ਉੱਪ-ਰਾਸ਼ਟਰਪਤੀ ਚੋਣ ਨੂੰ ਦੱਖਣ ਬਨਾਮ ਦੱਖਣ ਬਣਾ ਦਿੱਤਾ ਹੈ

Saturday, Aug 23, 2025 - 05:12 PM (IST)

ਉੱਪ-ਰਾਸ਼ਟਰਪਤੀ ਚੋਣ ਨੂੰ ਦੱਖਣ ਬਨਾਮ ਦੱਖਣ ਬਣਾ ਦਿੱਤਾ ਹੈ

‘ਇੰਡੀਆ’ ਵਿਰੋਧੀ ਧੜੇ ਨੇ 9 ਸਤੰਬਰ ਨੂੰ ਹੋਣ ਵਾਲੀ ਉੱਪ-ਰਾਸ਼ਟਰਪਤੀ ਚੋਣ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ. ਸੁਦਰਸ਼ਨ ਰੈੱਡੀ ਨੂੰ ਆਪਣਾ ਸਾਂਝਾ ਉਮੀਦਵਾਰ ਚੁਣਿਆ ਹੈ। ਵਿਰੋਧੀ ਧੜੇ ਨੇ ਇਸ ਨੂੰ ਭਾਜਪਾ ਵਾਲੇ ਐੱਨ. ਡੀ. ਏ. ਵਿਰੁੱਧ ਇਕ ਰਸਮੀ ਲੜਾਈ ਦੱਸਿਆ, ਜਿਸ ਨੇ ਮਹਾਰਾਸ਼ਟਰ ਦੇ ਰਾਜਪਾਲ ਸੀ. ਪੀ. ਰਾਧਾਕ੍ਰਿਸ਼ਣਨ ਨੂੰ ਉਮੀਦਵਾਰ ਬਣਾਇਆ ਹੈ। ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ. ਸੁਦਰਸ਼ਨ ਰੈੱਡੀ ਨੇ 21 ਅਗਸਤ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਹਾਜ਼ਰੀ ’ਚ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਸਨ।

ਇਹ ਐੱਨ. ਡੀ. ਏ. ਦੇ ਸੀ. ਪੀ. ਰਾਧਾਕ੍ਰਿਸ਼ਣਨ ਖਿਲਾਫ ਉੱਪ-ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ’ਚ ‘ਇੰਡੀਆ’ ਧੜੇ ਦੀ ਰਸਮੀ ਐਂਟਰੀ ਦਾ ਪ੍ਰਤੀਕ ਹੈ। ਨਾਮਜ਼ਦਗੀ ਲਈ ਹਾਜ਼ਰ ਵਿਰੋਧੀ ਨੇਤਾਵਾਂ ’ਚ ਐੱਨ. ਸੀ. ਪੀ. (ਸਪਾ) ਮੁਖੀ ਸ਼ਰਦ ਪਵਾਰ, ਸਪਾ ਨੇਤਾ ਰਾਮਗੋਪਾਲ ਯਾਦਵ, ਡੀ. ਐੱਮ. ਕੇ. ਦੇ ਤਿਰੁਚੀ ਸ਼ਿਵਾ, ਟੀ. ਐੱਮ. ਸੀ. ਦੇ ਸ਼ਤਾਬਦੀ ਰਾਏ, ਸ਼ਿਵ ਸੈਨਾ (ਯੂ. ਬੀ. ਟੀ.) ਦੇ ਸੰਜੇ ਰਾਊਤ, ਸੀ. ਪੀ. ਆਈ. (ਐੱਮ.) ਦੇ ਜਾਨ ਬ੍ਰਿਟਾਸ ਸ਼ਾਮਲ ਸਨ।

160 ਸੰਸਦ ਮੈਂਬਰਾਂ ਨੇ ਪ੍ਰਸਤਾਵਕ ਅਤੇ ਸਮਰਥਕ ਵਜੋਂ ਦਸਤਖਤ ਕੀਤੇ ਹਨ। ਰੈੱਡੀ ਨੂੰ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਦੇ ਰੂਪ ’ਚ ਚੁਣਨ ਦੇ ਕਦਮ ਨੇ ਉੱਪ-ਰਾਸ਼ਟਰਪਤੀ ਚੋਣ ਨੂੰ ਦੱਖਣ ਬਨਾਮ ਦੱਖਣ ਬਣਾ ਦਿੱਤਾ ਹੈ।

ਜਿੱਥੇ ਭਾਜਪਾ ਤਾਮਿਲਨਾਡੂ ’ਚ ਗੈਰ-ਐੱਨ. ਡੀ. ਏ. ਪਾਰਟੀਆਂ ਨੂੰ ਜੋੜਨ ਲਈ ਸੀ. ਪੀ. ਰਾਧਾਕ੍ਰਿਸ਼ਣਨ ਦੀ ਤਮਿਲ ਪਛਾਣ ਨੂੰ ਉਜਾਗਰ ਕਰ ਰਹੀ ਹੈ, ਉੱਥੇ ਹੀ ਕਾਂਗਰਸ ਗੱਠਜੋੜ ਤੇਲਗੂ ਪੱਤਾ ਖੇਡ ਰਿਹਾ ਹੈ, ਇਸ ਆਸ ’ਚ ਕਿ ਆਂਧਰਾ ’ਚ ਜਨਮੇ ਰੈੱਡੀ ਦੀ ਉਮੀਦਵਾਰੀ ਟੀ. ਡੀ. ਪੀ. ਨੂੰ ਆਪਣੇ ਵੱਲ ਖਿੱਚ ਲਵੇਗੀ।

ਹਾਲਾਂਕਿ ਟੀ. ਡੀ. ਪੀ. ਅਤੇ ਵਾਈ. ਐੱਸ. ਆਰ. ਸੀ. ਪੀ. ਨੇ ਰਾਧਾਕ੍ਰਿਸ਼ਣਨ ਲਈ ਆਪਣਾ ਸਮਰਥਨ ਦੁਹਰਾਇਆ, ਹਾਲਾਂਕਿ ਬੀ. ਆਰ. ਐੱਸ. ਵਲੋਂ ਕੋਈ ਟਿੱਪਣੀ ਨਹੀਂ ਆਈ। ਗਿਣਤੀਆਂ ਦੇ ਆਧਾਰ ’ਤੇ ਉੱਪ-ਰਾਸ਼ਟਰਪਤੀ ਚੋਣ ’ਚ ਭਾਜਪਾ ਨੂੰ ਬੜ੍ਹਤ ਮਿਲਦੀ ਦਿਸ ਰਹੀ ਹੈ। ਉੱਪ-ਰਾਸ਼ਟਰਪਤੀ ਦੀ ਚੋਣ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਵਾਲੇ ਇਕ ਚੋਣ ਮੰਡਲ ਦੁਆਰਾ ਕੀਤੀ ਜਾਂਦੀ ਹੈ। ਮੌਜੂਦਾ ਸਮੇਂ ’ਚ, ਖਾਲੀ ਥਾਵਾਂ ਨੂੰ ਛੱਡ ਕੇ, 782 ਮੈਂਬਰ ਹਨ। ਇਸ ਦਾ ਭਾਵ ਹੈ ਕਿ ਜਿੱਤਣ ਵਾਲੀ ਧਿਰ ਕੋਲ ਘੱਟੋ-ਘੱਟ 392 ਵੋਟਾਂ ਹੋਣੀਆਂ ਚਾਹੀਦੀਆਂ ਹਨ।

ਜੇਕਰ ਚੋਣ ਦੇ ਨੇੜੇ ਆਉਂਦੇ ਹੀ ਅੰਨਾਦ੍ਰਮੁਕ ਭਾਜਪਾ ਨਾਲੋਂ ਨਾਤਾ ਤੋੜ ਲੈਂਦੀ ਹੈ, ਤਾਂ ਟੀ. ਵੀ. ਕੇ. ਗੱਠਜੋੜ ਕਰਨ ਲਈ ਤਿਆਰ ਹੋ ਸਕਦੀ ਹੈ : ਤਮਿਲਗਾ ਵੇਤਰੀ ਕੜਗਮ (ਟੀ. ਵੀ. ਕੇ.) ਦੇ ਪ੍ਰਧਾਨ ਅਤੇ ਅਭਿਨੇਤਾ-ਸਿਆਸੀ ਆਗੂ ਵਿਜੇ ਨੇ ਵੀਰਵਾਰ ਨੂੰ ਮਦੁਰੈ ਜ਼ਿਲੇ ਦੇ ਪਾਰਾਪਥੀ ’ਚ ਆਪਣੀ ਪਾਰਟੀ ਦੀ ਵਿਸ਼ਾਲ ਰੈਲੀ ਦੀ ਸ਼ੁਰੂਆਤ ਕੀਤੀ। 2024 ’ਚ ਟੀ. ਵੀ. ਕੇ. ਦੇ ਗਠਨ ਦੇ ਨਾਲ ਸੂਬੇ ਦੀ ਸਿਆਸਤ ’ਚ ਐਂਟਰੀ ਕਰਨ ਵਾਲੇ ਵਿਜੇ ਨੇ ਪਾਰਟੀ ਨੂੰ ਤਾਮਿਲਨਾਡੂ ਦੇ ਸਿਆਸੀ ਦ੍ਰਿਸ਼ ’ਚ ਤੀਜੇ ਮੋਰਚੇ ਵਜੋਂ ਸਥਾਪਿਤ ਕੀਤਾ ਹੈ।

ਇਹ ਰੈਲੀ ਟੀ. ਵੀ. ਕੇ. ਦੀ 2026 ਦੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤਹਿਤ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ’ਚ ਪਾਰਟੀ ਪਹਿਲੀ ਵਾਰ ਚੋਣ ਲੜੇਗੀ। ਮਦੁਰੈ ਰੈਲੀ ’ਚ ਲੋਕਾਂ ਦੀ ਵੱਡੀ ਭਾਈਵਾਲੀ ਰਹੀ ਹੈ, ਜਿੱਥੇ ਸਮਰਥਕਾਂ ਨੇ ਝੰਡੇ ਲਹਿਰਾਏ, ਨਾਅਰੇ ਲਗਾਏ ਤੇ ਪਾਰਟੀ ਦੇ ਨਜ਼ਰੀਏ ਪ੍ਰਤੀ ਇਕਜੁੱਟਤਾ ਪ੍ਰਗਟ ਕਰਨ ਲਈ ਵੱਡੀ ਗਿਣਤੀ ’ਚ ਸ਼ਾਮਲ ਹੋਏ।

ਸੂਬਾ ਚੋਣਾਂ ਦੇ ਨੇੜੇ ਆਉਣ ਦੇ ਨਾਲ, ਇਸ ਆਯੋਜਨ ਨੇ ਟੀ. ਵੀ. ਕੇ. ਦੀ ਵਧਦੀ ਹਾਜ਼ਰੀ ਅਤੇ ਵਿਜੇ ਵਲੋਂ ਤਾਮਿਲਨਾਡੂ ਭਰ ’ਚ ਆਪਣੇ ਸਮਰਥਕਾਂ ’ਚ ਜੋਸ਼ ਭਰਨ ਦੀਆਂ ਕੋਸ਼ਿਸ਼ਾਂ ਨੂੰ ਉਜਾਗਰ ਕੀਤਾ। ਘੱਟਗਿਣਤੀ ਵੋਟਾਂ ਨੂੰ ਲੈ ਕੇ ਵੀ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਈਸਾਈ ਹੋਣ ਦੇ ਨਾਤੇ ਵਿਜੇ ਤੋਂ ਘੱਟਗਿਣਤੀਆਂ ਦੇ ਕੁਝ ਵਰਗਾਂ ਨੂੰ ਆਕਰਸ਼ਿਤ ਕਰਨ ਦੀ ਆਸ ਹੈ, ਜੋ ਰਵਾਇਤੀ ਤੌਰ ’ਤੇ ਡੀ. ਐੱਮ. ਕੇ. ਦਾ ਸਮਰਥਨ ਕਰਦੇ ਹਨ।

ਪਰ ਸੱਤਾਧਾਰੀ ਪਾਰਟੀ ਦੇ ਸੱਤਾ ’ਚ ਮਜ਼ਬੂਤੀ ਨਾਲ ਬਣੇ ਰਹਿਣ ਅਤੇ ਵਿਜੇ ਦੀ ਸਿਆਸੀ ਸਾਖ ਦਾ ਅਜੇ ਤੱਕ ਪ੍ਰੀਖਣ ਨਾ ਹੋਣ ਦੇ ਕਾਰਨ ਕਈ ਲੋਕਾਂ ਦਾ ਮੰਨਣਾ ਹੈ ਕਿ ਵੱਡੇ ਪੱਧਰ ’ਤੇ ਬਦਲਾਅ ਦੀ ਸੰਭਾਵਨਾ ਘੱਟ ਹੈ। ਸੂਤਰ ਦੱਸਦੇ ਹਨ ਕਿ ਜੇਕਰ ਚੋਣਾਂ ਦੇ ਨੇੜੇ ਆਉਂਦੇ ਹੀ ਅੰਨਾਦ੍ਰਮੁਕ ਭਾਜਪਾ ਨਾਲੋਂ ਸੰਬੰਧ ਤੋੜ ਲੈਂਦੀ ਹੈ ਤਾਂ ਵਿਜੇ ਗੱਠਜੋੜ ਕਰਨ ਲਈ ਤਿਆਰ ਹੋ ਸਕਦੇ ਹਨ। ਇਕ ਅਜਿਹਾ ਕਦਮ ਜੋ ਤਾਮਿਲਨਾਡੂ ਦੇ ਸਿਆਸੀ ਗਣਿਤ ਨੂੰ ਮਹੱਤਵਪੂਰਨ ਤੌਰ ’ਤੇ ਬਦਲ ਸਕਦਾ ਹੈ।

ਨਿਤੀਸ਼ ਕੁਮਾਰ ਦੀ ਮੁਸਲਿਮ ਭਾਈਚਾਰੇ ਤੱਕ ਪਹੁੰਚਣ ਦੀ ਕੋਸ਼ਿਸ਼ : ਇਸ ਸਾਲ ਦੇ ਅਖੀਰ ’ਚ ਹੋਣ ਵਾਲੀਆਂ ਸੂਬਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ ’ਚ ਸਿਆਸੀ ਸਰਗਰਮੀਆਂ ’ਚ ਤੇਜ਼ੀ ਦੇ ਨਾਲ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੂਬੇ ਦੇ ਮੁਸਲਿਮ ਭਾਈਚਾਰੇ ਜੋ ਕੁੱਲ ਵੋਟਰਾਂ ਦਾ 17 ਫੀਸਦੀ ਹੈ, ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ। ਨਿਤੀਸ਼ ਕੁਮਾਰ ਨੇ ਬਿਹਾਰ ਸੂਬਾ ਸਕੂਲ ਸਿੱਖਿਆ ਬੋਰਡ ਦੇ ਸ਼ਤਾਬਦੀ ਸਮਾਰੋਹ ਨੂੰ ਇਕ ਸਿਆਸੀ ਮੰਚ ਵਜੋਂ ਵਰਤਿਆ ਅਤੇ ਖੁਦ ਨੂੰ ਮੁਸਲਿਮ ਭਲਾਈ ਲਈ ਪ੍ਰਤੀਬੱਧ ਨੇਤਾ ਦੇ ਰੂਪ ’ਚ ਪੇਸ਼ ਕੀਤਾ।

ਵੀਰਵਾਰ ਨੂੰ, ਨਿਤੀਸ਼ ਕੁਮਾਰ ਨੇ ਪਟਨਾ ’ਚ ਬਿਹਾਰ ਸੂਬਾ ਮਦਰੱਸਾ ਸਿੱਖਿਆ ਬੋਰਡ ਦੇ ਸ਼ਤਾਬਦੀ ਸਮਾਰੋਹ ਦਾ ਉਦਘਾਟਨ ਕੀਤਾ ਅਤੇ ਮੁਸਲਿਮ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਕਿਸੇ ਵੀ ਸ਼ਿਕਾਇਤ ਦਾ ਤੁਰੰਤ ਹੱਲ ਕੀਤਾ ਜਾਵੇਗਾ। ਨਾਲ ਹੀ, ਉਨ੍ਹਾਂ ਨੇ ਮੁਸਲਿਮ ਲੜਕੀਆਂ ਅਤੇ ਲੜਕਿਆਂ ਦੇ ਨਾਲ-ਨਾਲ ਉਨ੍ਹਾਂ ਮੁਸਲਿਮ ਔਰਤਾਂ ਦੀ ਮਦਦ ਲਈ ਆਪਣੀ ਸਰਕਾਰ ਦੇ ਕਦਮਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਉਨ੍ਹਾਂ ਦੇ ਪਤੀ ਨੇ ਛੱਡ ਦਿੱਤਾ ਹੈ।

ਬਿਹਾਰ ’ਚ ਰਾਹੁਲ ਗਾਂਧੀ ਦੀ 3,000 ਕਿਲੋਮੀਟਰ ਲੰਬੀ ਯਾਤਰਾ ਭਾਰੀ ਭੀੜ ਇਕੱਠੀ ਕਰ ਰਹੀ : ਕਾਂਗਰਸੀ ਆਗੂ ਰਾਹੁਲ ਗਾਂਧੀ ਦੀ 16 ਦਿਨਾਂ ਦੀ 3,000 ਕਿਲੋਮੀਟਰ ਲੰਬੀ ਯਾਤਰਾ ਬਿਹਾਰ ’ਚ ਭਾਰੀ ਭੀੜ ਖਿੱਚ ਰਹੀ ਹੈ, ਲੋਕ ਸੜਕਾਂ ’ਤੇ ਲਾਈਨਾਂ ’ਚ ਖੜ੍ਹੇ ਹੋ ਕੇ, ਝੰਡੇ ਲਹਿਰਾਉਂਦੇ ਹੋਏ ਅਤੇ ਉਨ੍ਹਾਂ ਦਾ ਉਤਸ਼ਾਹ ਵਧਾਉਂਦੇ ਹੋਏ ਦਿਖਾਈ ਦੇ ਰਹੇ ਹਨ। ਸੈਂਕੜੇ ਨੌਜਵਾਨ ਸੈਲਫੀ ਲੈਂਦੇ ਦੇਖੇ ਗਏ ਜਦਕਿ ਰਾਹੁਲ ਖੁਦ ਪ੍ਰਤੀਕਿਰਿਆ ਤੋਂ ਬੜੇ ਖੁਸ਼ ਦਿਸੇ।

ਮੁੰਗੇਰ ਜ਼ਿਲੇ ’ਚ ਵੋਟਰ ਹੱਕਾਂ ਲਈ ਆਪਣੀ ਰੈਲੀ ਦੇ ਦੂਜੇ ਪੜਾਅ ’ਚ, ਰਾਹੁਲ ਗਾਂਧੀ ਨੇ ‘ਵੋਟ ਚੋਰ ਗੱਦੀ ਛੱਡੋ’ ਦਾ ਨਾਅਰਾ ਲਾਇਆ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਉਹ ਇਸ ਵਾਰ ਸੂਬੇ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਵੋਟਾਂ ਦੀ ਚੋਰੀ ਨਹੀਂ ਹੋਣ ਦੇਣਗੇ।

–ਰਾਹਿਲ ਨੋਰਾ ਚੋਪੜਾ


author

Harpreet SIngh

Content Editor

Related News