ਆਧੁਨਿਕ ਦੌਰ ’ਚ ਰਾਵਣ ਦਾ ਸਾੜਿਆ ਜਾਣਾ ਕਿੰਨਾ ਪ੍ਰਾਸੰਗਿਕ ?
Monday, Oct 19, 2026 - 01:12 PM (IST)
ਸਵਾਲ ਇਹ ਨਹੀਂ ਹੈ ਕਿ ਰਾਵਣ ਕਿੰਨੇ ਸਾਲਾਂ ਤੋਂ ਸੜ ਰਿਹਾ ਹੈ? ਸਵਾਲ ਇਹ ਹੈ ਕਿ ਅਸਲ ’ਚ ਜਿਸ ਰਾਵਣ ਨੂੰ ਰਾਮ ਨੇ ਮਾਰਿਆ, ਉਹ ਮਰ ਗਿਆ ਹੈ? ਜੇ ਅਸਲ ’ਚ ਰਾਵਣ ਨੂੰ ਮਾਰ ਦਿੱਤਾ ਗਿਆ ਤਾਂ ਫਿਰ ਹਰ ਸਾਲ ਮਰੇ ਹੋਏ ਰਾਵਣ ਨੂੰ ਕਿਉਂ ਮਾਰਿਆ ਜਾਂਦਾ ਹੈ? ਕੀ ਰਾਵਣ ਦਾ ਦਹਿਨ ਸਿਰਫ ਮਾਤਰ ਪ੍ਰਤੀਕਾਤਮਕ ਬਣ ਗਿਆ ਹੈ? ਮਹਾਗਿਆਨੀ ਅਤੇ ਤਪੱਸਵੀ ਰਾਵਣ ਇਸ ਲਈ ਮਰਦਾ ਹੈ ਕਿਉਂਕਿ ਉਹ ਇੱਛਾਵਾਂ ਨਾਲ ਭਰਿਆ ਹੈ, ਜਦਕਿ ਰਾਮ ਇੱਛਾਵਾਂ ਤੋਂ ਮੁਕਤ ਹਨ। ਰਾਮ ਮਨੁੱਖਤਾ ਉੱਤੇ ਰਾਜ ਕਰਦੇ ਹਨ ਜਦਕਿ ਰਾਵਣ ਮਨੁੱਖਾਂ ’ਤੇ ਰਾਜ ਕਰਦਾ ਹੈ। ਰਾਮ ਕੋਲ ਜੋ ਹੈ ਉਹ ਕਾਫ਼ੀ ਹੈ ਅਤੇ ਰਾਵਣ ਕੋਲ ਕਾਫ਼ੀ ਵੀ ਨਾਕਾਫ਼ੀ ਹੈ। ਰਾਮੇਸ਼ਵਰਮ ਦੀ ਸਥਾਪਨਾ ਲਈ ਸ਼ੈਵ ਅਤੇ ਵੈਸ਼ਨਵ ਦੋਵਾਂ ਵਿਧਾਵਾਂ ਨਾਲ ਸੰਪੰਨ ਰਾਵਣ ਨੂੰ ਪੁਰੋਹਿਤ ਵਜੋਂ ਸੱਦਣ ਲਈ ਜਾਮਵੰਤ ਜਦੋਂ ਲੰਕਾ ਜਾਂਦੇ ਹਨ, ਤਾਂ ਇਹ ਜਾਣਦੇ ਹੋਏ ਵੀ ਕਿ ਇਸ ਯੱਗ ਦੇ ਯਜਮਾਨ ਉਸ ਦੇ ਦੁਸ਼ਮਣ ਰਾਮ ਹਨ ਅਤੇ ਰਾਮੇਸ਼ਵਰਮ ਦੀ ਸਥਾਪਨਾ ਦਾ ਮਕਸਦ ਲੰਕਾ ਜਿੱਤ ਹੈ, ਰਾਵਣ ਰਾਮ ਦਾ ਪੁਰੋਹਿਤ ਬਣ ਕੇ ‘ਵਿਜੇ ਭਵ’ ਦਾ ਆਸ਼ੀਰਵਾਦ ਦਿੰਦਾ ਹੈ।
ਸੰਸਕਾਰਾਂ ਦੀ ਸਿਖ਼ਰ ਉਸ ਸਮੇਂ ਦੇਖਣ ਨੂੰ ਮਿਲਦੀ ਹੈ ਜਦੋਂ ਦਕਸ਼ਿਣਾ ਦੇਣ ਦੀ ਜ਼ਿੱਦ ’ਤੇ ਅੜੇ ਰਾਮ ਤੋਂ ਰਾਵਣ ਆਪਣੇ ਆਖ਼ਰੀ ਸਮੇਂ ’ਚ ਦੋਵਾਂ ਯਜਮਾਨਾਂ ਰਾਮ ਅਤੇ ਲਛਮਣ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਹੋਣ ਦੀ ਇੱਛਾ ਪ੍ਰਗਟ ਕਰਦਾ ਹੈ। ਨੀਤੀ ਨੂੰ ਜਿੱਤਣ ਵਾਲਾ ਰਾਵਣ 10 ਮਹੀਨੇ ਲੰਕਾ ’ਚ ਰਹੀ ਮਾਂ ਸੀਤਾ ਨੂੰ ਛੂਹਣ ਤੋਂ ਵੀ ਪ੍ਰਹੇਜ਼ ਕਰਦਾ ਹੈ। ਇਹ ਉਹੀ ਰਾਵਣ ਹੈ ਜਿਸ ਦੇ ਤੇਜ ਦੇ ਬਲ ’ਤੇ ਕੈਲਾਸ਼ ਦੀ ਹਲਚਲ ਵੀ ਵੈਦਿਆਨਾਥ ਦੇ ਰੂਪ ’ਚ ਦੇਖੀ ਜਾ ਸਕਦੀ ਹੈ ਅਤੇ ਜੋ ਕੁਬੇਰ ਤੱਕ ਨੂੰ ਧਰਤੀ ’ਤੇ ਖਿੱਚ ਕੇ ਲੈ ਆਉਣ ਦਾ ਹੌਸਲਾ ਰੱਖਦਾ ਹੈ। ਜੇ ਸੱਚਮੁੱਚ ਰਾਵਣ ਸਿਰਫ ਸੀਤਾ ਦੇ ਹਰਨ ਲਈ ਸਾੜਿਆ ਜਾਂਦਾ ਹੈ ਤਾਂ ਉਨ੍ਹਾਂ ਦਰਿੰਦਿਆਂ ਦਾ ਕੀ, ਜਿੱਥੇ ਸਿਰਫ 2 ਸਾਲ ਦੀ ਮਾਸੂਮ ਬੱਚੀ ਦੀਆਂ ਚੀਕਾਂ ਵੀ ਕਾਮੁਕਤਾ ਅੱਗੇ ਹਾਰ ਜਾਂਦੀਆਂ ਹਨ?
ਲੱਖਾਂ ਰੁਪਏ ਖ਼ਰਚ ਕਰਕੇ ਆਪਣੀ ਧੀ ਲਈ ਸਿੰਧੂਰ ਖਰੀਦਣ ਵਾਲਾ ਬਾਪ ਕਿਸ ਨੂੰ ਸਾੜੇ, ਜਿਸ ਦੀ ਧੀ ਦੇ ਹੱਥਾਂ ਦੀ ਮਹਿੰਦੀ ਉਤਰਨ ਤੋਂ ਪਹਿਲਾਂ ਸਿੰਧੂਰ ਮਿਟ ਜਾਂਦਾ ਹੋਵੇ। ਬੱਚਿਆਂ ਦੇ ਅੰਗਾਂ ਨੂੰ ਵੇਚ ਕੇ ਸ਼ਾਨੋ-ਸ਼ੌਕਤ ਲਈ ਸਜਣ ਵਾਲੀਆਂ ਮਹਿਫ਼ਲਾਂ ਕਈ ਔਰਤਾਂ ਦੇ ਹੱਥਾਂ ਨਾਲ ਸਜੀਆਂ ਮਿਲਣ ਤਾਂ ਯਸ਼ੋਦਾ ਰੋਣ ਨੂੰ ਕਿਉਂ ਮਜਬੂਰ ਨਾ ਹੋਵੇ? ਕਦੇ ਕੋਰੋਨਾ ਦੇ ਬਾਜ਼ਾਰ ’ਚ ਲੋਕਾਂ ਦੇ ਸਾਹਾਂ ’ਚ ਵੀ ਸਿੱਕਿਆਂ ਦੀ ਖਣਖਣਾਹਟ ਲੱਭਣ ਵਾਲੇ ਕਈ ਚਿਹਰਿਆਂ ਤੋਂ ਰਾਵਣ ਪੁੱਛਦਾ ਹੈ ਕਿ ਅਪਰਾਧ ਦੇ ਬਾਜ਼ਾਰ ’ਚ ਉਸ ਦਾ ਅਪਰਾਧ ਉਕਤ ਚਿਹਰਿਆਂ ਨਾਲੋਂ ਵੀ ਵੱਡਾ ਹੈ, ਜਿੱਥੇ ਲੋਕਾਂ ਦੇ ਰੁਕਦੇ ਸਾਹ ਧਨ ਦੇ ਬਾਜ਼ਾਰ ’ਚ ਕੱਦ ਤੈਅ ਕਰਦੇ ਹੋਣ। ਜਿੱਥੇ ਨਸ਼ੇ ਦੇ ਬਾਜ਼ਾਰ ’ਚ ਮਾਂ ਆਪਣੇ ਪੁੱਤਰ ਦੀ ਜ਼ੁਬਾਨ ਗੁਆ ਚੁੱਕੀ ਹੋਵੇ ਅਤੇ ਜਿੱਥੇ ਸਿੱਕਿਆਂ ਦੀ ਖਣਖਣਾਹਟ ’ਚ ਵਫ਼ਾਦਾਰੀਆਂ ਨੂੰ ਲਕਵਾ ਮਾਰ ਜਾਵੇ, ਉੱਥੇ ਰਾਵਣ ਦਹਿਨ ਕਿਹੋ ਜਿਹਾ?
ਜਿਸ ਦੇਸ਼ ’ਚ ਲਗਭਗ 3,60,000 ਔਰਤਾਂ ਦੇ ਜਬਰ-ਜ਼ਨਾਹ ਦੇ ਮਾਮਲੇ ਸਿਰਫ 2005 ਤੋਂ 2020 ਤੱਕ ਦਰਜ ਹੋਣ, ਉੱਥੇ ਰਾਵਣ ਦਾ ਸੜਨਾ ਕਿਹੋ ਜਿਹਾ! ‘ਯਤ੍ਰ ਨਾਰਯਸਤੁ ਪੂਜਯੰਤੇ ਰਮੰਤੇ ਤਤਰ ਦੇਵਤਾ’ ਦੀ ਸੰਸਕ੍ਰਿਤ ’ਚ ਪਲੇ-ਵਧੇ ਦੇਸ਼ ਦਾ ਨਿਰਭਯਾ ਅਤੇ ਗੁੱਡੀ ਵਰਗੇ ਕਾਂਡਾਂ ਨਾਲ ਲਹੂ-ਲੁਹਾਨ ਹੋਣਾ ਰਾਵਣ ਦੇ ਸੜਨ ’ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਜ਼ਿੰਦਗੀ ’ਚ ਵਿਅਕਤੀ ਇਕ ਵਾਰ ਸੜਦਾ ਹੈ ਪਰ ਇਹ ਅਪਰਾਧਾਂ ਦਾ ਰਾਵਣ ਹਰ ਸਾਲ ਪਿਛਲੇ ਸਾਲ ਦੀ ਤੁਲਨਾ ’ਚ ਵੱਡਾ ਹੋ ਕੇ ਕਿਉਂ ਸੜ ਰਿਹਾ ਹੈ?
ਜ਼ਰੂਰੀ ਹੈ ਜ਼ਿਹਨ ਮੇਂ ਰਾਮ ਕੋ ਜ਼ਿੰਦਾ ਰਖਨਾ।
ਪੁਤਲੇ ਜਲਾਨੇ ਸੇ ਰਾਵਣ ਨਹੀਂ ਮਰਾ ਕਰਤੇ॥
—ਅਜੈ ਅਵਸਥੀ
