ਬਹੁਤ ਜ਼ਿਆਦਾ ਖਨਨ ਕਾਰਨ ਨਦੀਆਂ ’ਤੇ ਸੰਕਟ
Wednesday, Oct 21, 2026 - 07:51 PM (IST)
ਕੀ ਅਸਲ ’ਚ ਨਦੀਆਂ ’ਤੇ ਸੰਕਟ ਦੇ ਬੱਦਲ ਮੰਡਰਾਅ ਰਹੇ ਹਨ ਜਾਂ ਫਿਰ ਸਮੇਂ ਦੇ ਪ੍ਰਭਾਵ ਨਾਲ ਨਦੀਆਂ ਦੇ ਸਰੂਪ ’ਚ ਬਦਲਾਅ ਹੋ ਰਿਹਾ ਹੈ? ਯਕੀਨਨ ਸਮੇਂ ਦਾ ਪ੍ਰਭਾਵ ਤਾਂ ਹੈ ਹੀ, ਪਰ ਸਮਾਜ ਦੇ ਸੁਆਰਥ ਕਾਰਨ ਵੀ ਅੱਜ ਨਦੀਆਂ ’ਤੇ ਸੰਕਟ ਦੇ ਬੱਦਲ ਮੰਡਰਾਅ ਰਹੇ ਹਨ। ਸਿਰਫ਼ ਸਾਡੇ ਦੇਸ਼ ’ਚ ਹੀ ਨਹੀਂ, ਸਗੋਂ ਵਿਦੇਸ਼ਾਂ ’ਚ ਵੀ ਨਦੀਆਂ ’ਤੇ ਇਕ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਹਾਲਾਂਕਿ ਕੁਝ ਨਦੀਆਂ ’ਤੇ ਇਹ ਖ਼ਤਰਾ ਅਜੇ ਦਿਖਾਈ ਨਹੀਂ ਦੇ ਰਿਹਾ ਪਰ ਭਵਿੱਖ ’ਚ ਅਜਿਹੀਆਂ ਨਦੀਆਂ ’ਤੇ ਇਸ ਖ਼ਤਰੇ ਦਾ ਪ੍ਰਭਾਵ ਪੈ ਸਕਦਾ ਹੈ। ਭਾਰਤ ’ਚ ਨਦੀਆਂ ਦਾ ਸਮਾਜਿਕ ਮਹੱਤਵ ਹੀ ਨਹੀਂ, ਧਾਰਮਿਕ ਮਹੱਤਵ ਵੀ ਹੈ। ਸਾਡੇ ਇੱਥੇ ਪੁਰਾਣੇ ਸਮੇਂ ਤੋਂ ਹੀ ਧਾਰਮਿਕਤਾ ਦੇ ਆਧਾਰ ’ਤੇ ਨਦੀਆਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ।
ਇਸ ਦੌਰ ’ਚ ਲਗਾਤਾਰ ਹੋ ਰਹੇ ਵਿਕਾਸ ਨੇ ਵੀ ਨਦੀਆਂ ਦੇ ਵਾਤਾਵਰਣ ਨੂੰ ਪ੍ਰਭਾਵਿਤ ਕੀਤਾ ਹੈ। ਇਕ ਨਵੇਂ ਅਧਿਐਨ ’ਚ ਦੱਸਿਆ ਗਿਆ ਹੈ ਕਿ ਉਸਾਰੀ ਕਾਰਜਾਂ ਲਈ ਰੇਤ ਅਤੇ ਬੱਜਰੀ ਦਾ ਦੋਹਨ ਕੁਦਰਤ ਦੀ ਰੀਚਾਰਜ ਸਮਰੱਥਾ ਤੋਂ ਵੱਧ ਗਤੀ ਨਾਲ ਹੋ ਰਿਹਾ ਹੈ, ਜਿਸ ਨਾਲ ਨਦੀਆਂ ਦਾ ਕੁਦਰਤੀ ਸੰਤੁਲਨ ਵਿਗੜ ਰਿਹਾ ਹੈ। ਦਰਅਸਲ ਸ਼ਹਿਰੀਕਰਨ ਦੀ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ। ਇਸ ਸਮੇਂ ਕਸਬਿਆਂ ਅਤੇ ਸ਼ਹਿਰਾਂ ਦਾ ਤੇਜ਼ੀ ਨਾਲ ਵਿਸਥਾਰ ਹੋ ਰਿਹਾ ਹੈ। ਜਦੋਂ ਲੋਕ ਰੁਜ਼ਗਾਰ ਲਈ ਸ਼ਹਿਰਾਂ ’ਚ ਆਉਂਦੇ ਹਨ ਤਾਂ ਉਸਾਰੀ ਕਾਰਜਾਂ ’ਚ ਵੀ ਤੇਜ਼ੀ ਆਉਂਦੀ ਹੈ, ਜਿਨ੍ਹਾਂ ’ਚ ਰੇਤ ਅਤੇ ਬੱਜਰੀ ਦੀ ਲੋੜ ਪੈਂਦੀ ਹੈ। ਇਸ ਦਾ ਦਬਾਅ ਨਦੀਆਂ ’ਤੇ ਪੈਂਦਾ ਹੈ। ਰੇਤ ਦਾ ਅਤਿਅੰਤ ਦੋਹਨ ਭਾਰਤ ਸਮੇਤ ਦੁਨੀਆ ਭਰ ਦੀਆਂ ਨਦੀਆਂ ਦੀ ਹੋਂਦ ਲਈ ਖ਼ਤਰਾ ਬਣਦਾ ਜਾ ਰਿਹਾ ਹੈ।
ਹਾਲ ਹੀ ’ਚ ਸਿੰਗਾਪੁਰ ਦੀ ਨਾਨਯਾਂਗ ਟੈਕਨੋਲਾਜੀਕਲ ਯੂਨੀਵਰਸਿਟੀ ਨਾਲ ਜੁੜੇ ਖੋਜਕਾਰਾਂ ਨੇ ਇਕ ਅਧਿਐਨ ਕੀਤਾ, ਜੋ 26 ਅੰਤਰਰਾਸ਼ਟਰੀ ਵਿਗਿਆਨੀਆਂ ਦੀ ਸਮੀਖਿਆ ’ਤੇ ਕੇਂਦਰਿਤ ਹੈ। ਇਸ ਨੂੰ ਵੱਕਾਰੀ ਵਿਗਿਆਨਕ ਜਰਨਲ ‘ਪ੍ਰੀਵਿਊਜ਼ ਆਫ਼ ਜਿਓਫਿਜ਼ਿਕਸ’ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਖੋਜਕਾਰਾਂ ਨੇ 1974 ਤੋਂ ਹੁਣ ਤੱਕ ਪ੍ਰਕਾਸ਼ਿਤ 411 ਵਿਗਿਆਨਕ ਅਧਿਐਨਾਂ ਦਾ ਵਿਸ਼ਲੇਸ਼ਣ ਕੀਤਾ। ਅਧਿਐਨ ’ਚ ਦੱਸਿਆ ਗਿਆ ਹੈ ਕਿ ਕਿਸੇ ਵੀ ਨਦੀ ’ਚੋਂ ਜ਼ਿਆਦਾ ਰੇਤ ਕੱਢਣ ਕਾਰਨ ਉਸ ਦੇ ਕਿਨਾਰੇ ਕਮਜ਼ੋਰ ਹੋਣ ਲੱਗਦੇ ਹਨ। ਇਸ ਦੇ ਨਾਲ ਹੀ ਧਰਤੀ ਹੇਠਲਾ ਪਾਣੀ ਘੱਟ ਅਤੇ ਪਾਣੀ ਦੂਸ਼ਿਤ ਹੋਣ ਲੱਗਦਾ ਹੈ। ਤੱਟਵਰਤੀ ਇਲਾਕਿਆਂ ’ਚ ਸਮੁੰਦਰ ਦਾ ਖਾਰਾ ਪਾਣੀ ਅੰਦਰ ਤੱਕ ਪਹੁੰਚਣ ਲੱਗਦਾ ਹੈ।
ਸਵਾਲ ਇਹ ਹੈ ਕਿ ਕੀ ਭਵਿੱਖ ’ਚ ਰੇਤ ਦੀ ਵਰਤੋਂ ਨੂੰ ਘੱਟ ਕੀਤਾ ਜਾ ਸਕਦਾ ਹੈ? ਜਿਸ ਤਰ੍ਹਾਂ ਨਾਲ ਉਸਾਰੀ ਕਾਰਜ ਵਧਦੇ ਜਾ ਰਹੇ ਹਨ, ਉਸ ਨਾਲ ਤਾਂ ਇੰਝ ਲੱਗਦਾ ਹੈ ਕਿ ਭਵਿੱਖ ’ਚ ਰੇਤ ਦੀ ਮੰਗ ਹੋਰ ਵਧੇਗੀ। ਇਸ ਦਾ ਸਿੱਧਾ ਪ੍ਰਭਾਵ ਨਦੀਆਂ ’ਤੇ ਪਵੇਗਾ। ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਨੇ ਆਪਣੀ ਇਕ ਰਿਪੋਰਟ ’ਚ ਦੱਸਿਆ ਹੈ ਕਿ 2060 ਤੱਕ ਉਸਾਰੀ ਖੇਤਰ ’ਚ ਰੇਤ ਦੀ ਮੰਗ 45 ਫ਼ੀਸਦੀ ਤੱਕ ਵਧਣ ਦਾ ਅਨੁਮਾਨ ਹੈ। ਇਸ ਰਿਪੋਰਟ ਦੀ ਗੱਲ ਛੱਡ ਦਿਓ ਤਾਂ ਵੀ ਇਸ ਲਈ ਕਿਸੇ ਵੱਡੇ ਗਣਿਤ ਦੀ ਲੋੜ ਨਹੀਂ ਹੈ। ਭਾਰਤ ’ਚ ਇਸ ਮੁੱਦੇ ’ਤੇ ਕਿਸੇ ਬਦਲਵੀਂ ਨੀਤੀ ਦੀ ਤਾਂ ਗੱਲ ਹੀ ਛੱਡ ਦਿਓ, ਕਈ ਥਾਵਾਂ ’ਤੇ ਗ਼ੈਰ-ਕਾਨੂੰਨੀ ਖਨਨ ਹੋ ਰਿਹਾ ਹੈ ਪਰ ਰਾਜ ਸਰਕਾਰਾਂ ਉਸ ਨੂੰ ਵੀ ਨਹੀਂ ਰੋਕ ਪਾ ਰਹੀਆਂ। ਵਿਦੇਸ਼ਾਂ ’ਚ ਇਸ ਸੰਬੰਧ ’ਚ ਸਖ਼ਤ ਨਿਯਮ-ਕਾਨੂੰਨ ਹਨ ਪਰ ਸਾਡੇ ਦੇਸ਼ ’ਚ ਇਸ ਮੁੱਦੇ ’ਤੇ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਹਨ।
ਦਰਅਸਲ ਦੁਨੀਆ ’ਚ ਲਗਭਗ 5000 ਕਰੋੜ ਟਨ ਰੇਤ ਅਤੇ ਬੱਜਰੀ ਦਾ ਖਨਨ ਹੋ ਰਿਹਾ ਹੈ। ਅਸੀਂ ਇਹ ਨਹੀਂ ਸਮਝ ਪਾਉਂਦੇ ਕਿ ਜਿਸ ਰੇਤ ਅਤੇ ਬੱਜਰੀ ਦਾ ਅਸੀਂ ਅੰਨ੍ਹੇਵਾਹ ਖਨਨ ਕਰ ਰਹੇ ਹਾਂ, ਉਨ੍ਹਾਂ ਨੂੰ ਬਣਨ ’ਚ ਇਕ ਲੰਬਾ ਸਮਾਂ ਲੱਗਦਾ ਹੈ। ਚੀਨ ਕੰਕਰੀਟ ਉਸਾਰੀ ਲਈ ਸਭ ਤੋਂ ਵੱਧ ਰੇਤ ਅਤੇ ਬੱਜਰੀ ਦੀ ਵਰਤੋਂ ਕਰਦਾ ਹੈ। ਦੂਜੇ ਨੰਬਰ ’ਤੇ ਉਸਾਰੀ ਲਈ ਭਾਰਤ ਸਭ ਤੋਂ ਵੱਧ ਇਸ ਸਮੱਗਰੀ ਦੀ ਵਰਤੋਂ ਕਰਦਾ ਹੈ। ਭਾਰਤ ’ਚ ਖਨਨ ਕਾਰਨ ਵੱਖ-ਵੱਖ ਖੇਤਰਾਂ ਦੀਆਂ ਨਦੀਆਂ ’ਚ ਵੱਖ-ਵੱਖ ਬਦਲਾਅ ਦੇਖੇ ਗਏ। ਉੱਤਰ-ਪੱਛਮੀ ਭਾਰਤ ਦੀਆਂ ਹਿਮਾਲੀਅਨ ਨਦੀਆਂ ’ਚ ਤਲਛਟ ਦਾ ਵਹਾਅ ਠੀਕ ਤਰੀਕੇ ਨਾਲ ਨਹੀਂ ਹੋ ਰਿਹਾ। ਨਦੀਆਂ ਦੀ ਚੌੜਾਈ ਘਟ ਰਹੀ ਹੈ ਅਤੇ ਤਲ ਡੂੰਘਾ ਹੋ ਰਿਹਾ ਹੈ। ਬਰਸਾਤ ਦਾ ਮੌਸਮ ਖ਼ਤਮ ਹੋਣ ਤੋਂ ਬਾਅਦ ਇਨ੍ਹਾਂ ਨਦੀਆਂ ਦਾ ਤਲ ਸੁੱਕ ਕੇ ਦਿਖਾਈ ਦੇਣ ਲੱਗਦਾ ਹੈ। ਇਸ ਕਾਰਨ ਉਥੋਂ ਆਸਾਨੀ ਨਾਲ ਰੇਤ ਕੱਢੀ ਜਾਂਦੀ ਹੈ।
ਭਾਰਤ ਦੀ ਮਿਊਰਾਕਸ਼ੀ ਨਦੀ, ਹਿਮਾਲਿਆ ਦੀ ਤਲਹਟੀ ’ਚ ਵਹਿਣ ਵਾਲੀ ਗੌਲਾ ਨਦੀ ਅਤੇ ਸਤਲੁਜ ਨਦੀ ’ਤੇ ਹੋਏ ਅਧਿਐਨਾਂ ’ਚ ਇਹ ਗੱਲ ਸਾਹਮਣੇ ਆਈ ਕਿ ਬਹੁਤ ਜ਼ਿਆਦਾ ਖਨਨ ਨਦੀਆਂ ਦੇ ਕੁਦਰਤੀ ਸਰੂਪ ਨੂੰ ਬਦਲ ਰਿਹਾ ਹੈ। ਨਦੀਆਂ ਤੰਗ ਹੋ ਰਹੀਆਂ ਹਨ ਅਤੇ ਕੰਢਿਆਂ ’ਤੇ ਕਟਾਅ ਵਧਿਆ ਹੈ। ਇਸੇ ਤਰ੍ਹਾਂ ਦੱਖਣੀ ਭਾਰਤ ’ਚ ਖਨਨ ਕਾਰਨ ਜ਼ਮੀਨ ਹੇਠਲੇ ਪਾਣੀ ’ਚ ਕਮੀ ਦੇਖੀ ਗਈ। ਇਸ ਦੇ ਨਾਲ ਹੀ ਖਾਰਾਪਣ ਵੀ ਵਧ ਗਿਆ। ਤੇਲੰਗਾਨਾ ਅਤੇ ਕੇਰਲ ਦੀਆਂ ਨਦੀਆਂ ਦੇ ਪੀ. ਐੱਚ. ਪੱਧਰ ’ਚ ਬਦਲਾਅ ਦਰਜ ਕੀਤਾ ਗਿਆ। ਦਰਅਸਲ ਰੇਤ ਸਾਡੇ ਵਾਤਾਵਰਣ ਪ੍ਰਣਾਲੀ ਦਾ ਇਕ ਮਹੱਤਵਪੂਰਨ ਅੰਗ ਹੈ। ਰੇਤ ਮੱਛੀਆਂ, ਕਛੂਆਂ, ਕੇਕੜਿਆਂ ਅਤੇ ਹੋਰ ਜੀਵਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ। ਇਸ ਦੇ ਨਾਲ ਹੀ ਰੇਤ ਸਮੁੰਦਰੀ ਕਟਾਅ ਨੂੰ ਰੋਕਦੀ ਹੈ ਅਤੇ ਹੜ੍ਹਾਂ ਦੇ ਅਸਰ ਨੂੰ ਘੱਟ ਕਰਦੀ ਹੈ।
ਬਦਕਿਸਮਤੀ ਇਹ ਹੈ ਕਿ ਕਈ ਥਾਵਾਂ ’ਤੇ ਸੁਰੱਖਿਅਤ ਖੇਤਰਾਂ ’ਚ ਵੀ ਰੇਤ ਦਾ ਖਨਨ ਹੋ ਰਿਹਾ ਹੈ। ਸਵਾਲ ਇਹ ਹੈ ਕਿ ਇਸ ਦੌਰ ’ਚ ਕੀ ਸਰਕਾਰ ਕੋਈ ਅਜਿਹੀ ਯੋਜਨਾ ਬਣਾ ਸਕਦੀ ਹੈ, ਜਿਸ ਨਾਲ ਜ਼ਰੂਰੀ ਨਿਰਮਾਣ ਕਾਰਜ ਵੀ ਹੁੰਦੇ ਰਹਿਣ ਅਤੇ ਨਦੀਆਂ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇ? ਸਾਨੂੰ ਵੀ ਇਹ ਸਮਝਣਾ ਹੋਵੇਗਾ ਕਿ ਰੇਤ ਅਤੇ ਬੱਜਰੀ ਦਾ ਬਹੁਤ ਜ਼ਿਆਦਾ ਦੋਹਨ ਸਿਰਫ ਨਦੀਆਂ ਨੂੰ ਹੀ ਬਰਬਾਦ ਨਹੀਂ ਕਰੇਗਾ, ਸਗੋਂ ਸਾਡੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰੇਗਾ।
-ਰੋਹਿਤ ਕੌਸ਼ਿਕ
