ਹਰਿਆਣਾ ਦੀ ਸਾਬਕਾ ਮੰਤਰੀ ਸਾਵਿਤਰੀ ਜਿੰਦਲ ਨੇ ਛੱਡੀ ਕਾਂਗਰਸ
Thursday, Mar 28, 2024 - 12:41 PM (IST)
ਹਿਸਾਰ- ਹਰਿਆਣਾ ਦੀ ਸਾਬਕਾ ਮੰਤਰੀ ਸਾਵਿਤਰੀ ਜਿੰਦਲ ਨੇ ਕਾਂਗਰਸ ਛੱਡ ਦਿੱਤੀ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਪੁੱਤਰ ਅਤੇ ਉਦਯੋਗਪਤੀ ਨਵੀਨ ਜਿੰਦਲ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਚੁੱਕੇ ਹਨ। 84 ਸਾਲਾ ਸਾਵਿਤਰੀ ਨੇ ਬੁੱਧਵਾਰ ਦੇਰ ਰਾਤ ਸੋਸ਼ਲ ਮੀਡੀਆ ਪੋਸਟ 'ਚ ਕਾਂਗਰਸ ਛੱਡਣ ਦੇ ਆਪਣੇ ਫ਼ੈਸਲੇ ਦਾ ਐਲਾਨ ਕੀਤਾ। ਉਹ ਭਾਜਪਾ 'ਚ ਸ਼ਾਮਲ ਹੋਵੇਗੀ। ਦੇਸ਼ ਦੀ ਸਭ ਤੋਂ ਅਮੀਰ ਮਹਿਲਾ ਅਤੇ ਜਿੰਦਲ ਸਮੂਹ ਦੀ ਚੇਅਰਪਰਸਨ ਸਾਵਿਤਰੀ ਜਿੰਦਲ ਨੇ ਜਿੰਦਲ ਹਾਊਸ 'ਤੇ ਵਰਕਰਾਂ ਨਾਲ ਸਲਾਹ-ਮਸ਼ਵਰੇ ਮਗਰੋਂ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਬਿਹਤਰ ਦੱਸਿਆ।
ਸਾਵਿਤਰੀ ਨੇ ਹਿੰਦੀ ਵਿਚ ਪੋਸਟ ਕੀਤਾ ਕਿ ਮੈਂ ਇਕ ਵਿਧਾਇਕ ਦੇ ਰੂਪ ਵਿਚ 10 ਸਾਲ ਤੱਕ ਹਿਸਾਰ ਦੇ ਲੋਕਾਂ ਦੀ ਨੁਮਾਇੰਦਗੀ ਕੀਤੀ ਅਤੇ ਇਕ ਮੰਤਰੀ ਦੇ ਰੂਪ ਵਿਚ ਨਿਰਸਵਾਰਥ ਭਾਵਨਾ ਨਾਲ ਹਰਿਆਣਾ ਸੂਬੇ ਦੀ ਸੇਵਾ ਦੀ ਹੈ। ਹਿਸਾਰ ਦੇ ਲੋਕ ਮੇਰਾ ਪਰਿਵਾਰ ਹੈ ਅਤੇ ਆਪਣੇ ਪਰਿਵਾਰ ਦੀ ਸਲਾਹ 'ਤੇ ਮੈਂ ਅੱਜ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੀ ਹਾਂ। ਪ੍ਰਸਿੱਧ ਉਦਯੋਗਪਤੀ ਅਤੇ ਹਰਿਆਣਾ ਦੇ ਸਾਬਕਾ ਮੰਤਰੀ ਓ. ਪੀ. ਜਿੰਦਲ ਦੇ ਪੁੱਤਰ ਨਵੀਨ ਨੂੰ ਆਗਾਮੀ ਲੋਕ ਸਭਾ ਚੋਣਾਂ ਲਈ ਕੁਰੂਕਸ਼ੇਤਰ ਤੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਹੈ।