ਪੰਥਕ ਵੋਟਰਾਂ ਲਈ ਤੈਅ ਕਰਨਾ ਮੁਸ਼ਕਲ ਕਿ ਅਸੈਂਬਲੀ ਚੋਣਾਂ ’ਚ ਵੋਟ ਦੇਣ ਜਾਂ ਨਾ

Friday, Feb 06, 2026 - 05:25 PM (IST)

ਪੰਥਕ ਵੋਟਰਾਂ ਲਈ ਤੈਅ ਕਰਨਾ ਮੁਸ਼ਕਲ ਕਿ ਅਸੈਂਬਲੀ ਚੋਣਾਂ ’ਚ ਵੋਟ ਦੇਣ ਜਾਂ ਨਾ

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੰਥਕ ਮਸਲੇ ਕੇਂਦਰੀ ਮੁੱਦਾ ਬਣ ਗਏ ਹਨ। ਸਾਰੀਆਂ ਸਿਆਸੀ ਪਾਰਟੀਆਂ ਪੰਥਕ ਏਜੰਡਾ ਅੱਗੇ ਰੱਖ ਕੇ ਚੋਣ ਜਿੱਤਣ ਦੀ ਕੋਸ਼ਿਸ਼ ਕਰਦੀਆਂ ਨਜ਼ਰ ਆ ਰਹੀਆਂ ਹਨ। ਸਾਰੀਆਂ ਪਾਰਟੀਆਂ ਆਪਣੇ ਆਪ ਨੂੰ ਪੰਥਕ ਹਿਤੈਸ਼ੀ ਅਤੇ ਦੂਜੀਆਂ ਪਾਰਟੀਆਂ ਨੂੰ ਪੰਥ ਵਿਰੋਧੀ ਗਰਦਾਨਣ ’ਚ ਕੋਈ ਕਸਰ ਨਹੀਂ ਛੱਡ ਰਹੀਆਂ ਪਰ ਇਸ ਸਾਰੀ ਵਿਉਂਤਬੰਦੀ ’ਚ ਤਕਰੀਬਨ ਸਾਰੀਆਂ ਹੀ ਪਾਰਟੀਆਂ ਦੀ ਹਾਲਾਤ ‘‘ਹਮਾਮ ’ਚ ਸਭ ਨੰਗੇ’’ ਵਰਗੀ ਹੋ ਗਈ ਹੈ ਕਿਉਂਕਿ ਮੌਜੂਦਾ ਸਮੇਂ ’ਚ ਸਾਰੀਆਂ ਮੁੱਖ ਪਾਰਟੀਆਂ ’ਤੇ ਪੰਥਕ ਹਿੱਤਾਂ ਦੇ ਵਿਰੁੱਧ ਕੰਮ ਕਰਨ ਦੇ ਦੋਸ਼ ਲੱਗ ਰਹੇ ਹਨ।

ਜੇਕਰ ਮੌਜੂਦਾ ਸਿਆਸੀ ਪਾਰਟੀਆਂ ਦਾ ਵਿਸ਼ਲੇਸ਼ਣ ਕਰੀਏ ਤਾਂ ਪੰਥਕ ਮੁੱਦਿਆਂ ’ਤੇ ਸਾਰੀਆਂ ਪਾਰਟੀਆਂ ’ਤੇ ‘ਕਿਸੇ ’ਤੇ ਕੁਝ ਘੱਟ ਅਤੇ ਕਿਸੇ ’ਤੇ ਕੁਝ ਵੱਧ’ ਦੋਸ਼ ਲੱਗ ਰਹੇ ਹਨ। ਇਹ ਸਭ ਸਮਝਣ ਲਈ ਸਾਰੀਆਂ ਮੁੱਖ ਪਾਰਟੀਆਂ ਕਾਂਗਰਸ, ਭਾਜਪਾ, ਆਪ ਅਤੇ ਅਕਾਲੀ ਦਲ ਬਾਦਲ ਦੀ ਪੰਥਕ ਮੁੱਦਿਆਂ ਪ੍ਰਤੀ ਪਿਛਲੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਕਰਦੇ ਹਾਂ।

ਕਾਂਗਰਸ ਜੋ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਤੇ ਇਸੇ ਪਾਰਟੀ ਨੇ ਦੇਸ਼ ਅਤੇ ਸੂਬਿਆਂ ’ਚ ਸਭ ਤੋਂ ਵੱਧ ਸਮਾਂ ਰਾਜ ਕੀਤਾ ਹੈ, ਦੀ ਗੱਲ ਕਰੀਏ ਤਾਂ ਇਸੇ ਪਾਰਟੀ ’ਤੇ ਸਭ ਤੋਂ ਵੱਧ ਦੋਸ਼ ਲੱਗਦੇ ਹਨ। ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਕਾਂਗਰਸ ਦੇ ਹੱਥ ਦੇਸ਼ ਦੀ ਸੱਤਾ ਆਈ ਤਾਂ ਸਿੱਖਾਂ ਭਾਵ ਕਿ ਪੰਥ ਨਾਲ ਵਿਤਕਰਿਆਂ ਦਾ ਦੌਰ ਸ਼ੁਰੂ ਹੋ ਗਿਆ। ਜੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਸਿੱਖਾਂ ਨਾਲ ਕੀਤੇ ਵਾਅਦੇ ਭੁੱਲ ਕੇ ਕਾਂਗਰਸ ਨੇ ਸਿੱਖਾਂ ਨਾਲ ਵਿਤਕਰਾ ਸ਼ੁਰੂ ਕਰ ਦਿੱਤਾ, ਜਿਸ ’ਚ ਪੰਜਾਬ ਦੇ ਗਵਰਨਰ ਵੱਲੋਂ ਸਿੱਖਾਂ ਨੂੰ ਇਕ ਜਰਾਇਮ ਪੇਸ਼ਾ ਕੌਮ ਕਰਾਰ ਦੇਣਾ, ਭਾਸ਼ਾ ਦੇ ਆਧਾਰ ਪੰਜਾਬੀ ਸੂਬਾ ਬਣਾਉਣ ਤੋਂ ਇਨਕਾਰ ਕਰਨਾ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਕੇਂਦਰ ਸ਼ਾਸਿਤ ਬਣਾਉਣਾ, ਪਾਣੀਆਂ ਦੀ ਵੰਡ ਸਮੇਂ ਪੰਜਾਬ ਨਾਲ ਵਿਤਕਰਾ ਕਰਨਾ, ਪੰਜਾਬ ਦੀਆਂ ਚੁਣੀਆਂ ਸਰਕਾਰਾਂ ਨੂੰ ਵਾਰ-ਵਾਰ ਤੋੜ ਕੇ ਰਾਸ਼ਟਰਪਤੀ ਰਾਜ ਲਾਗੂ ਕਰਨਾ, ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖ਼ੇ ਸ੍ਰੀ ਅਕਾਲ ਤਖ਼ਤ ’ਤੇ ਹਮਲਾ ਕਰਨਾ ਅਤੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਦੇਸ਼ ਦੇ ਵੱਖ-ਵੱਖ ਹਿਸਿਆਂ ’ਚ ਸਿੱਖਾਂ ਦਾ ਕ਼ਤਲੇਆਮ ਕਰਵਾਉਣਾ ਅਤੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦੇਣ ਦੀ ਜਗ੍ਹਾ ਉੱਚ ਅਹੁਦਿਆਂ ਨਾਲ ਨਿਵਾਜਣਾ ਸ਼ਾਮਲ ਹੈ। ਪਰ ਕਾਂਗਰਸ ਪਾਰਟੀ ਇਨ੍ਹਾਂ ਦੋਸ਼ਾਂ ਦੇ ਜਵਾਬ ’ਚ ਗਿਆਨੀ ਜ਼ੈਲ ਸਿੰਘ ਨੂੰ ਰਾਸ਼ਟਰਪਤੀ ਬਣਾਉਣਾ, ਸ. ਬੂਟਾ ਸਿੰਘ ਨੂੰ ਗ੍ਰਹਿ ਮੰਤਰੀ ਬਣਾਉਣਾ, ਸ. ਮਨਮੋਹਣ ਸਿੰਘ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦਾ ਸਿਹਰਾ ਲੈ ਕੇ ਪੰਥਕ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਹੈ।

ਸ਼੍ਰੋਮਣੀ ਅਕਾਲੀ ਦਲ, ਜਿਸ ਨੂੰ ਹੁਣ ਅਕਾਲੀ ਦਲ ਬਾਦਲ ਵਜੋਂ ਜਾਣਿਆ ਜਾਂਦਾ ਹੈ, ਖੁਦ ਨੂੰ ਪੰਥ ਦੀ ਸਭ ਤੋਂ ਵੱਡੀ ਹਮਦਰਦ ਵਜੋਂ ਪੇਸ਼ ਕਰਦੀ ਹੈ, ’ਤੇ ਵੀ ਪੰਥ ਵਿਰੋਧੀ ਕਾਰਵਾਈਆਂ ਕਰਨ ਦੇ ਕਈ ਦੋਸ਼ ਲੱਗਦੇ ਹਨ। ਜਿਨ੍ਹਾਂ ’ਚ ਖਾਸ ਕਰ ਕੇ 1978 ’ਚ ਹੋਏ ਨਿਰੰਕਾਰੀ ਕਾਂਡ , ਮੋਗਾ ਕਾਨਫਰੰਸ ਮੌਕੇ ਅਕਾਲੀ ਦਲ ਨੂੰ ਪੰਥਕ ਦੀ ਥਾਂ ਪੰਜਾਬੀ ਪਾਰਟੀ ਐਲਾਨ ਕਰਨਾ, ਬਾਬਾ ਰਾਮ ਰਹੀਮ ਵੱਲੋਂ ਬੇਦਬੀ ਕਰਨ ’ਤੇ ਕਰਵਾਈ ਨਾ ਕਰਨਾ, ਬਾਬਾ ਰਾਮ ਰਹੀਮ ਦੀ ਫਿਲਮ ਸਰਕਾਰੀ ਸਰਪ੍ਰਸਤੀ ਹੇਠ ਚਲਵਾਉਣਾ, ਬਾਬਾ ਰਾਮ ਰਹੀਮ ਨੂੰ ਮੁਆਫੀ ਦੇਣਾ, ਸ਼ਾਂਤਮਈ ਸਿੱਖ ਧਰਨਾਕਾਰੀਆਂ ’ਤੇ ਗੋਲੀ ਚਲਾਉਣਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਪੂਰੀ ਤਰ੍ਹਾਂ ਲਾਗੂ ਨਾ ਕਰਨਾ ਅਤੇ ਸਿੱਖ ਮਸਲਿਆਂ ਨੁੰ ਪੂਰੀ ਤਰ੍ਹਾਂ ਹੱਲ ਨਾ ਕਰਵਾਉਣਾ।

ਅਕਾਲੀ ਦਲ ਬਾਦਲ ਇਨ੍ਹਾਂ ਸਾਰੇ ਦੋਸ਼ਾਂ ਨੁੰ ਰੱਦ ਕਰ ਕੇ ਆਪਣੇ ਵੱਲੋਂ ਸਿੱਖ ਪੰਥ ਲਈ ਕੀਤੇ ਗਏ ਕੰਮ ਜਿਨ੍ਹਾਂ ’ਚ ਪੰਜਾਬੀ ਸੂਬਾ ਬਣਵਾਉਣਾ, ਸਿੱਖ ਗੁਰੂ ਸਾਹਿਬਾਨ ਦੇ ਦਿਹਾੜੇ ਵੱਡੇ ਪੱਧਰ ’ਤੇ ਮਨਾਉਣਾ, ਸਿੱਖ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣਾ, ਸਿੱਖ ਇਤਿਹਾਸ ਨੁੰ ਦੁਨੀਆ ਤੱਕ ਪਹੁੰਚਾਣ, ਵਿਰਾਸਤ- ਏ - ਖਾਲਸਾ ਵਰਗੀ ਯਾਦਗਾਰ ਬਣਾਉਣਾ, ਸਿੱਖੀ ਦੇ ਪ੍ਰਚਾਰ ਲਈ ਦੇਸ਼ ਅਤੇ ਵਿਦੇਸ਼ਾਂ ’ਚ ਪ੍ਰਚਾਰ ਕੇਂਦਰ ਖੋਲ੍ਹਣੇ ਅਤੇ ਹੋਰ ਅਨੇਕਾਂ ਕੰਮਾਂ ਦਾ ਹਵਾਲਾ ਦੇ ਕੇ ਆਪਣੇ ਆਪ ਨੂੰ ਪੰਥ ਦਾ ਤਰਜ਼ਮਾਨ ਦੱਸਦਾ ਹੈ।

ਆਮ ਆਦਮੀ ਪਾਰਟੀ ਜੋ ਕਿ ਕੁਝ ਸਾਲ ਪਹਿਲਾਂ ਹੀ ਹੋਂਦ ’ਚ ਆਈ ਹੈ ਆਪਣੇ ਆਪ ਨੂੰ ਹੁਣ ਤੱਕ ਇਕ ਧਰਮ ਨਿਰਪੱਖ ਪਾਰਟੀ ਵਜੋਂ ਪੇਸ਼ ਕਰਦੀ ਰਹੀ ਹੈ ’ਤੇ ਵੀ ਸਿੱਖਾਂ ਨਾਲ ਕੀਤੇ ਗਏ ਵਾਅਦੇ ਜਿਵੇਂ ਕਿ ਬੇਅਦਬੀ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦਾ ਇਨਸਾਫ ਕਰਨ ਦਾ ਵਾਅਦਾ ਪੂਰਾ ਕਰਨਾ, ਨਹੀਂ ਕੀਤਾ। ਇਸ ਤੋਂ ਇਲਾਵਾ ਸੁਲਤਾਨਪੁਰ ਦੇ ਗੁਰਦੁਆਰਾ ਸਾਹਿਬ ਵਿਖ਼ੇ ਪੁਲਸ ਵੱਲੋਂ ਚਲਾਈ ਗੋਲੀ, ਆਪ ਦੇ ਮੁੱਖ ਮੰਤਰੀ ’ਤੇ ਸਿੱਖ ਮਰਿਆਦਾਵਾਂ ਦੀ ਉਲੰਘਣਾ ਕਰਨਾ, ਅਕਾਲ ਤਖ਼ਤ ਸਾਹਿਬ ਅਤੇ ਗੁਰੂ ਕੀ ਗੋਲਕ ਬਾਰੇ ਬੋਲੇ ਅਪਸ਼ਬਦਾਂ, ਨਿਤ ਦਿਨ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਅਤੇ ਲਾਪਤਾ ਪਾਵਨ ਸਰੂਪਾਂ ਦੀ ਬਰਾਮਦਗੀ ਬਾਰੇ ਯੂ-ਟਰਨ ਲੈਣ ਕਾਰਨ ਸਿੱਖ ਪੰਥ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਰ ਆਮ ਆਦਮੀ ਪਾਰਟੀ ਨੇ ਵੀ ਬਾਕੀਆਂ ਵਾਂਗ ਦੋਸ਼ਾਂ ਨੂੰ ਨਾਕਾਰ ਕੇ ਖੁਦ ਨੂੰ ਪੰਥਕ ਹਿੱਤਾਂ ਦੀ ਅਲੰਬਰਦਾਰ ਵਜੋਂ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਆਪ ਦਾਅਵਾ ਕਰਦੀ ਹੈ ਕਿ ਉਨ੍ਹਾਂ ਨੇ ਬੇਅਦਬੀ ਕਰਨ ਵਾਲਿਆਂ ਖਿਲਾਫ ਸਖ਼ਤ ਕਾਨੂੰਨ ਬਣਾਇਆ ਹੈ, ਲ਼ਾਪਤਾ ਪਾਵਨ ਸਰੂਪਾਂ ਦੇ ਮਸਲੇ ’ਤੇ ਐੱਫ. ਆਈ. ਆਰ. ਦਰਜ ਕਰ ਕੇ ਸਿੱਟ ਬਣਾਈ ਹੈ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਰਕਾਰੀ ਤੌਰ ’ਤੇ ਮਨਾਇਆ ਹੈ।

ਚੌਥੀ ਮੁੱਖ ਪਾਰਟੀ ਭਾਜਪਾ ’ਤੇ ਵੀ ਕਈ ਤਰ੍ਹਾਂ ਦੇ ਕਿੰਤੂ ਪ੍ਰੰਤੂ ਉਠਦੇ ਹਨ ਜਿਨ੍ਹਾਂ ’ਚ ਸਿੱਖਾਂ ਨੂੰ ਇਕ ਵੱਖਰੀ ਕੌਮ ਨਾ ਮੰਨਣਾ, ਕੁਝ ਲੀਡਰਾਂ ਵੱਲੋਂ ਸਿੱਖ ਵਿਰੋਧੀ ਬਿਆਨਬਾਜ਼ੀ, ਤਿੰਨ ਖੇਤੀ ਕਾਨੂੰਨ, ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਕਾਰਨ ਆਮ ਸਿੱਖ ਭਾਜਪਾ ਤੋਂ ਦੂਰੀ ਬਣਾ ਕੇ ਰੱਖ ਰਹੇ ਹਨ।

ਪ੍ਰੰਤੂ ਭਾਜਪਾ ਸਿੱਖਾਂ ਲਈ ਕੀਤੇ ਗਏ ਕੰਮਾਂ ਦੀ ਇਕ ਲੰਮੀ ਸੂਚੀ ਪੇਸ਼ ਕਰ ਰਹੀ ਹੈ ਜਿਸ ਵਿਚ ਕਾਂਗਰਸ ਸਮੇਂ ਕਾਲੀ ਸੂਚੀ ਵਿਚ ਰੱਖੇ ਗਏ 350 ਦੇ ਕਰੀਬ ਸਿੱਖਾਂ ਦੇ ਨਾਂ ਬਾਹਰ ਕੱਢਣੇ, ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਣਾ, ਅਫਗਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸ਼ਰਧਾ ਸਤਿਕਾਰ ਨਾਲ ਭਾਰਤ ਲਿਆਉਣੇ, ਹੇਮਕੁੰਟ ਸਾਹਿਬ ਵਿਖੇ ਰੋਪਵੇ ਬਣਾਉਣਾ, ਗੁਰੂ ਸਾਹਿਬ ਦੀਆਂ ਸ਼ਤਾਬਦੀਆਂ ਸਰਕਾਰੀ ਪੱਧਰ ’ਤੇ ਮਨਾਉਣੀਆਂ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਵਿਸ਼ਵ ਪੱਧਰ ’ਤੇ ਮਨਾਉਣਾ, 84 ਦੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣਾ, ਪੀੜਤਾਂ ਨੂੰ ਮੁਆਵਜ਼ਾ ਦੇਣਾ ਅਤੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਅਤੇ ਪਾਰਟੀ ਦੇ ਸੰਗਠਨ ਅਤੇ ਸਰਕਾਰ ’ਚ ਸਿੱਖਾਂ ਨੂੰ ਵੱਡੀ ਪ੍ਰਤੀਨਿਧਤਾ ਦੇਣ ਵਰਗੇ ਕੰਮਾਂ ਦਾ ਭਾਜਪਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦੀ ਹੈ।

ਹੁਣ ਜਦੋਂ ਚੋਣਾਂ ’ਚ ਕੇਵਲ ਇਕ ਸਾਲ ਰਹਿ ਗਿਆ ਹੈ ਪਰ ਬਹੁਤੇ ਸਿੱਖ ਮਸਲੇ ਜਿਉਂ ਦੇ ਤਿਉਂ ਖੜ੍ਹੇ ਹਨ। ਹਾਲ ਦੀ ਘੜੀ ਆਮ ਸਿੱਖਾਂ ਨੂੰ ਇਨ੍ਹਾਂ ਮਸਲਿਆਂ ਦੇ ਹੱਲ ਹੋਣ ਦੀ ਉਮੀਦ ਵੀ ਨਹੀਂ ਹੈ। ਇਸ ਲਈ ਪੰਥਕ ਸੋਚ ਵਾਲੇ ਸਿੱਖ ਵੋਟਰਾਂ ਨੂੰ ਫੈਸਲਾ ਲੈਣਾ ਕਾਫੀ ਔਖਾ ਲੱਗ ਰਿਹਾ ਹੈ ਜਿਸ ਕਰ ਕੇ ਵੱਡੀ ਗਿਣਤੀ ’ਚ ਸਿੱਖ ਸੋਚ ਵਿਚਾਰ ਕਰ ਰਹੇ ਹਨ ਕਿ ਆਉਣ ਵਾਲੀਆਂ ਚੋਣਾਂ ’ਚ ਸਿੱਖ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰਕੇ ਦਿਖਾਉਣ ਵਾਲੀ ਪਾਰਟੀ ਅਤੇ ਅੱਗੇ ਤੋਂ ਭਰੋਸਾ ਦੇਣ ਵਾਲੀ ਪਾਰਟੀ ਨੂੰ ਹੀ ਸਮਰਥਨ ਦੇਣਾ ਚਾਹੀਦਾ ਹੈ। ਇਸ ਕਰ ਕੇ ਪੰਥਕ ਵੋਟਰ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਸਿੱਖ ਮਸਲਿਆਂ ਪ੍ਰਤੀ ਕੀਤੀ ਜਾਣ ਵਾਲੀ ਕਾਰਗੁਜ਼ਾਰੀ ’ਤੇ ਹੁਣ ਤੋਂ ਹੀ ਨਜ਼ਰ ਰੱਖ ਰਹੇ ਹਨ।

- ਇਕਬਾਲ ਸਿੰਘ


author

Anmol Tagra

Content Editor

Related News