ਬਿਨਾਂ ਸ਼ੱਕ ਗੁੰਮਨਾਮੀ ਬਾਬਾ ਹੀ ਸਨ ਨੇਤਾਜੀ ਸੁਭਾਸ਼ ਚੰਦਰ ਬੋਸ
Monday, Aug 25, 2025 - 05:44 PM (IST)

ਬਚਪਨ ਤੋਂ ਹੀ ਸਾਨੂੰ ਪੜ੍ਹਾਇਆ ਗਿਆ ਸੀ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੌਤ 18 ਅਗਸਤ 1945 ਨੂੰ ਤਾਈਪੇ (ਤਾਈਵਾਨ) ਵਿਚ ਇਕ ਹਵਾਈ ਹਾਦਸੇ ਵਿਚ ਹੋਈ ਸੀ ਪਰ ਜਦੋਂ ਉਨ੍ਹਾਂ ਦੀ ਮੌਤ ਦੇ ਵਿਵਾਦ ਨੂੰ ਸੁਲਝਾਉਣ ਲਈ ਬਣਾਏ ਗਏ ਮੁਖਰਜੀ ਕਮਿਸ਼ਨ ਨੇ ਤਾਈਪੇ (ਤਾਈਵਾਨ) ਜਾ ਕੇ ਉਨ੍ਹਾਂ ਦੀ ਸਰਕਾਰ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਨਾ ਸਿਰਫ਼ ਉਸ ਦਿਨ ਸਗੋਂ ਪੂਰੇ ਮਹੀਨੇ ਉੱਥੇ ਕੋਈ ਜਹਾਜ਼ ਹਾਦਸਾਗ੍ਰਸਤ ਨਹੀਂ ਹੋਇਆ ਸੀ। ਭਾਵ ਨੇਤਾਜੀ ਦੀ ਮੌਤ ਜਹਾਜ਼ ਹਾਦਸੇ ਵਿਚ ਨਹੀਂ ਹੋਈ। ਇਹ ਝੂਠੀ ਕਹਾਣੀ ਘੜੀ ਗਈ ਸੀ।
ਇਸ ਲਈ ਸਵਾਲ ਉੱਠਦਾ ਹੈ ਕਿ ਨੇਤਾਜੀ ਕਿੱਥੇ ਗਏ? ਅਸੀਂ ਇਸ ਬਾਰੇ ਬਾਅਦ ਵਿਚ ਚਰਚਾ ਕਰਾਂਗੇ। ਕਈ ਦਹਾਕਿਆਂ ਤੋਂ ਦੇਸ਼ ਵਿਚ ਚਰਚਾ ਚੱਲ ਰਹੀ ਸੀ ਕਿ ਨੇਤਾਜੀ ਅਚਾਨਕ ਪ੍ਰਗਟ ਹੋਣਗੇ। ਬਾਬਾ ਜੈ ਗੁਰੂਦੇਵ ਨੇ ਦੇਸ਼ ਭਰ ਦੀਆਂ ਕੰਧਾਂ ’ਤੇ ਵੱਡੇ ਅੱਖਰਾਂ ਵਿਚ ਇਹ ਲਿਖਵਾਇਆ ਸੀ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਜਲਦੀ ਹੀ ਦੇਸ਼ ਦੇ ਸਾਹਮਣੇ ਪ੍ਰਗਟ ਹੋਣਗੇ ਪਰ ਉਹ ਨਹੀਂ ਹੋਏ। ਮੇਰੀ ਮਾਂ ਬਹੁਤ ਦੇਸ਼ ਭਗਤ ਸੀ ਅਤੇ ਵੱਡੇ ਰਾਜਨੀਤਿਕ ਪਰਿਵਾਰਾਂ ਦੇ ਬੱਚੇ ਉਨ੍ਹਾਂ ਦੇ ਨਾਲ ਪੜ੍ਹਦੇ ਸਨ, ਇਸ ਲਈ ਉਨ੍ਹਾਂ ਦੀ ਸ਼ੁਰੂ ਤੋਂ ਹੀ ਰਾਜਨੀਤੀ ਵਿਚ ਦਿਲਚਸਪੀ ਸੀ। ਉਨ੍ਹਾਂ ਨੇ ਮੈਨੂੰ 1967 ਵਿਚ ਦੱਸਿਆ ਸੀ ਕਿ ‘ਨੇਤਾਜੀ ਅਜੇ ਵੀ ਜ਼ਿੰਦਾ ਹਨ ਅਤੇ ਇਕ ਸੰਤ ਦੇ ਭੇਸ ਵਿਚ ਪੂਰਬੀ-ਉੱਤਰ ਪ੍ਰਦੇਸ਼ ਵਿਚ ਕਿਤੇ ਗੁੰਮਨਾਮੀ ’ਚ ਰਹਿੰਦੇ ਹਨ।’
ਪਰਦੇ ਵਾਲੇ ਬਾਬਾ ਨਾਂ ਦਾ ਇਕ ਸੰਤ ਪੰਜਾਹ ਦੇ ਦਹਾਕੇ ਵਿਚ ਨੇਪਾਲ ਰਾਹੀਂ ਭਾਰਤ ਆਏ ਅਤੇ ਬਸਤੀ, ਲਖਨਊ, ਨੈਮਿਸ਼ਾਰਣਿਆ, ਫੈਜ਼ਾਬਾਦ ਅਤੇ ਅਯੁੱਧਿਆ ਵਿਚ ਮੰਦਰਾਂ ਜਾਂ ਘਰਾਂ ਵਿਚ ਗੁਪਤ ਰੂਪ ਵਿਚ ਰਹੇ। ਇਸ ਸਮੇਂ ਦੌਰਾਨ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਮਿਲਣ ਆਉਂਦੇ ਸਨ ਪਰ ਸਾਰਿਆਂ ਨੂੰ ਹਦਾਇਤ ਕੀਤੀ ਜਾਂਦੀ ਸੀ ਕਿ ਕੋਈ ਵੀ ਉਸ ਦੇ ਸਾਹਮਣੇ ਸੁਭਾਸ਼ ਦਾ ਨਾਂ ਨਾ ਲਵੇ। ਇਨ੍ਹਾਂ ’ਚੋਂ 13 ਲੋਕ ਜੋ ਉੱਥੋਂ ਦੇ ਹੀ ਸਨ, ਜੋ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਵਿਚੋਂ ਦੋ ਪਰਿਵਾਰਾਂ ਨੇ ਤਾਂ ਉਨ੍ਹਾਂ ਨੂੰ ਪਰਦੇ ਪਿੱਛੇ ਵੀ ਦੇਖਿਆ ਸੀ। ਹੋਰ ਬਹੁਤ ਸਾਰੇ ਲੋਕ ਬੰਗਾਲ ਤੋਂ ਲਗਾਤਾਰ ਉਨ੍ਹਾਂ ਨੂੰ ਮਿਲਣ ਆਉਂਦੇ ਸਨ।
ਉਨ੍ਹਾਂ ਵਿਚੋਂ 2 ਲੋਕ ਨੇਤਾਜੀ ਦੀ ‘ਇੰਡੀਅਨ ਨੈਸ਼ਨਲ ਆਰਮੀ’ ਦੇ ਇੰਟੈਲੀਜੈਂਸ ਵਿੰਗ ਦੇ ਮੈਂਬਰ ਸਨ। ਇਹ ਲੋਕ ਹਰ 23 ਜਨਵਰੀ ਨੂੰ ਆਉਂਦੇ ਸਨ ਅਤੇ ਪਰਦੇ ਵਾਲੇ ਬਾਬਾ ਦਾ ਜਨਮਦਿਨ ਬਹੁਤ ਖੁਸ਼ੀ ਨਾਲ ਮਨਾਉਣ ਤੋਂ ਬਾਅਦ ਵਾਪਸ ਚਲੇ ਜਾਂਦੇ ਸਨ। ਜ਼ਿਕਰਯੋਗ ਹੈ ਕਿ 23 ਜਨਵਰੀ ਹੀ ਨੇਤਾਜੀ ਦਾ ਜਨਮਦਿਨ ਹੁੰਦਾ ਹੈ ਜਿਸ ਨੂੰ ਮੋਦੀ ਜੀ ਨੇ ‘ਸ਼ੌਰਿਆ ਦਿਵਸ’ ਵਜੋਂ ਘੋਸ਼ਿਤ ਕੀਤਾ ਹੈ।
ਇਹੀ ਲੋਕ ਹਰ ਸਾਲ ਦੁਰਗਾ ਪੂਜਾ ਦੌਰਾਨ ਉਨ੍ਹਾਂ ਕੋਲ ਦੁਬਾਰਾ ਆਉਂਦੇ ਸਨ। ਇਸ ਤੋਂ ਇਲਾਵਾ, ਲੋਕ ਬਾਬਾ ਦੀ ਜ਼ਰੂਰਤ ਅਨੁਸਾਰ ਵਿਚ-ਵਿਚ ਆਉਂਦੇ ਰਹਿੰਦੇ ਸਨ। ਦੇਸ਼ ਦੇ ਕਈ ਵੱਡੇ ਰਾਜਨੇਤਾ ਅਤੇ ਵੱਡੇ ਫੌਜੀ ਅਧਿਕਾਰੀ ਵੀ ਉਨ੍ਹਾਂ ਨੂੰ ਲਗਾਤਾਰ ਮਿਲਣ ਆਉਂਦੇ ਸਨ ਪਰ ਹਰ ਕੋਈ ਉਨ੍ਹਾਂ ਨਾਲ ਗੱਲ ਕਰਦਾ ਸੀ ਅਤੇ ਪਰਦੇ ਦੇ ਸਾਹਮਣੇ ਤੋਂ ਉਨ੍ਹਾਂ ਤੋਂ ਸਲਾਹ ਲੈਂਦਾ ਸੀ। ਪੱਤਰਕਾਰ ਅਨੁਜ ਧਰ ਅਤੇ ਵਾਤਾਵਰਣ ਪ੍ਰੇਮੀ ਚੰਦਰਚੂੜ ਘੋਸ਼, ਇਨ੍ਹਾਂ ਦੋਵਾਂ ਨੇ ਆਪਣੀ ਜਵਾਨੀ ਦੇ ਵੀਹ ਸਾਲ ਇਹ ਸਾਬਤ ਕਰਨ ਵਿਚ ਬਿਤਾਏ ਕਿ ‘ਪਰਦੇ ਵਾਲੇ ਬਾਬਾ’, ਜਿਨ੍ਹਾਂ ਨੂੰ ਬਾਅਦ ਵਿਚ ਲੋਕ ‘ਗੁੰਮਨਾਮੀ ਬਾਬਾ’ ਕਹਿਣ ਲੱਗ ਪਏ ਸਨ, ਜਿਨ੍ਹਾਂ ਨੂੰ ਉਨ੍ਹਾਂ ਦੇ ਨੇੜਲੇ ਲੋਕ ‘ਭਗਵਾਨ ਜੀ’ ਕਹਿੰਦੇ ਸਨ, ਉਹੀ ਨੇਤਾਜੀ ਸੁਭਾਸ਼ ਚੰਦਰ ਬੋਸ ਸਨ।
ਪਿਛਲੇ ਹਫ਼ਤੇ ਇਹ ਦੋਵੇਂ ਮੇਰੇ ਦਿੱਲੀ ਦਫ਼ਤਰ ਆਏ ਅਤੇ ਮੈਨੂੰ ਇਸ ਵਿਸ਼ੇ ’ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੈਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਆਪਣੇ ਦੁਆਰਾ ਲਿਖੀਆਂ ਕਈ ਕਿਤਾਬਾਂ ਵੀ ਦਿੱਤੀਆਂ।
ਇਨ੍ਹਾਂ ਕਿਤਾਬਾਂ ਵਿਚ 16 ਸਤੰਬਰ 1985 ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ‘ਗੁੰਮਨਾਮੀ ਬਾਬਾ’ ਦੇ ਕਮਰੇ ਵਿਚੋਂ ਦੋ ਦਰਜਨ ਤੋਂ ਵੱਧ ਡੱਬਿਆਂ ਵਿਚ ਮਿਲੀਆਂ ਚੀਜ਼ਾਂ ਦੇ ਸਾਰੇ ਤੱਥ, ਦਸਤਾਵੇਜ਼ ਅਤੇ ਤਸਵੀਰਾਂ ਸਨ। ਇਹ ਸਭ ਕੁਝ ਦੇਖ ਕੇ, ਨੇਤਾਜੀ ਦੀ ਭਤੀਜੀ ਲਲਿਤਾ ਬੋਸ, ਜਿਸ ਨੂੰ ਕੋਲਕਾਤਾ ਤੋਂ ਬੁਲਾਇਆ ਗਿਆ ਸੀ, ਰੋਣ ਲੱਗ ਪਈ ਅਤੇ ਬੇਹੋਸ਼ ਹੋ ਗਈ ਕਿਉਂਕਿ ਇਸ ਵਿਚ ਨੇਤਾਜੀ ਅਤੇ ਲਲਿਤਾ ਜੀ ਦੇ ਮਾਪਿਆਂ ਵਿਚਕਾਰ ਹੋਏ ਪੱਤਰ ਵਿਹਾਰ ਦੇ ਹੱਥ ਲਿਖਤ ਸਬੂਤ ਵੀ ਸਨ। ਉਨ੍ਹਾਂ ਦੇ ਪਰਿਵਾਰ ਦੀਆਂ ਬਹੁਤ ਸਾਰੀਆਂ ਤਸਵੀਰਾਂ ਸਨ। ਉਨ੍ਹਾਂ ਵਿਚ ਨੇਤਾਜੀ ਦੇ ਮਾਪਿਆਂ ਦੀ ਇਕ ਫਰੇਮ ਕੀਤੀ ਫੋਟੋ ਵੀ ਸੀ।
ਫਿਰ ਲਲਿਤਾ ਬੋਸ ਨੇ ਇਲਾਹਾਬਾਦ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਕਿ ਇਹ ਚੀਜ਼ਾਂ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਕਰਵਾਈਆਂ ਜਾਣ। ਅਦਾਲਤ ਨੇ ਇਹ ਵੀ ਸਵੀਕਾਰ ਕਰ ਲਿਆ ਕਿ ‘ਗੁੰਮਨਾਮੀ ਬਾਬਾ’ ਦੀਆਂ ਇਹ ਸਾਰੀਆਂ ਚੀਜ਼ਾਂ ਰਾਸ਼ਟਰੀ ਮਹੱਤਵ ਦੀਆਂ ਹਨ। ਫਿਰ ਫੈਜ਼ਾਬਾਦ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਉਨ੍ਹਾਂ 2760 ਚੀਜ਼ਾਂ ਦੀ ਇਕ ਸੂਚੀ ਤਿਆਰ ਕੀਤੀ ਅਤੇ ਉਨ੍ਹਾਂ ਨੂੰ ਖਜ਼ਾਨੇ ਵਿਚ ਜਮ੍ਹਾ ਕਰਵਾ ਦਿੱਤਾ।
ਸਾਲਾਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਅਖਿਲੇਸ਼ ਯਾਦਵ ਨੇ ਇਨ੍ਹਾਂ ਚੀਜ਼ਾਂ ਨੂੰ ਅਯੁੱਧਿਆ ਦੇ ‘ਰਾਮ ਕਥਾ ਅਜਾਇਬਘਰ’ ਵਿਚ ਜਨਤਕ ਪ੍ਰਦਰਸ਼ਨ ਲਈ ਰਖਵਾ ਦਿੱਤਾ। ਮੈਨੂੰ ਨਹੀਂ ਪਤਾ ਕਿ ਹੁਣ ‘ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ’ ਉਨ੍ਹਾਂ ਨੂੰ ਉੱਥੋਂ ਕਿਉਂ ਹਟਾਉਣ ਦੀ ਪ੍ਰਕਿਰਿਆ ਚਲਾ ਰਿਹਾ ਹੈ?
ਇਨ੍ਹਾਂ ਚੀਜ਼ਾਂ ਵਿਚ ਗੁੰਮਨਾਮੀ ਬਾਬਾ (ਨੇਤਾਜੀ) ਦੀਆਂ ਤਿੰਨ ਐਨਕਾਂ, ਜਾਪਾਨੀ ਕਰਾਕਰੀ, ਬਹੁਤ ਮਹਿੰਗੀ ਜਰਮਨ ਦੂਰਬੀਨ, ਬ੍ਰਿਟਿਸ਼ ਟਾਈਪਰਾਈਟਰ, ਨੇਤਾਜੀ ਦੇ ਆਕਾਰ ਦੀ ਆਈ. ਐੱਨ. ਏ. ਦੀ ਵਰਦੀ ਸ਼ਾਮਲ ਹੈ। ਰਾਜਨੀਤੀ, ਸਾਹਿਤ, ਇਤਿਹਾਸ, ਯੁੱਧ ਰਣਨੀਤੀ, ਹੋਮਿਓਪੈਥੀ, ਧਾਰਮਿਕ ਵਿਸ਼ਿਆਂ ਆਦਿ ’ਤੇ ਲਗਭਗ ਇਕ ਹਜ਼ਾਰ ਕਿਤਾਬਾਂ ਹਨ ਜੋ ਜ਼ਿਆਦਾਤਰ ਅੰਗਰੇਜ਼ੀ ਵਿਚ ਹਨ। ਤਿੰਨ ਵਿਦੇਸ਼ੀ ਸਿਗਾਰ ਪਾਈਪ, ਭਾਰਤ ਅਤੇ ਵਿਦੇਸ਼ਾਂ ਦੇ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਨੇਤਾਜੀ ਸੁਭਾਸ਼ ਚੰਦਰ ਬੋਸ ਬਾਰੇ ਖ਼ਬਰਾਂ ਦੀਆਂ ਕਤਰਾਂ ਵਾਲੀਆਂ ਪੰਜ ਬੋਰੀਆਂ, ਆਈ. ਐੱਨ. ਏ. ਦੇ ਸੀਨੀਅਰ ਅਧਿਕਾਰੀਆਂ ਨਾਲ ਉਨ੍ਹਾਂ ਦਾ ਨਿਯਮਿਤ ਪੱਤਰ ਵਿਹਾਰ ਅਤੇ ਆਰ. ਐੱਸ. ਐੱਸ. ਮੁਖੀ ਸ਼੍ਰੀ ਗੁਰੂ ਗੋਲਵਲਕਰ ਦੁਆਰਾ ਗੁੰਮਨਾਮੀ ਬਾਬਾ ਨੂੰ ਲਿਖਿਆ ਇਕ ਪੱਤਰ ਵੀ ਮਿਲਿਆ ਹੈ। ਇਸ ਤੋਂ ਇਲਾਵਾ, ਗੁੰਮਨਾਮੀ ਬਾਬਾ ਦੇ ਰੂਸ ਤੋਂ ਚੀਨ, ਤਿੱਬਤ ਅਤੇ ਨੇਪਾਲ ਰਾਹੀਂ ਬਸਤੀ (ਯੂ. ਪੀ.) ਆਉਣ ਵਾਲੇ ਰਸਤੇ ਦਾ ਇਕ ਵਿਸਤ੍ਰਿਤ ਹੱਥ ਨਾਲ ਬਣਿਆ ਨਕਸ਼ਾ ਵੀ ਇਕ ਵੱਡੇ ਗੱਤੇ ’ਤੇ ਮਿਲਿਆ ਹੈ।
ਅਨੁਜ ਧਰ ਅਤੇ ਚੰਦਰਚੂੜ ਘੋਸ਼ ਦੁਆਰਾ ਕੀਤੀ ਗਈ ਖੋਜ ਦਰਸਾਉਂਦੀ ਹੈ ਕਿ ਨੇਤਾਜੀ ਇਕ ਜਹਾਜ਼ ਹਾਦਸੇ ਦੀ ਝੂਠੀ ਕਹਾਣੀ ਦੇ ਪਰਦੇ ਹੇਠ ਰੂਸ ਪਹੁੰਚੇ ਸਨ, ਜਿੱਥੇ ਰੂਸੀ ਸਰਕਾਰ ਨੇ ਉਨ੍ਹਾਂ ਨੂੰ ਗੁਲਾਗ ਵਿਚ ਇਕ ਬੰਗਲਾ, ਦੋ ਬਾਡੀਗਾਰਡ, ਇਕ ਕਾਰ ਅਤੇ ਇਕ ਡਰਾਈਵਰ ਦੀਆਂ ਸਹੂਲਤਾਂ ਨਾਲ ਸੁਰੱਖਿਅਤ ਰੱਖਿਆ। ਤਿੰਨ ਸਾਲ ਰੂਸ ਵਿਚ ਗੁੰਮਨਾਮ ਰਹਿਣ ਤੋਂ ਬਾਅਦ, ਉਹ ਇਕ ਸੰਤ ਦੇ ਭੇਸ ਵਿਚ ਚੀਨ, ਤਿੱਬਤ ਅਤੇ ਨੇਪਾਲ ਹੁੰਦੇ ਹੋਏ ਭਾਰਤ ਆਏ ਅਤੇ 16 ਸਤੰਬਰ 1985 ਨੂੰ ਆਪਣੀ ਮੌਤ ਤੱਕ ਪਰਦੇ ਪਿੱਛੇ ਹੀ ਲੁਕੇ ਰਹੇ।
ਸਿਰਫ ਫੈਜ਼ਾਬਾਦ ਦੇ ਡਾਕਟਰ ਬੈਨਰਜੀ ਅਤੇ ਮਿਸ਼ਰਾ ਜੀ ਦਾ ਪਰਿਵਾਰ ਹੀ ਪਰਦੇ ਪਿੱਛੇ ਜਾ ਕੇ ਉਨ੍ਹਾਂ ਨੂੰ ਦੇਖ ਸਕਦਾ ਸੀ। ਪਰਦੇ ਦੇ ਸਾਹਮਣੇ ਬੈਠਾ ਹਰ ਵਿਅਕਤੀ ਉਨ੍ਹਾਂ ਦੀ ਸ਼ਕਤੀਸ਼ਾਲੀ ਆਵਾਜ਼, ਬੰਗਾਲੀ ਲਹਿਜ਼ੇ ਦੇ ਨਾਲ ਹਿੰਦੀ ਅਤੇ ਪ੍ਰਵਾਹ ਵਾਲੀ ਅੰਗਰੇਜ਼ੀ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ ਸੀ। ਫਿਰ ਵੀ, ਸਾਰਿਆਂ ਨੂੰ ਹਦਾਇਤ ਕੀਤੀ ਗਈ ਸੀ ਕਿ ਉਨ੍ਹਾਂ ਦੇ ਸਾਹਮਣੇ ‘ਸੁਭਾਸ਼’ ਨਾਂ ਦੀ ਵਰਤੋਂ ਨਾ ਕੀਤੀ ਜਾਵੇ।
ਹਰ ਕੋਈ ਉਨ੍ਹਾਂ ਨੂੰ ‘ਭਗਵਾਨ ਜੀ’ ਕਹਿੰਦਾ ਸੀ। ਉਸ ਵਿਅਕਤੀ ਦੇ ਅੰਤਿਮ ਸੰਸਕਾਰ ਵਿਚ ਸਿਰਫ਼ 13 ਲੋਕ ਸਨ, ਜਿਸ ਦੀ ਮੌਤ ’ਤੇ 13 ਲੱਖ ਲੋਕ ਇਕੱਠੇ ਹੋਣੇ ਚਾਹੀਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅਯੁੱਧਿਆ ਵਿਚ ਸਰਯੂ ਨਦੀ ਦੇ ਕੰਢੇ ‘ਗੁਪਤਾਰ ਘਾਟ’ ’ਤੇ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਦੀ ਸਮਾਧੀ ਸਥਿਤ ਹੈ। ਗੁਪਤਾਰ ਘਾਟ ਉਹੀ ਸਥਾਨ ਹੈ ਜਿੱਥੇ ਭਗਵਾਨ ਸ਼੍ਰੀ ਰਾਮ, ਲਕਸ਼ਮਣ, ਭਰਤ ਅਤੇ ਸ਼ਤਰੂਘਨ ਨੇ ਜਲ ਸਮਾਧੀ ਲਈ ਸੀ। ਹਜ਼ਾਰਾਂ ਸਾਲਾਂ ਵਿਚ ਅੱਜ ਤੱਕ ਉਸ ਪਵਿੱਤਰ ਸਥਾਨ ’ਤੇ ਸਿਰਫ਼ ਗੁੰਮਨਾਮੀ ਬਾਬਾ ਦਾ ਅੰਤਿਮ ਸੰਸਕਾਰ ਹੀ ਹੋਇਆ ਹੈ।
-ਵਿਨੀਤ ਨਾਰਾਇਣ