‘ਗੁੰਮਨਾਮੀ ਬਾਬਾ’ (ਸੁਭਾਸ਼ ਚੰਦਰ ਬੋਸ) ਦੇ ਕਮਰੇ ਵਿਚੋਂ ਮਿਲਿਆ ਸਾਮਾਨ ਖਾਸ ਕਿਉਂ ਹੈ ?

Monday, Sep 01, 2025 - 04:51 PM (IST)

‘ਗੁੰਮਨਾਮੀ ਬਾਬਾ’ (ਸੁਭਾਸ਼ ਚੰਦਰ ਬੋਸ) ਦੇ ਕਮਰੇ ਵਿਚੋਂ ਮਿਲਿਆ ਸਾਮਾਨ ਖਾਸ ਕਿਉਂ ਹੈ ?

ਪਿਛਲੇ ਹਫ਼ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਬਾਰੇ ਇਸ ਕਾਲਮ ਵਿਚ ਮੈਂ ਜੋ ਲਿਖਿਆ ਸੀ, ਉਸ ’ਤੇ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਆਈਆਂ ਹਨ। ਪਾਠਕ ਹੋਰ ਜਾਣਨ ਲਈ ਉਤਸੁਕ ਹਨ। ਇਸ ਵਿਸ਼ੇ ਬਾਰੇ ਯੂ-ਟਿਊਬ ’ਤੇ ਬਹੁਤ ਸਾਰੀਆਂ ਇੰਟਰਵਿਊਜ਼ ਅਤੇ ਰਿਪੋਰਟਾਂ ਹਨ। ਆਪਣੇ ਪਿਛਲੇ ਲੇਖ ਵਿਚ ਮੈਂ ਉਨ੍ਹਾਂ ਦੇ ਕਮਰੇ ਵਿਚੋਂ ਮਿਲੀਆਂ 2760 ਚੀਜ਼ਾਂ ਵਿਚੋਂ ਕੁਝ ਦਾ ਜ਼ਿਕਰ ਕੀਤਾ ਸੀ। ਇੱਥੇ ਮੈਂ ਉਨ੍ਹਾਂ ਚੀਜ਼ਾਂ ਵਿਚੋਂ ਕੁਝ ਹੋਰ ਚੀਜ਼ਾਂ ਬਾਰੇ ਵਿਸਥਾਰ ਵਿਚ ਦੱਸ ਰਿਹਾ ਹਾਂ। ਇਹ ਸੂਚੀ ਇੰਨੀ ਪ੍ਰਭਾਵਸ਼ਾਲੀ ਹੈ ਕਿ ਇਹ ਕਿਸੇ ਸੰਤ ਦਾ ਸਾਮਾਨ ਨਹੀਂ ਹੋ ਸਕਦਾ ਜੋ ਸਿਰਫ ਸਾਧਨਾ ਕਰਦਾ ਹੈ। ਤੁਸੀਂ ਸੋਚਣ ਲਈ ਮਜਬੂਰ ਹੋਵੋਗੇ ਕਿ ਜੇਕਰ ‘ਗੁੰਮਨਾਮੀ ਬਾਬਾ’ ਨੇਤਾਜੀ ਸੁਭਾਸ਼ ਚੰਦਰ ਬੋਸ ਨਹੀਂ ਸਨ, ਤਾਂ ਉਹ ਹੋਰ ਕੌਣ ਸਨ? ਜਦੋਂ ਮੈਂ ਦੇਸ਼ ਦੇ ਇਕ ਉੱਚ ਪੁਲਸ ਅਧਿਕਾਰੀ ਨੂੰ ਇਹ ਸੂਚੀ ਪੜ੍ਹਨ ਲਈ ਕਿਹਾ ਤਾਂ ਉਹ ਵੀ ਹੈਰਾਨ ਰਹਿ ਗਿਆ।

‘ਗੁੰਮਨਾਮੀ ਬਾਬਾ’ ਦੇ ਕਮਰੇ ਵਿਚੋਂ ਅੰਗਰੇਜ਼ੀ, ਬੰਗਾਲੀ ਅਤੇ ਸੰਸਕ੍ਰਿਤ ਸਾਹਿਤ ਦੀਆਂ 304 ਕਿਤਾਬਾਂ ਮਿਲੀਆਂ ਹਨ। 260 ਅਧਿਆਤਮਿਕ ਕਿਤਾਬਾਂ ਵੀ ਮਿਲੀਆਂ ਹਨ। ਮੈਡੀਕਲ ਸਾਇੰਸ ’ਤੇ 118 ਕਿਤਾਬਾਂ, ਰਾਜਨੀਤੀ ਅਤੇ ਇਤਿਹਾਸ ’ਤੇ 57, ਰਹੱਸ ਅਤੇ ਤੰਤਰ ਸ਼ਾਸਤਰ ’ਤੇ 46, ਰਾਮਾਇਣ ਅਤੇ ਮਹਾਭਾਰਤ ’ਤੇ 36, ਸੁਭਾਸ਼ ਚੰਦਰ ਬੋਸ ’ਤੇ 34, 33 ਯਾਤਰਾ ਬਿਰਤਾਂਤ ਅਤੇ ਜੋਤਿਸ਼ ਅਤੇ ਹਸਤਰੇਖਾ ਵਿਗਿਆਨ ’ਤੇ 12 ਕਿਤਾਬਾਂ ਮਿਲੀਆਂ ਹਨ। ਹੁਣ ਅੰਗਰੇਜ਼ੀ ਕਿਤਾਬਾਂ ਦੇ ਲੇਖਕਾਂ ਦੇ ਨਾਂ ਅਤੇ ਉਨ੍ਹਾਂ ਦੁਆਰਾ ਲਿਖੀਆਂ ਕਿਤਾਬਾਂ ਦੀ ਗਿਣਤੀ ਵੇਖੋ, ਚਾਰਲਸ ਡਿਕੇਨਜ਼ (51), ਅਲੈਗਜ਼ੈਂਡਰ ਸੋਲਜ਼ੇਨਿਤਸਿਨ (11), ਵਿਲ ਡੁਰੈਂਟ (11), ਸ਼ੈਕਸਪੀਅਰ ਦਾ ਪੂਰਾ ਸਾਹਿਤ ਅਤੇ 9 ਨਾਟਕ, ਟੀ. ਲੋਬਸਾਂਗ ਰੰਪਾ (10), ਵਾਲਟਰ ਸਕਾਟ (8), ਅਲੈਗਜ਼ੈਂਡਰ ਡੁਮਾਸ (8), ਏਰਿਕ ਵਾਨ ਡੈਨਿਕੇਨ (4), ਪੀ.ਜੀ. ਵੋਡਹਾਊਸ (3), ਕੁਲਦੀਪ ਨਈਅਰ (3) ਆਦਿ ਕਿਤਾਬਾਂ ਉਸਦੇ ਡੱਬਿਆਂ ਅਤੇ ਅਲਮਾਰੀਆਂ ਵਿਚੋਂ ਮਿਲੀਆਂ ਹਨ।

ਅਜਿਹਾ ਕੋਈ ਭਜਨਨੰਦੀ ਸਾਧੂ ਨਹੀਂ ਹੋ ਸਕਦਾ ਜੋ ਉੱਚ ਗੁਣਵੱਤਾ ਵਾਲਾ ਵਿਸ਼ਵ-ਪ੍ਰਸਿੱਧ ਸਾਹਿਤ ਪੜ੍ਹਦਾ ਹੋਵੇ। ਹਰ ਕੋਈ ਜਾਣਦਾ ਹੈ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਇਕ ਅਮੀਰ ਅਤੇ ਕੁਲੀਨ ਪਰਿਵਾਰ ਨਾਲ ਸਬੰਧਤ ਸਨ। ਉਨ੍ਹਾਂ ਨੇ 1920 ਵਿਚ ਆਈ. ਸੀ. ਐੱਸ. (ਹੁਣ ਆਈ.ਏ.ਐੱਸ.) ਪ੍ਰੀਖਿਆ ਵਿਚ ਚੌਥਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਨੇ ਆਜ਼ਾਦੀ ਦੀ ਲੜਾਈ ਲੜਨ ਲਈ 1921 ਵਿਚ ਇੰਨੀ ਵੱਡੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ।

ਉਪਰੋਕਤ ਸਾਹਿਤ ਤੋਂ ਇਲਾਵਾ ਰੀਡਰਜ਼ ਡਾਇਜੈਸਟ, ਅਮਰੀਕੀ ਮੈਗਜ਼ੀਨ ਟਾਈਮ, ਇਲਸਟ੍ਰੇਟਿਡ ਵੀਕਲੀ ਆਫ਼ ਇੰਡੀਆ, ਬਲਿਟਜ਼, ਆਰਗੇਨਾਈਜ਼ਰ, ਜੁਗਵਾਨੀ, ਦ ਪਾਇਨੀਅਰ, ਅਾਜ, ਅੰਮ੍ਰਿਤ ਪ੍ਰਭਾਤ, ਅੰਮ੍ਰਿਤ ਬਾਜ਼ਾਰ ਪੱਤ੍ਰਿਕਾ, ਆਨੰਦ ਬਾਜ਼ਾਰ ਪੱਤ੍ਰਿਕਾ, ਰਸਾਲੇ ਅਤੇ ਅਖ਼ਬਾਰ ਵੀ ਉਨ੍ਹਾਂ ਦੇ ਕਮਰੇ ਵਿਚੋਂ ਮਿਲੇ ਹਨ।

ਉਨ੍ਹਾਂ ਦੇ ਪਰਿਵਾਰ ਅਤੇ ਨਜ਼ਦੀਕੀ ਲੋਕਾਂ ਦੀਆਂ 110 ਤਸਵੀਰਾਂ ਉਨ੍ਹਾਂ ਦੇ ਡੱਬੇ ਵਿਚੋਂ ਮਿਲੀਆਂ ਹਨ। ਉਨ੍ਹਾਂ ਵਿਚੋਂ ਨੇਤਾ ਜੀ ਦੇ ਮਾਪਿਆਂ ਦੀ ਇਕ ਫਰੇਮ ਕੀਤੀ ਹੋਈ ਫੋਟੋ ਉਨ੍ਹਾਂ ਦੇ ਡੱਬੇ ਵਿਚ ਮਖਮਲੀ ਕੱਪੜੇ ਵਿਚ ਲਪੇਟ ਕੇ ਰੱਖੀ ਗਈ ਸੀ। ਗੁੰਮਨਾਮੀ ਬਾਬਾ ਅਯੁੱਧਿਆ ਵਿਚ ਸ਼ਕਤੀ ਸਿੰਘ ਦੇ ਘਰ ‘ਰਾਮ ਭਵਨ’ ਦੇ ਇਕ ਕਮਰੇ ਵਿਚ ਰਹਿੰਦਾ ਸੀ, ਜਿੱਥੇ ਉਸ ਦੀ ਕੰਧ ’ਤੇ ਮਾਂ ਕਾਲੀ ਦੀ ਤਸਵੀਰ ਲਟਕਦੀ ਸੀ। ਉਹ ਹਰ ਰੋਜ਼ ਧੂਫ ਜਗਾ ਕੇ ਉਸ ਦੀ ਪੂਜਾ ਕਰਦਾ ਸੀ। ਦਿਲਚਸਪ ਗੱਲ ਇਹ ਹੈ ਕਿ ਸੁਭਾਸ਼ ਚੰਦਰ ਬੋਸ ਦੀਆਂ ਤਸਵੀਰਾਂ ਦੇਸ਼ ਭਰ ਵਿਚ 23 ਜਨਵਰੀ ਨੂੰ ਜਿੱਥੇ ਵੀ ਉਨ੍ਹਾਂ ਦਾ ਜਨਮਦਿਨ ਮਨਾਇਆ ਜਾਂਦਾ ਸੀ, ਉਨ੍ਹਾਂ ਦੀਆਂ ਖ਼ਬਰਾਂ ਤੋਂ ਇਕੱਠੀਆਂ ਕੀਤੀਆਂ ਗਈਆਂ ਸਨ। ਨੇਤਾ ਜੀ ਦੇ ਬਚਪਨ ਦੇ ਦੋਸਤ ਅਤੇ ਇਨਕਲਾਬੀ ਸੰਗਠਨ ਦੀ ਨੇਤਾ ਸ਼੍ਰੀਮਤੀ ਲੀਲਾ ਰਾਏ, ਪੰਡਿਤ ਨਹਿਰੂ, ਰਾਜੇਂਦਰ ਪ੍ਰਸਾਦ ਅਤੇ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਵੀ ਉਸੇ ਡੱਬੇ ਵਿਚੋਂ ਮਿਲੀਆਂ ਸਨ।

ਉਨ੍ਹਾਂ ਦੇ ਸੰਗੀਤ ਸੰਗ੍ਰਹਿ ਵਿਚ ਮਹਿਸ਼ਾਸੁਰਮਰਦਨੀ ਸਤ੍ਰੋਤ ਦੀ ਰਿਕਾਰਡਿੰਗ, ਰਬਿੰਦਰ ਸੰਗੀਤ, ਨਜ਼ਰੁਲ ਇਸਲਾਮ, ਸ਼ਿਆਮਾ ਸੰਗੀਤ, ਕੇ. ਐੱਲ. ਸਹਿਗਲ, ਜੋਤਿਕਾ ਰਾਏ, ਉਸਤਾਦ ਫੈਯਜ਼ਾ ਖਾਨ, ਪੰਡਿਤ ਰਵੀ ਸ਼ੰਕਰ ਦਾ ਸਿਤਾਰ ਵਾਦਨ, ਬਿਸਮਿੱਲਾ ਖਾਨ ਦੀ ਸ਼ਹਿਨਾਈ, ਨੇਤਾ ਜੀ ਦੇ ਬਚਪਨ ਦੇ ਦੋਸਤ ਅਤੇ ਮਸ਼ਹੂਰ ਗਾਇਕ ਦਿਲੀਪ ਕੁਮਾਰ ਰਾਏ ਦੁਆਰਾ ਗਾਏ ਗਏ ਗੀਤ, ਹੇਮੰਤ ਕੁਮਾਰ ਦੇ ਗੀਤ, ਪੰਨਾਲਾਲ ਘੋਸ਼, ਲਾਲਨ ਫਕੀਰ ਆਦਿ ਦੀ ਗਾਇਕੀ ਦੇ ਰਿਕਾਰਡ ਵੀ ਮਿਲੇ ਹਨ। ਇਸ ਤੋਂ ਇਲਾਵਾ ਬਾਲੀਵੁੱਡ ਫਿਲਮ ‘ਸੁਭਾਸ਼ ਚੰਦਰ ਬੋਸ’ ਦਾ ਪੂਰਾ ਸਾਊਂਡਟ੍ਰੈਕ ਵੀ ਮਿਲਿਆ ਹੈ।

ਇੰਗਲੈਂਡ ਦੇ ਟਾਈਪਰਾਈਟਰ ਅਤੇ ਜਰਮਨੀ ਵਿਚ ਬਣੀ ਦੂਰਬੀਨ, ਜਾਪਾਨੀ ਕਰਾਕਰੀ, ਦੋ ਮਹਿੰਗੀਆਂ ਘੜੀਆਂ, ਜਿਨ੍ਹਾਂ ਵਿਚੋਂ ਇਕ ਸੋਨੇ ਦੀ ਓਮੇਗਾ ਘੜੀ ਹੈ ਜੋ ਬਿਲਕੁਲ ਉਸੇ ਤਰ੍ਹਾਂ ਦੀ ਹੈ ਜੋ ਨੇਤਾ ਜੀ ਦੀ ਮਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਜਨਮਦਿਨ ’ਤੇ ਤੋਹਫ਼ੇ ਵਜੋਂ ਦਿੱਤੀ ਸੀ, ਜੋ ਉਹ ਅਕਸਰ ਪਹਿਨਦੇ ਸਨ। ਦੂਜੀ ਮਹਿੰਗੀ ਘੜੀ ਰੋਲੈਕਸ ਦੀ ਹੈ। 8 ਗੋਲ ਫਰੇਮ ਦੀਆਂ ਐਨਕਾਂ, ਜਿਨ੍ਹਾਂ ਵਿਚੋਂ ਇਕ ਦਾ ਫਰੇਮ ਸ਼ਾਇਦ ਚਿੱਟੇ ਸੋਨੇ ਦਾ ਬਣਿਆ ਹੋਇਆ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਵਿਚੋਂ ਸਭ ਤੋਂ ਭਾਵੁਕ ਚੀਜ਼ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਪਿਤਾ ਸ਼੍ਰੀ ਜਾਨਕੀ ਨਾਥ ਬੋਸ ਦੀ ਇਕ ਪੁਰਾਣੀ ਛੱਤਰੀ ਹੈ, ਜਿਸ ਨੂੰ ਗੁੰਮਨਾਮੀ ਬਾਬਾ ਨੇ ਆਪਣੀ ਯਾਦ ਦੇ ਪ੍ਰਤੀਕ ਵਜੋਂ ਸੰਭਾਲ ਕੇ ਰੱਖਿਆ ਸੀ। ਇਸ ਛਤਰੀ ਦੀ ਪਛਾਣ ਨੇਤਾਜੀ ਦੀ ਭਤੀਜੀ ਲਲਿਤਾ ਬੋਸ ਨੇ ਕੀਤੀ ਸੀ। ਉਸ ਦੇ ਕਾਗਜ਼ਾਂ ਵਿਚੋਂ ਅਯੁੱਧਿਆ ਅਤੇ ਕਾਸ਼ੀ ਦੇ ਵਿਸਤ੍ਰਿਤ ਨਕਸ਼ੇ, ਭਾਰਤ ਦੀਆਂ ਸੜਕਾਂ ਅਤੇ ਫੌਜੀ ਟਿਕਾਣਿਆਂ ਦੇ ਨਕਸ਼ੇ, ਮੱਧ ਏਸ਼ੀਆ, ਮੱਧ ਪੂਰਬੀ ਏਸ਼ੀਆ ਅਤੇ ਦੱਖਣ ਪੂਰਬੀ ਏਸ਼ੀਆ ਦੇ ਨਕਸ਼ੇ, ਜੋ ਹੱਥ ਨਾਲ ਬਣਾਏ ਗਏ ਸਨ, ਵੀ ਬਰਾਮਦ ਕੀਤੇ ਗਏ ਹਨ। ਉਸ ਦੇ ਕਮਰੇ ਵਿਚੋਂ ਮਹਿੰਗੇ ਬ੍ਰਾਂਡਾਂ ਦੇ 75 ਨਹਾਉਣ ਵਾਲੇ ਸਾਬਣ ਮਿਲੇ ਹਨ, ਜੋ ਉਸ ਦੇ ਜੀਵਨ ਪੱਧਰ ਨੂੰ ਦਰਸਾਉਂਦੇ ਹਨ।

ਉਹ ਨਿਯਮਿਤ ਤੌਰ ’ਤੇ ਸਿਗਰਟ ਪੀਂਦੇ ਸਨ। ਕਾਗਜ਼ਾਂ ਵਿਚ ਭਰਨ ਲਈ 15 ਪੈਕੇਟ ਅਤੇ ਤੰਬਾਕੂ ਦੇ ਪੈਕੇਟ ਅਤੇ ਉਨ੍ਹਾਂ ਨੂੰ ਲਪੇਟ ਕੇ ਸਿਗਰਟ ਬਣਾਉਣ ਲਈ ਇਕ ਛੋਟੀ ਮਸ਼ੀਨ, 3 ਵਿਦੇਸ਼ੀ ਪਾਈਪਾਂ ਅਤੇ ਤੰਬਾਕੂ ਦੇ ਪੈਕੇਟ, ਸਿਗਰਟ ਲਾਈਟਰ ਵੀ ਮਿਲੇ ਹਨ। ਉਸਦੇ ਕਮਰੇ ਵਿਚੋਂ ਅੰਗਰੇਜ਼ੀ ਅਤੇ ਬੰਗਲਾਲੀ ਵਿਚ 1683 ਹੱਥ ਲਿਖਤ ਪੱਤਰ ਵੀ ਮਿਲੇ ਹਨ। ਪੂਜਾ ਦੀਆਂ ਚੀਜ਼ਾਂ ਵਿਚੋਂ ਤਿੰਨ-ਮੂੰਹੀ ਅਤੇ ਛੇ-ਮੂੰਹੀ ਰੁਦਰਾਕਸ਼, ਕ੍ਰਿਸਟਲ ਅਤੇ ਤੁਲਸੀ ਦੀਆਂ 28 ਮਾਲਾਵਾਂ ਮਿਲੀਆਂ ਹਨ।

ਗੁੰਮਨਾਮੀ ਬਾਬਾ ਦੇ ਕਮਰੇ ਵਿਚੋਂ 13 ਕਮੀਜ਼ਾਂ, 4 ਪੈਂਟਾਂ, 31 ਬਨੈਣਾਂ, 31 ਅੰਡਰਵੀਅਰ, 58 ਧੋਤੀਆਂ, 3 ਵਾਰਮਰ, 2 ਦਸਤਾਨੇ, 2 ਰੇਨਕੋਟ, 30 ਤੌਲੀਏ, 1 ਜੈਕੇਟ, 2 ਜੋੜੇ ਕਾਲੇ ਰੰਗ ਦੀਆਂ ਜੁੱਤੀਆਂ, 1 ਜੋੜਾ ਲਾਲ ਜੁੱਤੀ, ਚੈਰੀ ਬਲੌਸਮ ਪਾਲਿਸ਼ ਦੇ ਡੱਬੇ, ਜੁੱਤੀਆਂ ਦੀ ਸ਼ਾਈਨ ਕਰੀਮ, ਲੱਕੜ ਦੀਆਂ ਖੜਾਵਾਂ, ਬਾਂਦਰ ਕੈਪ, 7 ਗੱਦੇ, ਰੇਸ਼ਮ ਦੀ ਕਢਾਈ ਵਾਲੀ ਰਾਜਸਥਾਨੀ ਰਜਾਈ, ਚਾਦਰਾਂ ਅਤੇ ਸਿਰਹਾਣੇ ਆਦਿ ਵੀ ਮਿਲੇ ਹਨ। ਕਿਉਂਕਿ ਉਹ ਹੋਮਿਓਪੈਥੀ ਵਿਚ ਮਾਹਿਰ ਸਨ, ਇਸ ਲਈ ਇਸ ਦੀਆਂ ਅਤੇ ਹੋਰ ਬਹੁਤ ਸਾਰੀਆਂ ਦਵਾਈਆਂ ਵੀ ਮਿਲੀਆਂ ਹਨ। ਹੁਣ ਤੁਸੀਂ ਖੁਦ ਸੋਚਦੇ ਹੋਵੋਗੇ ਕਿ ਜੇ ਗੁੰਮਨਾਮੀ ਬਾਬਾ ਨੇਤਾਜੀ ਸੁਭਾਸ਼ ਚੰਦਰ ਬੋਸ ਨਹੀਂ ਸਨ ਤਾਂ ਉਹ ਹੋਰ ਕੌਣ ਸਨ?

-ਵਿਨੀਤ ਨਾਰਾਇਣ


author

Harpreet SIngh

Content Editor

Related News