‘ਹਾਈਵੇ ’ਤੇ ਵਧ ਰਹੀ ਲੁੱਟਮਾਰ’ ‘ਸੜਕ ਸੁਰੱਖਿਆ ਪ੍ਰਬੰਧ ਸਖਤ ਕਰਨ ਦੀ ਲੋੜ’!
Wednesday, Aug 06, 2025 - 07:21 AM (IST)

ਦੇਸ਼ ’ਚ ਵਧਦੇ ਅਪਰਾਧਾਂ ਦਰਮਿਆਨ ਹਾਈਵੇ (ਮੁੱਖ ਰਾਜਮਾਰਗ) ਵੀ ਸੁਰੱਖਿਅਤ ਨਹੀਂ ਰਹੇ ਅਤੇ ਹਾਈਵੇ ’ਤੇ ਸਰਗਰਮ ਗਿਰੋਹਾਂ ਵਲੋਂ ਉਥੋਂ ਲੰਘਣ ਵਾਲੇ ਵਾਹਨਾਂ ਅਤੇ ਲੋਕਾਂ ਨੂੰ ਰੋਕ ਕੇ ਲੁੱਟਿਆ ਜਾ ਰਿਹਾ ਹੈ, ਜਿਸ ਦੀਆਂ ਪਿਛਲੇ 5 ਮਹੀਨਿਆਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ:
* 26 ਫਰਵਰੀ, 2025 ਨੂੰ ‘ਗੋਰਖਪੁਰ’ (ਉੱਤਰ ਪ੍ਰਦੇਸ਼) ਵਿਖੇ ਰਿੰਗ ਰੋਡ ’ਤੇ ਪੁਲਸ ਅਤੇ ਹਾਈਵੇ ਲੁਟੇਰਿਆਂ ਦਰਮਿਆਨ ਮੁਕਾਬਲੇ ’ਚ ਪੁਲਸ ਨੇ ਇਕ ਲੁਟੇਰੇ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਤੋਂ ਬਾਅਦ 6 ਹੋਰ ਲੁਟੇਰਿਆਂ ਨੂੰ ਪਿੱਛਾ ਕਰ ਕੇ ਗ੍ਰਿਫਤਾਰ ਕੀਤਾ।
ਇਨ੍ਹਾਂ ਦੇ ਕਬਜ਼ੇ ’ਚੋਂ ਪੁਲਸ ਨੇ ਚੋਰੀ ਦੇ 2 ਮੋਟਰਸਾਈਕਲਾਂ, 27 ਮੋਬਾਈਲ, ਇਕ ਤਮਾਚਾ ਅਤੇ ਕਾਰਤੂਸ ਬਰਾਮਦ ਕੀਤੇ। ਇਨ੍ਹਾਂ ’ਚ ‘ਸ਼ਫੀਕ ਸ਼ੇਖ’ ਉਰਫ ‘ਕੋਇਲ’, ਉਸ ਦੇ 3 ਸਕੇ ਭਰਾਵਾਂ ‘ਰਮਜਾਨ’, ‘ਅਲੀ ਜਾਨ’ ਅਤੇ ‘ਜਾਨ ਮੁਹੰਮਦ’ ਤੋਂ ਇਲਾਵਾ ‘ਨਿਤੀਸ਼’ ਉਰਫ ‘ਸ਼ੁਭਮ’, ‘ਵਿਕਾਸ ਸਿੰਘ’ ਅਤੇ ‘ਅਰੁਣ ਕੁਮਾਰ’ ਸ਼ਾਮਲ ਸਨ।
* 22 ਮਾਰਚ ਨੂੰ ‘ਮੁਜ਼ੱਫਰਨਗਰ’ (ਉੱਤਰ ਪ੍ਰਦੇਸ਼) ’ਚ ਪੁਲਸ ਨੇ ਹਾਈਵੇ ’ਤੇ ਲੁੱਟਮਾਰ ਕਰਨ ਵਾਲੇ ਗਿਰੋਹ ਦੇ 2 ਬਦਮਾਸ਼ਾਂ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਜਦਕਿ ਮੌਕੇ ਤੋਂ ਬਚ ਕੇ ਨਿਕਲ ਗਏ 3 ਮੁਲਜ਼ਮਾਂ ਨੂੰ ਪੁਲਸ ਨੇ ‘ਕੰਬਿੰਗ ਆਪ੍ਰੇਸ਼ਨ’ ਦੌਰਾਨ ਗੰਨੇ ਦੇ ਖੇਤ ਤੋਂ ਫੜ ਕੇ ਉਨ੍ਹਾਂ ਦੇ ਕਬਜ਼ੇ ’ਚੋਂ 100 ਲਿਟਰ ਡੀਜ਼ਲ, ਇਕ ਕਾਰ, 2 ਟਰੱਕ, 3 ਰਿਮ, 6 ਸਟੈਪਨੀਆਂ ਅਤੇ ਨਾਜਾਇਜ਼ ਹਥਿਆਰ ਬਰਾਮਦ ਕੀਤੇ।
* 7 ਜੂਨ ਨੂੰ ‘ਜੈਪੁਰ’ (ਰਾਜਸਥਾਨ) ’ਚ ‘ਬਗਰੂ’ ਥਾਣਾ ਦੀ ਪੁਲਸ ਨੇ ਜੈਪੁਰ-ਦਿੱਲੀ ਹਾਈਵੇ ’ਤੇ ਇਕ ਟਰੱਕ ਦੇ ਡਰਾਈਵਰ ਨੂੰ ਨਸ਼ੀਲਾ ਪੀਣ ਵਾਲਾ ਪਦਾਰਥ ਪਿਆ ਕੇ 60 ਲੱਖ ਰੁਪਏ ਦੀ ਕੀਮਤ ਦੇ ਬਾਦਾਮ ਲੁੱਟਣ ਵਾਲੇ ਗਿਰੋਹ ਦੇ 5 ਬਦਮਾਸ਼ਾਂ ਨੂੰ 16 ਜੂਨ ਨੂੰ ਗ੍ਰਿਫਤਾਰ ਕਰਕੇ ਲੁੱਟੇ ਗਏ ਬਾਦਾਮਾਂ ਦੇ 312 ਗੱਟੇ ਬਰਾਮਦ ਕੀਤੇ।
* 10 ਜੂਨ ਨੂੰ ‘ਨਵਾਦਾ’ (ਬਿਹਾਰ) ਜ਼ਿਲੇ ਦੇ ‘ਵਾਰਿਸ ਅਲੀ ਗੰਜ’ ਵਿਚ ਹਾਈਵੇ ’ਤੇ ਲੁੱਟਮਾਰ ਕਰਨ ਵਾਲੇ ਇਕ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਪੁਲਸ ਨੇ ਉਨ੍ਹਾਂ ਕੋਲੋਂ 7700 ਰੁਪਏ ਨਕਦ, ਲੁੱਟੇ ਗਏ 2 ਮੋਟਰਸਾਈਕਲ ਅਤੇ 3 ਮੋਬਾਈਲ ਫੋਨ ਬਰਾਮਦ ਕੀਤੇ।
* 19 ਜੂਨ ਨੂੰ ‘ਜਬਲਪੁਰ’ (ਮੱਧ ਪ੍ਰਦੇਸ਼) ’ਚ ਕਟਨੀ-ਜਬਲਪੁਰ ਹਾਈਵੇ ’ਤੇ ਹਥਿਆਰਬੰਦ ਲੁਟੇਰਿਅਾਂ ਨੇ ਉੱਤਰ ਪ੍ਰਦੇਸ਼ ਦੇ ਭਾਜਪਾ ਨੇਤਾ ‘ਸੁਜੀਤ ਸਿੰਘ’ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਤੋਂ ਹੀਰੇ ਦਾ ਲਾਕੇਟ ਲੱਗੀ ਸੋਨੇ ਦੀ ਚੇਨ ਲੁੱਟ ਲਈ।
* 1 ਜੁਲਾਈ ਨੂੰ ‘ਰੋਹਤਕ’ (ਹਰਿਆਣਾ) ਦੇ ‘ਭੈਣੀ ਮਹਾਰਾਜ’ ਪਿੰਡ ਦੇ ਰਹਿਣ ਵਾਲੇ ਹਾਈਵੇ ਰਾਬਰੀ ਗੈਂਗ ਦੇ ਸਰਗਣਾ ‘ਸੰਦੀਪ ਲੋਹਾਰ’ ਨੂੰ ਨੋਇਡਾ ਦੀ ਵਿਸ਼ੇਸ਼ ਟਾਸਕ ਫੋਰਸ ਅਤੇ ਬਾਗਪਤ ਪੁਲਸ ਦੀ ਸਾਂਝੀ ਟੀਮ ਨੇ ਬਾਗਪਤ ’ਚ ਮੁਕਾਬਲੇ ਦੌਰਾਨ ਮਾਰ ਸੁੱਟਿਆ। ਉਸ ’ਤੇ ਹੱਤਿਆ ਅਤੇ ਡਕੈਤੀ ਦੇ 21 ਮੁਕੱਦਮੇ ਦਰਜ ਸਨ।
* 5 ਜੁਲਾਈ ਦੀ ਰਾਤ ਨੂੰ ‘ਸੀਤਾਮੜੀ’ ਜ਼ਿਲੇ (ਬਿਹਾਰ) ’ਚ ਦੁਕਾਨ ਬੰਦ ਕਰ ਕੇ ਮੋਟਰਸਾਈਕਲ ’ਤੇ ਜਾ ਰਹੇ ਦੁਕਾਨਦਾਰ ਦੀ ਪੁੜਪੁੜੀ ’ਤੇ ਪਿਸਤੌਲ ਰੱਖ ਕੇ ਉਸ ਦੀ ਜੇਬ ’ਚੋਂ ਸਾਰੇ ਦਿਨ ਦੀ ਵਿਕਰੀ ਦੇ 22,000 ਰੁਪਏ ਨਕਦ, ਮੋਟਰਸਾਈਕਲ ਦੀ ਚਾਬੀ ਅਤੇ ਪਿੱਛੇ ਬੈਠੇ ਨੌਕਰ ਕੋਲੋਂ ਉਸ ਦਾ ਮੋਬਾਈਲ ਖੋਹ ਲੈਣ ਦੇ ਦੋਸ਼ ਹੇਠ ਪੁਲਸ ਨੇ ਹਾਈਵੇ ’ਤੇ ਲੁੱਟਮਾਰ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ।
* 12 ਜੁਲਾਈ ਨੂੰ ‘ਮੁਜ਼ੱਫਰਪੁਰ’ (ਬਿਹਾਰ) ਸਦਰ ਥਾਣੇ ਦੀ ਪੁਲਸ ਨੇ ਚੱਲਦੇ ਮੋਟਰਸਾਈਕਲ ’ਤੇ ਮੋਬਾਈਲ ਤੇ ਪਰਸ ਖੋਹਣ ’ਚ ਮਾਹਿਰ ਹਾਈਵੇ ਲੁਟੇਰਾ ਗਿਰੋਹ ਦੇ ਮੈਂਬਰ ਸੋਨੂੰ ਨੂੰ ਗ੍ਰਿਫਤਾਰ ਕੀਤਾ ਜਦੋਂ ਕਿ ਉਸ ਦੇ 2 ਸਾਥੀ ਭੱਜਣ ’ਚ ਸਫਲ ਹੋ ਗਏ।
* 20 ਜੁਲਾਈ ਨੂੰ ‘ਸੋਨੀਪਤ’ (ਹਰਿਆਣਾ) ਵਿਖੇ ‘ਜਾਖੋਲੀ’ ਟੋਲ ਪਲਾਜ਼ਾ ਦੇ ਨੇੜੇ ਪੁਲਸ ਦੀ ਸਪੈਸ਼ਲ ਐਂਟੀ ਗੈਂਗਸਟਰ ਯੂਨਿਟ ਨੇ ਮੁਕਾਬਲੇ ਿਪੱਛੋਂ ਹਾਈਵੇ ’ਤੇ ਲੁੱਟਮਾਰ ਦੀਆਂ ਇਕ ਦਰਜਨ ਤੋਂ ਵੱਧ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ ਮੁਖੀ ‘ਦਾਨਿਸ਼’ ਉਰਫ ‘ਗੋਲੂ’ ਨੂੰ ਗ੍ਰਿਫਤਾਰ ਕੀਤਾ।
* ਅਤੇ ਹੁਣ 3 ਅਗਸਤ ਨੂੰ ਫਿਲੌਰ (ਪੰਜਾਬ) ਪੁਲਸ ਨੇ ਲੁਧਿਆਣਾ, ਫਿਲੌਰ, ਗੁਰਾਇਆ, ਨਵਾਂਸ਼ਹਿਰ ਅਤੇ ਫਗਵਾੜਾ ’ਚ ਲਗਭਗ 2 ਦਰਜਨ ਵਾਰਦਾਤਾਂ ਕਰ ਚੁੱਕੇ ਹਾਈਵੇ ਲੁਟੇਰਾ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 4 ਕਿਰਪਾਨਾਂ, ਇਕ ਦਾਤਰ, ਇਕ ਲੋਹੇ ਦਾ ਡੰਡਾ, 6 ਮੋਬਾਈਲ ਫੋਨ, ਇਕ ਮੋਟਰਸਾਈਕਲ ਅਤੇ 288 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇਹ ਲੋਕ ਹਾਈਵੇ ’ਤੇ ਜਾ ਰਹੇ ਟਰੱਕਾਂ ਨੂੰ ਰੋਕ ਕੇ ਡਰਾਈਵਰਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਲੁੱਟ ਕੇ ਫਰਾਰ ਹੋ ਜਾਂਦੇ ਸਨ।
ਹਾਈਵੇ ਲੁਟੇਰਿਆਂ ਦੀਆਂ ਕਰਤੂਤਾਂ ਦੀਆਂ ਇਹ ਤਾਂ ਕੁਝ ਉਦਾਹਰਣਾਂ ਹਨ ਜੋ ਸਾਹਮਣੇ ਆਈਆਂ ਹਨ, ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੀਆਂ ਹੋਰ ਅਜਿਹੀਆਂ ਘਟਨਾਵਾਂ ਦੇਸ਼ ’ਚ ਹੋਈਆਂ ਹੋਣਗੀਆਂ। ਸਰਕਾਰ ਹਾਈਵੇ ਤਾਂ ਬਣਾ ਰਹੀ ਹੈ ਜੋ ਚੰਗੀ ਗੱਲ ਹੈ ਪਰ ਇਸ ਦੇ ਨਾਲ ਹੀ ਉੱਥੇ ਇਸ ਤਰ੍ਹਾਂ ਦੇ ਅਪਰਾਧਾਂ ਨੂੰ ਰੋਕਣ ਲਈ ਗਸ਼ਤ ਵਧਾਉਣ ਅਤੇ ਸੀ. ਸੀ. ਟੀ. ਟੀ. ਕੈਮਰੇ ਆਦਿ ਲਾਉਣ ’ਚ ਤੇਜ਼ੀ ਲਿਆਉਣ ਦੀ ਵੀ ਲੋੜ ਹੈ ਤਾਂ ਜੋ ਹਾਈਵੇ ’ਤੇ ਯਾਤਰਾ ਸੁਰੱਖਿਅਤ ਰਹੇ।
–ਵਿਜੇ ਕੁਮਾਰ