‘ਭਾਰਤ ਦੀ ਸੁਰੱਖਿਆ ਨੂੰ’ ਖਤਰੇ ’ਚ ਪਾ ਰਹੇ ਕੁਝ ਗੱਦਾਰ!

Wednesday, Oct 21, 2026 - 03:20 AM (IST)

‘ਭਾਰਤ ਦੀ ਸੁਰੱਖਿਆ ਨੂੰ’ ਖਤਰੇ ’ਚ ਪਾ ਰਹੇ ਕੁਝ ਗੱਦਾਰ!

ਇਸ ਸਮੇਂ ਦੇਸ਼ ਨੂੰ ਇਕ ਪਾਸੇ ਪਾਕਿਸਤਾਨ ਵੱਲੋਂ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਦੂਜੇ ਪਾਸੇ ਭਾਰਤ ’ਚ ਰਹਿ ਕੇ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਦੇਸ਼ਧ੍ਰੋਹੀਆਂ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਹੈ, ਜੋ ਆਪਣੇ ਹੀ ਦੇਸ਼ ਦੀ ਰਣਨੀਤਿਕ ਮਹੱਤਤਾ ਦੀ ਜਾਣਕਾਰੀ ਪਾਕਿਸਤਾਨ ਨੂੰ ਦੇ ਕੇ ਭਾਰਤ ਦੀ ਸੁਰੱਖਿਆ ਨੂੰ ਖਤਰੇ ’ਚ ਪਾ ਰਹੇ ਹਨ। ਇਨ੍ਹਾਂ ਦੀਆਂ ਇਸੇ ਸਾਲ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :

* 11 ਮਾਰਚ ਨੂੰ ਉੱਤਰ ਪ੍ਰਦੇਸ਼ ਦੇ ਏ. ਟੀ. ਐੱਸ. ਨੇ ਆਗਰਾ ’ਚ ਭਾਰਤੀ ਜਲ ਸੈਨਾ ’ਚ ਲਾਂਸ ਨਾਇਕ ‘ਆਦਰਸ਼ ਕੁਮਾਰ’ ਉਰਫ ‘ਲੱਕੀ’ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਲਈ ਜਾਸੂਸੀ ਕਰਨ ਅਤੇ ਆਈ. ਐੱਸ. ਆਈ. ਨੂੰ ਭਾਰਤ ਦੇ ਜੰਗੀ ਬੇੜਿਆਂ ਦੀਆਂ ਤਸਵੀਰਾਂ ਅਤੇ ਵੇਰਵੇ ਭੇਜਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ। ਉਹ ‘ਕੋਚੀ’ (ਕੇਰਲ) ’ਚ ਜਲ ਸੈਨਾ ਦੇ ਦੱਖਣੀ ਨੇਵਲ ਕਮਾਂਡ ’ਚ ਤਾਇਨਾਤ ਸੀ।

* 23 ਮਾਰਚ ਨੂੰ ਆਸਾਮ ਦੇ ਏਅਰਫੋਰਸ ਸਟੇਸ਼ਨ ’ਤੇ ਐੱਮ. ਟੀ. ਐੱਸ. (ਮਲਟੀ ਟਾਸਕਿੰਗ ਸਟਾਫ) ਦੇ ਅਹੁਦੇ ’ਤੇ ਤਾਇਨਾਤ ‘ਸੁਮਿਤ ਕੁਮਾਰ’ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ। ਉਹ ਪੈਸਿਆਂ ਦੇ ਲਾਲਚ ’ਚ 3 ਸਾਲਾਂ ਤੋਂ ਬੀਕਾਨੇਰ ਦੇ ਨਾਲ ਏਅਰਪੋਰਟ ਦੀ ਜਾਣਕਾਰੀ ਤੋਂ ਇਲਾਵਾ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਦੀ ਲੋਕੇਸ਼ਨ ਅਤੇ ਮਿਜ਼ਾਈਲ ਸਿਸਟਮ ਆਦਿ ਨਾਲ ਜੁੜੀਆਂ ਗੁਪਤ ਜਾਣਕਾਰੀਆਂ ਪਾਕਿਸਤਾਨ ਭੇਜ ਰਿਹਾ ਸੀ।

* 11 ਮਈ ਨੂੰ ਦਿੱਲੀ ਪੁਲਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਅਤੇ ਆਈ. ਐੱਸ. ਆਈ. ਨਾਲ ਸਬੰਧ ਹੋਣ ਦੇ ਸ਼ੱਕ ’ਚ 3 ਨੌਜਵਾਨਾਂ ਨੂੰ ‘ਨਿਵਾੜੀ’ ਤੋਂ ਗ੍ਰਿਫਤਾਰ ਕੀਤਾ।

* 14 ਜੁਲਾਈ ਨੂੰ ਪੰਜਾਬ ਪੁਲਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਸੰਗਰੂਰ (ਪੰਜਾਬ) ਦੇ ਰਹਿਣ ਵਾਲੇ ਭਾਰਤੀ ਫੌਜ ਦੇ ਇਕ ਤਾਇਨਾਤ ਸੈਨਿਕ ‘ਦੇਵਿੰਦਰ ਸਿੰਘ’ ਨੂੰ ਭਾਰਤੀ ਫੌਜ ਨਾਲ ਜੁੜੇ ਬੇਹੱਦ ਖੁਫੀਆ ਦਸਤਾਵੇਜ਼ ਪਾਕਿਸਤਾਨ ਨੂੰ ਸੌਂਪਣ ਦੇ ਦੋਸ਼ ’ਚ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਉੜੀ ਸੈਕਟਰ ਤੋਂ ਗ੍ਰਿਫਤਾਰ ਕੀਤਾ।

* 28-29 ਅਗਸਤ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਇਕ ਵੱਡੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕਰ ਕੇ ਸਾਹਿਲ ਅਤੇ ਉਸ ਦੀ ਪਤਨੀ ਸਮੀਰਾ ਨੂੰ ਫੌਜ ਦੇ ਛਾਉਣੀ ਇਲਾਕਿਆਂ ਦੀ ਰੇਕੀ ਕਰਨ ਅਤੇ ਭਾਰਤੀ ਸਿਮ ਕਾਰਡ ਜੁਟਾ ਕੇ ਪਾਕਿਸਤਾਨ ਭੇਜਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ। ਇਹ ਦੋਵੇਂ ਸੋਸ਼ਲ ਮੀਡੀਆ ਜ਼ਰੀਏ ਪਾਕਿਸਤਾਨੀ ਏਜੰਟਾਂ ਦੇ ਸੰਪਰਕ ’ਚ ਸਨ।

* 3 ਅਗਸਤ ਨੂੰ ‘ਅਲਵਰ’ (ਰਾਜਸਥਾਨ) ’ਚ ਰਾਜਸਥਾਨ ਪੁਲਸ ਦੀ ਸਪੈਸ਼ਲ ਬ੍ਰਾਂਚ ਅਤੇ ਜੰਮੂ ਦੀ ‘ਮਿਲਟਰੀ ਇੰਟੈਲੀਜੈਂਸ’ (ਐੱਮ. ਆਈ.) ਨੇ ਪੈਸਿਆਂ ਦੇ ਲਾਲਚ ’ਚ ਆ ਕੇ ਭਾਰਤੀ ਫੌਜ, ਈਟਾਰਾਣਾ ਆਰਮੀ ਛਾਉਣੀ, ਰੇਲਵੇ ਸਟੇਸ਼ਨ ਅਤੇ ਵੰਦੇ ਭਾਰਤ ਟਰੇਨ ਦੀ ਆਵਾਜਾਈ ਨਾਲ ਜੁੜੀਆਂ ਸੰਵੇਦਨਸ਼ੀਲ ਜਾਣਕਾਰੀਆਂ, ਫੋਟੋਆਂ ਅਤੇ ਵੀਡੀਓ ਪਾਕਿਸਤਾਨ ਭੇਜਣ ਦੇ ਦੋਸ਼ ’ਚ 4 ਨੌਜਵਾਨਾਂ ਉਮੇਸ਼ ਜਾਟਵ, ਸੰਜੇ ਜਾਟਵ, ਧਾਰਾ ਜਾਟਵ ਅਤੇ ਆਕਾਸ਼ ਜਾਟਵ ਨੂੰ ਗ੍ਰਿਫਤਾਰ ਕੀਤਾ।

ਪਾਕਿਸਤਾਨ ’ਚ ਬੈਠੇ ਹੈਂਡਲਰਾਂ ਨੇ ਫਰਜ਼ੀ ਪਛਾਣ ਅਤੇ ਔਰਤਾਂ ਦੇ ਨਾਂ ਨਾਲ ਸੋਸ਼ਲ ਮੀਡੀਆ ਅਕਾਊਂਟ ਅਤੇ ਵ੍ਹਟਸਐਪ ਜ਼ਰੀਏ ਇਨ੍ਹਾਂ ਨਾਲ ਸੰਪਰਕ ਸਾਧਿਆ ਸੀ।

* 3-4 ਅਕਤੂਬਰ ਦੀ ਰਾਤ ਨੂੰ ਅਾਸਾਮ ਪੁਲਸ ਦੀ ‘ਸਪੈਸ਼ਲ ਟਾਸਕ ਫੋਰਸ’ (ਐੱਸ. ਟੀ. ਐੱਫ.) ਨੇ ਪਾਕਿਸਤਾਨੀ ਜਾਸੂਸੀ ਨੈੱਟਵਰਕ ਨਾਲ ਜੁੜੇ ਹੋਣ ਦੇ ਦੋਸ਼ ’ਚ ਭਾਰਤੀ ਫੌਜ ਦੇ ਇਕ ਰਿਟਾਇਰਡ ਜਵਾਨ, ਜੋ ਰਿਟਾਇਰਮੈਂਟ ਤੋਂ ਬਾਅਦ ਫੌਜ ’ਚ ਕੰਟਰੈਕਟ ’ਤੇ ਕੰਮ ਕਰ ਰਿਹਾ ਸੀ ਅਤੇ ਜਿਸਦਾ ਨਾਂ ਗੁਪਤ ਰੱਖਿਆ ਗਿਆ ਹੈ ਅਤੇ ‘ਅਭਿਸ਼ੇਕ ਕੁਮਾਰ ਸਿੰਘ’ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ।

ਸ਼ੁਰੂਆਤੀ ਜਾਂਚ ’ਚ ਅਭਿਸ਼ੇਕ ਦੇ ‘ਪਾਕਿਸਤਾਨ ਇੰਟੈਲੀਜੈਂਸ ਆਪ੍ਰੇਟਿਵ’ (ਪੀ. ਆਈ. ਓ.) ਦੇ ਸੰਪਰਕ ’ਚ ਹੋਣ ਅਤੇ ਉਸ ਦੇ ਨਾਲ ਸੁਰੱਖਿਆ ਬਲਾਂ ਨਾਲ ਜੁੜੀ ਗੁਪਤ ਜਾਣਕਾਰੀ ਸਾਂਝੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

* 8 ਅਕਤੂਬਰ ਨੂੰ ਸੁਰੱਖਿਆ ਏਜੰਸੀਆਂ ਨੇ ਫੌਜੀ ਜਾਣਕਾਰੀਆਂ ਪਾਕਿਸਤਾਨ ਭੇਜਣ ਦੇ ਦੋਸ਼ ’ਚ 3 ਰਾਜਾਂ ਤੋਂ 8 ਲੋਕਾਂ ਨੂੰ ਗ੍ਰਿਫਤਾਰ ਕੀਤਾ।

* 17 ਅਕਤੂਬਰ ਨੂੰ ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਕ੍ਰਾਈਮ ਬ੍ਰਾਂਚ ਨੇ ‘ਸਾਜਿਦ ਮੁਨੀਰ’ ਨਾਂ ਦੇ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ। ਉਹ ਭੋਪਾਲ ’ਚ ਆਪਣੀ ਪਛਾਣ ਲੁਕਾ ਕੇ ਇਕ ਬੈਂਕ ’ਚ ਨੌਕਰੀ ਕਰ ਰਿਹਾ ਸੀ ਅਤੇ ਉੱਥੇ ਵਿਆਹ ਕਰਵਾ ਕੇ ਪੱਕੇ ਤੌਰ ’ਤੇ ਵਸਣ ਦੀ ਕੋਸ਼ਿਸ਼ ’ਚ ਸੀ।

* ਅਤੇ ਹੁਣ 18 ਅਕਤੂਬਰ ਨੂੰ ਜੰਮੂ ਵਿਚ ਫੌਜ ਦੇ ਇਕ ਅਧਿਕਾਰੀ ਦੀ ਪਤਨੀ ਵਿਰੁੱਧ ਜਾਸੂਸੀ ਨਾਲ ਜੁੜੀਆਂ ਗਤੀਵਿਧੀਆਂ ਦੇ ਦੋਸ਼ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਉਸ ’ਤੇ ਚੀਨੀ ਖੁਫੀਆ ਏਜੰਟ ਲਈ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਸੰਵੇਦਨਸ਼ੀਲ ਮੁੱਦਿਆਂ ’ਤੇ ਵਿਸ਼ਲੇਸ਼ਣਾਤਮਕ ਦਸਤਾਵੇਜ਼ ਤਿਆਰ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਸ ਆਦਿ ਦੀ ਵਰਤੋਂ ਕਰਨ ਦਾ ਦੋਸ਼ ਹੈ।

ਜਿਸ ਥਾਲੀ ’ਚ ਖਾਂਦੇ ਹਨ ਉਸੇ ਵਿਚ ਛੇਕ ਕਰਨ ਵਾਲਿਆਂ ਦੀਆਂ ਉਪਰੋਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਘਰ ਵਿਚ ਹੀ ਦੇਸ਼ਧ੍ਰੋਹੀ ਮੌਜੂਦ ਹਨ। ਅਜਿਹੇ ’ਚ ਸੁਰੱਖਿਆ ਬਲਾਂ ਨੂੰ ਵਧੇਰੇ ਚੌਕਸੀ ਵਰਤਣ ਅਤੇ ਫੜੇ ਗਏ ਦੇਸ਼ਧ੍ਰੋਹੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਲੋੜ ਹੈ ਤਾਂ ਜੋ ਉਨ੍ਹਾਂ ਦਾ ਅੰਜਾਮ ਦੇਖ ਕੇ ਅਜਿਹੇ ਹੋਰ ਲੋਕ ਅੱਗੇ ਨਾ ਆਉਣ।

—ਵਿਜੇ ਕੁਮਾਰ


author

Sandeep Kumar

Content Editor

Related News