਮ. ਬਣਨ ਦੀ ਇੱਛਾ ਜਗ-ਜ਼ਾਹਿਰ ਹੈ। ਹੁਣ ਸ਼ਿਵਕੁਮਾਰ ਪਾਰਟੀ ਵਿਧਾਇਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀ ਹਮਾਇਤ ਹਾਸਲ ਕਰਨ ਅਤੇ ਚੋਟੀ ਦੇ ਅਹੁਦੇ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਕਾਂਗਰਸ ਸੂਤਰਾਂ ਮੁਤਾਬਕ, ਸਿੱਧਾਰਮਈਆ ਐੱਚ.ਸੀ. ਮਹਾਦੇਵੱਪਾ ਜਾਂ ਸਤੀਸ਼ ਜਰਕੀਹੋਲੀ ’ਚੋਂ ਕਿਸੇ ਇਕ ਨੂੰ ਆਪਣੀ ਹਮਾਇਤ ਦੇ ਸਕਦੇ ਹਨ। ਦੂਜੇ ਪਾਸੇ ਕਾਂਗਰਸ ਹਾਈਕਮਾਨ ਕਰਨਾਟਕ ਦੇ ਗ੍ਰਹਿ ਮੰਤਰੀ ਅਤੇ ਦਲਿਤ ਭਾਈਚਾਰੇ ਦੇ ਪ੍ਰਮੁੱਖ ਆਗੂ ਜੀ. ਪਰਮੇਸ਼ਵਰ ਦੇ ਹੱਕ ’ਚ ਹੈ।

ਪਰਮੇਸ਼ਵਰ, ਜਿਨ੍ਹਾਂ ਨੇ ਕੇ. ਪੀ. ਸੀ. ਸੀ. ਪ੍ਰਧਾਨ ਵਜੋਂ 8 ਸਾਲ ਬਿਤਾਏ, ਉਹ 2013 ’ਚ ਅਣਕਿਆਸੀ ਹਾਰ ਦਾ ਸਾਹਮਣਾ ਕਰਨ ਪਿੱਛੋਂ ਮੁੱਖ ਮੰਤਰੀ ਬਣਨ ਤੋਂ ਉੱਕ ਗਏ। ਉਨ੍ਹਾਂ ਨੂੰ ਛੇਤੀ ਹੀ ਮੌਕਾ ਮਿਲ ਸਕਦਾ ਹੈ। ਜੇ ਪਰਮੇਸ਼ਵਰ ਨੂੰ ਚੋਟੀ ਦਾ ਅਹੁਦਾ ਮਿਲਦਾ ਹੈ, ਤਾਂ ਕਰਨਾਟਕ ’ਚ ਪਹਿਲਾ ਦਲਿਤ ਮੁੱਖ ਮੰਤਰੀ ਹੋਵੇਗਾ।

ਰਾਹਿਲ ਨੋਰਾ ਚੋਪੜਾ


Rakesh

Content Editor

Related News