ਆਪਣੀ ਕਮਾਈ ਦਾ 65 ਫੀਸਦੀ ਹਿੱਸਾ ਦਾਨ ਕਰ ਦਿੰਦੇ ਸਨ ਟਾਟਾ, ਕਰਮਚਾਰੀਆਂ ਦੀ ਛਾਂਟੀ ਦੇ ਸਨ ਖਿਲਾਫ

Friday, Oct 11, 2024 - 03:45 AM (IST)

ਸਾਰੀ ਉਮਰ ਕਾਰੋਬਾਰ… ਕਾਰੋਬਾਰ… ਬਸ ਕਾਰੋਬਾਰ… ਦ੍ਰਿੜ੍ਹ ਇਰਾਦੇ, ਲਗਨ ਅਤੇ ਸਮਰਪਣ ਨਾਲ ਕਾਰੋਬਾਰ ਤੋਂ ਇਲਾਵਾ ਕੁਝ ਨਹੀਂ ਕੀਤਾ। ਸਖਤ ਫੈਸਲੇ ਲੈਂਦੇ ਗਏ... ਉਨ੍ਹਾਂ ਨੂੰ ਸਹੀ ਸਾਬਿਤ ਵੀ ਕਰਦੇ ਰਹੇ... ਦੁਨੀਆ ਉਨ੍ਹਾਂ ਨੂੰ ਰਤਨ ਨਵਲ ਟਾਟਾ ਦੇ ਨਾਂ ਨਾਲ ਜਾਣਦੀ ਹੈ।

ਭਾਰਤ ਦੇ ਸਭ ਤੋਂ ਵੱਡੇ ਅਤੇ ਬੇਹੱਦ ਇਮਾਨਦਾਰ ਉਦਯੋਗਪਤੀਆਂ ’ਚੋਂ ਇਕ ਰਤਨ ਟਾਟਾ ਇੰਨੀ ਕਮਾਈ ਦੇ ਬਾਵਜੂਦ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਉਹ ਆਪਣੀ ਕਮਾਈ ਦਾ 65 ਫੀਸਦੀ ਹਿੱਸਾ ਦਾਨ ਕਰ ਦਿੰਦੇ ਸਨ।

ਉਹ ਮਹਾਮਾਰੀ ਕਾਰਨ ਕਾਰਪੋਰੇਟ ਜਗਤ ’ਚ ਕਰਮਚਾਰੀਆਂ ਦੀ ਛਾਂਟੀ ਦੇ ਫੈਸਲਿਆਂ ਤੋਂ ਦੁਖੀ ਸਨ। ਕਹਿੰਦੇ ਸਨ, ਕੋਰੋਨਾ ਦੇ ਮੁਸ਼ਕਲ ਦੌਰ ’ਚ ਉੱਦਮੀਆਂ ਅਤੇ ਕੰਪਨੀਆਂ ਲਈ ਲੰਬੇ ਸਮੇਂ ਤੱਕ ਕੰਮ ਕਰਨ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਪ੍ਰਤੀ ਸੰਵੇਦਨਸ਼ੀਲ ਹੋਣਾ ਜ਼ਰੂਰੀ ਹੈ। 

ਇਹ ਉਹ ਲੋਕ ਹਨ, ਜਿਨ੍ਹਾਂ ਨੇ ਆਪਣਾ ਸਾਰਾ ਕਰੀਅਰ ਕੰਪਨੀ ਨੂੰ ਸਮਰਪਿਤ ਕਰ ਦਿੱਤਾ ਹੈ। ਸੰਕਟ ਦੀ ਘੜੀ ਵਿਚ ਉਨ੍ਹਾਂ ਦਾ ਸਾਥ ਦੇਣ ਦੀ ਬਜਾਏ ਤੁਸੀਂ ਉਨ੍ਹਾਂ ਨੂੰ ਬੇਰੁਜ਼ਗਾਰ ਕਰ ਰਹੇ ਹੋ। ਜਿਹੜੀ ਕੰਪਨੀ ਆਪਣੇ ਸਟਾਫ ਪ੍ਰਤੀ ਸੰਵੇਦਨਸ਼ੀਲ ਨਹੀਂ ਹੈ, ਉਹ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕਦੀ।

ਕਰਮਚਾਰੀਆਂ ਦੀ ਛਾਂਟੀ ਕੋਈ ਹੱਲ ਨਹੀਂ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਕਾਰਪੋਰੇਟ ਜਗਤ ਦੀ ਸਿਖਰਲੀ ਲੀਡਰਸ਼ਿਪ ਵਿਚ ਹਮਦਰਦੀ ਦੀ ਘਾਟ ਹੈ। ਟਾਟਾ ਗਰੁੱਪ ਦੀਆਂ ਕੰਪਨੀਆਂ ਵਿਚ ਏਅਰਲਾਈਨਜ਼, ਹੋਟਲ ਕਾਰੋਬਾਰ, ਵਿੱਤੀ ਸੇਵਾਵਾਂ, ਆਟੋ ਕਾਰੋਬਾਰ ਸ਼ਾਮਲ ਹਨ। ਇਹ ਅਜਿਹੇ ਸੈਕਟਰ ਹਨ, ਜਿੱਥੇ ਕੋਰੋਨਾ ਮਹਾਮਾਰੀ ਦਾ ਸਭ ਤੋਂ ਵੱਧ ਅਸਰ ਪਿਆ ਸੀ। 

ਇਸ ਦੇ ਬਾਵਜੂਦ ਟਾਟਾ ਗਰੁੱਪ ਨੇ ਇਕ ਵੀ ਮੁਲਾਜ਼ਮ ਨੂੰ ਨੌਕਰੀ ਤੋਂ ਨਹੀਂ ਕੱਢਿਆ। ਟਾਟਾ ਗਰੁੱਪ ਨੇ ਕੋਰੋਨਾ ਨਾਲ ਨਜਿੱਠਣ ਲਈ ਪੀ.ਐੱਮ. ਕੇਅਰਜ਼ ਫੰਡ ਵਿਚ 1500 ਕਰੋੜ ਰੁਪਏ ਦਾਨ ਕੀਤੇ। ਰਤਨ ਟਾਟਾ ਮੰਨਦੇ ਰਹੇ ਕਿ ਵਪਾਰ ਦਾ ਮਤਲਬ ਸਿਰਫ਼ ਮੁਨਾਫ਼ਾ ਕਮਾਉਣਾ ਨਹੀਂ ਹੁੰਦਾ।

ਕੋਰੋਨਾ ਦੇ ਦੌਰ ਦੌਰਾਨ ਦੇਸ਼ ਭਰ ਵਿਚ ਲੱਖਾਂ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਕੀ ਇਸ ਨਾਲ ਸਮੱਸਿਆ ਦਾ ਹੱਲ ਹੋਇਆ ? ਉਹ ਖੁਦ ਹੀ ਜਵਾਬ ਦਿੰਦੇ ਸਨ, ਉਨ੍ਹਾਂ ਨੂੰ ਨਹੀਂ ਲਗਦਾ-ਅਜਿਹਾ ਹੋ ਸਕਦਾ ਹੈ। ਕਾਰੋਬਾਰ ’ਚ ਘਾਟੇ ਦਾ ਬਦਲ ਲੋਕਾਂ ਨੂੰ ਨੌਕਰੀ ਤੋਂ ਕੱਢਣਾ ਨਹੀਂ ਹੈ।

ਪ੍ਰੋ. ਸ਼ਿਆਮ ਸੁੰਦਰ


Harpreet SIngh

Content Editor

Related News