ਪਵਨ ਟੀਨੂੰ ਦੀ ‘ਜਗ ਬਾਣੀ‘ ਨਾਲ ਗੱਲਬਾਤ ਦੇ ਮੁੱਖ ਅੰਸ਼ ,  ਜਾਣੋ ਕੀ ਹੈ ਵਿਜ਼ਨ

Friday, May 10, 2024 - 03:46 PM (IST)

ਜਲੰਧਰ (ਅਨਿਲ ਪਾਹਵਾ) – ਪੰਜਾਬ ਵਿਚ 1 ਜੂਨ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਕਾਰਨ ਸਿਆਸੀ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਜਿਥੇ ਮੌਸਮ ਵਿਚ ਵਧ ਰਹੇ ਤਾਪਮਾਨ ਕਾਰਨ ਲੋਕਾਂ ਦੇ ਪਸੀਨੇ ਛੁੱਟ ਰਹੇ ਹਨ, ਉਥੇ ਹੀ ਚੋਣਾਂ ਦੀ ਤਰੀਕ ਜਿਉਂ-ਜਿਉਂ ਨੇੜੇ ਆ ਰਹੀ ਹੈ, ਤਿਉਂ-ਤਿਉਂ ਸਿਆਸੀ ਪਾਰਟੀਆਂ ਦੇ ਵੀ ਪਸੀਨੇ ਛੁੱਟਣ ਲੱਗੇ ਹਨ। ਜਲੰਧਰ ਲੋਕ ਸਭਾ ਸੀਟ ’ਤੇ ਇਸ ਵਾਰ ਕਾਫੀ ਰੋਮਾਂਚਕ ਮੁਕਾਬਲਾ ਹੈ ਕਿਉਂਕਿ ਇਸ ਸੀਟ ’ਤੇ ਕਾਂਗਰਸੀ ਉਮੀਦਵਾਰ ਚਰਨਜੀਤ ਿਸੰਘ ਚੰਨੀ ਨੂੰ ਛੱਡ ਕੇ ਬਾਕੀ ਸਾਰੀਆਂ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਪਿਛਲੇ ਲੱਗਭਗ ਇਕ-ਡੇਢ ਮਹੀਨੇ ਵਿਚ ਨਵੀਆਂ ਪਾਰਟੀਆਂ ਵਿਚ ਸ਼ਾਮਲ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਕੇ ਉਮੀਦਵਾਰ ਬਣੇ ਪਵਨ ਕੁਮਾਰ ਟੀਨੂੰ ਨਾਲ ‘ਜਗ ਬਾਣੀ’ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਪੇਸ਼ ਹਨ ਉਸਦੇ ਅੰਸ਼ :

ਕਿਉਂ ਛੱਡ ਦਿੱਤਾ ਅਕਾਲੀ ਦਲ

ਪਵਨ ਕੁਮਾਰ ਟੀਨੂੰ ਨੇ ਅਕਾਲੀ ਦਲ ਨੂੰ ਛੱਡਣ ਦੇ ਮੁੱਦੇ ’ਤੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਪਾਰਟੀ ਦਾ ਪਤਨ ਹੋ ਰਿਹਾ ਹੈ। ਸਵ. ਪ੍ਰਕਾਸ਼ ਸਿੰਘ ਬਾਦਲ ਇਕ ਸੂਝਵਾਨ ਆਗੂ ਸਨ ਪਰ ਉਨ੍ਹਾਂ ਤੋਂ ਬਾਅਦ ਹੁਣ ਪਾਰਟੀ ਵਿਚ ਸਥਿਤੀ ਠੀਕ ਨਹੀਂ ਹੈ। ਬਿਨਾਂ ਸੁਖਬੀਰ ਬਾਦਲ ਦਾ ਨਾਂ ਲਏ ਉਨ੍ਹਾਂ ਕਿਹਾ ਕਿ ਵਰਕਰਾਂ ਅਤੇ ਆਗੂਆਂ ਨੂੰ ਆਪਸ ਵਿਚ ਜੋੜ ਕੇ ਰੱਖਣ ਵਿਚ ਮੌਜੂਦਾ ਲੀਡਰਸ਼ਿਪ ਸਫਲ ਨਹੀਂ ਹੋ ਰਹੀ।

ਆਮ ਆਦਮੀ ਪਾਰਟੀ ਹੀ ਕਿਉਂ ਜੁਆਇਨ ਕੀਤੀ

ਪਵਨ ਟੀਨੂੰ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ਾਇਦ ਦੇਸ਼ ਦੀ ਪਹਿਲੀ ਅਜਿਹੀ ਪਾਰਟੀ ਹੈ, ਜਿਹੜੀ ਆਮ ਲੋਕਾਂ ਨਾਲ ਜੁੜੀ ਹੋਈ ਹੈ। ਇਸਦਾ ਹਰ ਵਰਕਰ ਮਿਹਨਤ ਨਾਲ ਕੰਮ ਕਰਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਾਰਟੀ ਨੂੰ ਜਿਥੇ ਉੱਪਰ ਚੁੱਕਣ ਵਿਚ ਲੱਗੇ ਹੋਏ ਹਨ, ਉਥੇ ਹੀ ਸੂਬੇ ਵਿਚ ਉਨ੍ਹਾਂ ਦੀ ਪਹਿਲੀ ਸਰਕਾਰ ਹੈ, ਜੋ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਕੰਮ ਕਰ ਰਹੀ ਹੈ। ਬਿਜਲੀ ਦੇ ਬਿੱਲ ਮੁਆਫ ਕਰ ਕੇ ਉਨ੍ਹਾਂ ਕਿਸੇ ਖਾਸ ਵਰਗ ਨਹੀਂ, ਸਗੋਂ ਸੂਬੇ ਦੇ 80 ਤੋਂ 90 ਫੀਸਦੀ ਆਮ ਲੋਕਾਂ ਨੂੰ ਰਾਹਤ ਪਹੁੰਚਾਈ ਹੈ। ਨਾ ਕਿਸੇ ਨੂੰ ਕੋਈ ਫਾਰਮ ਭਰਨਾ ਪਿਆ, ਨਾ ਲਾਈਨ ਵਿਚ ਲੱਗਣਾ ਪਿਆ ਅਤੇ ਸਭ ਨੂੰ ਇਹ ਸਹੂਲਤ ਮਿਲ ਗਈ।

ਜਲੰਧਰ ਸੀਟ ’ਤੇ ਕਿਸ ਨੂੰ ਮੰਨਦੇ ਹੋ ਮੁਕਾਬਲੇ ’ਚ

ਦਰਅਸਲ ਮੈਂ ਪਿਛਲੇ ਕਾਫੀ ਸਾਲਾਂ ਤੋਂ ਜਲੰਧਰ ਵਿਚ ਰਹਿ ਰਿਹਾ ਹਾਂ। ਲੋਕਾਂ ਨੂੰ ਮਿਲਦਾ ਹਾਂ। ਹਰ ਵਰਗ ਦੇ ਲੋਕਾਂ ਨਾਲ ਜਾਣ-ਪਛਾਣ ਹੈ। ਕਾਂਗਰਸੀ ਉਮੀਦਵਾਰ ਚਰਨਜੀਤ ਿਸੰਘ ਚੰਨੀ ਤਾਂ ਵੈਸੇ ਹੀ ਬਾਹਰੀ ਉਮੀਦਵਾਰ ਹਨ। ਜਿਥੋਂ ਤਕ ਸੁਸ਼ੀਲ ਿਰੰਕੂ ਦੀ ਗੱਲ ਹੈ ਤਾਂ ਜਲੰਧਰ ਦੇ ਲੋਕ ਵੈਸੇ ਹੀ ਉਨ੍ਹਾਂ ਤੋਂ ਨਾਰਾਜ਼ ਹਨ। ਉਨ੍ਹਾਂ ਲੱਗਭਗ ਇਕ ਸਾਲ ਵਿਚ 3 ਪਾਰਟੀਆਂ ਬਦਲੀਆਂ। ਇਥੋਂ ਦੇ ਲੋਕਾਂ ਨੇ ਉਨ੍ਹਾਂ ਨੂੰ ਜਿੱਤ ਦਿਵਾਈ ਪਰ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਮ ਵੋਟਰਾਂ ਨਾਲ ਉਨ੍ਹਾਂ ਧੋਖਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਿਤਾਰੇ ਵੈਸੇ ਹੀ ਖਰਾਬ ਚੱਲ ਰਹੇ ਹਨ। ਪਾਰਟੀ ਦੀ ਹਾਲਤ ਬੇਹੱਦ ਖਰਾਬ ਹੈ।

ਕਿਹੜੇ ਮਸਲਿਆਂ ’ਤੇ ਲੜ ਰਹੇ ਹੋ ਚੋਣ

ਜਲੰਧਰ ਵਿਚ ਬਹੁਤ ਸਾਰੇ ਕੰਮ ਹੋਣ ਵਾਲੇ ਹਨ। ਪਿਛਲੀਆਂ ਕਾਂਗਰਸ ਦੀਆਂ ਸਰਕਾਰਾਂ ਨੇ ਜਲੰਧਰ ਨੂੰ ਕਦੀ ਕੁਝ ਨਹੀਂ ਦਿੱਤਾ। ਇਥੇ ਸਥਿਤੀ ਕਾਫੀ ਖਰਾਬ ਹੋ ਰਹੀ ਹੈ ਪਰ ਜਦੋਂ ਤੋਂ ਆਮ ਆਦਮੀ ਪਾਰਟੀ ਆਈ ਹੈ, ਜਲੰਧਰ ਦਾ ਸੁਧਾਰ ਹੋਣਾ ਸ਼ੁਰੂ ਹੋਇਆ ਹੈ। ਉਨ੍ਹਾਂ ਦੀ ਪਹਿਲ ਰਹੇਗੀ ਕਿ ਜਲੰਧਰ ਨੂੰ ਵਧੀਆ ਸੜਕਾਂ, ਬਿਹਤਰ ਮਾਹੌਲ ਅਤੇ ਵਿਕਾਸ ਦੇ ਹੋਰ ਕੰਮਾਂ ਦਾ ਆਗਾਜ਼ ਕਰਵਾਇਆ ਜਾਵੇ। ਸਪੋਰਟਸ ਨੂੰ ਲੈ ਕੇ ਜਲੰਧਰ ਵਿਚ ਜਿਸ ਤਰ੍ਹਾਂ ਦਾ ਕੰਮ ਹੋਣਾ ਚਾਹੀਦਾ ਸੀ, ਉਹੋ ਜਿਹਾ ਨਹੀਂ ਹੋਇਆ। ਇਸ ਤੋਂ ਇਲਾਵਾ ਪੀ. ਏ. ਪੀ. ਚੌਕ ਤੋਂ ਲੈ ਕੇ ਬੀ. ਐੱਮ. ਸੀ. ਚੌਕ ਅਤੇ ਸ਼ਹਿਰ ਦੇ ਪ੍ਰਮੁੱਖ ਚੌਕ, ਜਿਨ੍ਹਾਂ ਦੀ ਡਰਾਇੰਗ ਵਿਚ ਕਈ ਖਾਮੀਆਂ ਹਨ, ਉਨ੍ਹਾਂ ਦਾ ਸੁਧਾਰ ਹੋਣਾ ਜ਼ਰੂਰੀ ਹੈ ਅਤੇ ਇਸਦੇ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ।


Harinder Kaur

Content Editor

Related News