ਖੇਲੋ ਇੰਡੀਆ : ਪ੍ਰਤਿਭਾ ਦੀ ਪਛਾਣ ਕਰ ਕੇ ਭਾਰਤ ਦੇ ਓਲੰਪਿਕ ਸੁਪਨਿਆਂ ਨੂੰ ਪੂਰਾ ਕਰਨਾ

Monday, Sep 02, 2024 - 02:37 PM (IST)

ਪੈਰਿਸ ਓਲੰਪਿਕਸ 2024 ਵਿਚ ਟੀਮ ਇੰਡੀਆ ਦੀਆਂ ਪ੍ਰਾਪਤੀਆਂ ਭਾਰਤੀ ਦਲ ਦੇ ਸਮੁੱਚੇ ਬਿਹਤਰ ਪ੍ਰਦਰਸ਼ਨ ਨੂੰ ਦਰਸਾਉਂਦੀਆਂ ਹਨ। 6 ਤਮਗਿਆਂ ਤੋਂ ਇਲਾਵਾ, ਸਾਡੇ 8 ਐਥਲੀਟ ਚੌਥੇ ਸਥਾਨ ’ਤੇ ਰਹੇ ਅਤੇ ਉਹ ਪੋਡੀਅਮ ਫਿਨਿਸ਼ ਤੋਂ ਥੋੜ੍ਹੇ ਜਿਹੇ ਫ਼ਰਕ ਨਾਲ ਖੁੰਝ ਗਏ। ਇਨ੍ਹਾਂ ਵਿਚੋਂ 5 ਦਾ ਇਹ ਪਹਿਲਾ ਓਲੰਪਿਕ ਪ੍ਰਦਰਸ਼ਨ ਸੀ। 15 ਐਥਲੀਟ ਆਪਣੇ ਮੁਕਾਬਲੇ ਦੇ ਕੁਆਰਟਰ ਫਾਈਨਲ ਵਿਚ ਪਹੁੰਚੇ ਅਤੇ ਇਹ ਭਾਰਤ ਲਈ ਪਹਿਲੀ ਵਾਰ ਹੋਇਆ।

ਪੈਰਿਸ ਓਲੰਪਿਕ ਵਿਚ ਇਕ ਨਵੇਂ ਅਤੇ ਉਤਸ਼ਾਹੀ ਭਾਰਤ ਦਾ ਚਿਹਰਾ ਦਿਖਾਈ ਦਿੱਤਾ। 117 ਮੈਂਬਰੀ ਭਾਰਤੀ ਦਲ ਵਿਚ 28 ਖੇਲੋ ਇੰਡੀਆ ਐਥਲੀਟ (ਕੇ. ਆਈ. ਏ.) ਸ਼ਾਮਲ ਸਨ। ਭਾਰਤ ਦੇ ਸਭ ਤੋਂ ਘੱਟ ਉਮਰ ਦੇ ਓਲੰਪਿਕ ਤਮਗਾ ਜੇਤੂ ਅਮਨ ਸਹਿਰਾਵਤ ਅਤੇ ਪਿਸਟਲ ਨਿਸ਼ਾਨੇਬਾਜ਼ ਸਰਬਜੋਤ ਸਿੰਘ ਸਮੇਤ 2700 ਤੋਂ ਵੱਧ ਐਥਲੀਟ ਖੇਲੋ ਇੰਡੀਆ ਪ੍ਰੋਗਰਾਮ ਦਾ ਹਿੱਸਾ ਰਹੇ ਹਨ। ਓਲੰਪਿਕ ਵਿਚ ਦੋ ਤਮਗੇ ਜਿੱਤਣ ਵਾਲੀ ਮਨੂ ਭਾਕਰ ਨੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2022 ਵਿਚ ਕਈ ਤਮਗੇ ਜਿੱਤੇ ਹਨ ਅਤੇ ਉਹ 2018 ਵਿਚ ਖੇਲੋ ਇੰਡੀਆ ਸਕੂਲ ਖੇਡਾਂ ਦੇ ਪਹਿਲੇ ਐਡੀਸ਼ਨ ਦਾ ਵੀ ਹਿੱਸਾ ਸੀ।

ਹਾਲ ਹੀ ਦੇ ਸਾਲਾਂ ਵਿਚ, ਭਾਰਤ ਨੇ ਆਪਣੀ ਖੇਡ ਪ੍ਰਤਿਭਾ ਨੂੰ ਨਿਖਾਰਨ ਵਿਚ ਮਹੱਤਵਪੂਰਨ ਤਰੱਕੀ ਕੀਤੀ ਹੈ ਅਤੇ ਇਸਦਾ ਸਿਹਰਾ ਵੱਡੇ ਪੱਧਰ ’ਤੇ ਅਭਿਲਾਸ਼ੀ ਖੇਲੋ ਇੰਡੀਆ ਪ੍ਰੋਗਰਾਮ ਨੂੰ ਜਾਂਦਾ ਹੈ। 2018 ਵਿਚ ਸ਼ੁਰੂ ਕੀਤੀ ਗਈ ਇਹ ਪਹਿਲਕਦਮੀ ਭਾਰਤੀ ਖੇਡਾਂ ਲਈ ਇਕ ਗੇਮ-ਚੇਂਜਰ ਸਾਬਤ ਹੋਈ ਹੈ। ਸੰਭਵ ਤੌਰ ’ਤੇ ਖੇਲੋ ਇੰਡੀਆ ਦਾ ਸਭ ਤੋਂ ਮਹੱਤਵਪੂਰਨ ਅਸਰ ਇਹ ਰਿਹਾ ਹੈ ਕਿ ਭਾਰਤ ਦੀਆਂ ਓਲੰਪਿਕ ਆਸਾਂ ਨੂੰ ਪੂਰਾ ਕਰਨ ਲਈ ਇਹ ਇਕ ਫੀਡਰ ਪ੍ਰਣਾਲੀ ਵਜੋਂ ਨਜ਼ਰ ਆਇਆ ਹੈ। ਛੋਟੀ ਉਮਰ ਵਿਚ ਪ੍ਰਤਿਭਾ ਦੀ ਪਛਾਣ ਕਰ ਕੇ ਅਤੇ ਉਨ੍ਹਾਂ ਨੂੰ ਨਿਰੰਤਰ ਸਹਾਇਤਾ ਮੁਹੱਈਆ ਕਰ ਕੇ ਪ੍ਰੋਗਰਾਮ ਉਨ੍ਹਾਂ ਐਥਲੀਟਾਂ ਦੀ ਇਕ ਲੜੀ ਤਿਆਰ ਕਰ ਰਿਹਾ ਹੈ, ਜੋ ਅੰਤਰਰਾਸ਼ਟਰੀ ਪੱਧਰ ’ਤੇ ਮੁਕਾਬਲਾ ਕਰਨ ਲਈ ਬਿਹਤਰ ਢੰਗ ਨਾਲ ਤਿਆਰ ਹਨ। ਇਸਦੇ ਨਤੀਜੇ ਪਹਿਲਾਂ ਹੀ ਦਿਖਾਈ ਦੇਣ ਲੱਗੇ ਹਨ, ਕਈ ਖੇਲੋ ਇੰਡੀਆ ਐਥਲੀਟ ਓਲੰਪਿਕ ਸਮੇਤ ਪ੍ਰਮੁੱਖ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਦੇਸ਼ ਦੀ ਨੁਮਾਇੰਦਗੀ ਕਰ ਰਹੇ ਹਨ।

ਇਸ ਪ੍ਰੋਗਰਾਮ ਦੀ ਸੰਪੂਰਨ ਪਹੁੰਚ ਇਹ ਯਕੀਨੀ ਬਣਾਉਂਦੀ ਹੈ ਕਿ ਭਾਰਤ ਦੇ ਭਵਿੱਖ ਦੇ ਓਲੰਪੀਅਨ ਪੂਰੀ ਤਰ੍ਹਾਂ ਇੰਝ ਤਿਆਰ ਐਥਲੀਟ ਹੋਣ ਜੋ ਖੇਡਾਂ ਦੇ ਦਬਾਅ ਨੂੰ ਝੱਲ ਸਕਣ ਅਤੇ ਵਧੀਆ ਪ੍ਰਦਰਸ਼ਨ ਕਰਨ ਦੇ ਯੋਗ ਹੋਣ। ਇਹ ਪ੍ਰੋਗਰਾਮ ਨਾ ਸਿਰਫ਼ ਐਥਲੀਟਾਂ ਨੂੰ ਸਿਖਲਾਈ ਪ੍ਰਦਾਨ ਕਰਦਾ ਹੈ ਬਲਕਿ ਹਰੇਕ ਐਥਲੀਟ ਨੂੰ 6.28 ਲੱਖ ਰੁਪਏ ਦੀ ਸਾਲਾਨਾ ਸਕਾਲਰਸ਼ਿਪ ਦੇ ਨਾਲ ਖੁਰਾਕ, ਪੋਸ਼ਣ, ਉਪਕਰਣ ਅਤੇ ਸਿੱਖਿਆ ਲਈ ਫੰਡਿੰਗ ਵੀ ਪ੍ਰਦਾਨ ਕਰਦਾ ਹੈ। ਮੌਜੂਦਾ ਸਮੇਂ ਸਾਡੇ ਕੋਲ ਪੈਰਿਸ ਪੈਰਾਲੰਪਿਕ ਵਿਚ 84 ਪੈਰਾ-ਐਥਲੀਟਾਂ ਦੇ ਦਲ ਵਿਚੋਂ 25 ਖੇਲੋ ਇੰਡੀਆ ਐਥਲੀਟ ਵੀ ਹਨ।

‘ਖੇਲੋ ਇੰਡੀਆ’ ਗੇਮਜ਼ ਨੇ ਇਸ ਯੋਜਨਾ ਵਿਚ ਅਹਿਮ ਭੂਮਿਕਾ ਨਿਭਾਈ ਹੈ। 2018 ਤੋਂ ਹੁਣ ਤੱਕ ਕੁੱਲ 15 ਖੇਲੋ ਇੰਡੀਆ ਗੇਮਜ਼ ਕਰਵਾਈਆਂ ਗਈਆਂ ਹਨ, ਜਿਨ੍ਹਾਂ ਵਿਚ 6 ਖੇਲੋ ਇੰਡੀਆ ਯੂਥ ਗੇਮਜ਼, 4 ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼, 4 ਖੇਲੋ ਇੰਡੀਆ ਵਿੰਟਰ ਗੇਮਜ਼ ਅਤੇ 1 ਖੇਲੋ ਇੰਡੀਆ ਪੈਰਾ ਗੇਮਜ਼ ਸ਼ਾਮਲ ਹਨ। ਇਨ੍ਹਾਂ ਖੇਡਾਂ ਤੋਂ ਅਸੀਂ 1000 ਤੋਂ ਵੱਧ ਪ੍ਰਤਿਭਾਸ਼ਾਲੀ ਐਥਲੀਟਾਂ ਦੀ ਪਛਾਣ ਕੀਤੀ ਹੈ। ਇਸ ਤੋਂ ਇਲਾਵਾ ਅਸੀਂ ਜ਼ਮੀਨੀ ਪੱਧਰ ਦੇ ਐਥਲੀਟਾਂ ਨੂੰ ਭਵਿੱਖ ਦੇ ਚੈਂਪੀਅਨ ਬਣਾਉਣ ਲਈ ਹਰ ਸੰਭਵ ਬੁਨਿਆਦੀ ਢਾਂਚਾ ਤਿਆਰ ਕਰ ਰਹੇ ਹਾਂ। ਇਸਦੇ ਲਈ ਕੁੱਲ 302 ਮਾਨਤਾ ਪ੍ਰਾਪਤ ਅਕੈਡਮੀਆਂ, 1000 ਤੋਂ ਵੱਧ ਖੇਲੋ ਇੰਡੀਆ ਕੇਂਦਰ, 32 ਖੇਲੋ ਇੰਡੀਆ ਰਾਜ ਉੱਤਮਤਾ ਕੇਂਦਰ ਸਥਾਪਿਤ ਕੀਤੇ ਗਏ ਹਨ।

ਇਸ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਲੈ ਕੇ ਸਰਕਾਰ ਨੇ ਖੇਡਾਂ ਦੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਇਸ ਵਿਚ ਲਗਭਗ 3,616 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 747 ਜ਼ਿਲਿਆਂ ਵਿਚ ਕੁੱਲ 1059 ਖੇਲੋ ਇੰਡੀਆ ਕੇਂਦਰ (ਕੇ. ਆਈ. ਸੀ.) ਨੂੰ ਨੋਟੀਫਾਈ ਕੀਤਾ ਗਿਆ ਹੈ। ਇਹ ਕੇਂਦਰ ਸਥਾਨਕ ਪ੍ਰਤਿਭਾਵਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਵਿਕਾਸ ਦੇ ਮੌਕੇ ਦੇਣ ਲਈ ਕੰਮ ਕਰਦੇ ਹਨ। ਇਹ ਇਸ ਨੂੰ ਵੀ ਯਕੀਨੀ ਬਣਾਉਂਦਾ ਹੈ ਕਿ ਕੋਈ ਵੀ ਸੰਭਾਵੀ ਚੈਂਪੀਅਨ ਪਿੱਛੇ ਨਾ ਰਹਿ ਜਾਵੇ, ਭਾਵੇਂ ਉਸਦੀ ਭੂਗੋਲਿਕ ਸਥਿਤੀ ਜਾਂ ਆਰਥਿਕ ਪਿਛੋਕੜ ਕੁਝ ਵੀ ਹੋਵੇ। ਇਨ੍ਹਾਂ ਕੇਂਦਰਾਂ ਰਾਹੀਂ, ਪਿਛਲੇ ਚੈਂਪੀਅਨ ਐਥਲੀਟਾਂ ਨੂੰ ਵੀ ਰੋਜ਼ੀ-ਰੋਟੀ ਦਾ ਟਿਕਾਊ ਸਰੋਤ ਮੁਹੱਈਆ ਕਰਵਾਇਆ ਜਾਂਦਾ ਹੈ।

ਇਸ ਤੋਂ ਇਲਾਵਾ ਪ੍ਰੋਗਰਾਮ ਦੇ ਤਹਿਤ 31 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ 32 ਖੇਲੋ ਇੰਡੀਆ ਸਟੇਟ ਸੈਂਟਰ ਆਫ਼ ਐਕਸੀਲੈਂਸ (ਕੇ. ਆਈ. ਐੱਸ. ਸੀ. ਈ.) ਦੀ ਸਥਾਪਨਾ ਕੀਤੀ ਗਈ ਹੈ। ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਹ ਕੇਂਦਰ ਵਿਸ਼ੇਸ਼ ਖੇਡਾਂ ਦੀ ਵਿਸ਼ੇਸ਼ ਸਿਖਲਾਈ ਵੀ ਪ੍ਰਦਾਨ ਕਰਦੇ ਹਨ ਤਾਂ ਜੋ ਐਥਲੀਟਾਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਅਤੇ ਕੋਚਿੰਗ ਮਿਲ ਸਕੇ। ਇਨ੍ਹਾਂ ਉੱਤਮਤਾ ਕੇਂਦਰਾਂ ਵਿਚ ਵਿਸ਼ੇਸ਼ ਖੇਡਾਂ ਦੇ ਅਭਿਆਸ ਦੌਰਾਨ ਖੇਡ ਵਿਗਿਆਨ ਅਤੇ ਤਕਨਾਲੋਜੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ। ਇਹ ਕੇਂਦਰ ਖੇਡ ਉਪਕਰਣ, ਉੱਚ ਪ੍ਰਦਰਸ਼ਨ ਪ੍ਰਬੰਧਕਾਂ, ਟ੍ਰੇਨਰਾਂ ਆਦਿ ਦੀ ਘਾਟ ਨੂੰ ਵੀ ਪੂਰਾ ਕਰਦਾ ਹੈ।

ਖੇਲੋ ਇੰਡੀਆ ਰਾਈਜ਼ਿੰਗ ਟੇਲੈਂਟ ਆਈਡੈਂਟੀਫਿਕੇਸ਼ਨ (ਕੇ. ਆਈ. ਆਰ. ਆਈ. ਟੀ.) ਪ੍ਰੋਗਰਾਮ ਜ਼ਮੀਨੀ ਪੱਧਰ ’ਤੇ ਲੁਕੀ ਪ੍ਰਤਿਭਾ ਨੂੰ ਬਾਹਰ ਕੱਢਣ ਲਈ ਮਹੱਤਵਪੂਰਨ ਕੰਮ ਕਰ ਰਿਹਾ ਹੈ। ਕੇ. ਆਈ. ਆਰ. ਆਈ. ਟੀ. ਦਾ ਮੰਤਵ ਸਮੁੱਚੇ ਭਾਰਤ ਵਿਚ ਲੁਕੀ ਹੋਈ ਖੇਡ ਪ੍ਰਤਿਭਾ ਨੂੰ ਖੋਜਣਾ ਅਤੇ ਲੋਕਾਂ ਵਿਚ ਖੇਡ ਜਾਗਰੂਕਤਾ ਨੂੰ ਵਧਾਉਣਾ ਹੈ। ਇਹ ਪ੍ਰੋਗਰਾਮ 9 ਤੋਂ 18 ਸਾਲ ਦੀ ਉਮਰ ਦੇ ਸਕੂਲੀ ਬੱਚਿਆਂ ਵਿਚ ਪ੍ਰਤਿਭਾ ਨੂੰ ਭਾਲਦਾ ਹੈ।

ਇਹ ਆਧੁਨਿਕ ਤਕਨਾਲੋਜੀ ਅਤੇ ਵਧੀਆ ਅਭਿਆਸਾਂ ਦੀ ਵਰਤੋਂ ਕਰਦੇ ਹੋਏ ਇਕ ਸਹਿਜ ਪ੍ਰਤਿਭਾ ਪਛਾਣ ਪ੍ਰਣਾਲੀ ਨਾਲ ਕੀਤਾ ਜਾਂਦਾ ਹੈ। ਇਸਦਾ ਮੰਤਵ ਇਨ੍ਹਾਂ ਪ੍ਰਤਿਭਾਸ਼ਾਲੀ ਬੱਚਿਆਂ ਦੀ ਪਛਾਣ ਦੀ ਪੂਰੀ ਪ੍ਰਕਿਰਿਆ ਨੂੰ ਇੱਕ ਮੰਚ ’ਤੇ ਲਿਆਉਣਾ ਹੈ। ਹੁਣ ਤੱਕ ਦੇਸ਼ ਭਰ ਵਿਚ 93 ਸਥਾਨਾਂ ’ਤੇ 10 ਖੇਡਾਂ ਵਿਚ ਲਗਭਗ 1 ਲੱਖ ਬੱਚਿਆਂ ਦਾ ਸਫਲਤਾਪੂਰਵਕ ਮੁਲਾਂਕਣ ਕੀਤਾ ਜਾ ਚੁੱਕਾ ਹੈ। ਖੇਡਾਂ ਵਿਚ ਔਰਤਾਂ ਦੀ ਹਿੱਸੇਦਾਰੀ ਨੂੰ ਵਿਸ਼ੇਸ਼ ਤੌਰ ’ਤੇ ਹੱਲਾਸ਼ੇਰੀ ਦੇਣ ਲਈ ਦੇਸ਼ ਭਰ ਵਿਚ ਅਸਮਿਤਾ ਮਹਿਲਾ ਲੀਗ ਦਾ ਆਯੋਜਨ ਕੀਤਾ ਜਾ ਰਿਹਾ ਹੈ। 2021 ਤੋਂ ਹੁਣ ਤੱਕ ਅਸਮਿਤਾ ਦੇ ਚਾਰ ਸੀਜ਼ਨ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ਵਿਚ 35 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 20 ਖੇਡਾਂ ਵਿਚ ਕੁੱਲ 83,615 ਔਰਤਾਂ ਨੇ ਹਿੱਸਾ ਲਿਆ ਹੈ।

-ਡਾ. ਮਨਸੁਖ ਮਾਂਡਵੀਆ


Tanu

Content Editor

Related News