‘ਬੱਚਿਆਂ ਦੇ ਮਿਡ-ਡੇ-ਮੀਲ ’ਚੋਂ’ ਮਿਲੇ ਸੱਪ, ਕੋਹੜ ਕਿਰਲੀਆਂ, ਕੀੜੇ ਆਦਿ!

Tuesday, Jul 07, 2026 - 05:01 AM (IST)

‘ਬੱਚਿਆਂ ਦੇ ਮਿਡ-ਡੇ-ਮੀਲ ’ਚੋਂ’ ਮਿਲੇ ਸੱਪ, ਕੋਹੜ ਕਿਰਲੀਆਂ, ਕੀੜੇ ਆਦਿ!

ਗ਼ਰੀਬ ਬੱਚਿਆਂ ਨੂੰ ਸਕੂਲਾਂ ਵੱਲ ਆਕਰਸ਼ਿਤ ਕਰਨ ਲਈ 1995 ’ਚ ਸ਼ੁਰੂ ਕੀਤੀ ਗਈ ‘ਮਿਡ-ਡੇ-ਮੀਲ’ ਯੋਜਨਾ, ਭੋਜਨ ਪਕਾਉਣ ’ਚ ਲਾਪਰਵਾਹੀ ਅਤੇ ਸਿਹਤ ਤੇ ਸੁਰੱਖਿਆ ਸਬੰਧੀ ਨਿਯਮਾਂ ਦੀ ਅਣਦੇਖੀ ਕਾਰਨ ਵਰਦਾਨ ਦੀ ਬਜਾਏ ਸਰਾਪ ਸਿੱਧ ਹੋ ਰਹੀ ਹੈ, ਜਿਸ ਨੂੰ ਖਾ ਕੇ ਬੱਚੇ ਬੀਮਾਰ ਹੋ ਰਹੇ ਹਨ।

ਕਿਤੇ ਮਿਡ-ਡੇ-ਮੀਲ ਮੀਨੂ ਦੇ ਹਿਸਾਬ ਨਾਲ ਨਹੀਂ ਬਣਦਾ, ਤਾਂ ਕਈ ਵਾਰ ਭੋਜਨ ’ਚੋਂ ਕੋਹੜ ਕਿਰਲੀਆਂ, ਡੱਡੂ ਅਤੇ ਇੱਥੋਂ ਤੱਕ ਕਿ ਸੱਪ ਮਿਲਣ ਦੀਆਂ ਸ਼ਿਕਾਇਤਾਂ ਵੀ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ’ਚੋਂ ਇਸੇ ਸਾਲ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :

* 1 ਜਨਵਰੀ ਨੂੰ ‘ਗਵਾਲੀਅਰ’ (ਮੱਧ ਪ੍ਰਦੇਸ਼) ਦੇ ‘ਗੋਕੁਲਪੁਰ’ ਪਿੰਡ ’ਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ’ਚ ਬੱਚਿਆਂ ਨੂੰ ਪਰੋਸਣ ਲਈ ਬਣਾਈ ਗਈ ਆਲੂਆਂ ਦੀ ਸਬਜ਼ੀ ’ਚੋਂ ਮਰਿਆ ਹੋਇਆ ਡੱਡੂ ਨਿਕਲਿਆ।

* 6 ਫ਼ਰਵਰੀ ਨੂੰ ‘ਮਧੇਪੁਰਾ’ (ਬਿਹਾਰ) ਦੇ ‘ਸਾਹੂਗੜ੍ਹ’ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਮਿਡ-ਡੇ-ਮੀਲ ਖਾਣ ਵਾਲੇ 70 ਤੋਂ ਵੱਧ ਬੱਚਿਆਂ ਨੂੰ ਉਲਟੀਆਂ, ਪੇਟ ਦਰਦ, ਘਬਰਾਹਟ ਅਤੇ ਬੇਚੈਨੀ ਹੋਣ ਲੱਗੀ ਅਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਜਾਂਚ ਕਰਨ ’ਤੇ ਸਬਜ਼ੀ ਬਣਾਉਣ ਵਾਲੇ ਬਰਤਨ ’ਚ ਮਰੀ ਹੋਈ ਕੋਹੜ ਕਿਰਲੀ ਮਿਲੀ।

* 11 ਮਾਰਚ ਨੂੰ ‘ਕੋਇੰਬਟੂਰ’ (ਤਾਮਿਲਨਾਡੂ) ਦੇ ‘ਕਵੁੰਦਮਪਲਯਮ’ ਪਿੰਡ ਦੇ ਸੈਕੰਡਰੀ ਸਕੂਲ ’ਚ ਪਰੋਸਿਆ ਗਿਆ ਮਿਡ-ਡੇ-ਮੀਲ ਖਾਂਦਿਆਂ ਹੀ 44 ਵਿਦਿਆਰਥੀ ਫ਼ੂਡ ਪਵਾਇਜ਼ਨਿੰਗ ਦਾ ਸ਼ਿਕਾਰ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ। ਦੋਸ਼ ਹੈ ਕਿ ਭੋਜਨ ’ਚ ਇਕ ਕੋਹੜ ਕਿਰਲੀ ਡਿੱਗ ਗਈ ਸੀ।

*14 ਅਪ੍ਰੈਲ ਨੂੰ ‘ਮਯੂਰਭੰਜ’ (ਓਡਿਸ਼ਾ) ਦੇ ਇਕ ਸਰਕਾਰੀ ਰਿਹਾਇਸ਼ੀ ਸਕੂਲ ’ਚ ਮਿਡ-ਡੇ-ਮੀਲ ਯੋਜਨਾ ਤਹਿਤ ਪਕਾਇਆ ਗਿਆ ਦੂਸ਼ਿਤ ਖਾਣਾ ਖਾਣ ਨਾਲ 100 ਤੋਂ ਵੱਧ ਵਿਦਿਆਰਥੀ ਬੀਮਾਰ ਹੋ ਗਏ ਅਤੇ ਪੰਜਵੀਂ ਜਮਾਤ ਦੀ ਇਕ ਵਿਦਿਆਰਥਣ ਦੀ ਮੌਤ ਹੋ ਗਈ।

* 23 ਅਪ੍ਰੈਲ ਨੂੰ ‘ਮੁੰਗੇਰ’ (ਬਿਹਾਰ) ਦੇ ‘ਸਰਾਧੀ’ ਪਿੰਡ ਦੇ ਸਰਕਾਰੀ ਸੈਕੰਡਰੀ ਸਕੂਲ ਵਿਚ ਮਿਡ-ਡੇ-ਮੀਲ ਲਈ ਪਕਾਏ ਜਾਣ ਵਾਲੇ ਚੌਲਾਂ ਦੇ ਡਰੱਮ ’ਚ ਮਰਿਆ ਹੋਇਆ ਚੂਹਾ ਅਤੇ ਉਸ ਦਾ ਮਲ-ਮੂਤਰ ਮਿਲਣ ਨਾਲ ਭੜਥੂ ਪੈ ਗਿਆ।

* 6 ਮਈ ਨੂੰ ‘ਅਲਵਰ’ (ਰਾਜਸਥਾਨ) ਦੇ ‘ਨੰਗਲੀ’ ਪਿੰਡ ਦੇ ‘ਸੀਨੀਅਰ ਸੈਕੰਡਰੀ ਸਕੂਲ’ ਦੇ ਬੱਚਿਆਂ ਨੂੰ ਮਿਡ-ਡੇ-ਮੀਲ ’ਚ ਪਰੋਸੀ ਗਈ ਦਾਲ ’ਚ ਮਰਿਆ ਹੋਇਆ ਚੂਹਾ ਮਿਲਿਆ। ਸਮਾਂ ਰਹਿੰਦੇ ਪਤਾ ਲੱਗਣ ਕਾਰਨ ਇਹ ਦਾਲ ਬੱਚਿਆਂ ਨੂੰ ਪਰੋਸੀ ਨਹੀਂ ਗਈ, ਨਹੀਂ ਤਾਂ ਕੋਈ ਅਣਸੁਖਾਵੀਂ ਘਟਨਾ ਵੀ ਵਾਪਰ ਸਕਦੀ ਸੀ।

* 8 ਮਈ ਨੂੰ ‘ਸੀਤਾਪੁਰ’ (ਉੱਤਰ ਪ੍ਰਦੇਸ਼) ਦੇ ‘ਤਾਰਨਪੁਰ’ ’ਚ ਸਥਿਤ ‘ਸਰਕਾਰੀ ਸਕੂਲ’ ਦੇ ਮਿਡ-ਡੇ-ਮੀਲ ’ਚ ਕੀੜੇ ਨਿਕਲੇ।

* 8 ਮਈ ਨੂੰ ਹੀ ‘ਸਹਰਸਾ’ (ਬਿਹਾਰ) ਦੇ ‘ਮਹਿਸ਼ੀ’ ਕਸਬੇ ’ਚ ਸਥਿਤ ਸਰਕਾਰੀ ਸਕੂਲ ’ਚ ਪਰੋਸਿਆ ਗਿਆ ਮਿਡ-ਡੇ-ਮੀਲ ਖਾਣ ਦੇ ਤੁਰੰਤ ਬਾਅਦ 250 ਤੋਂ ਵੱਧ ਬੱਚੇ ਉਲਟੀ, ਤੇਜ਼ ਪੇਟ ਦਰਦ ਅਤੇ ਘਬਰਾਹਟ ਦੀ ਸ਼ਿਕਾਇਤ ਕਰਨ ਲੱਗੇ, ਜਿਸ ’ਤੇ ਬੱਚਿਆਂ ਨੂੰ ਤੁਰੰਤ ਇਲਾਜ ਲਈ ਹਸਪਤਾਲਾਂ ’ਚ ਪਹੁੰਚਾਇਆ ਗਿਆ। ਬੱਚਿਆਂ ਦੇ ਮਾਪਿਆਂ ਦਾ ਦੋਸ਼ ਹੈ ਕਿ ਮਿਡ-ਡੇ-ਮੀਲ ’ਚ ਸੱਪ ਸੀ।

* 30 ਜੂਨ ਨੂੰ ‘ਖਗੜੀਆ’ (ਬਿਹਾਰ) ’ਚ ਸਥਿਤ ਇਕ ਸਰਕਾਰੀ ਸਕੂਲ ’ਚ ਕੀੜਿਆਂ ਵਾਲਾ ਅਤੇ ਖ਼ਰਾਬ ਮਿਡ-ਡੇ-ਮੀਲ ਖਾਣ ਨਾਲ 25 ਬੱਚੇ ਬੀਮਾਰ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਉਣਾ ਪਿਆ।

* ਅਤੇ ਹੁਣ 3 ਜੁਲਾਈ ਨੂੰ ‘ਦਿੱਲੀ’ ’ਚ ‘ਹਰੀਨਗਰ’ ਦੇ ਇਕ ਸਰਕਾਰੀ ਸਕੂਲ ਦੇ ਅੱਪਰ ਪ੍ਰਾਇਮਰੀ ਵਿੰਗ ਦੇ ਬੱਚਿਆਂ ਨੂੰ ਖਾਣਾ ਵੰਡਣ ਦੌਰਾਨ ਇਕ ਹੈਲਪਰ ਨੇ ਮਿਡ-ਡੇ-ਮੀਲ ਦੇ ਇਕ ਕੰਟੇਨਰ ਦੇ ਅੰਦਰ ਮਰੀ ਹੋਈ ਕੋਹੜ ਕਿਰਲੀ ਦੇਖੀ। ਉਸ ਨੇ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਅਤੇ ਸਕੂਲ ਪ੍ਰਸ਼ਾਸਨ ਨੇ ਤੁਰੰਤ ਖਾਣੇ ਦੀ ਵੰਡ ਰੁਕਵਾ ਦਿੱਤੀ।

ਹਾਲਾਂਕਿ ਬੱਚਿਆਂ ਨੂੰ ਪਰੋਸਣ ਤੋਂ ਪਹਿਲਾਂ ਖਾਣੇ ਨੂੰ ਇਕ ਅਧਿਆਪਕ ਸਮੇਤ 2 ਬਾਲਗਾਂ ਵੱਲੋਂ ਖਾ ਕੇ ਜਾਂਚਣ ਅਤੇ ਕੱਚੇ ਸਾਮਾਨ ਤੇ ਬਰਤਨਾਂ ਆਦਿ ਦੀ ਸ਼ੁੱਧਤਾ ਦੇ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ ਪਰ ਵਧੇਰੇ ਮਾਮਲਿਆਂ ’ਚ ਇਨ੍ਹਾਂ ਨਿਯਮਾਂ ਦੀ ਪਾਲਣਾ ਹੀ ਨਹੀਂ ਕੀਤੀ ਜਾਂਦੀ।

ਇਸ ਲਈ ਮਿਡ-ਡੇ-ਮੀਲ ਬਣਾ ਕੇ ਸਪਲਾਈ ਕਰਨ ਵਾਲੀਆਂ ਸੰਸਥਾਵਾਂ ਦੀ ਨਿਗਰਾਨੀ ਵਧਾਉਣ, ਆਪਣੇ ਇੱਥੇ ਮਿਡ-ਡੇ-ਮੀਲ ਤਿਆਰ ਕਰਨ ਵਾਲੇ ਸਕੂਲਾਂ ਦੀਆਂ ਰਸੋਈਆਂ ਅਤੇ ਖਾਣਾ ਤਿਆਰ ਕਰਨ ਦੀ ਪ੍ਰਕਿਰਿਆ ਦਾ ਨਿਰੀਖਣ ਕਰਨ, ਸੁਰੱਖਿਅਤ ਖਾਣਾ ਵਿਵਸਥਾ ਯਕੀਨੀ ਬਣਾਉਣ ਅਤੇ ਉਸਦੇ ਨਾਲ ਹੀ ਘਟੀਆ ਖੁਰਾਕੀ ਪਦਾਰਥ ਸਪਲਾਈ ਕਰਨ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।

— ਵਿਜੇ ਕੁਮਾਰ


author

Sandeep Kumar

Content Editor

Related News