ਜਾਣੋ ਕੀ ਹੈ ਅਧਿਆਪਕ ਦਿਵਸ ਦੀ ਮਹੱਤਤਾ

09/06/2016 11:40:48 AM

ਹਰ ਸਾਲ 5 ਸਤੰਬਰ ਨੂੰ ਉੱਘੇ ਸਿੱਖਿਆ ਸਾਸ਼ਤਰੀ ਅਤੇ ਭਾਰਤ ਦੇ ਪਹਿਲੇ ਉੱਪ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨੂੰ ਸਮਾਜ ਉਸਾਰੀ ''ਚ ਅਧਿਆਪਕ ਦੀ ਭੂਮਿਕਾ ਨੂੰ ਨਤਮਸਤਕ ਹੋਣ ਲਈ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦਾ ਜਨਮ 5 ਸਤੰਬਰ 1888 ਨੂੰ ਤਾਮਿਲਨਾਡੂ ਦੇ ਨਿੱਕੇ ਜਿਹੇ ਕਸਬੇ ਤੀਰੁੱਟਾਨੀ ''ਚ ਹੋਇਆ। ਡਾ. ਰਾਧਾਕ੍ਰਿਸ਼ਨਨ ਇਕ ਸਫਲ ਰਾਜਨੀਤੀਵਾਨ ਹੋਣ ਦੇ ਨਾਲ ਨਾਲ ਇਕ ਬਿਹਤਰੀਨ ਅਧਿਆਪਕ ਵੀ ਸਨ। ਉਨ੍ਹਾਂ ਨੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਬਹੁਤ ਸਾਰੀਆਂ ਵਿੱਦਿਅਕ ਸੰਸਥਾਵਾਂ ''ਚ ਲਗਾਤਾਰ 40 ਸਾਲ ਅਧਿਆਪਨ ਦਾ ਕਾਰਜ ਕੀਤਾ। 1962 ''ਚ ਜਦੋਂ ਉਹ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੇ ਕੁਝ ਵਿਦਿਆਰਥੀਆਂ ਸਮੇਤ ਦੋਸਤਾਂ ਨੇ ਉਨ੍ਹਾਂ ਦਾ ਜਨਮਦਿਨ ਮਨਾਉਣ ਦੀ ਇੱਛਾ ਜ਼ਾਹਰ ਕੀਤੀ ਪਰ ਡਾ.ਰਾਧਾਕ੍ਰਿਸ਼ਨਨ ਨੇ ਸੁਝਾਅ ਦਿੱਤਾ ਕਿ ਕਿਉਂ ਨਾ ਅਸੀਂ ਇਸ ਦਿਨ ਨੂੰ ਅਧਿਆਪਕਾਂ ਨੂੰ ਸਮਰਪਿਤ ਕਰੀਏ, ਜੋ ਕਿ ਉਨ੍ਹਾਂ ਦੇ ਅਧਿਆਪਨ ਕਿੱਤੇ ਲਈ ਪਿਆਰ ਦਾ ਸਬੂਤ ਹੈ। 
ਸਾਲ 1967 ਤੋਂ ਇਹ ਦਿਨ ਅਧਿਆਪਕ ਦਿਵਸ ਦੇ ਰੂਪ ''ਚ ਮਨਾਇਆ ਜਾਂਦਾ ਹੈ। 
ਉਨ੍ਹਾਂ ਨੇ ਬਹੁਤ ਸਾਰੀਆਂ ਪੁਸਤਕਾਂ ਦੀ ਰਚਨਾ ਕੀਤੀ ਜਿਨ੍ਹਾਂ ''ਚ ਟੈਗੋਰ ਦਾ ਫਲਸਫਾ, ਭਾਰਤੀ ਫਲਸਫਾ, ਧਰਮ ਵਿਗਿਆਨ ਅਤੇ ਸੱਭਿਆਚਾਰ, ਭਗਵਦਗੀਤਾ, ਪੂਰਬੀ ਧਰਮ ਅਤੇ ਪੱਛਮੀ ਵਿਚਾਰ, ਉੁਪਨਿਸ਼ਦਾਂ ਦੇ ਸਿਧਾਂਤ ਆਦਿ ਪ੍ਰਮੁੱਖ ਹਨ। ਉਹ ਭਾਰਤੀ ਦਰਸ਼ਨ ਸਾਸ਼ਤਰ ਦੇ ਬਹੁਤ ਵੱਡੇ ਮਾਹਿਰ ਸਨ ਅਤੇ ਇਸ ਨੂੰ ਪੱਛਮੀ ਫਲਸਫੇ ਨਾਲ ਜੋੜਨ ''ਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਭਾਰਤੀ ਫਲਸਫੇ ਨੂੰ ਕੌਮਾਂਤਰੀ ਪੱਧਰ ''ਤੇ ਪਛਾਣ ਦਿਵਾਉਣ ''ਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੂੰ 1948 ''ਚ ਯੂਨੀਵਰਸਿਟੀ ਸਿੱਖਿਆ ਸੁਧਾਰਾਂ ਲਈ ਸਥਾਪਤ ਕੀਤੇ ਗਏ ਭਾਰਤੀ ਯੂਨੀਵਰਸਿਟੀ ਸਿੱਖਿਆ ਕਮਿਸ਼ਨ ਦਾ ਚੇਅਰਮੈਨ ਅਤੇ 1949 ''ਚ ਸੋਵੀਅਤ ਸੰਘ ''ਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ। 
ਉਨ੍ਹਾਂ ਨੂੰ 1954 ''ਚ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਤ ਕੀਤਾ ਗਿਆ, ਇਸ ਤੋਂ ਬਿਨਾਂ ਉਨ੍ਹਾਂ ਦੀ ਯਾਦ ''ਚ ਭਾਰਤੀ ਡਾਕ ਵਿਭਾਗ ਨੇ 1967 ਅਤੇ 1989 ''ਚ ਦੋ ਡਾਕ ਟਿਕਟਾਂ ਜਾਰੀ ਕੀਤੀਆਂ। ਇਸ ਦਿਨ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਵਲ੍ਹੋਂ ਵਧੀਆ ਅਧਿਆਪਨ ਕਾਰਜ ਕਰਨ ਵਾਲੇ ਅਧਿਆਪਕਾਂ ਨੂੰ ਨੈਸ਼ਨਲ ਅਤੇ ਸਟੇਟ ਐਵਾਰਡਾਂ ਨਾਲ ਸਨਮਾਨਤ ਕੀਤਾ ਜਾਂਦਾ ਹੈ। ਡਾ. ਰਾਧਾਕ੍ਰਿਸ਼ਨਨ ਦੇ ਜਨਮ ਦਿਨ ਮੌਕੇ ਸਕੂਲਾਂ ਕਾਲਜਾਂ ''ਚ ਵਿਦਿਆਰਥੀਆਂ ਵਲ੍ਹੋਂ ਆਪਣੇ ਅਧਿਆਪਕਾਂ ਦੇ ਸਤਿਕਾਰ ਵਜੋਂ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਡਾ. ਰਾਧਾਕ੍ਰਿਸ਼ਨਨ ਅਨੁਸਾਰ ਅਧਿਆਪਕ ਸਮਾਜ ਦੇ ਸਭ ਤੋਂ ਵਧ ਰੋਸ਼ਨ ਦਿਮਾਗ ਹੁੰਦੇ ਹਨ। ਅਨਪੜ੍ਹਤਾ ਕਾਰਨ ਬਹੁਤ ਸਾਰੀ ਸਮਾਜਿਕ ਸ਼ਕਤੀ ਦਿਸ਼ਾਹੀਣ ਹੁੰਦੀ ਹੈ ਅਤੇ ਉਸ ਸ਼ਕਤੀ ਨੂੰ ਗਿਆਨ ਪ੍ਰਦਾਨ ਕਰਕੇ ਦਿਸ਼ਾਬੱਧ ਬਨਾਉਣਾ ਅਧਿਆਪਕ ਦਾ ਪ੍ਰਮੁੱਖ ਕਾਰਜ ਹੈ। ਭਟਕਦੇ ਮਨ ਨੂੰ ਸ਼ਾਂਤ ਕਰਨ ਦਾ ਇਕਮਾਤਰ ਉਪਾਅ ਗਿਆਨ ਹੈ ਜੋ ਕਿ ਅਧਿਆਪਕ ਵਲੋਂ ਪ੍ਰਾਪਤ ਹੁੰਦਾ ਹੈ। 
ਡਾ. ਰਾਧਾਕ੍ਰਿਸ਼ਨਨ ਨੇ ਸਿੱਖਿਆ ਨੂੰ ਸਮਾਜਿਕ ਆਰਥਿਕ ਅਤੇ ਸੱਭਿਆਚਾਰਕ ਤਬਦੀਲੀ ਦੇ ਮੁੱਖ ਤੱਤ ਵਜੋਂ ਪਰਿਭਾਸ਼ਿਤ ਕੀਤਾ ਹੈ। ਭਾਰਤ ਵਰਗੇ ਵਿਕਾਸਸ਼ੀਲ ਮੁਲਕ ''ਚ ਲੋੜੀਂਦੇ ਟੀਚੇ ਨਾਲੋਂ ਘੱਟ ਸਿੱਖਿਆ ਦਰ ਹੋਣ ਕਾਰਨ ਇਸ ਦਿਨ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਇਕ ਕਾਮਯਾਬ ਅਤੇ ਕਾਬਲ ਵਿਦਿਆਰਥੀ ਹੀ ਅਧਿਆਪਕ ਦਾ ਅਸਲੀ ਤੋਹਫਾ ਹੁੰਦਾ ਹੈ।ਮੌਜੂਦਾ ਸਮੇਂ ਅਧਿਆਪਕ ਦਾ ਸਤਿਕਾਰ ਘਟ ਰਿਹਾ ਹੈ। ਵਿਦਿਆਰਥੀਆਂ ਵਲ੍ਹੋਂ ਆਪਣੇ ਅਧਿਆਪਕਾਂ ਦੇ ਮਜਾਕ ਉਡਾਏ ਜਾਂਦੇ ਹਨ। ਨਿਰਾਦਰ ਕੀਤਾ ਜਾਂਦਾ ਹੈ। ਕਈ ਵਾਰ ਅਖਬਾਰਾਂ ''ਚ ਵਿਦਿਆਰਥੀਆਂ ਵਲੋਂ ਅਪਣੇ ਅਧਿਆਪਕਾਂ ਦੀ ਕੁੱਟਮਾਰ, ਇਥੋਂ ਤੱਕ ਕਿ ਕਤਲ ਕਰਨ ਦੀਆਂ ਖਬਰਾਂ ਵੀ ਛਪਦੀਆਂ ਹਨ। ਸਿੱਖਿਆ ਸੁਧਾਰਾਂ ਦੇ ਨਾਂ ''ਤੇ ਲਾਗੂ ਕੀਤੇ ਜਾ ਰਹੇ ਕਾਨੂੰਨਾਂ ਨੇ ਵੀ ਅਧਿਆਪਕ ਦਾ ਵੱਕਾਰ ਘਟਾਇਆ ਹੈ। ਸਰਕਾਰਾਂ ਵਲੋਂ ਸਰਵੇ, ਵੋਟਰ ਸੂਚੀਆਂ ਦੀ ਬਣਾਈ ਸੁਧਾਈ, ਨਵੀਆਂ ਸਕੀਮਾਂ ਦੇ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਆਦਿ ਵਰਗੇ ਗੈਰ ਵਿੱਦਿਅਕ ਕੰਮ ਲੈ ਕੇ ਅਧਿਆਪਕਾਂ ਨੂੰ ਅਧਿਆਪਨ ਕਾਰਜ ਤੋਂ ਦੂਰ ਕੀਤਾ ਜਾ ਰਿਹਾ ਹੈ। ਸਿੱਟੇ ਵਜੋਂ ਸਰਕਾਰੀ ਸਕੂਲਾਂ ''ਚ ਵਿਦਿਆਰਥੀ ਅਧਿਆਪਕ ਦਰਮਿਆਨ ਪਾੜਾ ਵਧ ਰਿਹਾ ਹੈ। ਇਨ੍ਹਾਂ ਗੈਰ ਵਿੱਦਿਅਕ ਕੰਮਾਂ ਕਾਰਨ ਸਾਲ ''ਚ ਸਿਰਫ ਕੁਝ ਹਫਤੇ ਅਧਿਆਪਨ ਕਾਰਜ ਨੂੰ ਦੇ ਸਕਣ ਵਾਲਾ ਅਧਿਆਪਕ ਜਦੋਂ ਸਰਕਾਰੀ ਟੀਚੇ ਤੋਂ ਘੱਟ ਨਤੀਜਾ ਦਿੰਦਾ ਹੈ ਤਾਂ ਵਿਭਾਗੀ ਕਾਰਵਾਈ ਦੀ ਤਲਵਾਰ ਲਟਕ ਜਾਂਦੀ ਹੈ, ਜੋ ਕਿ ਅਧਿਆਪਕ ਦੇ ਮਨੋਬਲ ਨੂੰ ਘਟਾਉਂਦੀ ਹੈ। ਸੋ ਇਸ ਦਿਨ ਦੀ ਮਹੱਤਤਾ ਨੂੰ ਅਮਲੀਜਾਮਾ ਤਾਂ ਹੀ ਪਹਿਨਾਇਆ ਜਾ ਸਕਦਾ ਹੈ, ਜੇ ਸਮੂਹਿਕ ਰੂਪ ''ਚ ਅਧਿਆਪਕ ਦਾ ਸਤਿਕਾਰ ਕੀਤਾ ਜਾਵੇ। ਸਾਲ ''ਚ ਇਕ ਦਿਨ ਵਿਚਾਰ ਗੋਸ਼ਟੀਆਂ, ਸੈਮੀਨਾਰ ਪਾਰਟੀਆਂ ਆਯੋਜਿਤ ਕਰਨ ਨਾਲੋਂ ਬੱਚਿਆਂ ''ਚ ਉਹ ਸੰਸਕਾਰ ਭਰੇ ਜਾਣ, ਜਿਸ ਨਾਲ ਉਹ ਆਪਣੇ ਅਧਿਆਪਕਾਂ ਦਾ ਸਦਾ ਸਨਮਾਨ ਕਰਨ। ਮਾਪਿਆਂ ਨੂੰ ਸਹਿਣਸ਼ੀਲਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਭਾਰਤੀ ਫਲਸਫੇ ਅਨੁਸਾਰ ਗੁਰੁ ਦਾ ਦਰਜਾ ਪ੍ਰਮਾਤਮਾ ਤੋਂ ਉੱਪਰ ਹੈ ਸੋ ਸਾਨੂੰ ਸਭ ਨੂੰ ਅਧਿਆਪਕ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਹੀ ਅਧਿਆਪਕ ਦਿਵਸ ਮਨਾਉਣ ਦੀ ਅਸਲ ਭਾਵਨਾ ਸਾਕਾਰ ਹੋ ਸਕਦੀ ਹੈ।

ਸੁਨੀਲ ਸਰਥਲੀ (ਰੋਪੜ)
94633-77739


Related News