ਕੀ ਅਸੀਂ ਬਹੁਤ ਜ਼ਿਆਦਾ ‘ਐਂਟੀਡਿਪ੍ਰੈਸੈਂਟ’ ਲੈ ਰਹੇ ਹਾਂ?
Sunday, Oct 11, 2026 - 02:09 PM (IST)
ਸਿਲੈਕਟਿਵ ਸੇਰੋਟੋਨਿਨ ਰੀਅਪਟੇਕ ਇਨਹਿਬਿਟਰਜ਼ (ਐੱਸ. ਐੱਸ. ਆਰ. ਆਈ.) ਭਾਰਤ ਸਮੇਤ ਪੂਰੀ ਦੁਨੀਆ ’ਚ ਸਭ ਤੋਂ ਵੱਧ ਵਿਆਪਕ ਤੌਰ ’ਤੇ ਦਿੱਤੀਆਂ ਜਾਣ ਵਾਲੀਆਂ ਐਂਟੀਡਿਪ੍ਰੈਸੈਂਟ ਦਵਾਈਆਂ ’ਚੋਂ ਇਕ ਬਣ ਰਹੀਆਂ ਹਨ। ਹਾਲਾਂਕਿ ਇਸ ਰੁਝਾਨ ਨੂੰ ਮਾਨਸਿਕ ਸਿਹਤ ਪ੍ਰਤੀ ਬਦਲਦੇ ਦ੍ਰਿਸ਼ਟੀਕੋਣ, ਬਿਹਤਰ ਨਿਦਾਨ ਅਤੇ ਦੇਖਭਾਲ ਤੱਕ ਵਧੀ ਹੋਈ ਪਹੁੰਚ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ ਪਰ ਮਨੋਚਿਕਿਤਸਕ ਚਿਤਾਵਨੀ ਦਿੰਦੇ ਹਨ ਕਿ ਇਹ ਦਵਾਈਆਂ ਰੋਜ਼ਾਨਾ ਦੇ ਭਾਵਨਾਤਮਕ ਤਣਾਅ ਜਾਂ ਅਸਥਾਈ ਤਣਾਅ ਦੇ ਕਾਰਕਾਂ ਲਈ ਨਹੀਂ ਹਨ।
ਦਿੱਲੀ ’ਚ ਮਨੋਚਿਕਿਤਸਾ ਦੀ ਸੀਨੀਅਰ ਸਲਾਹਕਾਰ ਡਾ. ਮੋਨਿਕਾ ਛਿੱਬਰ ਕਹਿੰਦੀ ਹੈ, ‘ਪਿਛਲੇ ਕੁਝ ਸਾਲਾਂ ’ਚ ਐੱਸ. ਐੱਸ. ਆਰ. ਆਈ. ਦੇ ਨੁਸਖ਼ਿਆਂ ’ਚ ਕ੍ਰਮਵਾਰ ਵਾਧਾ ਹੋਇਆ ਹੈ।’
ਉਹ ਇਸ ਦਾ ਸਿਹਰਾ ਮਾਨਸਿਕ ਸਿਹਤ ਪ੍ਰਤੀ ਵਧੇਰੇ ਜਾਗਰੂਕਤਾ, ਮਨੋਰੋਗ ਦੇਖਭਾਲ ਤੱਕ ਬਿਹਤਰ ਪਹੁੰਚ ਅਤੇ ਮੁੱਢਲੀ ਦੇਖਭਾਲ ਸਥਿਤੀਆਂ ’ਚ ਵੀ ਚਿੰਤਾ ਅਤੇ ਡਿਪ੍ਰੈਸ਼ਨ ਦੀ ਬਿਹਤਰ ਪਛਾਣ ਨੂੰ ਦਿੰਦੀ ਹੈ। ਭਾਰਤ ’ਚ ਐਂਟੀਡਿਪ੍ਰੈਸੈਂਟ ਦਵਾਈਆਂ ਸੁਲਭ ਅਤੇ ਸਸਤੀਆਂ ਵੀ ਹਨ।
ਗੁਰੂਗ੍ਰਾਮ ’ਚ ਮਾਨਸਿਕ ਸਿਹਤ ਦੇ ਡਾਇਰੈਕਟਰ ਡਾ. ਸੌਰਭ ਮਲਹੋਤਰਾ ਕਹਿੰਦੇ ਹਨ ਕਿ ਮਹਾਮਾਰੀ ਨੇ ਤਣਾਅ, ਚਿੰਤਾ ਅਤੇ ਡਿਪ੍ਰੈਸ਼ਨ ਨੂੰ ਕਾਫ਼ੀ ਵਧਾ ਦਿੱਤਾ ਹੈ, ਜਦੋਂ ਕਿ ਟੈਲੀਕੰਸਲਟੇਸ਼ਨ ਅਤੇ ਪ੍ਰਾਇਮਰੀ ਹੈਲਥ ਕੇਅਰ ਨੇ ਮਨੋਰੋਗ ਮੁਲਾਂਕਣ ਨੂੰ ਵਧੇਰੇ ਸੁਲਭ ਬਣਾ ਦਿੱਤਾ ਹੈ। ਇਸ ਦੇ ਨਾਲ ਹੀ, ਐੱਸ.ਐੱਸ.ਆਰ.ਆਈ. ਕਈ ਆਮ ਮਾਨਸਿਕ ਸਿਹਤ ਸਥਿਤੀਆਂ ਲਈ ਪਹਿਲੀ ਪਸੰਦ ਦੇ ਇਲਾਜ ਵਜੋਂ ਸੁਝਾਈ ਜਾਂਦੀ ਰਹੀ ਹੈ।
ਡਾ. ਮਲਹੋਤਰਾ ਦੱਸਦੇ ਹਨ ਕਿ ਇਨ੍ਹਾਂ ਨੂੰ ਆਮ ਤੌਰ ’ਤੇ ਮੱਧਮ ਤੋਂ ਗੰਭੀਰ ਡਿਪ੍ਰੈਸ਼ਨ, ਐਂਗਜ਼ਾਈਟੀ ਡਿਸਆਰਡਰ, ਓਬਸੈਸਿਵ-ਕੰਪਲਸਿਵ ਡਿਸਆਰਡਰ, ਪੈਨਿਕ ਡਿਸਆਰਡਰ ਅਤੇ ਕੁਝ ਮਾਮਲਿਆਂ ’ਚ ਪੋਸਟ-ਟ੍ਰੌਮੈਟਿਕ ਸਟ੍ਰੈੱਸ ਡਿਸਆਰਡਰ ਲਈ ਲਿਖਿਆ ਜਾਂਦਾ ਹੈ। ਹਾਲਾਂਕਿ, ਮਾਹਿਰ ਸਰਬਸੰਮਤੀ ਨਾਲ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਦਵਾਈ ਦੀ ਸਿਫ਼ਾਰਸ਼ ਸਿਰਫ ਇਕ ਤੁਰੰਤ ਸਲਾਹ ਜਾਂ ਸਵੈ-ਨਿਦਾਨ ਦੀ ਬਜਾਏ ਡੂੰਘੇ ਕਲੀਨਿਕਲ ਮੁਲਾਂਕਣ ਤੋਂ ਬਾਅਦ ਹੀ ਕੀਤੀ ਜਾਣੀ ਚਾਹੀਦੀ ਹੈ।
ਵਧਦੀਆਂ ਚਿੰਤਾਵਾਂ : ਨੁਸਖ਼ਿਆਂ ਦੀ ਵਧਦੀ ਗਿਣਤੀ ਨੇ ਲਾਜ਼ਮੀ ਤੌਰ ’ਤੇ ਇਹ ਚਿੰਤਾ ਪੈਦਾ ਕਰ ਦਿੱਤੀ ਹੈ ਕਿ ਕੀ ਐਂਟੀਡਿਪ੍ਰੈਸੈਂਟ ਬਹੁਤ ਆਸਾਨੀ ਨਾਲ ਦਿੱਤੇ ਜਾ ਰਹੇ ਹਨ? ਡਾਕਟਰਾਂ ਅਨੁਸਾਰ ਇਸ ਦਾ ਉੱਤਰ ਬਹੁ-ਆਯਾਮੀ ਹੈ। ਡਾ. ਛਿੱਬਰ ਦਾ ਮੰਨਣਾ ਹੈ ਕਿ ਨੁਸਖ਼ਿਆਂ ’ਚ ਵਾਧੇ ਤੋਂ ਜ਼ਰੂਰੀ ਤੌਰ ’ਤੇ ਬਹੁਤ ਜ਼ਿਆਦਾ ਦਵਾਈ ਦਿੱਤਾ ਜਾਣਾ ਨਹੀਂ ਝਲਕਦਾ। ਬਿਹਤਰ ਪਛਾਣ ਨੇ ਵਧੇਰੇ ਮਰੀਜ਼ਾਂ ਨੂੰ ਇਲਾਜ ਪ੍ਰਾਪਤ ਕਰਨ ’ਚ ਸਮਰੱਥ ਬਣਾਇਆ ਹੈ। ਹਾਲਾਂਕਿ, ਡਾ. ਮਲਹੋਤਰਾ ਦੱਸਦੇ ਹਨ ਕਿ ਅਜਿਹੀਆਂ ਸਥਿਤੀਆਂ ਵੀ ਹਨ, ਜਿੱਥੇ ਮੁਕਾਬਲਤਨ ਹਲਕੇ ਲੱਛਣਾਂ ਲਈ ਦਵਾਈ ਸ਼ੁਰੂ ਕੀਤੀ ਜਾ ਸਕਦੀ ਹੈ ਜੋ ਸਿਰਫ ਮਨੋਚਿਕਿਤਸਾ ਜਾਂ ਸਲਾਹ-ਮਸ਼ਵਰੇ ਨਾਲ ਠੀਕ ਹੋ ਸਕਦੇ ਹਨ। ਅਹਿਮਦਾਬਾਦ ਦੇ ਡਾ. ਹੇਮਾਂਗ ਦੇਸਾਈ ਕਹਿੰਦੇ ਹਨ, ‘ਅੱਜਕੱਲ, ਲਗਭਗ ਹਰ ਡਾਕਟਰ ਐੱਸ. ਐੱਸ. ਆਰ. ਆਈ. ਲਿਖ ਰਿਹਾ ਹੈ।’ ਜਿਸ ਤੋਂ ਪਤਾ ਲੱਗਦਾ ਹੈ ਕਿ ਮਾਮੂਲੀ ਚਿੰਤਾ ਵਾਲੇ ਮਰੀਜ਼ਾਂ ਨੂੰ ਕਦੇ-ਕਦੇ ਅਜਿਹੀ ਦਵਾਈ ਮਿਲ ਸਕਦੀ ਹੈ, ਜੋ ਹਮੇਸ਼ਾ ਜ਼ਰੂਰੀ ਨਹੀਂ ਹੋ ਸਕਦੀ। ਨਿਊਰੋਸਾਈਕੋਫਾਰਮਾਕੋਲੋਜੀ ’ਚ ਪ੍ਰਕਾਸ਼ਿਤ 2023 ਦੇ ਇਕ ਅਮਰੀਕੀ ਅਧਿਐਨ ’ਚ ਖੋਜਕਾਰਾਂ ਨੇ ਪਾਇਆ ਕਿ ਐੱਸ.ਐੱਸ.ਆਰ.ਆਈ. ਨੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਖ਼ੁਦਕੁਸ਼ੀ ਦੇ ਯਤਨਾਂ ਦਾ ਜੋਖਮ 3 ਗੁਣਾ ਅਤੇ 18-24 ਸਾਲ ਦੀ ਉਮਰ ਦੇ ਲੋਕਾਂ ਲਈ 2 ਗੁਣਾ ਤੱਕ ਵਧਾ ਦਿੱਤਾ।
ਸੁਰੱਖਿਅਤ ਪਰ ਧਿਆਨ ਰੱਖੋ : ਡਾਕਟਰਾਂ ਦਾ ਕਹਿਣਾ ਹੈ ਕਿ ਉਚਿਤ ਉਪਯੋਗ ਕੀਤੇ ਜਾਣ ’ਤੇ ਐੱਸ. ਐੱਸ. ਆਰ. ਆਈ. ਉਪਲਬਧ ਸਭ ਤੋਂ ਸੁਰੱਖਿਅਤ ਮਨੋਰੋਗ ਦਵਾਈਆਂ ’ਚੋਂ ਹਨ। ਬਹੁਤੇ ਮਰੀਜ਼ਾਂ ਨੂੰ ਮਹੱਤਵਪੂਰਨ ਸੁਧਾਰ ਦਾ ਅਨੁਭਵ ਹੁੰਦਾ ਹੈ, ਹਾਲਾਂਕਿ ਦਵਾਈਆਂ ਦੇ ਪੂਰੇ ਲਾਭ ਮਿਲਣ ਤੋਂ ਪਹਿਲਾਂ ਆਮ ਤੌਰ ’ਤੇ 2 ਤੋਂ 6 ਹਫ਼ਤਿਆਂ ਦੀ ਲੋੜ ਹੁੰਦੀ ਹੈ। ਡਾ. ਮਲਹੋਤਰਾ ਕਹਿੰਦੇ ਹਨ, ‘ਰਿਕਵਰੀ ਤੋਂ ਬਾਅਦ ਇਲਾਜ ਅਕਸਰ 6 ਮਹੀਨੇ ਤੋਂ 1 ਸਾਲ ਤੱਕ ਜਾਰੀ ਰਹਿੰਦਾ ਹੈ ਅਤੇ ਕੁਝ ਵਾਰ-ਵਾਰ ਹੋਣ ਵਾਲੀਆਂ ਸਥਿਤੀਆਂ ’ਚ, ਲੰਬੀ ਮਿਆਦ ਦੀ ਥੈਰੇਪੀ ਦੀ ਸਿਫ਼ਾਰਸ਼ ਕੀਤੀ ਜਾ ਸਕਦੀ ਹੈ।’ ਮਾੜੇ ਪ੍ਰਭਾਵਾਂ ’ਚ ਜੀਅ ਮਚਲਾਉਣਾ, ਸਿਰਦਰਦ, ਪੇਟ ’ਚ ਜਲਣ, ਨੀਂਦ ਦੀ ਗੜਬੜੀ, ਭੁੱਖ ’ਚ ਬਦਲਾਅ ਅਤੇ ਜਿਨਸੀ ਰੋਗ ਸ਼ਾਮਲ ਹਨ, ਖ਼ਾਸਕਰ ਇਲਾਜ ਦੇ ਸ਼ੁਰੂਆਤੀ ਹਫ਼ਤਿਆਂ ਦੌਰਾਨ। ਜ਼ਿਆਦਾਤਰ ਹਲਕੇ ਹੁੰਦੇ ਹਨ ਅਤੇ ਸਰੀਰ ਦੇ ਆਦੀ ਹੋਣ ’ਤੇ ਸੁਧਰ ਜਾਂਦੇ ਹਨ। ਡਾ. ਛਿੱਬਰ ਚਿਤਾਵਨੀ ਦਿੰਦੀ ਹੈ, ‘ਸੁਰੱਖਿਅਤ ਅਤੇ ਉਚਿਤ ਇਲਾਜ ਯਕੀਨੀ ਬਣਾਉਣ ਲਈ, ਲਈ ਜਾ ਰਹੀ ਕਿਸੇ ਵੀ ਹੋਰ ਦਵਾਈ, ਗਰਭ ਅਵਸਥਾ ਦੀ ਸਥਿਤੀ, ਸ਼ਰਾਬ ਦੀ ਵਰਤੋਂ, ਪਿਛਲੇ ਮਨੋਰੋਗ ਇਤਿਹਾਸ ਜਾਂ ਮੌਜੂਦਾ ਡਾਕਟਰੀ ਸਥਿਤੀਆਂ ਬਾਰੇ ਡਾਕਟਰ ਨੂੰ ਸੂਚਿਤ ਕਰਨਾ ਮਹੱਤਵਪੂਰਨ ਹੈ। ਐੱਸ.ਐੱਸ.ਆਰ.ਆਈ. ਨੂੰ ਅਚਾਨਕ ਬੰਦ ਨਹੀਂ ਕੀਤਾ ਜਾਣਾ ਚਾਹੀਦਾ।
ਅੰਤ ’ਚ, ਮਨੋਚਿਕਿਤਸਕਾਂ ਦਾ ਕਹਿਣਾ ਹੈ ਕਿ ਐੱਸ. ਐੱਸ. ਆਰ. ਆਈ. ਦੇ ਨੁਸਖ਼ਿਆਂ ’ਚ ਵਾਧਾ ਤਰੱਕੀ ਅਤੇ ਜ਼ਿੰਮੇਵਾਰੀ ਦੋਵਾਂ ਨੂੰ ਦਰਸਾਉਂਦਾ ਹੈ। ਵਧੇਰੇ ਜਾਗਰੂਕਤਾ ਨੇ ਲੱਖਾਂ ਲੋਕਾਂ ਨੂੰ ਉਨ੍ਹਾਂ ਸਥਿਤੀਆਂ ਲਈ ਇਲਾਜ ਲੈਣ ’ਚ ਮਦਦ ਕੀਤੀ ਹੈ, ਜਿਨ੍ਹਾਂ ਨੂੰ ਕਦੇ ਪਛਾਣਿਆ ਨਹੀਂ ਗਿਆ ਸੀ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਐਂਟੀਡਿਪ੍ਰੈਸੈਂਟ ਨਾ ਤਾਂ ਤੁਰੰਤ ਹੱਲ ਹਨ ਅਤੇ ਨਾ ਹੀ ਜੀਵਨਸ਼ੈਲੀ ਦੀਆਂ ਦਵਾਈਆਂ।
—ਸ਼੍ਰੇਯਾ ਦੇਬ
