ਮਣੀਪੁਰ ’ਚ ਸ਼ਾਂਤੀ ਬਹਾਲੀ ਲਈ ਗੰਭੀਰ ਯਤਨਾਂ ਦੀ ਲੋੜ

Wednesday, Sep 11, 2024 - 10:11 AM (IST)

ਮਣੀਪੁਰ ’ਚ ਸ਼ਾਂਤੀ ਬਹਾਲੀ ਲਈ ਗੰਭੀਰ ਯਤਨਾਂ ਦੀ ਲੋੜ

ਮਣੀਪੁਰ ਵਿਚ ਹਿੰਸਾ ਦੇ ਇਕ ਸਾਲ ਬਾਅਦ ਵੀ ਸ਼ਾਂਤੀ ਬਹਾਲ ਹੋਣ ਦੀਆਂ ਉਮੀਦਾਂ ਘੱਟ ਰਹੀਆਂ ਹਨ। ਇੰਫਾਲ ਵਾਦੀ ਵਿਚ ਡਰੋਨ ਬੰਬਾਰੀ ਅਤੇ ਆਰ. ਪੀ. ਜੀ. ਨਾਲ ਹਮਲੇ ਵਧ ਰਹੇ ਹਨ। ਸਥਾਨਕ ਸੰਸਥਾਵਾਂ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਸ਼ਾਂਤੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਪਰ ਮਈ 2023 ਵਿਚ ਹਿੰਸਾ ਸ਼ੁਰੂ ਹੋਣ ਤੋਂ ਇਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਸੰਕਟ ਦੇ ਹੱਲ ਲਈ ਗੰਭੀਰ ਯਤਨ ਹੁੰਦੇ ਨਜ਼ਰ ਨਹੀਂ ਆ ਰਹੇ ਹਨ।

ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ ਇਕ ਸਾਲ ਦੌਰਾਨ ਹਿੰਸਾ ਵਿਚ ਦੋਵਾਂ ਭਾਈਚਾਰਿਆਂ ਦੇ 227 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 70,000 ਲੋਕ ਬੇਘਰ ਹੋਏ। ਇਨ੍ਹਾਂ ਵਿਚੋਂ ਲਗਭਗ 59,000 ਲੋਕ ਆਪਣੇ ਪਰਿਵਾਰਾਂ ਜਾਂ ਆਪਣੇ ਪਰਿਵਾਰਾਂ ਦੇ ਬਚੇ-ਖੁਚੇ ਮੈਂਬਰਾਂ ਸਮੇਤ ਪਿਛਲੇ ਇਕ ਸਾਲ ਤੋਂ ਸੂਬੇ ਵਿਚ ਵੱਖ-ਵੱਖ ਥਾਵਾਂ ’ਤੇ ਰਾਹਤ ਕੈਂਪਾਂ ਵਿਚ ਰਹਿ ਰਹੇ ਹਨ। ਇਨ੍ਹਾਂ ਵਿਚੋਂ ਕੁਝ ਲੋਕਾਂ ਨੇ ਗੁਆਂਢੀ ਸੂਬੇ ਮਿਜ਼ੋਰਮ ਵਿਚ ਸ਼ਰਨ ਲਈ ਹੋਈ ਹੈ।

ਮਣੀਪੁਰ ਵਿਚ ਜਾਰੀ ਹਿੰਸਾ ਵਿਚ ਹੁਣ ਤੱਕ 16 ਪੁਲਸ ਅਤੇ ਸੁਰੱਖਿਆ ਬਲਾਂ ਦੇ ਜਵਾਨ ਵੀ ਮਾਰੇ ਜਾ ਚੁੱਕੇ ਹਨ। ਮੈਤੇਈ ਅਤੇ ਕੁਕੀ ਵਰਗਾਂ ਵਿਚਕਾਰ ਬੇਵਿਸ਼ਵਾਸੀ ਦਾ ਪਾੜਾ ਇੰਨਾ ਡੂੰਘਾ ਹੋ ਗਿਆ ਹੈ ਕਿ ਇਸ ਨੂੰ ਪੂਰਾ ਕਰਨਾ ਬਹੁਤ ਮੁਸ਼ਕਲ ਜਾਪਦਾ ਹੈ। ਇਸੇ ਮਾਹੌਲ ਵਿਚ ਸੂਬੇ ਦੀਆਂ ਦੋਵੇਂ ਲੋਕ ਸਭਾ ਸੀਟਾਂ ਲਈ ਹੋਈਆਂ ਚੋਣਾਂ ਦੌਰਾਨ ਵੀ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ। ਇਸ ਸੂਬੇ ਨੂੰ ਇੰਨੇ ਵੱਡੇ ਪੱਧਰ ’ਤੇ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ ਕਿ ਹੁਣ ਦੋ-ਚਾਰ ਲੋਕਾਂ ਦੇ ਕਤਲ ਨੂੰ ਮਾਮੂਲੀ ਘਟਨਾ ਮੰਨਿਆ ਜਾਣ ਲੱਗਾ ਹੈ।

ਅੰਦਾਜ਼ਨ 3.3 ਮਿਲੀਅਨ (33 ਲੱਖ) ਲੋਕ ਇੱਥੇ ਰਹਿੰਦੇ ਹਨ। ਇਨ੍ਹਾਂ ਵਿਚੋਂ ਅੱਧੇ ਤੋਂ ਵੱਧ ਲੋਕ ਮੈਤੇਈ ਹਨ, ਜਦੋਂ ਕਿ ਲਗਭਗ 43 ਫੀਸਦੀ ਕੁਕੀ ਅਤੇ ਨਾਗਾ, ਪ੍ਰਮੁੱਖ ਘੱਟ ਗਿਣਤੀ ਕਬੀਲੇ ਹਨ। ਆਖ਼ਰਕਾਰ ਇਕ ਸੂਬਾ ਸਰਕਾਰ ਆਪਣੇ ਨਾਗਰਿਕਾਂ ਵਿਚ ਚੱਲ ਰਹੀ ਹਿੰਸਾ, ਉਜਾੜੇ ਅਤੇ ਆਮ ਜੀਵਨ ’ਤੇ ਸੰਕਟ ਦੇ ਬਾਵਜੂਦ ਕਿਵੇਂ ਹੱਥ ’ਤੇ ਹੱਥ ਧਰ ਕੇ ਬੈਠੀ ਦਿਖਾਈ ਦੇ ਸਕਦੀ ਹੈ? ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਕੱਟੜਪੰਥੀ ਤੱਤ ਦੋ ਭਾਈਚਾਰਿਆਂ ਦੇ ਆਪਸੀ ਟਕਰਾਅ ਦਾ ਫਾਇਦਾ ਉਠਾਉਂਦੇ ਨਜ਼ਰ ਆ ਰਹੇ ਹਨ। ਇਸ ਤੋਂ ਵੀ ਚਿੰਤਾ ਵਾਲੀ ਗੱਲ ਇਹ ਹੈ ਕਿ ਉਹ ਅਤਿ-ਆਧੁਨਿਕ ਹਥਿਆਰਾਂ ਦੀ ਵਰਤੋਂ ਕਰ ਰਹੇ ਹਨ।

ਤਾਜ਼ਾ ਘਟਨਾਵਾਂ ’ਚ ਹਿੰਸਾ ਦੀ ਅੱਗ ’ਚ ਸੜ ਰਹੇ ਮਣੀਪੁਰ ਦੇ ਇੰਫਾਲ ਪੱਛਮੀ ਜ਼ਿਲੇ ਦੇ ਕੌਤਰੁਕ ਪਿੰਡ ’ਚ, 1 ਸਤੰਬਰ ਨੂੰ ਰਿਮੋਟ ਕੰਟਰੋਲਡ ਡਰੋਨ ਦੀ ਵਰਤੋਂ ਕਰਕੇ ਹਮਲਾ ਕੀਤਾ ਗਿਆ ਸੀ, ਜਿਸ ’ਚ 2 ਲੋਕ ਮਾਰੇ ਗਏ ਸਨ ਅਤੇ 9 ਜ਼ਖਮੀ ਹੋ ਗਏ ਸਨ। ਅਗਲੇ ਦਿਨ ਕਰੀਬ ਤਿੰਨ ਕਿਲੋਮੀਟਰ ਦੂਰ ਸੇਂਜਾਮ ਚਿਰਾਂਗ ਵਿਚ ਫਿਰ ਡਰੋਨ ਦੀ ਵਰਤੋਂ ਕੀਤੀ ਗਈ ਅਤੇ ਇਸ ਹਮਲੇ ਵਿਚ ਤਿੰਨ ਲੋਕ ਜ਼ਖ਼ਮੀ ਹੋ ਗਏ। ਇਸ ਦੌਰਾਨ 7 ਸਤੰਬਰ ਦੀ ਰਾਤ ਨੂੰ ਜਿਰੀਬਾਮ ’ਚ ਹਿੰਸਾ ’ਚ 5 ਲੋਕ ਮਾਰੇ ਗਏ। 6 ਸਤੰਬਰ ਨੂੰ ਅੱਤਵਾਦੀਆਂ ਨੇ ਮਣੀਪੁਰ ਦੇ ਸਾਬਕਾ ਮੁੱਖ ਮੰਤਰੀ ਮਾਇਰੰਬਮ ਕੋਇਰੇਂਗ ਦੇ ਘਰ ’ਤੇ ਵੀ ਰਾਕੇਟ ਨਾਲ ਹਮਲਾ ਕੀਤਾ। ਇਹ ਹਮਲਾ ਮੋਇਰਾਂਗ ’ਚ ਹੋਇਆ, ਜਿਸ ’ਚ ਇਕ ਬਜ਼ੁਰਗ ਦੀ ਮੌਤ ਹੋ ਗਈ ਅਤੇ 5 ਜ਼ਖਮੀ ਹੋ ਗਏ ਸਨ।

ਬਿਨਾਂ ਸ਼ੱਕ ਮਣੀਪੁਰ ਦੀ ਹਿੰਸਾ ਦੇਸ਼ ਅਤੇ ਦੁਨੀਆ ਨੂੰ ਕੋਈ ਚੰਗਾ ਸੁਨੇਹਾ ਨਹੀਂ ਦੇ ਰਹੀ ਹੈ। ਅਜਿਹੇ ’ਚ ਸੂਬਾ ਸਰਕਾਰ ਰਾਜਧਰਮ ’ਤੇ ਚੱਲਦੀ ਨਜ਼ਰ ਨਹੀਂ ਆ ਰਹੀ। ਸਵਾਲ ਇਹ ਪੁੱਛੇ ਜਾ ਰਹੇ ਹਨ ਕਿ ਜਦੋਂ ਮੌਜੂਦਾ ਮੁੱਖ ਮੰਤਰੀ ਹਿੰਸਾ ਸ਼ੁਰੂ ਹੋਣ ਤੋਂ ਡੇਢ ਸਾਲ ਬਾਅਦ ਵੀ ਸਥਿਤੀ ’ਤੇ ਕਾਬੂ ਨਹੀਂ ਪਾ ਸਕੇ ਹਨ ਤਾਂ ਕੇਂਦਰ ਨੇ ਉਨ੍ਹਾਂ ਦੀ ਥਾਂ ’ਤੇ ਕਿਸੇ ਯੋਗ ਵਿਅਕਤੀ ਨੂੰ ਮੌਕਾ ਕਿਉਂ ਨਹੀਂ ਦਿੱਤਾ? ਦਰਅਸਲ, ਵਿਰੋਧੀ ਧਿਰ ਵੀ ਮਣੀਪੁਰ ਦੇ ਮੁੱਦੇ ’ਤੇ ਲਗਾਤਾਰ ਕੇਂਦਰ ਸਰਕਾਰ ਖਾਸ ਕਰ ਕੇ ਪ੍ਰਧਾਨ ਮੰਤਰੀ ’ਤੇ ਹਮਲਾਵਰ ਰਹੀ ਹੈ। ਪ੍ਰਧਾਨ ਮੰਤਰੀ ਦੇ ਮਣੀਪੁਰ ਦੌਰੇ ’ਤੇ ਨਾ ਆਉਣ ’ਤੇ ਸੜਕਾਂ ਤੋਂ ਲੈ ਕੇ ਸੰਸਦ ਤੱਕ ਸਵਾਲ ਉਠਾਏ ਜਾਂਦੇ ਰਹੇ ਹਨ।

ਹੁਣ ਸਥਿਤੀ ਇਹ ਹੈ ਕਿ ਸੂਬੇ ਦੇ ਦੋਵਾਂ ਪ੍ਰਮੁੱਖ ਕਬੀਲਿਆਂ ਅਰਥਾਤ ਮੈਤੇਈ ਅਤੇ ਕੁਕੀ ਵਿਚਕਾਰ ਵੰਡ ਦੀ ਰੇਖਾ ਬਹੁਤ ਸਪੱਸ਼ਟ ਦਿਖਾਈ ਦੇ ਰਹੀ ਹੈ। ਸਦੀਆਂ ਤੋਂ ਇਕ ਦੂਜੇ ਦੇ ਇਲਾਕਿਆਂ ਵਿਚ ਆਪਸੀ ਭਾਈਚਾਰਕ ਸਾਂਝ ਨਾਲ ਰਹਿਣ ਵਾਲੇ ਲੋਕ ਹੁਣ ਜਾਂ ਤਾਂ ਮਾਰੇ ਗਏ ਹਨ ਜਾਂ ਆਪਣੇ ਪਰਿਵਾਰਾਂ ਸਮੇਤ ਹਿਜਰਤ ਕਰ ਚੁੱਕੇ ਹਨ। ਹਾਲੀਆ ਹਿੰਸਾ ਤੋਂ ਬਾਅਦ ਮੁੱਖ ਮੰਤਰੀ ਬੀਰੇਨ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਸੂਬੇ ਦੀ ਖੇਤਰੀ ਅਖੰਡਤਾ ਦੀ ਰੱਖਿਆ ਲਈ ਕਦਮ ਚੁੱਕੇ। ਇੰਨਾ ਹੀ ਨਹੀਂ, ਉਨ੍ਹਾਂ ਨੇ ਕੇਂਦਰੀ ਹਥਿਆਰਬੰਦ ਪੁਲਸ ਬਲਾਂ ਸਮੇਤ ਯੂਨੀਫਾਈਡ ਕਮਾਂਡ ਦਾ ਚਾਰਜ ਸੂਬਾ ਸਰਕਾਰ ਨੂੰ ਸੌਂਪਣ ਦੀ ਗੱਲ ਵੀ ਕਹੀ ਹੈ। ਯਕੀਨੀ ਤੌਰ ’ਤੇ ਮੈਤੇਈ ਅਤੇ ਕੁਕੀ ਭਾਈਚਾਰਿਆਂ ਵਿਚਕਾਰ ਚੱਲ ਰਹੇ ਸੰਘਰਸ਼ ਨੂੰ ਖਤਮ ਕਰਨ ਲਈ ਗੱਲਬਾਤ ਸ਼ੁਰੂ ਕਰਨ ਦੀ ਲੋੜ ਹੈ।

ਵਿਰੋਧੀ ਧਿਰ ਨੂੰ ਜਿੰਨੀ ਛੇਤੀ ਹੋ ਸਕੇ ਇਹ ਸਮਝਣ ਦੀ ਲੋੜ ਹੈ ਕਿ ਇਹ ਪੂਰੀ ਤਰ੍ਹਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਅਸੀਂ ਇਸ ਨਾਲ ਨਜਿੱਠਣ ਦੇ ਸਮਰੱਥ ਹਾਂ। ਉਨ੍ਹਾਂ ਨੂੰ ਆਪਣੇ ਦੇਸ਼ ਨੂੰ ਦੁਨੀਆ ਦੇ ਸਾਹਮਣੇ ਛੋਟਾ ਦਿਖਾਉਣ ਦੀ ਕੋਸ਼ਿਸ਼ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ। ਉਹ ਮਣੀਪੁਰ ਹਿੰਸਾ ਵਿਚ ਵਿਦੇਸ਼ੀ ਤਾਕਤਾਂ ਦੀ ਸ਼ਮੂਲੀਅਤ ਤੋਂ ਵੀ ਇਨਕਾਰ ਨਹੀਂ ਕਰ ਸਕਦੇ। ਵਿਰੋਧੀ ਧਿਰ ਲਈ ਕਿਸੇ ਵੀ ਮੁੱਦੇ ਨੂੰ ਤੂਲ ਦੇਣ ਤੋਂ ਪਹਿਲਾਂ ਆਪਣੇ ਕੌਮੀ ਸਰੋਕਾਰਾਂ ਬਾਰੇ ਸੋਚਣਾ ਜ਼ਰੂਰੀ ਹੈ।

ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿਚ ਦਖਲ ਦੇ ਕੇ ਮਣੀਪੁਰ ਵਿਚ ਸ਼ਾਂਤੀ ਬਹਾਲ ਕਰਨ ਲਈ ਸਥਾਈ ਅਤੇ ਠੋਸ ਕਦਮ ਚੁੱਕਣੇ ਚਾਹੀਦੇ ਹਨ। ਅਸਲ ਵਿਚ ਦੇਸ਼ ਵਿਚ ਸ਼ਾਂਤੀ ਦਾ ਮਾਹੌਲ ਹੋਵੇਗਾ, ਕਾਨੂੰਨ ਦਾ ਰਾਜ ਹੋਵੇਗਾ, ਤਦ ਹੀ ਵਿਕਾਸ ਦੀ ਰਫ਼ਤਾਰ ਵਧੇਗੀ।

-ਰੋਹਿਤ ਮਹੇਸ਼ਵਰੀ


author

Tanu

Content Editor

Related News