‘ਨਸ਼ੇ ਦੀ ਓਵਰਡੋਜ਼ ਨਾਲ’ ਮਰ ਰਹੇ ਨੌਜਵਾਨ-ਉੱਜੜ ਰਹੇ ਪਰਿਵਾਰ!

Friday, Oct 23, 2026 - 03:44 AM (IST)

‘ਨਸ਼ੇ ਦੀ ਓਵਰਡੋਜ਼ ਨਾਲ’ ਮਰ ਰਹੇ ਨੌਜਵਾਨ-ਉੱਜੜ ਰਹੇ ਪਰਿਵਾਰ!

ਸਾਲ 2026 ’ਚ ਨਸ਼ੇ ਦੇ ਵੱਧ ਸੇਵਨ (ਡਰੱਗ ਓਵਰਡੋਜ਼) ਨਾਲ ਹੋਈਆਂ ਨੌਜਵਾਨਾਂ ਦੀਆਂ ਮੌਤਾਂ ਦੇ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਵੱਡੀ ਗਿਣਤੀ ’ਚ ਪਰਿਵਾਰ ਉੱਜੜ ਰਹੇ ਹਨ।

19 ਮਾਰਚ ਨੂੰ ‘ਮਿਜ਼ੋਰਮ’ ਦੇ ਆਬਕਾਰੀ ਅਤੇ ਨਾਰਕੋਟਿਕਸ ਵਿਭਾਗ ਨੇ ਆਪਣੀ ਅਧਿਕਾਰਤ ਰਿਪੋਰਟ ’ਚ ਦੱਸਿਆ ਕਿ ਸਾਲ 2026 ’ਚ 1 ਜਨਵਰੀ ਤੋਂ 19 ਮਾਰਚ ਤੱਕ ਰਾਜ ’ਚ ਨਸ਼ੀਲੇ ਪਦਾਰਥਾਂ ਦੇ ਬਹੁਤ ਜ਼ਿਆਦਾ ਸੇਵਨ (ਡਰੱਗ ਅਬਿਊਜ਼) ਕਾਰਨ 19 ਲੋਕਾਂ ਦੀ ਮੌਤ ਦਰਜ ਕੀਤੀ ਜਾ ਚੁੱਕੀ ਸੀ, ਜਿਨ੍ਹਾਂ ’ਚ 17 ਮਰਦ ਅਤੇ 2 ਔਰਤਾਂ ਸਨ।

ਇਸੇ ਤਰ੍ਹਾਂ ਮਈ, 2026 ’ਚ ‘ਸ਼ਿਮਲਾ’ (ਹਿਮਾਚਲ ਪ੍ਰਦੇਸ਼) ਸਥਿਤ ‘ਆਈ. ਜੀ. ਐੱਮ. ਸੀ. ਹਸਪਤਾਲ’ ਦੀ ਫੋਰੈਂਸਿਕ ਅਤੇ ਪੋਸਟਮਾਰਟਮ ਰਿਪੋਰਟ ’ਚ ਖੁਲਾਸਾ ਹੋਇਆ ਕਿ ਇਸ ਸਾਲ ਇਕੱਲੇ ਮਈ ਮਹੀਨੇ ਦੇ ਅੰਦਰ ਹੀ 5 ਸਥਾਨਕ ਨੌਜਵਾਨਾਂ (ਮੁੱਖ ਤੌਰ ’ਤੇ ਟੈਕਸੀ ਡਰਾਈਵਰਾਂ) ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ।

ਇਸ ਤੋਂ ਪਹਿਲਾਂ, ਮਾਰਚ 2026 ’ਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ’ਚ ਰਾਜ ਸਰਕਾਰ ਨੇ ਦੱਸਿਆ ਸੀ ਕਿ ਜਨਵਰੀ 2026 ਤੱਕ ਪਿਛਲੇ 3 ਸਾਲਾਂ ’ਚ ਰਾਜ ਦੇ 66 ਨੌਜਵਾਨਾਂ ਨੇ ਡਰੱਗ ਓਵਰਡੋਜ਼ ਕਾਰਨ ਆਪਣੀ ਜਾਨ ਗੁਆਈ ਹੈ।

‘ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ’ (ਐੱਨ. ਸੀ. ਆਰ. ਬੀ.) ਦੀ 2024 ਦੀ ਰਿਪੋਰਟ ਅਨੁਸਾਰ ਡਰੱਗਜ਼ ਦੀ ਓਵਰਡੋਜ਼ ਕਾਰਨ ਮੌਤਾਂ ਦੇ ਮਾਮਲੇ ’ਚ ਤਾਮਿਲਨਾਡੂ ਤੋਂ ਬਾਅਦ ਪੰਜਾਬ ਦੂਜੇ ਸਥਾਨ ’ਤੇ ਹੈ। ਤਾਮਿਲਨਾਡੂ ’ਚ ਨਸ਼ੇ ਦੀ ਓਵਰਡੋਜ਼ ਨਾਲ 2024 ’ਚ 313 ਮੌਤਾਂ ਹੋਈਆਂ ਅਤੇ ਇਸੇ ਮਿਆਦ ’ਚ ਪੰਜਾਬ ’ਚ ਨਸ਼ੇ ਦੀ ਓਵਰਡੋਜ਼ ਕਾਰਨ 106 ਲੋਕਾਂ ਦੀ ਮੌਤ ਹੋਈ।

ਇਸ ਸਾਲ ਪਿਛਲੇ 3 ਮਹੀਨਿਆਂ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਨਸ਼ੇ ਦੇ ਵੱਧ ਸੇਵਨ ਨਾਲ ਹੋਈਆਂ ਮੌਤਾਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :

* 20 ਜੁਲਾਈ ਨੂੰ ‘ਭੋਪਾਲ’ (ਮੱਧ ਪ੍ਰਦੇਸ਼) ਦੇ ‘ਕੋਲਾਰ’ ’ਚ ਇੰਜੈਕਸ਼ਨ ਨਾਲ ਨਸ਼ਾ ਕਰਨ ਵਾਲੇ ਨੌਜਵਾਨ ‘ਅਕਸ਼ੈ ਕਾਕੋੜੀਆ’ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਉਹ ਨਸ਼ਾ ਛੁਡਾਉਣ ਲਈ ਦਿੱਤੀ ਜਾਣ ਵਾਲੀ ‘ਓਪੀਔਇਡ ਸਬਸਟੀਟਿਊਸ਼ਨ ਥੈਰੇਪੀ’ (ਓ. ਐੱਸ. ਟੀ.) ਦੀ ਦਵਾਈ ’ਚ ‘ਏਵਿਲ’ ਦੀ ਗੋਲੀ ਮਿਲਾ ਕੇ ਘੋਲ ਤਿਆਰ ਕਰਕੇ ਉਸ ਦਾ ਟੀਕਾ ਲਗਾਉਂਦਾ ਸੀ। ਘਟਨਾ ਦੇ ਦਿਨ ਉਹ ਆਪਣੇ ਘਰ ਦੇ ਨੇੜੇ ਮੈਦਾਨ ’ਚ ਨਸ਼ਾ ਕਰਨ ਤੋਂ ਬਾਅਦ ਉੱਥੇ ਹੀ ਸੌਂ ਗਿਆ ਅਤੇ ਫਿਰ ਨਹੀਂ ਉੱਠਿਆ।

* 9 ਅਗਸਤ ਨੂੰ ‘ਗੋਰਖਪੁਰ’ (ਉੱਤਰ ਪ੍ਰਦੇਸ਼) ’ਚ ਸ਼ਰਾਬ ਅਤੇ ਨਸ਼ੀਲੀਆਂ ਗੋਲੀਆਂ ਦੀ ਓਵਰਡੋਜ਼ ਨਾਲ ‘ਦਿਲੀਪ’ ਨਾਂ ਦੇ ਇਕ ਟੈਂਪੋ ਮਿਸਤਰੀ ਦੀ ਮੌਤ ਹੋ ਗਈ ਅਤੇ ਉਹ ਆਪਣੇ ਪਿੱਛੇ ਪਤਨੀ ਅਤੇ 2 ਬੱਚਿਆਂ ਨੂੰ ਰੋਂਦੇ-ਵਿਲਕਦੇ ਛੱਡ ਗਿਆ।

* 28 ਅਗਸਤ ਨੂੰ ‘ਸਿਰਮੌਰ’ (ਹਿਮਾਚਲ ਪ੍ਰਦੇਸ਼) ਦੇ ‘ਭਟੋਲੀ ਕਲਾਂ’ ’ਚ ਨਸ਼ੇ ਦੀ ਓਵਰਡੋਜ਼ ਕਾਰਨ ਇਕ 26 ਸਾਲਾ ਨੌਜਵਾਨ ਦੀ ਮੌਤ ਹੋ ਗਈ।

* 29 ਅਗਸਤ ਨੂੰ ‘ਗੁਰਦਾਸਪੁਰ’ (ਪੰਜਾਬ) ਦੇ ‘ਬੁੱਢਾ ਬਾਲਾ’ ਪਿੰਡ ’ਚ 25 ਸਾਲਾ ਨੌਜਵਾਨ ‘ਬਚਿੱਤਰ ਸਿੰਘ’ ਦੀ ਨਸ਼ੇ ਦੀ ਓਵਰਡੋਜ਼ ਨਾਲ ਜਾਨ ਚਲੀ ਗਈ। ਉਸ ਦੇ ਪਿਤਾ ਅਨੁਸਾਰ ਸਵੇਰੇ ਨਸ਼ੇ ਦਾ ਬਹੁਤ ਜ਼ਿਆਦਾ ਸੇਵਨ ਕਰਨ ਤੋਂ ਬਾਅਦ ਉਸ ਦੀ ਤਬੀਅਤ ਵਿਗੜੀ ਜਿਸ ਦਾ ਨਤੀਜਾ ਉਸ ਦੀ ਮੌਤ ਦੇ ਰੂਪ ’ਚ ਨਿਕਲਿਆ।

* 26 ਸਤੰਬਰ ਨੂੰ ‘ਵਿਦਿਸ਼ਾ’ (ਮੱਧ ਪ੍ਰਦੇਸ਼) ’ਚ ਨਸ਼ੇ ਦੀ ਓਵਰਡੋਜ਼ ਨਾਲ ‘ਆਦਰਸ਼ ਮਾਲਵੀਯ’ ਨਾਂ ਦੇ 26 ਸਾਲਾ ਨੌਜਵਾਨ ਦੀ ਮੌਤ ਹੋ ਗਈ।

* 3 ਅਕਤੂਬਰ ਨੂੰ ‘ਤਲਵੰਡੀ ਸਾਬੋ’ (ਪੰਜਾਬ) ਦੇ ‘ਮਾਹੀ ਨੰਗਲ’ ਪਿੰਡ ’ਚ 23 ਸਾਲਾ ‘ਰਾਜਪ੍ਰੀਤ ਸਿੰਘ’ ਦੀ ਲਾਸ਼ ਪਿੰਡ ਤੋਂ ਬਾਹਰ ਇਕ ਨਹਿਰ ਦੇ ਕੋਲ ਲਾਵਾਰਿਸ ਹਾਲਤ ’ਚ ਬਰਾਮਦ ਹੋਈ। ਮੌਤ ਦੇ ਸਮੇਂ ਉਸ ਦੀ ਬਾਂਹ ’ਚ ਨਸ਼ੇ ਦੀ ਸਰਿੰਜ (ਇੰਜੈਕਸ਼ਨ) ਲੱਗੀ ਹੋਈ ਸੀ। ਪਰਿਵਾਰਕ ਮੈਂਬਰਾਂ ਅਨੁਸਾਰ, ਉਹ ਪਿਛਲੇ 6 ਮਹੀਨਿਆਂ ਤੋਂ ‘ਚਿੱਟੇ’ ਦੇ ਭਾਰੀ ਨਸ਼ੇ ਦਾ ਆਦੀ ਹੋ ਚੁੱਕਿਆ ਸੀ।

* 15 ਅਕਤੂਬਰ ਨੂੰ ‘ਫਤਹਿਗੜ੍ਹ ਸਾਹਿਬ’ (ਪੰਜਾਬ) ਦੇ ‘ਸਰਹਿੰਦ’ ’ਚ ਬਹੁਤ ਜ਼ਿਆਦਾ ਨਸ਼ਾ ਕਰਨ ਕਾਰਨ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ।

* 19 ਅਕਤੂਬਰ ਨੂੰ ‘ਨਾਲੰਦਾ’ (ਬਿਹਾਰ) ’ਚ ਇਕ ਈ-ਰਿਕਸ਼ਾ ਡਰਾਈਵਰ ‘ਰਾਹੁਲ’ ਦੀ ਲਾਸ਼ ਲਾਵਾਰਿਸ ਹਾਲਤ ’ਚ ਪਈ ਮਿਲੀ। ਪੁਲਸ ਅਨੁਸਾਰ ਦੋਸਤਾਂ ਨਾਲ ਨਸ਼ਾ ਕਰਨ ਦੌਰਾਨ ਡਰੱਗਜ਼ ਦੀ ਓਵਰਡੋਜ਼ ਨਾਲ ਉਸ ਦੀ ਜਾਨ ਗਈ ਹੈ।

ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਨਸ਼ਿਆਂ ਦੀ ਬੁਰਾਈ ’ਤੇ ਮਜ਼ਬੂਤੀ ਨਾਲ ਰੋਕ ਲਗਾਉਣ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਲੋੜ ਹੈ ਤਾਂ ਜੋ ਨਸ਼ੇ ਕਾਰਨ ਪਰਿਵਾਰਾਂ ਨੂੰ ਉੱਜੜਨ ਤੋਂ ਬਚਾਇਆ ਜਾ ਸਕੇ, ਕਿਉਂਕਿ ਹੁਣ ਨਾ ਸਿਰਫ਼ ਉੱਤਰ-ਪੱਛਮ ਤੋਂ ਸਗੋਂ ਦੇਸ਼ ਦੇ ਉੱਤਰ-ਪੂਰਬੀ ਹਿੱਸੇ ਤੋਂ ਵੀ ਨਸ਼ੇ ਭਾਰਤ ’ਚ ਆ ਰਹੇ ਹਨ ਜਿਸ ’ਤੇ ਰੋਕ ਲਗਾਉਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ।

—ਵਿਜੇ ਕੁਮਾਰ


author

Sandeep Kumar

Content Editor

Related News