ਕਾਂਗਰਸ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਨਹੀਂ ਹੋਣ ਦੇਵਾਂਗੇ ਕਾਮਯਾਬ : ਹਰਦਿਆਲ ਕੰਬੋਜ
Saturday, Apr 06, 2024 - 05:14 PM (IST)
ਪਟਿਆਲਾ (ਮਨਦੀਪ ਜੋਸਨ) : ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਅੱਜ ਇੱਥੇ ਆਖਿਆ ਹੈ ਕਿ ਕੁੱਝ ਸਾਜਿਸ਼ਕਰਤਾ ਲੋਕ ਕਾਂਗਰਸ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾ ਰਚ ਰਹੇ ਹਨ ਪਰ ਅਸੀ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਜਿਹੀ ਸਾਜਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਤੇ ਅਜਿਹੇ ਲੋਕਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਪਟਿਆਲਾ ਲੋਕ ਸਭਾ ਸੀਟ ਲਈ ਅਜੇ ਕਿਸੇ ਵੀ ਉਮੀਦਵਾਰ ਨੂੰ ਐਲਾਨ ਨਹੀਂ ਕੀਤਾ ਗਿਆ ਅਤੇ ਨਾ ਹੀ ਅਜੇ ਕੋਈ ਦਿੱਲੀ ਹਾਈਕਮਾਂਡ ਨੇ ਅਤੇ ਨਾ ਹੀ ਪੰਜਾਬ ਦੀ ਸਕ੍ਰੀਨਿੰਗ ਕਮੇਟੀ ਨੇ ਕੋਈ ਮੀਟਿੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਅਜੇ ਤਾਂ ਪੰਜਾਬ ਦੇ ਉਮੀਦਵਾਰਾਂ ਦੀ ਵੀ ਡਿਸਕਸ ਨਹੀਂ ਹੋਈ। ਇਸ ਲਈ ਕੁੱਝ ਲੋਕ ਸਾਜਿਸ਼ ਤਹਿਤ ਪਟਿਆਲਾ ਕਾਂਗਰਸ ਵਿਚ ਪਾੜ ਪਾਉਣ ਦੀਆਂ ਸਾਜਿਸ਼ਾਂ ਰਚ ਰਹੇ ਹਨ। ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਕੰਬੋਜ ਨੇ ਆਖਿਆ ਕਿ ਕੱਲ੍ਹ ਹੀ ਅਜੇ ਪਟਿਆਲਾ ਦੇ ਸੀਨੀਅਰ ਨੇਤਾਵਾਂ ਦੀ ਦਿੱਲੀ ਹਾਈਕਮਾਂਡ ਵਿਚ ਸੀਨੀਅਰ ਨੇਤਾਵਾਂ ਨਾਲ ਮੀਟਿੰਗ ਹੋਈ ਹੈ, ਜਿਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਪਟਿਆਲਾ ਵਿਚ ਟਕਸਾਲੀ ਕਾਂਗਰਸੀ ਨੂੰ ਹੀ ਮੈਦਾਨ ਵਿਚ ਉਤਾਰਿਆ ਜਾਵੇਗਾ। ਉਨ੍ਹਾਂ ਆਖਿਆ ਕਿ ਕਾਂਗਰਸ ਇਕ ਵਿਸ਼ਾਲ ਸਮੁੰਦਰ ਹੈ। ਇਸ ਵਿਚ ਜਿਹੜਾ ਵੀ ਆਉਣਾ ਚਾਹੁੰਦਾ ਹੈ ਆ ਸਕਦਾ ਹੈ। ਕਾਂਗਰਸ ਹਾਈਕਮਾਂਡ ਨੂੰ ਮਜ਼ਬੂਤ ਕਰਨ ਲਈ ਇਸ ਵਾਰ ਸਿਰਫ ਤੇ ਸਿਰਫ ਟਕਸਾਲੀ ਕਾਂਗਰਸੀ ਚਿਹਰਾ ਹੀ ਪਟਿਆਲਾ ਅੰਦਰ ਦੇਣਾ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਨੇ ਪਿਛਲੇ ਸਮੇਂ ਵੀ ਇੱਕਜੁਟਤਾ ਦਿਖਾਈ ਤੇ ਸਾਰੇ ਹਲਕਾ ਇੰਚਾਰਜਾਂ ਨੇ ਟਕਸਾਲੀ ਕਾਂਗਰਸੀ ਉਮੀਦਵਾਰ ਲਈ ਕਾਂਗਰਸ ਹਾਈਕਮਾਂਡ ਨੂੰ ਬੇਨਤੀ ਕੀਤੀ ਸੀ ਤੇ ਹੁਣ ਵੀ ਇਸ ਉਪਰ ਬਹੁਤੇ ਹਲਕਾ ਇੰਚਾਰਜ ਇੱਕਮਤ ਹਨ। ਉਨ੍ਹਾਂ ਆਖਿਆ ਕਿ ਜਿਸ ਸਮੇਂ ਟਿਕਟ ਅਪਲਾਈ ਕਰਨ ਦੀ ਗੱਲ ਆਈ ਸੀ। ਉਸ ਸਮੇਂ ਵੀ ਲਾਲ ਸਿੰਘ, ਉਨ੍ਹਾਂ ਖੁਦ ਅਤੇ ਬੀਬੀ ਰੰਧਾਵਾ ਅਤੇ ਡੇਰਾਬੱਸੀ ਤੋਂ ਇੱਕ ਹੋਰ ਨੇਤਾ ਨੇ ਅਪਲਾਈ ਕੀਤਾ ਸੀ, ਜਿਸ ਉਪਰ ਬਕਾਇਦਾ ਤੌਰ 'ਤੇ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਵਿਚ ਵਿਚਾਰ ਹੋਵੇਗਾ।
ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਪਿਛਲੇ ਚਾਰ ਦਹਾਕਿਆਂ ਤੋਂ ਕਾਂਗਰਸ ਨਾਲ ਡੱਟ ਕੇ ਖੜ੍ਹੇ ਸੀ ਤੇ ਖੜ੍ਹੇ ਰਹਾਂਗੇ ਅਤੇ ਚੱਟਾਨ ਵਰਗਾ ਜਿਗਰਾ ਰੱਖ ਕੇ ਕਾਂਗਰਸ ਪਾਰਟੀ ਦੇ ਵਰਕਰਾਂ 'ਤੇ ਧੱਕਾ ਨਹੀਂ ਹੋਣ ਦੇਵਾਂਗੇ। ਉਨ੍ਹਾਂ ਆਖਿਆ ਕਿ ਪਿਛਲੇ ਸਮੇਂ ਦੋ ਸਾਲਾਂ ਵਿਚ ਕਾਂਗਰਸ ਨੇਤਾਵਾਂ ਅਤੇ ਕਾਂਗਰਸ ਵਰਕਰਾਂ ਉਪਰ ਜੋ ਧੱਕਾ ਹੋਇਆ ਹੈ, ਉਹੀ ਅਸੀਂ ਪੀਡੇ 'ਤੇ ਹੰਡਾਇਆ ਹੈ। ਉਨ੍ਹਾਂ ਆਖਿਆ ਕਿ ਬਕਾਇਦਾ ਤੌਰ 'ਤੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਉਨ੍ਹਾਂ ਦੇ ਪਰਿਵਾਰ ਉੱਤੇ ਇਸਦੇ ਨਾਲ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਉਤੇ, ਮੇਰੇ ਆਪਣੇ ਪਰਿਵਾਰ ਉਪਰ ਇੱਥੇ ਤੱਕ ਬਨੂੜ, ਰਾਜਪੁਰਾ ਦੇ ਕਈ ਨੇਤਾਵਾਂ ਉਪਰ, ਸ਼ੁਤਰਾਣਾ ਦੇ ਕਈ ਹੋਰ ਹਲਕਿਆਂ ਦੇ ਨੇਤਾਵਾਂ ਉਪਰ ਪਰਚੇ ਤੱਕ ਦਰਜ ਕੀਤੇ ਗਏ, ਜਿਨ੍ਹਾਂ ਦਾ ਅਸੀ ਮੂੰਹ ਤੋੜ ਜਵਾਬ ਦਿੱਤਾ ਅਤੇ ਅਸੀ ਇਸ ਲਈ ਪੂਰੀ ਤਰ੍ਹਾਂ ਡਟਕੇ ਖੜੇ ਰਹਾਂਗੇ।
ਕਾਂਗਰਸੀ ਵਰਕਰ ਬਿਨਾ ਕਿਸੇ ਭੁਲੇਖੇ ਤੋਂ ਕਾਂਗਰਸ ਲਈ ਡਟਣ
ਇਸ ਮੌਕੇ ਗੱਲਬਾਤ ਕਰਦਿਆਂ ਹਰਦਿਆਲ ਸਿੰਘ ਕੰਬੋਜ ਨੇ ਕਾਂਗਰਸੀ ਵਰਕਰਾਂ ਤੇ ਨੇਤਾਵਾਂ ਨੂੰ ਬੇਨਤੀ ਕੀਤੀ ਕਿ ਉਹ ਕਿਸੇ ਵੀ ਭੁਲੇਖੇ ਵਿਚ ਨਾ ਰਹਿਣ ਅਤੇ ਪੂਰੀ ਤਰ੍ਹਾਂ ਕਾਂਗਰਸ ਲਈ ਜਿੰਦ ਜਾਨ ਨਾਲ ਡੱਟ ਜਾਣ। ਉਨ੍ਹਾਂ ਆਖਿਆ ਕਿ ਕੋਈ ਵੀ ਕਾਂਗਰਸੀ ਵਰਕਰ ਜਾਂ ਨੇਤਾ ਦੂਸਰੀ ਪਾਰਟੀਆਂ ਵਿਚ ਜਾਣ ਬਾਰੇ ਸੋਚੇ ਵੀ ਨਾ ਕਿਉਂਕਿ ਉਹ ਖੁਦ ਅਤੇ ਹੋਰ ਸੀਨੀਅਰ ਨੇਤਾ ਆਖਿਰੀ ਸਾਹ ਤੱਕ ਕਾਂਗਰਸ ਲਈ ਲੜਾਈ ਲੜਨਗੇ, ਕਾਂਗਰਸੀ ਵਰਕਰਾਂ ਲਈ ਲੜਾਈ ਲੜਨਗੇ ਤੇ ਕਾਂਗਰਸੀ ਵਰਕਰਾਂ ਲਈ ਜੀਉਣਗੇ ਤੇ ਮਰਨਗੇ। ਇਸ ਲਈ ਸਮੁਚੇ ਟਕਸਾਲੀ ਵਰਕਰਾਂ ਨੂੰ ਇਕਜੁਟ ਹੋ ਕੇ ਇਹ ਅਫਵਾਹਾਂ ਫੈਲਾਉਣ ਵਾਲੇ ਸਾਜਿਸ਼ਕਰਤਾ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ।