ਕਾਂਗਰਸ ਦਾ ਭਵਿੱਖ ਇਨ੍ਹਾਂ ਕਵਾਇਦਾਂ ਨਾਲ ਨਹੀਂ ਸੁਧਰੇਗਾ

12/27/2020 3:16:53 AM

ਅਵਧੇਸ਼ ਕੁਮਾਰ

ਸਿਰਫ ਕਾਂਗਰਸ ਤੇ ਉਸ ਦੀਆਂ ਸਾਥੀ ਪਾਰਟੀਆਂ ਅਤੇ ਵਿਰੋਧੀ ਹੀ ਨਹੀਂ ਸਗੋਂ ਸਿਆਸਤ ’ਚ ਰੁਚੀ ਰੱਖਣ ਵਾਲਿਆਂ ਦੀ ਨਜ਼ਰ ਇਸ ’ਤੇ ਲੱਗੀ ਸੀ ਕਿ ਸੋਨੀਆ ਗਾਂਧੀ ਖੁੱਲ੍ਹ ਕੇ ਲੀਡਰਸ਼ਿਪ ਸਮੇਤ ਪਾਰਟੀ ਦੀ ਸੰਪੂਰਨ ਰੀਤੀ-ਨੀਤੀ ਪ੍ਰਤੀ ਨਾਰਾਜ਼ਗੀ ਪ੍ਰਗਟ ਕਰਨ ਅਤੇ ਤਬਦੀਲੀ ਦੀ ਮੰਗ ਕਰਨ ਵਾਲਿਆਂ ਨਾਲ ਬੈਠਕ ਕਦੋਂ ਕਰਦੇ ਹਨ। ਜਦੋਂ ਉਨ੍ਹਾਂ ਨੇ ਆਪਣੀ 10 ਜਨਪਥ ਰਿਹਾਇਸ਼ ’ਤੇ ਬੈਠਕ ਸੱਦੀ ਤਾਂ ਉਸ ਤੋਂ ਪਹਿਲਾਂ ਕਾਫੀ ਤਿਆਰੀ ਕੀਤੀ ਅਤੇ ਇਕ-ਇਕ ਪਹਿਲੂ ’ਤੇ ਡੂੰਘਾ ਵਿਚਾਰ ਕੀਤਾ।

ਜੇਕਰ ਤੁਸੀਂ ਪਿਛਲੇ ਕੁਝ ਹਫਤਿਆਂ ’ਚ ਕਾਂਗਰਸ ਅੰਦਰੋਂ ਆਈਆਂ ਖ਼ਬਰਾਂ ’ਤੇ ਨਜ਼ਰ ਰੱਖੀ ਹੈ ਤਾਂ ਤੁਹਾਨੂੰ ਇਹ ਪ੍ਰਵਾਨ ਕਰਨ ’ਚ ਕੋਈ ਝਿਜਕ ਨਹੀਂ ਹੋਵੇਗੀ ਕਿ ਸੋਨੀਆ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਇਸ ਦਰਮਿਆਨ ਨਾਰਾਜ਼ ਨੇਤਾਵਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਦੇ ਬਰਾਬਰ ਉਨ੍ਹਾਂ ਦੀ ਆਵਾਜ਼ ਨੂੰ ਕਮਜ਼ੋਰ ਕਰਨ ਅਤੇ ਪਾਰਟੀ ਦੀ ਅਗਵਾਈ ਰਾਹੁਲ ਗਾਂਧੀ ਦੇ ਹੱਥਾਂ ’ਚ ਆਵੇ, ਉਨ੍ਹਾਂ ਦਾ ਸਿਆਸੀ ਭਵਿੱਖ ਕਾਂਗਰਸ ਦੇ ਅੰਦਰ ਸੁਰੱਖਿਅਤ ਰਹੇ, ਇਨ੍ਹਾਂ ਸਾਰਿਆਂ ਲਈ ਕਾਫੀ ਵਿਊ ਰਚਨਾ ਕੀਤੀ।

ਸੋਨੀਆ ਪਰਿਵਾਰ ਵੱਲੋਂ ਪ੍ਰਿਅੰਕਾ ਵਡੇਰਾ ਨੇ ਜਿਸ ਸਨਮਾਨ ਨਾਲ ਬੈਠਕ ’ਚ ਹਿੱਸਾ ਲੈਣ ਵਾਲੇ ਨੇਤਾਵਾਂ ਨੂੰ ਰਿਸੀਵ ਕੀਤਾ, ਉਸ ਦੇ ਮਾਇਨੇ ਸਮਝਣ ਦੀ ਲੋੜ ਨਹੀਂ। ਕਿਨ੍ਹਾਂ ਨੂੰ ਬੈਠਕ ’ਚ ਸ਼ਾਮਲ ਕਰਨਾ ਹੈ, ਇਸਦਾ ਨਿਰਧਾਰਨ ਵੀ ਕਾਫੀ ਵਿਚਾਰ-ਵਟਾਂਦਰੇ ਤੋਂ ਬਾਅਦ ਕੀਤਾ ਗਿਆ। ਬੈਠਕ ’ਚ 19 ਵਿਅਕਤੀ ਸ਼ਾਮਲ ਹੋਏ। ਸੋਨੀਆ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਤੋਂ ਇਲਾਵਾ ਚਿੱਠੀ ਲਿਖਣ ਵਾਲਿਆਂ ’ਚ ਸ਼ਾਮਲ 7 ਨੇਤਾ ਸਨ ਤਾਂ ਠੀਕ ਓਨੀ ਹੀ ਗਿਣਤੀ ਪਰਿਵਾਰ ਦੇ ਵਿਸ਼ਵਾਸਪਾਤਰਾਂ ਦੀ ਸੀ।

ਕਮਲਨਾਥ ਅਤੇ ਪੀ. ਚਿਦਾਂਬਰਮ ਪਰਿਵਾਰ ਦੇ ਸਮਰਥਕ ਹੁੰਦੇ ਹੋਏ ਵੀ ਨਾਰਾਜ਼ ਨੇਤਾਵਾਂ ’ਚੋਂ ਵਧੇਰਿਆਂ ਨਾਲ ਵਧੀਆ ਸਬੰਧ ਰੱਖਦੇ ਹਨ। ਨਾਰਾਜ਼ਾਂ ਦਾ ਧਿਆਨ ਰੱਖਦੇ ਹੋਏ ਹੀ ਸੰਗਠਨ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਅਤੇ ਰਣਦੀਪ ਸੂਰਜੇਵਾਲਾ ਨੂੰ ਬੈਠਕ ਤੋਂ ਬਾਹਰ ਰੱਖਿਆ ਗਿਆ। ਸਵਾਲ ਇਹ ਹੈ ਕਿ ਇੰਨੀ ਮਹੱਤਵਪੂਰਨ ਬੈਠਕ ਦਾ ਨਤੀਜਾ ਕੀ ਨਿਕਲਿਆ?

ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਦੇ ਵਫਾਦਾਰ ਪ੍ਰਿਥਵੀ ਰਾਜ ਚੌਹਾਨ ਨੇ ਕਿਹਾ ਕਿ ਪਹਿਲੀ ਬੈਠਕ ਪਾਰਟੀ ਦਾ ਭਵਿੱਖ ਤੈਅ ਕਰਨ ਲਈ ਆਯੋਜਿਤ ਕੀਤੀ ਗਈ ਸੀ, ਇਸ ਤਰ੍ਹਾਂ ਦੀਆਂ ਹੋਰ ਵੀ ਬੈਠਕਾਂ ਹੋਣਗੀਆਂ ਅਤੇ ਪੰਚਗਨੀ ਜਾਂ ਸ਼ਿਮਲਾ ’ਚ ਚਿੰਤਨ ਕੈਂਪ ਦਾ ਆਯੋਜਨ ਕੀਤਾ ਜਾਵੇਗਾ।

ਪਵਨ ਬਾਂਸਲ ਨੇ ਦੱਸਿਆ ਕਿ ਸਾਰੇ ਨੇਤਾਵਾਂ ਨੇ ਕਿਹਾ ਹੈ ਕਿ ਪਾਰਟੀ ਨੂੰ ਰਾਹੁਲ ਗਾਂਧੀ ਦੀ ਅਗਵਾਈ ਦੀ ਲੋੜ ਹੈ। ਕਈ ਨੇਤਾਵਾਂ ਨੇ ਕਿਹਾ ਕਿ ਚਿੱਠੀ ਲਿਖਣ ਵਾਲਿਆਂ ਨੇ ਵੀ ਕਾਂਗਰਸ ਲੀਡਰਸ਼ਿਪ ’ਤੇ ਭਰੋਸਾ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਮਰੱਥਾ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਵਿਚਾਰਕ ਪ੍ਰਤੀਬੱਧਤਾ ’ਚ ਯਕੀਨ ਹੈ ਪਰ ਨਾਰਾਜ਼ ਨੇਤਾਵਾਂ ਅਤੇ ਉਨ੍ਹਾਂ ਦੇ ਲੋਕਾਂ ਵੱਲੋਂ ਮੀਡੀਆ ਨੂੰ ਜੋ ਖ਼ਬਰਾਂ ਫੀਡ ਕੀਤੀਆਂ ਗਈਆਂ, ਉਸ ਦੇ ਅਨੁਸਾਰ ਚੁੱਕੇ ਗਏ ਮੁੱਦਿਆਂ ਦਾ ਕੋਈ ਹੱਲ ਨਹੀਂ ਨਿਕਲਿਆ ਹੈ ਤਾਂ ਅਸੀਂ ਕਿਸ ਦੀ ਸੱਚ ਮੰਨੀਏ?

ਹਾਂ, ਰਾਹੁਲ ਗਾਂਧੀ ਨੂੰ ਮੁੜ ਤੋਂ ਪ੍ਰਧਾਨ ਬਣਾਉਣ ਦੀ ਚਰਚਾ ਹੋਈ। ਸਾਫ ਜਾਪਿਆ ਕਿ ਪਹਿਲਾਂ ਤੋਂ ਇਸਦੀ ਤਿਆਰੀ ਕੀਤੀ ਗਈ ਸੀ। ਬੈਠਕ ’ਚ ਸੋਨੀਆ ਦੇ ਭਰੋਸੇਯੋਗ ਨੇਤਾਵਾਂ ਏ. ਕੇ. ਅੈਂਟੋਨੀ ਅਤੇ ਵਿਵੇਕ ਤਨਖਾ ਨੇ ਰਾਹੁਲ ਗਾਂਧੀ ਨੂੰ ਅਪੀਲ ਕਰ ਦਿੱਤੀ ਕਿ ਉਹ ਮੁੜ ਤੋਂ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਣ। ਕੁਝ ਨੇਤਾਵਾਂ ਨੇ ਇਸਦਾ ਸਮਰਥਨ ਵੀ ਕੀਤਾ।

ਪਰ ਕੁਝ ਫੈਸਲਾ ਨਾ ਹੋਣਾ ਵੀ ਕੁਝ ਕਹਿੰਦਾ ਹੈ ਜੇਕਰ ਸਹਿਮਤੀ ਹੋ ਗਈ ਹੁੰਦੀ ਤਾਂ ਬਾਜ਼ਾਬਤਾ ਐਲਾਨ ਹੁੰਦਾ ਕਿ ਸਾਰੇ ਨੇਤਾਵਾਂ ਨੇ ਰਾਹੁਲ ਨੂੰ ਪ੍ਰਧਾਨ ਦਾ ਅਹੁਦਾ ਮੁੜ ਤੋਂ ਸੰਭਾਲਣ ਦੀ ਅਪੀਲ ਕੀਤੀ, ਜਿਸ ਨੂੰ ਉਨ੍ਹਾਂ ਨੇ ਪ੍ਰਵਾਨ ਕਰ ਲਿਆ ਅਤੇ ਇਸ ’ਤੇ ਰਸਮੀ ਮੋਹਰ ਸੰਗਠਨ ਦੀ ਚੋਣ ਤੋਂ ਬਾਅਦ ਜਾਂ ਕਾਂਗਰਸ ਵਰਕਿੰਗ ਕਮੇਟੀ ਜਾਂ ਫਿਰ ਅਖਿਲ ਭਾਰਤੀ ਕਾਂਗਰਸ ਕਮੇਟੀ ਦੀ ਬੈਠਕ ’ਚ ਲੱਗੇਗੀ।

ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲਣ ਦੇ ਮਾਮਲੇ ’ਤੇ ਰਾਹੁਲ ਨੇ ਕਿਹਾ ਕਿ ਚੋਣ ਪ੍ਰਕਿਰਿਆ ਚੱਲ ਰਹੀ ਹੈ। ਇਸ ਮੁੱਦੇ ਨੂੰ ਛੱਡਣਾ ਬਿਹਤਰ ਹੋਵੇਗਾ। ਰਾਹੁਲ ਨੂੰ ਪਰਿਵਾਰ ਦੇ ਸਮਰਥਕ ਅਤੇ ਨੇੜਲੇ ਨੇਤਾਵਾਂ ਨੇ ਅਹਿਸਾਸ ਕਰਵਾ ਦਿੱਤਾ ਹੈ ਕਿ ਜਨਤਾ ਵੱਲੋਂ ਲਗਾਤਾਰ ਨਕਾਰਨ ’ਤੇ ਪਾਰਟੀ ਦਾ ਪ੍ਰਭਾਵ ਘਟਦਾ ਜਾ ਰਿਹਾ ਹੈ ਅਤੇ ਜੇਕਰ ਇਕ ਵਾਰ ਅਗਵਾਈ ਦੂਸਰੇ ਦੇ ਹੱਥਾਂ ’ਚ ਚਲੀ ਗਈ ਤਾਂ ਵਾਪਸ ਆਉਣੀ ਸੰਭਵ ਨਹੀਂ ਹੋਵੇਗੀ। ਉਨ੍ਹਾਂ ਨੂੰ ਜਿਸ ਤਰ੍ਹਾਂ ਸਮਝਾਇਆ, ਉਸੇ ਤਰ੍ਹਾਂ ਉਨ੍ਹਾਂ ਨੇ ਜਵਾਬ ਦਿੱਤਾ।

ਭਾਜਪਾ ਦੇ ਸਮਾਂਤਰ ਇਕ ਅਖਿਲ ਭਾਰਤੀ ਪਾਰਟੀ ਜ਼ਰੂਰੀ ਹੈ ਪਰ ਕਾਂਗਰਸ ਉਸ ਸਥਾਨ ਦੀ ਪੂਰਤੀ ਕਰੇਗੀ, ਖੁਦ ਕਾਂਗਰਸ ਦੇ ਰਣਨੀਤੀਕਾਰ ਤਕ ਹੁਣ ਅਜਿਹਾ ਮੰਨਣ ਲਈ ਤਿਆਰ ਨਹੀਂ। ਪਾਰਟੀ ਦੇ ਅੰਦਰ ਭਵਿੱਖ ਨੂੰ ਲੈ ਕੇ ਪੈਦਾ ਹੋਈ ਹਤਾਸ਼ਾ ਬਿਲਕੁਲ ਸੁਭਾਵਿਕ ਹੈ।

ਕਾਂਗਰਸ ਦੇ ਨੇਤਾ ਜੇਕਰ ਇਸ ਸੱਚ ਨੂੰ ਦਲੇਰੀ ਨਾਲ ਜਨਤਕ ਤੌਰ ’ਤੇ ਨਹੀਂ ਪ੍ਰਵਾਨ ਕਰਨਗੇ ਕਿ ਸੋਨੀਆ, ਰਾਹੁਲ ਜਾਂ ਪ੍ਰਿਯੰਕਾ ਦਾ ਕੋਈ ਜਾਦੂਈ ਅਸਰ ਨਾ ਜਨਤਾ ’ਤੇ ਹੈ, ਨਾ ਹੀ ਹੋਣ ਵਾਲਾ ਹੈ ਤਾਂ ਫਿਰ ਰਸਤਾ ਕੱਢਣਾ ਔਖਾ ਹੈ ਤਾਂ ਕਾਂਗਰਸ ਇਕੱਠੀ ਲੀਡਰਸ਼ਿਪ, ਨੀਤੀ ਅਤੇ ਰਣਨੀਤੀ ਤਿੰਨਾਂ ਪੱਧਰਾਂ ’ਤੇ ਲੰਮੇ ਸਮੇਂ ਤੋਂ ਸੰਕਟਗ੍ਰਸਤ ਹੈ।

ਜੋ ਸਥਿਤੀਆਂ ਬਣ ਗਈਆਂ ਹਨ, ਉਨ੍ਹਾਂ ’ਚ ਸੰਭਵ ਹੈ ਕਿ ਬਾਜ਼ਾਬਤਾ ਪ੍ਰਧਾਨ ਦੀ ਚੋਣ ਹੋਵੇ ਤਾਂ ਰਾਹੁਲ ਦੇ ਵਿਰੁੱਧ ਕੋਈ ਜਾਂ ਕੁਝ ਨੇਤਾ ਮੈਦਾਨ ’ਚ ਉਤਰ ਜਾਣ। ਸੱਚ ਨੂੰ ਪ੍ਰਵਾਨ ਕਰ ਕੇ ਉਸ ਦੇ ਅਨੁਸਾਰ ਤਬਦੀਲੀ ਦੀ ਹਿੰਮਤ ਦਿਖਾਉਣ ਦੀ ਬਜਾਏ ਜੇਕਰ ਪਰਿਵਾਰ ਕਿਸੇ ਤਰ੍ਹਾਂ ਖੁਦ ਨੂੰ ਬਚਾਉਣ ’ਚ ਲੱਗਾ ਹੈ ਅਤੇ ਨੇਤਾਵਾਂ ਦੇ ਵੱਡੇ ਸਮੂਹ ਦਾ ਉਨ੍ਹਾਂ ਨੂੰ ਸਮਰਥਨ ਮਿਲ ਰਿਹਾ ਹੈ ਤਾਂ ਸਪੱਸ਼ਟ ਹੈ ਕਿ ਇਨ੍ਹਾਂ ਨੂੰ ਕਾਂਗਰਸ ਦੇ ਭਵਿੱਖ ਦੀ ਕੋਈ ਚਿੰਤਾ ਨਹੀਂ। ਹੁਣ ਕਾਂਗਰਸ ਦੇ ਆਮ ਵਰਕਰਾਂ ਅਤੇ ਉਸ ਦੇ ਸਮਰਥਕਾਂ ਨੇ ਤੈਅ ਕਰਨਾ ਹੈ ਕਿ ਉਹ ਅਜਿਹੀ ਲੀਡਰਸ਼ਿਪ ਅਤੇ ਪਾਰਟੀ ਨਾਲ ਕੀ ਸਲੂਕ ਕਰਨ।


Bharat Thapa

Content Editor

Related News