ਵਿਦੇਸ਼ਾਂ ’ਚ ਬਣ ਰਹੇ ਕੁਝ ਭਾਰਤੀ ਬਦਨਾਮੀ ਦਾ ਕਾਰਨ!
Wednesday, Sep 30, 2026 - 04:06 AM (IST)
ਇਕ ਪਾਸੇ ਭਾਰਤੀ ਵਿਸ਼ਵ ਦੇ ਕਈ ਦੇਸ਼ਾਂ ’ਚ ਉੱਚ ਅਹੁਦਿਆਂ ’ਤੇ ਬਿਰਾਜਮਾਨ ਹਨ ਅਤੇ ਉੱਥੋਂ ਦੇ ਰਾਜਨੀਤਿਕ, ਵਪਾਰਕ ਅਤੇ ਸਮਾਜਿਕ ਜੀਵਨ ’ਚ ਛਾਏ ਹੋਏ ਹਨ ਤਾਂ ਦੂਜੇ ਪਾਸੇ ਕੁਝ ਭਾਰਤੀ ਵਿਦੇਸ਼ਾਂ ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ, ਹੱਤਿਆ, ਛੇੜਛਾੜ ਆਦਿ ਅਪਰਾਧਾਂ ਦੇ ਸਿਲਸਿਲੇ ’ਚ ਗ੍ਰਿਫ਼ਤਾਰ ਹੋ ਕੇ ਦੇਸ਼ ਦੀ ਬਦਨਾਮੀ ਕਰਵਾ ਰਹੇ ਹਨ। ਅਜਿਹੇ ਮਾਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਦੀਆਂ ਇਸੇ ਸਾਲ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 3 ਫਰਵਰੀ ਨੂੰ ‘ਬ੍ਰਿਟਿਸ਼ ਕੋਲੰਬੀਆ’ (ਕੈਨੇਡਾ) ਦੇ ‘ਸੱਰੇ’ ’ਚ ਜ਼ਬਰਦਸਤੀ ਵਸੂਲੀ ਕਰਨ ਦੇ ਮਕਸਦ ਨਾਲ ਇਕ ਮਕਾਨ ਦੇ ਬਾਹਰ ਗੋਲੀਆਂ ਚਲਾਉਣ ਦੇ ਦੋਸ਼ ’ਚ 3 ਭਾਰਤੀ ਨੌਜਵਾਨਾਂ ‘ਹਰਜੋਤ ਸਿੰਘ’ (21), ‘ਤਰਨਵੀਰ ਸਿੰਘ’ (18) ਅਤੇ ‘ਦਿਆਜੀਤ ਸਿੰਘ ਬਿਲਿੰਗ’ (21) ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੁਆਰਾ ਕੀਤੀ ਗਈ ਫਾਇਰਿੰਗ ਨਾਲ ਘਰ ਦੇ ਬਾਹਰ ਦੀ ਵਾੜ ਨੂੰ ਅੱਗ ਵੀ ਲੱਗ ਗਈ।
* 15 ਅਪ੍ਰੈਲ ਨੂੰ ‘ਸਿੰਗਾਪੁਰ’ ਤੋਂ ‘ਪਰਥ’ (ਆਸਟ੍ਰੇਲੀਆ) ਜਾ ਰਹੇ ਜਹਾਜ਼ ’ਚ ਇਕ ਮਹਿਲਾ ਸਹਿ-ਯਾਤਰੀ ਦੇ ਯੌਨ ਸ਼ੋਸ਼ਣ ਅਤੇ ਵਾਰ-ਵਾਰ ਉਸ ਨਾਲ ਅਨੈਤਿਕ ਛੇੜਛਾੜ ਕਰਨ ਦੇ ਦੋਸ਼ ’ਚ ਆਸਟ੍ਰੇਲੀਆ ਦੇ ‘ਪਰਥ’ ਹਵਾਈ ਅੱਡੇ ’ਤੇ ਜਹਾਜ਼ ਦੇ ਉਤਰਦਿਆਂ ਹੀ ‘ਸੁਧੀਰ ਕੁਮਾਰ’ ਨਾਂ ਦੇ ਭਾਰਤੀ ਨਾਗਰਿਕ ਨੂੰ ਉੱਥੋਂ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ।
* 1 ਮਈ ਨੂੰ ‘ਆਸਟ੍ਰੇਲੀਆ’ ’ਚ ਅਪਰਾਧਿਕ ਗਤੀਵਿਧੀਆਂ, ਵੀਜ਼ਾ ਨਿਯਮਾਂ ਦੀ ਉਲੰਘਣਾ ਅਤੇ ਅਧਿਕਾਰੀਆਂ ਨਾਲ ਸਹਿਯੋਗ ਨਾ ਕਰਨ ਦੇ ਦੋਸ਼ ’ਚ 15 ਭਾਰਤੀਆਂ ਨੂੰ ਵਿਸ਼ੇਸ਼ ਜਹਾਜ਼ ਦੁਆਰਾ ਭਾਰਤ ਵਾਪਸ ਭੇਜਿਆ ਗਿਆ। ਇਨ੍ਹਾਂ ’ਚੋਂ ਸਿਰਫ਼ 2 ਕੋਲ ਹੀ ਜਾਇਜ਼ ਪਾਸਪੋਰਟ ਸਨ।
* 21 ਮਈ ਨੂੰ ਅਮਰੀਕੀ ਸੰਘੀ ਜਾਂਚ ਏਜੰਸੀਆਂ ਨੇ ‘ਆਪ੍ਰੇਸ਼ਨ ਚੈੱਕਮੇਟ’ ਅਧੀਨ ਅਮਰੀਕਾ ’ਚ ਗ਼ੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਅਤੇ ਕਮਰਸ਼ੀਅਲ ਟਰੱਕ ਡਰਾਈਵਰਾਂ ਦੇ ਰੂਪ ’ਚ ਕੰਮ ਕਰ ਰਹੇ 30 ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ।
ਇਸੇ ਦਿਨ ‘ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਵਿਭਾਗ’ ਨੇ ‘ਲਾਸ ਏਂਜਲਸ’ ’ਚ ਇਕ ਹੋਰ ਭਾਰਤੀ ‘ਪਰਮਿੰਦਰਪਾਲ ਸਿੰਘ’ ਨੂੰ ਉਸ ਦੇ ਅਪਰਾਧਿਕ ਰਿਕਾਰਡ ਅਤੇ ਗ਼ੈਰ-ਕਾਨੂੰਨੀ ਰੂਪ ’ਚ ਉੱਥੇ ਰਹਿਣ ਦੇ ਦੋਸ਼ ’ਚ ਹਿਰਾਸਤ ’ਚ ਲਿਆ।
* 26 ਮਈ ਨੂੰ ਕੈਨੇਡਾ ਦੀ ‘ਪੀਲ’ ਪੁਲਸ ਦੇ ‘ਜਬਰਨ ਵਸੂਲੀ ਰੋਕਥਾਮ ਬਲ’ ਨੇ ‘ਬ੍ਰੈਂਪਟਨ’, ‘ਮਿਸਿਸਾਗਾ’, ‘ਕੈਲੇਡਨ’ ਅਤੇ ‘ਬ੍ਰਿਟਿਸ਼ ਕੋਲੰਬੀਆ’ ’ਚ ਸਰਗਰਮ ‘ਫੋਰ ਬ੍ਰਦਰਜ਼’ ਨਾਂ ਦੇ ਕੌਮਾਂਤਰੀ ਅਪਰਾਧਿਕ ਨੈੱਟਵਰਕ ਨਾਲ ਸੰਬੰਧਤ 17 ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ।
ਇਹ ਗਿਰੋਹ ਦੱਖਣੀ ਏਸ਼ੀਆਈ ਕਾਰੋਬਾਰੀਆਂ ਅਤੇ ਇਸ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਤੋਂ ਜਬਰਨ ਵਸੂਲੀ ਕਰਨ ਦੀਆਂ 24 ਘਟਨਾਵਾਂ ’ਚ ਸ਼ਾਮਲ ਸੀ। ਪੁਲਸ ਨੇ ਇਨ੍ਹਾਂ ਤੋਂ 6 ਹਥਿਆਰ, ਨਸ਼ੀਲੇ ਪਦਾਰਥ, ਕਈ ਮੋਬਾਈਲ ਫੋਨ, ਸਿਮ ਅਤੇ ਫਰਜ਼ੀ ਪਛਾਣ ਪੱਤਰ ਵੀ ਬਰਾਮਦ ਕੀਤੇ।
* 17 ਜੂਨ ਨੂੰ 22 ਲੱਖ ਰੁਪਏ ਦੀ ਫਿਰੌਤੀ ਲਈ ਨੇਪਾਲ ਦੇ ‘ਚਿਤਵਨ’ ਜ਼ਿਲੇ ਤੋਂ ਅਗਵਾ ਕੀਤੇ ਗਏ 16 ਸਾਲਾ ਅੱਲ੍ਹੜ ਨੂੰ ‘ਕਾਠਮੰਡੂ’ ਦੇ ਇਕ ਹੋਟਲ ਤੋਂ ਸੁਰੱਖਿਅਤ ਬਰਾਮਦ ਕਰਕੇ ‘ਕਾਠਮੰਡੂ ਕ੍ਰਾਈਮ ਬ੍ਰਾਂਚ’ ਦੀ ਪੁਲਸ ਨੇ ‘ਬਿਹਾਰ’ ਦੇ 5 ਨੌਜਵਾਨਾਂ ਸੁਜੀਤ, ‘ਗੋਲੂ ਸੋਨੀ’, ‘ਵਿੱਕੀ’, ‘ਮੋ. ਸ਼ਾਹਿਦ’ ਅਤੇ ਇਕ ਹੋਰ ‘ਗੋਲੂ’ ਨੂੰ ਗ੍ਰਿਫ਼ਤਾਰ ਕੀਤਾ।
* 9 ਜੁਲਾਈ ਨੂੰ ‘ਵਾਸ਼ਿੰਗਟਨ’ (ਅਮਰੀਕਾ) ’ਚ ਇਕ ਭਾਰਤੀ ਇੰਜੀਨੀਅਰ ‘ਅਵਿਨਾਸ਼ ਨਾਰਨੇ’ ਨੂੰ ਆਪਣੀ ਪਤਨੀ ‘ਰਜਿਤਾ ਸਬਿਨੇਨੀ’ ਦੀ ਹੱਤਿਆ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ। ਹੱਤਿਆ ਤੋਂ ਬਾਅਦ ਉਸ ਨੇ ਕ੍ਰਾਈਮ ਸੀਨ ਨੂੰ ਇਸ ਤਰ੍ਹਾਂ ਤਿਆਰ ਕੀਤਾ ਕਿ ਇਕ ਵਾਰ ਤਾਂ ਪੁਲਸ ਵੀ ਧੋਖਾ ਖਾ ਗਈ। ਹੁਣ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਉਮਰਕੈਦ ਤੱਕ ਦੀ ਸਜ਼ਾ ਮਿਲ ਸਕਦੀ ਹੈ।
* 18 ਜੁਲਾਈ ਨੂੰ ‘ਕਾਸਕੀ’ (ਨੇਪਾਲ) ਜ਼ਿਲੇ ’ਚ 2 ਭਾਰਤੀਆਂ ‘ਰਾਹੁਲ ਨਿਸ਼ਾਦ’ (ਉੱਤਰ ਪ੍ਰਦੇਸ਼) ਅਤੇ ‘ਸੋਮਨਾਥ ਜਾਧਵ’ (ਮਹਾਰਾਸ਼ਟਰ) ਨੂੰ ਚੋਰੀ ਅਤੇ ਲੁੱਟ-ਖੋਹ ਦੀਆਂ ਘੱਟੋ-ਘੱਟ 6 ਘਟਨਾਵਾਂ ’ਚ ਸ਼ਾਮਲ ਹੋਣ ਦੇ ਦੋਸ਼ ’ਚ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 9 ਮੋਬਾਈਲ ਫੋਨ, 1 ਸਮਾਰਟ ਵਾਚ ਅਤੇ 16.26 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ।
* 8 ਸਤੰਬਰ ਨੂੰ ਅਮਰੀਕਾ ’ਚ 9.5 ਮਿਲੀਅਨ ਡਾਲਰ (ਲਗਭਗ 80 ਕਰੋੜ ਰੁਪਏ) ਦੇ ਇਕ ਵੱਡੇ ਵਿੱਤੀ ਘਪਲੇ ’ਚ ਸ਼ਾਮਲ ਹੋਣ ਦੇ ਦੋਸ਼ ’ਚ ਅਮਰੀਕੀ ਸੁਰੱਖਿਆ ਏਜੰਸੀਆਂ ਨੇ ਮੁੱਖ ਦੋਸ਼ੀ ‘ਸੁਨੀਲ ਪਟੇਲ’ ਸਮੇਤ ਗੁਜਰਾਤੀ ਮੂਲ ਦੇ 9 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਨੇ ਅਮਰੀਕਾ ਦੇ ‘ਮਿਸੌਰੀ’ ਰਾਜ ’ਚ ਅਲੱਗ-ਅਲੱਗ 6 ਥਾਵਾਂ ’ਤੇ ਗ਼ੈਰ-ਕਾਨੂੰਨੀ ਜੂਏਬਾਜ਼ੀ ਦਾ ਨੈੱਟਵਰਕ ਚਲਾਇਆ ਹੋਇਆ ਸੀ।
ਅੱਜ ਜਿੱਥੇ ਪੂਰੇ ਵਿਸ਼ਵ ’ਚ ਭਾਰਤ ਦਾ ਡੰਕਾ ਵੱਜ ਰਿਹਾ ਹੈ ਅਤੇ ਦੁਨੀਆ ਭਰ ਦੇ ਮੈਡੀਕਲ, ਆਈ. ਟੀ. ਅਤੇ ਹੋਰ ਖੇਤਰਾਂ ’ਚ ਕੰਮ ਕਰਨ ਵਾਲੇ ਭਾਰਤੀ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕੁਝ ਭਾਰਤੀਆਂ ਵਲੋਂ ਦੂਜੇ ਦੇਸ਼ਾਂ ’ਚ ਜਾ ਕੇ ਇਸ ਤਰ੍ਹਾਂ ਦਾ ਆਚਰਣ ਕਿਸੇ ਵੀ ਤਰ੍ਹਾਂ ਨਾਲ ਉਚਿਤ ਨਹੀਂ ਕਿਹਾ ਜਾ ਸਕਦਾ। ਇਸ ਲਈ ਵਿਦੇਸ਼ਾਂ ’ਚ ਰਹਿ ਰਹੇ ਭਾਰਤੀਆਂ ਨੂੰ ਆਪਣੇ ਦੇਸ਼ ਦੇ ਵੱਕਾਰ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕੋਈ ਵੀ ਅਜਿਹਾ ਕਾਰਜ ਕਰਨ ਤੋਂ ਬਚਣਾ ਚਾਹੀਦਾ ਹੈ ਜਿਸ ਨਾਲ ਦੇਸ਼ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚੇ।
—ਵਿਜੇ ਕੁਮਾਰ
